Editorial: ਐੱਚ.ਐਮ.ਪੀ.ਵੀ. : ਇਲਾਜ ਨਾਲੋਂ ਇਹਤਿਆਤ ਭਲੀ...
Published : Jan 11, 2025, 11:46 am IST
Updated : Jan 11, 2025, 11:46 am IST
SHARE ARTICLE
HMPV: Prevention is better than cure...
HMPV: Prevention is better than cure...

ਅਜਿਹੇ ਇਹਤਿਆਤੀ ਕਦਮ ਅਪਣੀ ਥਾਂ ਸਹੀ ਹਨ, ਪਰ ਅਸਲੀਅਤ ਇਹ ਵੀ ਹੈ ਕਿ ਇਹ ਵਾਇਰਸ, ‘ਕੋਵਿਡ-19’ ਵਰਗਾ ਜਾਨਲੇਵਾ ਨਹੀਂ।

 

Editorial: ‘ਕੋਵਿਡ-19’ ਤੋਂ ਬਾਅਦ ਚੀਨ ਵਿਚ ਫੈਲਣ ਵਾਲੀ ਹਰ ਬਿਮਾਰੀ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ; ਖ਼ਾਸ ਤੌਰ ’ਤੇ ਉਦੋਂ ਜਦੋਂ ਇਹ ਬਿਮਾਰੀ ਕਿਸੇ ਵਾਇਰਸ ਨਾਲ ਜੁੜੀ ਹੋਵੇ। ਇਸੇ ਲਈ ਐੱਚ.ਐਮ.ਪੀ.ਵੀ. ਵਾਇਰਸ ਚੀਨ ਵਿਚ ਫੈਲੇ ਹੋਣ ਦੀਆਂ ਖ਼ਬਰਾਂ ਨੇ ਅਮੀਰ ਤੇ ਗ਼ਰੀਬ-ਦੋਵੇਂ ਤਰ੍ਹਾਂ ਦੇ ਮੁਲਕਾਂ ਵਿਚ ‘ਕੋਵਿਡ-19 ਦੇ ਮੁੱਢਲੇ ਮਹੀਨਿਆਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਬਹੁਤੇ ਮੁਲਕਾਂ ਨੇ ਐੱਚ.ਐਮ.ਪੀ.ਵੀ. ਦੇ ਪਸਾਰੇ ਨਾਲ ਸਿੱਝਣ ਲਈ ਪੇਸ਼ਬੰਦੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ਇਹਤਿਆਤੀ ਕਦਮ ਅਪਣੀ ਥਾਂ ਸਹੀ ਹਨ, ਪਰ ਅਸਲੀਅਤ ਇਹ ਵੀ ਹੈ ਕਿ ਇਹ ਵਾਇਰਸ, ‘ਕੋਵਿਡ-19’ ਵਰਗਾ ਜਾਨਲੇਵਾ ਨਹੀਂ।

ਇੰਡੀਅਨ ਕਾਉਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਵਲੋਂ ਜਾਰੀ ਜਾਣਕਾਰੀ ਮੁਤਾਬਿਕ ਐੱਚ.ਐਮ.ਪੀ.ਵੀ. ਦੇ ਜੀਵਾਣੂ (ਪੈਥੋਜਨ) ਦੀ ਸ਼ਨਾਖ਼ਤ 20 ਵਰਿ੍ਹਆਂ ਤੋਂ ਵੀ ਪਹਿਲਾਂ ਨੀਦਰਲੈਂਡਜ਼ (ਹਾਲੈਂਡ) ਵਿਚ ਹੋਈ ਸੀ। ਏਨਾ ਪੁਰਾਣਾ ਜੀਵਾਣੂ ਕਦੇ ਵੀ ਘਾਤਕ ਨਹੀਂ ਹੁੰਦਾ ਬਸ਼ਰਤੇ ਇਲਾਜ ਸਹੀ ਢੰਗ ਨਾਲ ਕੀਤਾ ਜਾਵੇ ਅਤੇ ਇਸ ਜੀਵਾਣੂ ਦੇ ਹਮਲੇ ਦੌਰਾਨ ਹੋਰਨਾਂ ਮਰਜ਼ਾਂ ਦੀ ਪੈਦਾਇਸ਼ ਤੋਂ ਬਚਣ ਦੀ ਸਾਵਧਾਨੀ ਵਰਤੀ ਜਾਵੇ। ਕੌਮਾਂਤਰੀ ਪੱਧਰ ’ਤੇ ਕੀਤੇ ਗਏ ਅਧਿਐਨਾਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਸਰਦੀਆਂ ਦੇ ਦਿਨਾਂ ਦੌਰਾਨ ਇਹ ਵਾਇਰਸ ਅਕਸਰ ਵੱਧ ਫੈਲਦਾ ਹੈ।

ਸੱਚ ਤਾਂ ਇਹ ਵੀ ਹੈ ਕਿ ਵਿਕਸਿਤ ਜਾਂ ਅਮੀਰ ਮੁਲਕਾਂ ਦੇ ਬੱਚਿਆਂ ਵਿਚ ਲਾਗ ਦੇ ਰੂਪ ਵਿਚ ਫੈਲਣ ਵਾਲਾ ਇਹ ਦੂਜਾ ਸਰਬ-ਪ੍ਰਮੁਖ ਵਾਇਰਸ ਹੈ। ਭਾਰਤ ਵਿਚ ਇਸ ਵਾਇਰਸ ਦਾ ਪਤਾ ਲਾਉਣ ਵਾਲੇ ਟੈਸਟ ਕਰਨ ਦਾ ਪਹਿਲਾਂ ਰਿਵਾਜ ਹੀ ਨਹੀਂ ਸੀ। ਹੁਣ ਇਸ ਬਾਰੇ ਚਿੰਤਾਵਾਂ ਉਭਰਨ ਮਗਰੋਂ ਕੇਂਦਰ ਸਰਕਾਰ ਹਰਕਤ ਵਿਚ ਆਈ ਹੈ। ਉਸ ਨੇ ਅਪਣੀ ਪੱਧਰ ’ਤੇ ਐਚ.ਐਮ.ਪੀ.ਵੀ.  ਦੇ ਟੈਸਟਾਂ ਲਈ ਕਈ ਲੈਬੋਰੇਟਰੀਆਂ ਨਾਮਜ਼ਦ ਕੀਤੀਆਂ ਹਨ ਅਤੇ ਸੂਬਾਈ ਸਰਕਾਰਾਂ ਨੂੰ ਵੀ ਅਜਿਹੇ ਕਦਮ ਚੁੱਕਣ ਵਾਸਤੇ ਕਿਹਾ ਹੈ। 

ਭਾਰਤ ਸਰਕਾਰ ਵੀ ਸ਼ਾਇਦ ਇਸ ਮਾਮਲੇ ਵਿਚ ਬਹੁਤੀ ਹਰਕਤ ਵਿਚ ਨਾ ਆਉਂਦੀ ਜੇਕਰ ਚੀਨ ਵਿਚ ਐੱਚ.ਐਮ.ਪੀ.ਵੀ  ਪੀੜਤਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਉਣ ਦੀਆਂ ਘਟਨਾਵਾਂ ਧੜਾਧੜ ਨਾ ਵਾਪਰਦੀਆਂ। ਸਾਧਾਰਨ ਹਾਲਾਤ ਵਿਚ ਇਸ ਵਾਇਰਸ ਦੇ ਰੋਗੀਆਂ ਨੂੰ ਹਪਸਤਾਲ ਦਾਖ਼ਲ ਕਰਵਾਉਣ ਦੀ ਲੋੜ ਨਹੀਂ ਪੈਂਦੀ। ਪਰ ਚੀਨ ਵਾਲੇ ਰੁਝਾਨ ਤੋਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਫ.ਓ) ਵਰਗੀ ਆਲਮੀ ਏਜੰਸੀ ਵੀ ਫ਼ਿਕਰਮੰਦ ਹੋ ਗਈ। ਉਸ ਨੇ ਅਸਲੀਅਤ ਦਾ ਪਤਾ ਲਾਉਣ ਲਈ ਸਿਹਤ ਵਿਗਿਆਨੀਆਂ ਦੀ ਇਕ ਟੀਮ ਚੀਨ ਭੇਜਣੀ ਵਾਜਬ ਸਮਝੀ। ਇਸ ਟੀਮ ਨੇ ਅਪਣੀ ਪੜਤਾਲ ਤੇ ਅਨੁਭਵਾਂ ਦੇ ਆਧਾਰ ’ਤੇ ‘ਮਹਾਂਮਾਰੀ ਦਾ ਖ਼ਤਰਾ ਨਹੀ’ ਵਾਲਾ ਸੁਨੇਹਾ ਦਿੱਤਾ ਹੈ।

ਇਸ ਸੁਨੇਹੇ ਦੇ ਬਾਵਜੂਦ ਇਸ ਨੇ ‘ਕੋਵਿਡ-19’ ਵਾਲੇ ਸਮੇਂ ਦੇ ਕੁੱਝ ਇਹਤਿਆਤੀ ਉਪਾਅ ਫ਼ੌਰੀ ਤੌਰ ’ਤੇ ਅਪਣਾਏ ਜਾਣ (ਜਿਵੇਂ ਕਿ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨੇ ਜਾਣ, ਸਰੀਰਿਕ ਸਵੱਛਤਾ ਦੇ ਨਾਲ ਨਾਲ ਆਲੇ-ਦੁਆਲੇ ਦੀ ਸਵੱਛਤਾ ਦਾ ਧਿਆਨ ਰੱਖੇ ਜਾਣ, ਫਲੂ ਹੋਣ ਦੀ ਸੂਰਤ ਵਿਚ ਫ਼ੌਰੀ ਡਾਕਟਰੀ ਮਸ਼ਵਰਾ ਲਏ ਜਾਣ ਆਦਿ) ਦਾ ਸੁਝਾਅ ਦਿੱਤਾ ਹੈ। ਇਹ ਉਹ ਉਪਾਅ ਹਨ ਜਿਹੜੇ ਸਾਡੀ ਜੀਵਨ ਜਾਚ ਦਾ ਹਿੱਸਾ ਹੋਣੇ ਚਾਹੀਦੇ ਹਨ, ਪਰ ਅਸੀਂ ਅਪਣੇ ਆਮ ਜੀਵਨ ਵਿਚ ਅਕਸਰ ਇਨ੍ਹਾਂ ਦੀ ਅਣਦੇਖੀ ਕਰ ਦਿੰਦੇ ਹਾਂ।

ਸਾਡੇ ਮੁਲਕ ਵਿਚ ਸ਼ੁਕਰਵਾਰ ਤਕ ਐੱਚ.ਐਮ.ਪੀ.ਵੀ. ਦੀ ਲਾਗ ਦੇ 20 ਦੇ ਕਰੀਬ ਕੇਸ ਸਾਹਮਣੇ ਆਏ ਹਨ। ਇਹ ਸਾਰੇ ਕੇਸ ਸਮੁੰਦਰੀ ਸਾਹਿਲ ਨਾਲ ਜੁੜੇ ਸੂਬਿਆਂ ਕੇਰਲਾ, ਗੁਜਰਾਤ, ਕਰਨਾਟਕ, ਉੜੀਸਾ ਤੇ ਮਹਾਂਰਾਸ਼ਟਰ ਆਦਿ ਤੋਂ ਹਨ ਜਿੱਥੇ ਜ਼ਿਆਦਾ ਠੰਢ ਨਹੀਂ ਪੈਂਦੀ। ਸਾਰੇ ਪੀੜਤ ਛੋਟੀ ਉਮਰ ਦੇ ਬੱਚੇ ਸਨ। ਇਕ ਵੀ ਮਰੀਜ਼ ਅਜਿਹਾ ਨਹੀਂ ਜਿਹੜਾ ਖ਼ੁਦ ਜਾਂ ਜਿਸ ਦੇ ਪਰਿਵਾਰ ਦਾ ਕੋਈ ਜੀਅ ਵਿਦੇਸ਼ ਤੋਂ ਆਇਆ ਹੋਵੇ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਐੱਚ.ਐਮ.ਪੀ.ਵੀ. ਵਾਇਰਸ ਸਾਡੇ ਦੇਸ਼ ਵਿਚ ਪਹਿਲਾਂ ਹੀ ਮੌਜੂਦ ਸੀ। ਇਹ ਜਿਥੇ ਇਸ ਵਾਇਰਸ ਤੋਂ ਬਹੁਤਾ ਖ਼ਤਰਾ ਨਾ ਹੋਣ ਦੀ ਨਿਸ਼ਾਨੀ ਹੈ, ਉਥੇ ਇਹੋ ਤੱਥ ਇਸ ਮਰਜ਼ ਦਾ ਇਲਾਜ ਸਰਲਤਾ ਨਾਲ ਹੋ ਸਕਣ ਦਾ ਸੂਚਕ ਵੀ ਹੈ। ਵਾਇਰਸਾਂ ਦਾ ਕੋਈ ਨਿਸ਼ਚਿਤ ਇਲਾਜ ਨਹੀਂ ਹੁੰਦਾ।

ਉਹ ਖ਼ੁਦ ਹੀ ਜੰਮਦੇ ਤੇ ਖ਼ੁਦ ਹੀ ਮਰਦੇ ਹਨ। ਧਿਆਨ ਇਹ ਰੱਖਣ ਦੀ ਲੋੜ ਹੁੰਦੀ ਹੈ ਕਿ ਮਰੀਜ਼ ਨੂੰ ਪਹਿਲਾਂ ਕੋਈ ਗੰਭੀਰ ਬਿਮਾਰੀ ਨਾ ਹੋਵੇ ਜਾਂ ਛੂਤ ਹੋਣ ਦੀ ਸਥਿਤੀ ਵਿਚ ਬੇਧਿਆਨੀ ਵਰਤੇ ਜਾਣ ਕਾਰਨ ਮਰੀਜ਼ ਦੀ ਹਾਲਤ ਬਦਤਰ ਨਾ ਹੋ ਜਾਵੇ। ਸਾਡੇ ਮੁਲਕ ਵਿਚ ਸਰਕਾਰੀ ਸਿਹਤ ਢਾਂਚਾ ਏਨਾ ਵਿਆਪਕ ਤੇ ਕਾਰਗਰ ਨਹੀਂ ਕਿ ਉਹ ਹਰ ਨਾਗਰਿਕ ਦਾ ਸਹਾਈ ਹੋ ਸਕੇ।

80 ਫ਼ੀ ਸਦੀ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ, ਪ੍ਰਾਈਵੇਟ ਡਾਕਟਰਾਂ ਅਤੇ ਨੀਮ ਹਕੀਮਾਂ ਦਾ ਸਹਾਰਾ ਲੈਣ ਪੈਂਦਾ ਹੈ। ਲਿਹਾਜ਼ਾ, ਵਾਇਰਸ-ਜਣਿਤ ਰੋਗਾਂ ਦੇ ਫੈਲਣ ਦੀ ਸੂਰਤ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਸਿਹਤ ਸਹੂਲਤਾਂ ਦਰਮਿਆਨ ਸੁਚੱਜਾ ਤਾਲਮੇਲ ਕਾਇਮ ਕਰਨਾ ਨਿਹਾਇਤ ਜ਼ਰੂਰੀ ਹੈ। ਇਹ ਕਾਰਜ ਕੇਂਦਰੀ ਸਿਹਤ ਮੰਤਰਾਲੇ ਲਈ ਵੀ ਇਕ ਵੱਡੀ ਚੁਣੌਤੀ ਹੈ ਅਤੇ ਸੂਬਾਈ ਸਿਹਤ ਵਿਭਾਗਾਂ ਲਈ ਵੀ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement