
ਬੀਬੀ ਜਗੀਰ ਕੌਰ ਦੇ ਮੈਨੀਫ਼ੈਸਟੋ ਵਿਚ ਉਹ ਗੱਲਾਂ ਤਾਂ ਸਨ ਹੀ ਜਿਨ੍ਹਾਂ ਨੇ ਸਿੱਖ ਪੰਥ ਦੀ ਅਗਲੀ ਨਸਲ ਨੂੰ ਤਾਕਤਵਰ ਬਣਾਉਣ ਵਿਚ ਸਹਾਇਕ ਹੋਣਾ ਸੀ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਦਾ ਨਤੀਜਾ ਸ਼ਾਇਦ ਉਹ ਨਹੀਂ ਨਿਕਲਿਆ ਜੋ ਸਿੱਖ ਚਾਹੁੰਦੇ ਸੀ ਕਿਉਂਕਿ ਬੀਬੀ ਜਗੀਰ ਕੌਰ ਦੀ ਬਾਦਲ ਪ੍ਰਵਾਰ ਦੇ ਲਿਫ਼ਾਫ਼ੇ ਵਿਰੋਧੀ ਬਗ਼ਾਵਤ ਤੋਂ ਬਾਅਦ ਬੜੇ ਚਿਰਾਂ ਬਾਅਦ ਇਕ ਉਮੀਦ ਜਾਗੀ ਸੀ ਕਿ ਸ਼ਾਇਦ ਹੁਣ ਸਿੱਖ ਸੰਸਥਾਵਾਂ ਨੂੰ ਗੁਰਮਤਿ ਮਰਿਆਦਾ ਮੁਤਾਬਕ ਚਲਾਉਣ ਦੀ ਪ੍ਰਥਾ ਮੁੜ ਤੋਂ ਸ਼ੁਰੂ ਹੋ ਸਕੇਗੀ। ਇਸ ਵੇਲੇ ਤਾਂ ‘ਬਾਦਲ ਮਰਿਆਦਾ’ ਹੀ ਚਲ ਰਹੀ ਹੈ ਜੋ ਹਰ ਮੌਕੇ ਬਾਦਲਾਂ ਦੇ ਲਿਫ਼ਾਫ਼ਿਆਂ ’ਚੋਂ ਜਦ ਬਾਹਰ ਨਿਕਲਦੀ ਹੈ, ਤਾਂ ਹੀ ਪਤਾ ਲਗਦਾ ਹੈ ਕਿ ਇਸ ਵਾਰ ਦੀ ਮਰਿਆਦਾ ਕੀ ਹੈ।
ਬੀਬੀ ਜਗੀਰ ਕੌਰ ਵੀ ਭਾਵੇਂ ਇਨ੍ਹਾਂ ਲਿਫ਼ਾਫ਼ਿਆਂ ਵਿਚੋਂ ਹੀ ਨਿਕਲਦੇ ਆ ਰਹੇ ਸਨ, ਉਨ੍ਹਾਂ ਦੀ ਬਗ਼ਾਵਤ ਨੇ ਉਨ੍ਹਾਂ ਨੂੰ ਇਕ ਮੌਕਾ ਦਿਤਾ ਕਿ ਉਹ ਬੀਤੇ ਵਿਚ ਬਾਦਲਾਂ ਨਾਲ ਰਲ ਕੇ ਕੀਤੀਆਂ ਗ਼ਲਤੀਆਂ ਵਿਚ ਸੁਧਾਰ ਕਰ ਕੇ ਲੋਕਾਂ ਦਾ ਵਿਸ਼ਵਾਸ ਜਿੱਤ ਲੈਣ। ਪਰ ਬੀਬੀ ਜਗੀਰ ਕੌਰ ਦੀ ਹਾਰ ਦਾ ਕਾਰਨ ਉਨ੍ਹਾਂ ਦੀ ਬਗ਼ਾਵਤ ਨਹੀਂ ਬਲਕਿ ਉਨ੍ਹਾਂ ਵਲੋਂ ਵਿਰੋਧੀ ਸਿਆਸੀ ਪਾਰਟੀਆਂ ਨਾਲ ਸੌਦੇਬਾਜ਼ੀ ਨਾ ਕਰਨ ਦਾ ਫ਼ੈਸਲਾ ਸੀ। ਬੀਬੀ ਜਗੀਰ ਕੌਰ ਦੀ ਹਾਰ ਦੇ ਸੰਕੇਤ ਉਸ ਸਮੇਂ ਹੀ ਮਿਲ ਗਏ ਸਨ ਜਦ ਬੀਬੀ ਨੇ ਭਾਜਪਾ ਤੇ ਆਰ.ਐਸ.ਐਸ. ਦੀ ਦਖ਼ਲ ਅੰਦਾਜ਼ੀ ਲਈ ਸੌਦਾ ਕਰਨ ਤੋਂ ਇਨਕਾਰ ਕਰ ਦਿਤਾ ਸੀ ਤੇ ਜਦ ਬੀਬੀ ਸੌਦਾ ਕਰਨ ਤੋਂ ਨਾਂਹ ਕਰ ਗਈ ਤਾਂ ਸੌਦੇ ਕਰਨ ਵਾਲੇ ਜਿੱਤ ਗਏ ਤੇ ਇਕ ਵਾਰ ਫਿਰ ਪੰਥਕ ਸੋਚ ਵਾਲਿਆਂ ਦੀ ਹਾਰ ਹੋ ਗਈ।
ਬੀਬੀ ਜਗੀਰ ਕੌਰ ਵਲੋਂ ਚੋਣ ਪ੍ਰਚਾਰ ਦੀ ਮੁਹਿੰਮ ਦੌਰਾਨ ਸਾਫ਼ ਸਾਫ਼ ਸ਼ਬਦਾਂ ਵਿਚ ਕਈ ਪ੍ਰਗਟਾਵੇ ਕਰ ਦਿਤੇ ਗਏ ਸਨ ਜਿਨ੍ਹਾਂ ਤੋਂ ਪਤਾ ਚਲ ਗਿਆ ਸੀ ਕਿ ਜੇ ਬੀਬੀ ਜਿੱਤ ਗਈ ਤਾਂ ਇਸ ਵਾਰ ਉਹ ਬਾਦਲ ਪ੍ਰਵਾਰ ਦੀ ਅਗਵਾਈ ਬਰਦਾਸ਼ਤ ਨਹੀਂ ਕਰਨਗੇ। ਲਿਫ਼ਾਫ਼ਾ ਕਲਚਰ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਸਦਕਾ ਲੜਾਈ ਬੜੀ ਵੱਡੀ ਬਣ ਗਈ ਸੀ। ਹਾਲਾਂਕਿ ਬੀਬੀ ਜਗੀਰ ਕੌਰ ਇਸੇ ਸਿਸਟਮ ਦਾ ਹਿੱਸਾ ਰਹੇ ਸਨ, ਪਰ ਇਹ ਵੀ ਕਬੂਲਣਾ ਪਵੇਗਾ ਕਿ ਉਨ੍ਹਾਂ ਵਲੋਂ ਅੱਜ ਵੀ ਬਾਹਰ ਆਉਣਾ ਇਕ ਵੱਡਾ ਸਾਹਸ ਵਾਲਾ ਕਦਮ ਸੀ। ਪਰ ਅਫ਼ਸੋਸ ਅੱਜ ਵੀ ਸਿੱਖ ਧਰਮ ਤੇ ਪੰਜਾਬ ਦੀ ਹਾਲਤ ਵਿਗੜਦੀ ਵੇਖ 102 ਸ਼੍ਰੋਮਣੀ ਕਮੇਟੀ ਮੈਂਬਰ ਗੁਰੂ ਦੇ ਅੱਗੇ ਨਹੀਂ ਬਲਕਿ ਇਕ ਪ੍ਰਵਾਰ ਅੱਗੇ ਨਤਮਸਤਕ ਹੋ ਗਏ, ਉਹ ਪ੍ਰਵਾਰ ਜਿਸ ਨੇ ਮੈਂਬਰੀ ਉਨ੍ਹਾਂ ਦੀ ਝੋਲੀ ਵਿਚ ਪਾਈ ਸੀ। ਉਨ੍ਹਾਂ ਨੂੰ ਜ਼ਰੂਰ ਕੁੱਝ ਲਾਲਚ ਵੀ ਦਿਤੇ ਗਏ ਹੋਣਗੇ। ਪਰ ਫਿਰ ਅਜਿਹੇ ਲੋਕ ਅਪਣੇ ਆਪ ਨੂੰ ਧਾਰਮਕ ਆਗੂ ਅਖਵਾਉਣ ਦੇ ਹੱਕਦਾਰ ਕਿਵੇਂ ਹੋਏ?
ਬੀਬੀ ਜਗੀਰ ਕੌਰ ਦੇ ਮੈਨੀਫ਼ੈਸਟੋ ਵਿਚ ਉਹ ਗੱਲਾਂ ਤਾਂ ਸਨ ਹੀ ਜਿਨ੍ਹਾਂ ਨੇ ਸਿੱਖ ਪੰਥ ਦੀ ਅਗਲੀ ਨਸਲ ਨੂੰ ਤਾਕਤਵਰ ਬਣਾਉਣ ਵਿਚ ਸਹਾਇਕ ਹੋਣਾ ਸੀ ਪਰ ਉਨ੍ਹਾਂ ਦੇ ਮੈਨੀਫ਼ੈਸਟੋ ਵਿਚ ਦੋ ਗੱਲਾਂ ਅਜਿਹੀਆਂ ਸਨ ਜੋ ਅਕਾਲੀ ਦਲ ਦੇ ਪ੍ਰਧਾਨ ਵਿਰੁਧ ਜਾਣੀਆਂ ਸਨ। ਬੀਬੀ ਜੀ ਦੇ ਮੈਨੀਫ਼ੈਸਟੋ ਅਨੁਸਾਰ, ਬੀਬੀ ਜਗੀਰ ਕੌਰ ਨੇ ਦਰਬਾਰ ਸਾਹਿਬ ਦਾ ਪ੍ਰਸਾਰਣ ਇਕ ਨਿਜੀ ਚੈਨਲ (ਜਿਸ ਦੇ ਕਰਤਾ ਧਰਤਾ ਸੁਖਬੀਰ ਸਿੰਘ ਬਾਦਲ ਹਨ) ਤੋਂ ਲੈ ਕੇ ਸਾਰੇ ਚੈਨਲਾਂ ਵਾਸਤੇ ਖੋਲ੍ਹ ਦੇਣਾ ਸੀ। ਇਸ ਨਾਲ ਬਾਦਲ ਪ੍ਰਵਾਰ ਨੂੰ ਆਰਥਕ ਨੁਕਸਾਨ ਤਾਂ ਹੋਣਾ ਸੀ ਪਰ ਸਿੱਖ ਫ਼ਲਸਫ਼ੇ ਨੂੰ ਸਾਰੀ ਦੁਨੀਆਂ ਵਿਚ ਪ੍ਰਚਾਰ ਦੀ ਆਜ਼ਾਦੀ ਮਿਲ ਜਾਣੀ ਸੀ ਜਿਸ ਨੇ ਹੋਰਨਾਂ ਨੂੰ ਸਿੱਖਾਂ ਨਾਲ ਜੋੜਨ ਦਾ ਕੰਮ ਕਰਨਾ ਸੀ। ਅੱਜ ਦਰਬਾਰ ਸਾਹਿਬ ਤੋਂ ਪ੍ਰਸਾਰਤ ਹੁੰਦੀ ਗੁਰਬਾਣੀ ਨੂੰ ਸਿਰਫ਼ ਬਾਦਲ ਸਾਹਿਬ ਦੇ ਚੈਨਲ ਵਾਸਤੇ ਵਰਤਿਆ ਜਾਂਦਾ ਹੈ। ਦੂਜਾ ਖ਼ਤਰਾ ਸੀ ਕਿ ਬੀਬੀ ਨੇ ਸੌਦਾ ਸਾਧ ਦੀ ਮਾਫ਼ੀ ਦੀ ਪ੍ਰਕਿਰਿਆ ਦੀ ਜਾਂਚ ਕਰਵਾ ਕੇ ਸੱਚ ਸੱਭ ਦੇ ਸਾਹਮਣੇ ਲੈ ਆਉਣਾ ਸੀ। ਇਸ ਨਾਲ ਵੀ ਬਾਦਲਾਂ ਦਾ ਬੜਾ ਵੱਡਾ ਨੁਕਸਾਨ ਹੋਣਾ ਸੀ।
ਬੀਬੀ ਜੀ ਨੇ ਸ਼੍ਰੋਮਣੀ ਕਮੇਟੀ ਦੇ ਚਲਦੇ ਕਾਲਜਾਂ, ਸਕੂਲਾਂ ਦੀ ਪ੍ਰਧਾਨਗੀ ਨੂੰ ਵੀ ਸਿਆਸੀ ਆਗੂਆਂ ਤੋਂ ਮੁਕਤ ਕਰਵਾ ਕੇ ਮਾਹਰਾਂ ਦੇ ਹੱਥ ਦੇ ਦੇਣਾ ਸੀ ਜਿਸ ਨਾਲ ਸਿੱਖ ਪੰਥ ਦਾ ਢੇਰ ਫ਼ਾਇਦਾ ਹੁੰਦਾ ਪਰ ਮਹੰਤਾਂ ਵਰਗੇ ਕੁੱਝ ਸਿੱਖਾਂ ਦਾ ਨੁਕਸਾਨ ਹੋਣਾ ਸੀ। ਜ਼ਾਹਰ ਹੈ ਬੀਬੀ ਜਗੀਰ ਕੌਰ ਨੂੰ ਹਰਾਉਣ ਵਾਸਤੇ ਬੜੀ ਤਾਕਤ ਲੱਗੀ ਹੋਵੇਗੀ ਪਰ ਇਹ ਤਾਂ ਸਾਫ਼ ਹੈ ਕਿ ਜਦ ਆਮ ਸਿੱਖ ਵੋਟਰਾਂ ਦੀਆਂ ਵੋਟਾਂ ਪਵਾਈਆਂ ਜਾਣਗੀਆਂ ਤਾਂ ਅਸੈਂਬਲੀ ਚੋਣਾਂ ਵਾਂਗ, ਸ਼੍ਰੋਮਣੀ ਕਮੇਟੀ ਵਿਚ ਜਿੱਤ ਪ੍ਰਾਪਤ ਕਰਨੀ ਔਖੀ ਹੋ ਜਾਵੇਗੀ। ਪ੍ਰਧਾਨਗੀ ਚੋਣ ਵੇਲੇ ਤਾਂ ਉਨ੍ਹਾਂ ਨੇ ਹੀ ਵੋਟ ਪਾਈ ਜਿਹੜੇ ਬਾਦਲਾਂ ਦੀਆਂ ਮਿਹਰਬਾਨੀਆਂ ਨਾਲ ਰੱਜੇ ਹੋਏ ਸਨ। ਪਰ ਜੇ ਅੱਜ ਚੋਣਾਂ ਵਿਚ ਵਿਰੋਧ ਦੀਆਂ ਆਵਾਜ਼ਾਂ ਅਕਾਲੀ ਦਲ ਦੇ ਪੁਰਾਣੇ ਭਾਈਵਾਲ ਨਾਲ ਹੱਥ ਨਹੀਂ ਮਿਲਾਉਣਗੀਆਂ ਤਾਂ ਕੀ ਕੇਂਦਰ ਚੋਣਾਂ ਹੋਣ ਦੇਵੇਗਾ? ਕੀ ਇਸ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਵਿਚ ਦੂਰੀਆਂ ਘਟ ਜਾਣਗੀਆਂ? ਕੀ ਸਿੱਖ ਸੰਸਥਾਵਾਂ ਇਕ ਅਰਬਪਤੀ ਪ੍ਰਵਾਰ ਦੀ ਜਕੜ ਤੋਂ ਆਜ਼ਾਦ ਹੋ ਵੀ ਸਕੇਗਾ? -ਨਿਮਰਤ ਕੌਰ