ਕਿਸਾਨ ਨੂੰ ਅਪਣੀ ਗੱਲ ਸੁਣਾਈ ਜਾ ਰਹੀ ਹੈ ਪਰ ਉਸ ਦੀ ਸੁਣੀ (ਤੇ ਸਮਝੀ) ਨਹੀਂ ਜਾ ਰਹੀ
Published : Dec 11, 2020, 11:47 am IST
Updated : Dec 11, 2020, 12:10 pm IST
SHARE ARTICLE
Farmer
Farmer

ਜਦ ਤਕ ਐਮ.ਐਸ.ਪੀ. ਕਾਨੂੰਨ ਨਹੀਂ ਬਣਦੇ, ਕਿਸਾਨ ਨਹੀਂ ਮੰਨਣਗੇ।

ਨਵੀਂ ਦਿੱਲੀ: ਰਾਜਸਥਾਨ ਵਿਚ ਭਾਜਪਾ ਦੀ ਜਿੱਤ ਗਹਿਲੋਤ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਉਥੋਂ ਦੇ ਪੇਂਡੂ ਵੋਟਰਾਂ ਦੀ ਨਾਖ਼ੁਸ਼ੀ ਜ਼ਰੂਰ ਪ੍ਰਗਟ ਕਰਦੀ ਹੈ ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਕਿਸਾਨਾਂ ਦੇ ਅੰਦੋਲਨ ਨੂੰ ਪਾਕਿਸਤਾਨ ਅਤੇ ਚੀਨ ਵਲੋਂ ਚਲਾਇਆ ਜਾ ਰਿਹਾ ਹੈ। ਇਕ ਪਾਸੇ ਗ੍ਰਹਿ ਮੰਤਰੀ, ਖੇਤੀ ਮੰਤਰੀ ਨੂੰ ਨਾਲ ਲੈ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣ ਦਾ ਯਤਨ ਕਰ ਰਹੇ ਹਨ ਕਿ ਉਹ ਕੇਂਦਰ ਸਰਕਾਰ ਦੀ ਗੱਲ 'ਤੇ ਯਕੀਨ ਕਰਨ ਪਰ ਦੂਜੇ ਪਾਸੇ ਕੇਂਦਰੀ ਮੰਤਰੀ ਦਾਨਵੇ ਆਖਦੇ ਹਨ ਕਿ ਕਿਸਾਨ ਅੰਦੋਲਨ ਅਸਲ ਮੁੱਦਾ ਨਹੀਂ ਤੇ ਅਸਲ ਮੁੱਦਾ ਕੁੱਝ ਹੋਰ ਹੈ।

farmerfarmer

ਸਰਕਾਰ ਵਲੋਂ ਭੇਜੇ 'ਸੋਧਨਾਮੇ' ਨੂੰ ਕਿਸਾਨਾਂ ਵਲੋਂ ਠੁਕਰਾ ਦਿਤਾ ਗਿਆ ਹੈ। ਹੁਣ ਇਸ ਗੱਲ ਨੂੰ ਲੋਕਾਂ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਜਾਵੇਗਾ ਕਿ ਕਿਸਾਨ ਤਾਂ ਅਪਣੀ ਜ਼ਿੱਦ 'ਤੇ ਅੜੇ ਹੋਏ ਹਨ। ਇਹ ਵੀ ਕਿਹਾ ਜਾਵੇਗਾ ਕਿ ਕਿਸਾਨਾਂ ਨੂੰ ਸਰਕਾਰ 'ਤੇ ਵਿਸ਼ਵਾਸ ਕਰ ਕੇ ਐਮ.ਐਸ.ਪੀ. ਦੇ ਲਿਖਤੀ ਵਾਧੇ ਨਾਲ ਹੀ ਗੱਲ ਨਿਬੇੜ ਲੈਣੀ ਚਾਹੀਦੀ ਹੈ। ਜੇਕਰ ਅਜਿਹਾ ਯਤਨ ਤਿੰਨ ਮਹੀਨੇ ਪਹਿਲਾਂ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਗੱਲ ਉਸ ਸਮੇਂ ਹੀ ਨਿਬੜ ਸਕਦੀ ਸੀ। ਪਰ ਅੱਜ ਗੱਲ ਸਿਰਫ਼ ਵਿਸ਼ਵਾਸ 'ਤੇ ਨਹੀਂ ਹੋ ਸਕਦੀ। ਕਾਰਨ ਇਹ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਖ਼ੂਬ ਖੱਜਲ ਖੁਆਰ ਕਰਨ ਮਗਰੋਂ ਹੀ ਉਨ੍ਹਾਂ ਦੀ ਗੱਲ ਸੰਜੀਦਗੀ ਨਾਲ ਸੁਣਨੀ ਸ਼ੁਰੂ ਕੀਤੀ ਹੈ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਖ਼ਾਲਿਸਤਾਨੀ, ਵਿਦੇਸ਼ੀ ਏਜੰਟ, ਕਾਂਗਰਸ ਦੇ ਸਿਖਾਏ ਹੋਏ ਕਹਿ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।

farmerfarmer

ਜਦ ਆਰਡੀਨੈਂਸ ਆਇਆ ਸੀ ਤਾਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਪਰ ਉਸ ਸਮੇਂ ਕਿਸੇ ਨੇ ਵੀ ਕਿਸਾਨਾਂ ਦੀ ਕੋਈ ਗੱਲ ਨਾ ਸੁਣੀ। ਕਿਸਾਨਾਂ ਦੀ ਆਵਾਜ਼ ਜਦੋਂ ਪੰਜਾਬ ਵਿਚ ਅਕਾਲੀ ਦਲ ਨੇ ਵੀ ਨਾ ਸੁਣੀ ਤਾਂ ਕੇਂਦਰ ਦੇ ਕੰਨਾਂ ਤਕ ਤਾਂ ਪਹੁੰਚੀ ਹੀ ਨਹੀਂ ਹੋਵੇਗੀ। ਅਕਾਲੀ ਦਲ ਵਲੋਂ ਕਹਿ ਦਿਤਾ ਗਿਆ ਹੋਵੇਗਾ ਕਿ ਤੁਸੀ ਫ਼ਿਕਰ ਨਾ ਕਰੋ, ਅਸੀ ਸੱਭ ਠੀਕ ਠਾਕ ਕਰ ਲਵਾਂਗੇ। ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਆਪ ਖੇਤੀ ਬਿਲਾਂ ਦੇ ਹੱਕ ਵਿਚ ਬੋਲੇ ਅਤੇ ਅੱਜ ਉਹੀ ਪਾਰਟੀ ਕੇਂਦਰ ਵਿਰੁਧ ਬੋਲ ਰਹੀ ਹੈ। ਹੁਣ ਦੱਸੋ ਕਿਸਾਨ ਕਿਸ 'ਤੇ ਵਿਸ਼ਵਾਸ ਕਰਨ? ਕਿਸਾਨਾਂ ਨੂੰ ਅਣਸੁਣਿਆ ਕਰ ਕੇ ਕਾਨੂੰਨ ਪਾਸ ਕੀਤੇ ਗਏ ਅਤੇ ਇਹੀ ਕਾਰਨ ਹੈ ਕਿ ਜਦ ਤਕ ਐਮ.ਐਸ.ਪੀ. ਕਾਨੂੰਨ ਨਹੀਂ ਬਣਦੇ, ਕਿਸਾਨ ਨਹੀਂ ਮੰਨਣਗੇ।

Parkash singh badal with Sukhbir Singh BadalParkash singh badal with Sukhbir Singh Badal

ਜਦੋਂ ਰਾਜ ਸਭਾ ਵਿਚ ਇਹ ਬਿਲ ਪਾਸ ਹੋਏ ਤਾਂ ਕੇਂਦਰ ਕੋਲ ਉਸ ਦਿਨ ਬਹੁਮਤ ਨਹੀਂ ਸੀ ਪਰ ਸਦਨ ਵਿਚ ਵਿਰੋਧੀ ਸੰਸਦ ਮੈਂਬਰਾਂ ਦੀ ਆਵਾਜ਼ ਨੂੰ ਦਬਾ ਕੇ ਬਿਲ ਪਾਸ ਕੀਤੇ ਗਏ। ਇਹ ਸੱਭ ਕੁੱਝ ਅੱਖਾਂ ਸਾਹਮਣੇ ਵਾਪਰਿਆ ਅਤੇ ਕਿਸਾਨ ਇਸ ਵਰਤਾਰੇ ਨੂੰ ਬੜੇ ਧਿਆਨ ਨਾਲ ਵੇਖ ਰਹੇ ਸਨ। ਉਹ ਸਮਝ ਗਏ ਸਨ ਕਿ ਜੇ ਸਦਨ ਵਿਚ ਇਸ ਤਰ੍ਹਾਂ ਹੋ ਸਕਦਾ ਹੈ ਤਾਂ ਫਿਰ ਐਸ.ਡੀ.ਐਮ. ਦੀ ਕੋਰਟ ਵਿਚ ਕੀ ਹੋਵੇਗਾ? ਅੱਜ ਭਾਵੇਂ ਸਰਕਾਰ ਨੇ ਅਦਾਲਤ ਵਿਚ ਜਾਣ ਦਾ ਹੱਕ ਦੇਣਾ ਮੰਨ ਲਿਆ ਹੈ ਪਰ ਕੀ ਇਕ ਦੋ ਏਕੜ ਜ਼ਮੀਨ ਵਾਲਾ ਕਿਸਾਨ ਵੀ ਕਿਸੇ ਵੱਡੇ ਕਾਰਪੋਰੇਟ ਘਰਾਣੇ ਨਾਲ ਲੜ ਸਕਦਾ ਹੈ? ਇਹੀ ਕਾਰਨ ਹੈ ਕਿ ਹੁਣ ਕਿਸਾਨ, ਕਾਲੇ ਕਾਨੂੰਨਾਂ ਦੀ ਵਾਪਸੀ ਚਾਹੁੰਦਾ ਹੈ।

Farmers continue to hold a sit-in protest at Singhu BorderFarmers 

ਫਿਰ ਕਿਸਾਨ ਨੇ ਪੰਜਾਬ ਵਿਚ ਅੰਦੋਲਨ ਸ਼ੁਰੂ ਕੀਤਾ। ਕਿਸਾਨਾਂ ਨੇ ਰੇਲਾਂ ਰੋਕੀਆਂ, ਸੜਕਾਂ 'ਤੇ ਬੈਠੇ ਅਤੇ ਨੁਕਸਾਨ ਪੰਜਾਬ ਦਾ ਹੋਇਆ। ਪਰ ਕੇਂਦਰ ਨੇ ਕਿਸਾਨਾਂ ਦੀ ਕੋਈ ਗੱਲ ਨਾ ਸੁਣੀ। ਸਗੋਂ ਕੇਂਦਰ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੂੰ ਨੁਕਸਾਨ ਹੁੰਦਾ ਹੈ ਤਾਂ ਚੰਗਾ ਹੈ। ਇਹ ਤਾਂ ਕੇਂਦਰ ਲਈ ਇਕ ਤੀਰ ਨਾਲ ਦੋ ਨਿਸ਼ਾਨੇ ਵਾਲੀ ਗੱਲ ਸੀ। ਇਸ ਦੌਰਾਨ ਜਿਹੜੇ ਕਿਸਾਨ ਹਰਿਆਣਾ ਵਿਚ ਫ਼ਸਲ ਵੇਚਣ ਜਾਂਦੇ ਸਨ, ਪਹਿਲਾਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਹੀ ਨਹੀਂ ਕੀਤੀ ਗਈ। ਹੁਣ ਜਦੋਂ ਨਿਜੀ ਮੰਡੀਆਂ ਦੀ ਗੱਲ ਸੂਬਾ ਸਰਕਾਰ 'ਤੇ ਛੱਡਣ ਦੀ ਗੱਲ ਸਰਕਾਰੀ ਤਜਵੀਜ਼ਾਂ ਵਿਚ ਆਉਂਦੀ ਹੈ ਤਾਂ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦਾ ਰਵਈਆ ਸਾਹਮਣੇ ਆ ਜਾਂਦਾ ਹੈ। ਜਿਸ ਤਰ੍ਹਾਂ ਕਿਸਾਨਾਂ ਨੂੰ ਅਪਣੇ ਵਰਦੀ ਵਾਲੇ ਭਰਾਵਾਂ ਦੇ ਆਹਮੋ ਸਾਹਮਣੇ ਕਰ ਕੇ ਖੱਟਰ ਨੇ ਕਿਸਾਨਾਂ ਨੂੰ ਡਰਾਉਣ ਦਾ ਯਤਨ ਕੀਤਾ, ਉਸ ਨੂੰ ਵੇਖ ਕੇ ਭਾਰਤ ਨਹੀਂ ਬਲਕਿ ਯੂਐਨਓ ਵੀ ਤਰਭਕ ਉਠਿਆ। ਇਹ ਹੈ ਭਾਰਤ ਦੇ ਲੋਕਤੰਤਰ ਦੀ ਅਸਲੀਅਤ! ਫਿਰ ਕਿਸਾਨ ਕਿਸ ਤਰ੍ਹਾਂ ਸਰਕਾਰ 'ਤੇ ਵਿਸ਼ਵਾਸ ਕਰ ਲੈਣ?

Manohar Lal KhattarManohar Lal Khattar

ਅੱਜ ਕਿਸਾਨ ਨੂੰ ਪ੍ਰਦੂਸ਼ਣ ਦੇ ਜੁਰਮਾਨੇ ਤੋਂ ਮੁਕਤ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਇਹ ਇਕੋ ਹੀ ਪੇਸ਼ਕਸ਼ ਸਹੀ ਜਾਪਦੀ ਹੈ। ਕਿਸਾਨ ਅਪਣੀ ਤਰੱਕੀ ਦੇ ਨਾਲ ਨਾਲ ਦੇਸ਼ ਦੀ ਤਰੱਕੀ ਵੀ ਚਾਹੁੰਦਾ ਹੈ ਅਤੇ ਅੱਜ ਵੀ ਆਖ ਰਿਹਾ ਹੈ ਕਿ ਤਬਦੀਲੀ ਦੀ ਲੋੜ ਹੈ। ਜੇ ਉਨ੍ਹਾਂ ਨੂੰ ਨਾਲ ਬਿਠਾ ਕੇ ਕਾਨੂੰਨ ਬਣਾਏ ਜਾਣ ਤਾਂ ਉਹ ਨਾਲ ਬੈਠਣ ਵਾਸਤੇ ਵੀ ਤਿਆਰ ਹਨ। ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੀ ਜ਼ਮੀਨ ਪ੍ਰਾਪਤੀ ਦੀ ਹਵਸ ਨੂੰ ਪੱਠੇ ਪਾਉਣ ਲਈ ਬਣਾਏ ਗਏ ਹਨ। ਜੇ ਸਰਕਾਰ ਆਖਦੀ ਹੈ ਕਿ ਉਨ੍ਹਾਂ ਕੋਲੋਂ ਹੁਣ ਦੇਸ਼ ਨਹੀਂ ਚਲਾਇਆ ਜਾਂਦਾ ਤੇ ਹੁਣ ਉਹ ਨਿਜੀਕਰਨ ਕਰ ਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲੱਗੇ ਹਨ ਤਾਂ ਫਿਰ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਕਾਨੂੰਨ ਘੜ ਲੈਣ ਜਿਸ ਵਿਚ ਦੋਵੇਂ ਧਿਰਾਂ ਬਰਾਬਰੀ ਵਿਚ ਮੁਨਾਫ਼ੇ ਵੰਡ ਲੈਣ। ਜੇ ਸਰਕਾਰ ਕਾਰਪੋਰੇਟਾਂ ਦੇ ਪੈਸੇ 'ਤੇ ਨਿਰਭਰ ਹੈ ਤਾਂ ਇਹ ਵੀ ਯਾਦ ਰੱਖੇ ਕਿ ਕਿਸਾਨ ਦੀ ਵੋਟ 'ਤੇ ਉਹ, ਉਸ ਤੋਂ ਵੀ ਜ਼ਿਆਦਾ ਨਿਰਭਰ ਹੈ।        - ਨਿਮਰਤ ਕੌਰ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement