
ਜਿਹੜੇ ਇਸ ਦੀ ਸਫ਼ਲਤਾ ਲਈ ਆਪੋ ਅਪਣੇ ਮੋਰਚੇ ਤੇ ਡਟੇ ਰਹੇ
ਅੱਜ ਤੋਂ ਇਕ ਸਾਲ 15 ਦਿਨ ਪਹਿਲਾਂ ਹਰਿਆਣਾ ਵਿਚੋਂ ਹੋ ਕੇ ਜਾ ਰਹੀਆਂ ਦਿੱਲੀ ਦੀਆਂ ਸੜਕਾਂ ਉਤੇ ਬੈਰੀਕੇਡ ਲੱਗੇ ਹੋਏ ਸਨ। ਹਰਿਆਣਾ ਪੁਲਿਸ, ਸੀ.ਆਰ. ਪੀ.ਐਫ਼ ਤੇ ਆਈ.ਟੀ.ਬੀ.ਪੀ. ਦੇ ਸਿਪਾਹੀ ਕਿਸਾਨਾਂ ਅੱਗੇ ਢਾਲ ਬਣ ਕੇ ਖੜੇ ਹੋਏ ਸਨ। ਇਕ ਨੌਜਵਾਨ ਨਵਦੀਪ ਸਿੰਘ, ਲੱਖਾਂ ਕਿਸਾਨਾਂ ਦੇ ਜੋਸ਼ ਦਾ ਪ੍ਰਤੀਕ ਬਣਿਆ ਜਦ ਉਸ ਨੇ ਪੰਜਾਬ-ਹਰਿਆਣਾ ਸਰਹੱਦ ਉਤੇ ਪੁਲਿਸ ਵਲੋਂ ਕਿਸਾਨਾਂ ’ਤੇ ਕੀਤੀਆਂ ਜਾਂਦੀਆਂ ਪਾਣੀ ਦੀਆਂ ਵਾਛੜਾਂ ਦਾ ਰੁਖ਼ ਬਦਲ ਕੇ ਪੁਲਿਸ ਵਲ ਕਰ ਦਿਤਾ ਤੇ ਪੁਲਿਸ ਨੂੰ ਠੰਢ ਵਿਚ ਠੰਢੇ ਪਾਣੀ ਦਾ ਮਜ਼ਾ ਚਖਾਇਆ। ਅੱਜ ਸੱਭ ਨੂੰ ਨਵਦੀਪ ਸਿੰਘ ਦੀ ਛਲਾਂਗਾਂ ਮਾਰਦੇ ਦੀ ਤਸਵੀਰ ਯਾਦ ਹੈ ਪਰ ਨਵਦੀਪ ਸਿੰਘ ਉਸ ਦਿਨ ਇਕੱਲਾ ਨਹੀਂ ਸੀ। ਇਸ ਯੋਜਨਾ ਪਿਛੇ ਕਈ ਲੋਕ ਸਨ। ਕਿਸੇ ਦਾ ਦਿਮਾਗ਼ ਸੀ, ਕਿਸ ਨੇ ਹੱਥਾਂ ਜਾਂ ਮੋਢਿਆਂ ’ਤੇ ਚੁੱਕ ਕੇ ਉਸ ਨੂੰ ਉਪਰ ਚੜ੍ਹਾਇਆ ਤੇ ਫਿਰ ਉਹ ਇਸ ਮੋਰਚੇ ਦਾ ਕਰਮਯੋਗੀ ਯੋਧਾ ਬਣਿਆ।
Navdeep singh
ਜਦ ਕਿਸਾਨਾਂ ਦਾ ਇਹ ਹੜ੍ਹ, ਟਰੈਕਟਰਾਂ ’ਤੇ ਦਿੱਲੀ ਵਲ ਵਧਿਆ, ਕਦੇ ਉਨ੍ਹਾਂ ’ਤੇ ਗੈਸ ਦੇ ਗੋਲੇ ਸੁੱਟੇ ਗਏ, ਕਦੇ ਸੜਕਾਂ ਪੁੱਟ ਕੇ ਉਨ੍ਹਾਂ ਦੇ ਰਾਹ ਰੋਕੇ ਗਏ। ਪਰ ਉਨ੍ਹਾਂ ਇਕ ਪਲ ਲਈ ਵੀ ਹਿੰਮਤ ਨਾ ਛੱਡੀ ਤੇ ਅੱਗੇ ਵਧਦੇ ਗਏ। ਕਦੇ-ਕਦੇ ਅਸੀ ਨੌਜਵਾਨਾਂ ਨੂੰ ਗੈਸ ਦੇ ਬੰਬ ਹੱਥਾਂ ਵਿਚ ਚੁੱਕ-ਚੁੱਕ ਦੇ ਵਾਪਸ ਸੁਟਦੇ ਵੇਖਿਆ, ਕਦੇ ਟਨਾਂ-ਟਨਾਂ ਦੇ ਪੱਥਰਾਂ ਦੇ ਬੈਰੀਕਡ ਜੋ ਪੁਲਿਸ ਕ੍ਰੇਨ ਨਾਲ ਚੁੱਕ ਕੇ ਰਖਦੀ ਸੀ, ਨੌਜਵਾਨਾਂ ਨੂੰ ਹੱਥਾਂ ਨਾਲ ਪਾਸੇ ਕਰਦੇ ਵੇਖਿਆ। ਬਜ਼ੁਰਗਾਂ ਨੂੰ ਪੁਲਿਸ ਦੀਆਂ ਡਾਂਗਾਂ ਨਾਲ ਜ਼ਖ਼ਮੀ ਹੁੰਦੇ ਵੇਖਿਆ ਪਰ ਕਿਸੇ ਨੂੰ ਹਿੰਮਤ ਹਾਰਦੇ ਨਾ ਵੇਖਿਆ।
Navdeep singh
ਜਦ ਟਰਾਲੀਆਂ ਵਿਚ ਅਪਣੇ ਨਾਲ ਲਿਆਂਦੇ ਰਾਸ਼ਨ ਤੇ ਅਪਣੀ ਹਿੰਮਤ ਦੇ ਸਿਰ ’ਤੇ ਨਵਾਂ ਘਰ ਅਥਵਾ ਜੰਗਲ ਵਿਚ ਮੰਗਲ ਬਣਾਉਣ ਦੀ ਤਿਆਰੀ ਕਰਦੇ ਵੇਖਿਆ ਤਾਂ ਸਾਡੇ ਮਨਾਂ ਵਿਚ ਵੀ ਘਬਰਾਹਟ ਬਣੀ ਹੋਈ ਸੀ। ਜਦ ਕਿਸਾਨਾਂ ਨੂੰ ਸਰਕਾਰ ਦੀ ਤਾਨਾਸ਼ਾਹੀ ਸਾਹਮਣੇ ਅੜਦੇ ਵੇਖਿਆ ਤਾਂ ਵੀ ਘਬਰਾਹਟ ਨੇ ਸਾਡੇ ਮਨਾਂ ਨੂੰ ਘੇਰਿਆ ਹੋਇਆ ਸੀ ਕਿ ਆਖ਼ਰਕਾਰ ਕਦ ਤਕ ਕਿਸਾਨ ਇਕ ਤਾਕਤਵਰ ਸਰਕਾਰ ਅੱਗੇ ਨੰਗੀ ਛਾਤੀ ਡਾਹ ਕੇ ਖੜੇ ਰਹਿ ਸਕਣਗੇ?
Photo
ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚ ਕੇ ਵੀ ਕਿਸਾਨਾਂ ਨੇ ਅਪਣੀ ਤਾਕਤ ਵਿਖਾਈ। ਚਮਚਿਆਂ ਨਾਲ ਤੰਦੂਰ ਵਾਸਤੇ ਜ਼ਮੀਨ ਪੁੱਟੀ ਗਈ। ਜਿਹੜੇ ਹੱਥਾਂ ਨੇ ਖੇਤ ਵਾਹੇ ਸਨ, ਉਨ੍ਹਾਂ ਨੇ ਰੋਟੀਆਂ ਵੀ ਗੋਲ ਬਣਾਉਣੀਆਂ ਸਿਖ ਲਈਆਂ। ਸੜਕਾਂ ਉਤੇ ਬਿਸਤਰ ਲਗਾ ਲਏ। ਜਦ ਟਰੈਕਟਰਾਂ ਵਿਚ ਥਾਂ ਘੱਟ ਜਾਂਦੀ ਤਾਂ ਕਦੀ ਤਾਰਿਆਂ ਹੇਠ ਤੇ ਕਦੇ ਟਰੈਕਟਰਾਂ ਹੇਠ ਰਾਤਾਂ ਗੁਜ਼ਾਰੀਆਂ। ਠੰਢ ਆਈ, ਬਾਰਸ਼ ਆਈ, ਤੁਫ਼ਾਨ ਆਏ, ਪਰ ਕਿਸਾਨ ਵਾਪਸ ਨਾ ਮੁੜੇ। ਬੇਸ਼ਕ ਇਸ ਜੰਗ ਵਿਚ 750 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਜਿਹੜੀ ਜਿੱਤ ਅੱਜ ਕਿਸਾਨਾਂ ਨੂੰ ਨਸੀਬ ਹੋਈ ਹੈ, ਉਸ ਨਾਲ ਉਨ੍ਹਾਂ ਸਾਰੇ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਸਕਾਰਥੀ ਹੋ ਗਈ ਹੈ ਜੋ ਇੰਨੇ ਜ਼ੁਲਮ ਸਹਿ ਕੇ ਵੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਨਾ ਪਰਤੇ ਤੇ ਉਥੇ ਹੀ ਸ਼ਹੀਦ ਹੋ ਗਏ।
Farmers Protest
ਕੁੱਝ ਚਿਹਰੇ ਇਸ ਅੰਦੋਲਨ ਦੀਆਂ ਤਸਵੀਰਾਂ ਬਣ ਗਏ ਪਰ ਇਸ ਪਿੱਛੇ ਮਿਹਨਤ ਹਰ ਉਸ ਸ਼ਖ਼ਸ ਦੀ ਕੰਮ ਕਰਦੀ ਰਹੀ ਸੀ ਜਿਸ ਨੇ ਇਸ ਸੰਘਰਸ਼ ਵਿਚ ਅਪਣਾ ਯੋਗਦਾਨ ਪਾਇਆ। ਕਿਸੇ ਨੇ ਸੇਵਾ ਕੀਤੀ, ਕਿਸੇ ਨੇ ਅਪਣਾ ਘਰ ਵੇਚ ਕੇ ਪੈਸੇ ਭੇਜੇ, ਕਿਸੇ ਨੇ ਕੈਂਪ ਲਗਾਏ, ਕਿਸੇ ਨੇ ਅਪਣੇ ਛੋਟੇ ਜਹੇ ਖੇਤ ਦੀ ਅੱਧੀ ਫ਼ਸਲ ਕਿਸਾਨਾਂ ਵਾਸਤੇ ਭੇਜ ਦਿਤੀ। ਕਈਆਂ ਨੇ ਅਪਣੇ ਪ੍ਰਵਾਰਾਂ ਤਕ ਨੂੰ ਤਿਆਗ ਦਿਤਾ। ਕਈ ਨੌਜਵਾਨ ਆਗੂ ਅਪਣੇ ਘਰ ਵਾਲਿਆਂ ਨੂੰ ਆਖ ਕੇ ਗਏ ਸਨ ਕਿ ਸ਼ਾਇਦ ਅਸੀ ਵਾਪਸ ਨਹੀਂ ਆਵਾਂਗੇ। ਮੈਨੂੰ ਯਾਦ ਹੈ ਜਦ ਹਰਿਆਣਾ ਦੇ ਕਿਸਾਨ ਆਗੂ ਤੇਜਵੀਰ 26 ਜਨਵਰੀ ਤੋਂ ਬਾਅਦ ਨਿਰਾਸ਼ ਹੋ ਗਏ ਸਨ ਤਾਂ ਅਪਣੀ ਪਤਨੀ ਨੂੰ ਕਹਿ ਕੇ ਆਏ ਸਨ ਕਿ ਜੇ ਮੈਂ ਵਾਪਸ ਨਾ ਆਇਆ ਤਾਂ ਤੂੰ ਵਿਆਹ ਕਰਵਾ ਲਵੀਂ। ਸਿਰ ਉਤੇ ਕਫ਼ਨ ਸੱਭ ਨੇ ਬੰਨਿ੍ਹਆ ਹੋਇਆ ਸੀ ਤੇ 750 ਤੋਂ ਵੱਧ ਕਿਸਾਨ ਅਸਲ ਵਿਚ ਸ਼ਹੀਦ ਹੋਏ। ਠੰਢ ਵਿਚ ਦਿਲ ਦੇ ਦੌਰੇ ਪੈ ਗਏ ਪਰ ਅੱਜ ਵੀ ਸਰਕਾਰ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ।
Tejvir Singh
ਕਰਜ਼ੇ ਚੁੱਕੇ, ਗਹਿਣੇ ਵੇਚੇ ਤੇ ਜਾਨਾਂ ਗੁਆਈਆਂ, ਔਕੜਾਂ ਵਿਚ ਪੂਰਾ ਸਾਲ ਬਿਤਾਇਆ ਤੇ ਆਖ਼ਰਕਾਰ ਜਿੱਤ ਹਾਸਲ ਹੋਈ ਹੈ ਤਾਂ ਇਹ ਜਿੱਤ ਕਿਸੇ ਇਕ ਧੜੇ ਦੀ ਨਹੀਂ, ਸਾਰਿਆਂ ਦੀ ਹੋਈ ਹੈ। ਉਨ੍ਹਾਂ ਵਿਚ ਸ਼ਾਮਲ ਹਨ, ਉਹ ਮਾਹਰ ਜੋ ਟੀ.ਵੀ ਚੈਨਲਾਂ ’ਤੇ ਸਰਕਾਰ ਵਿਰੁਧ ਬੋਲਦੇ ਰਹੇ, ਉਹ ਲੋਕ ਜੋ ਚੰਡੀਗੜ੍ਹ ਦੀਆ ਸੜਕਾਂ ’ਤੇ ਹਰ ਸ਼ਾਮ ਕਿਸਾਨੀ ਝੰਡਾ ਲੈ ਕੇ ਖੜੇ ਹੁੰਦੇ ਸਨ ਤੇ ਉਨ੍ਹਾਂ ਪ੍ਰਵਾਸੀਆਂ ਦੀ ਵੀ ਜੋ ਵਿਦੇਸ਼ਾਂ ਵਿਚ ਕਿਸਾਨਾਂ ਵਾਸਤੇ ਮਾਰਚ ਕਢਦੇ ਰਹੇ ਸਨ ਤੇ ਮਦਦ ਭੇਜਦੇ ਰਹੇ ਸਨ। ਭਾਰਤ ਦੀਆ ਵਿਰੋਧੀ ਪਾਰਟੀਆਂ ਤੇ ਵਿਦੇਸ਼ੀ ਸਿਆਸਤਦਾਨਾਂ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਸੰਘਰਸ਼ ਵਾਸਤੇ ਵੀ ਅਪਣੀ ਜ਼ੋਰਦਾਰ ਆਵਾਜ਼ ਚੁੱਕੀ। ਉਨ੍ਹਾਂ ਭਾਜਪਾ ਤੇ ਆਰ.ਐਸ.ਐਸ. ਦੇ ਆਗੂਆਂ ਦੀ ਵੀ ਜਿੱਤ ਹੋਈ ਹੈ, ਜਿਨ੍ਹਾਂ ਕਿਸਾਨਾਂ ਦੀ ਆਵਾਜ਼ ਵਿਚ ਅਪਣੀ ਆਵਾਜ਼ ਮਿਲਾਈ।
Tejvir Singh and Nimrat kaur
ਇਹ ਜਿੱਤ ਸਭਨਾਂ ਦੀ ਜਿੱਤ ਹੈ ਤੇ ਅੱਜ ਜਦ ਕਿਸਾਨ ਅਪਣੇ ਘਰਾਂ ਨੂੰ ਵਾਪਸ ਪਰਤਣਗੇ ਤਾਂ ਏਨੇ ਜ਼ੋਰ ਦਾ ਢੋਲ ਵਜਣਾ ਚਾਹੀਦਾ ਹੈ ਕਿ ਸਾਰੀ ਦੁਨੀਆਂ ਨੂੰ ਪਤਾ ਚੱਲੇ ਕਿ ਹੱਕ ਤੇ ਸੱਚ ਦੀ ਜਿੱਤ ਦੀ ਆਵਾਜ਼ ਕਿਸ ਤਰ੍ਹਾਂ ਦੀ ਹੁੰਦੀ ਹੈ। ਚੁੱਪ-ਚਾਪ ਤਾਂ ਬੜੇ ਪਿਸ-ਪਿਸ ਕੇ ਮਰਦੇ ਹਨ ਪਰ ਇਸ ਤਰ੍ਹਾਂ ਦਾ ਸ਼ਾਇਦ ਇਹ ਦੁਨੀਆਂ ਦਾ ਇਕੱਲਾ ਸਮੂਹ ਹੈ ਜੋ ਹਰ ਮਾਰ ਪਿੰਡੇ ਤੇ ਸਹਿ ਕੇ ਵੀ ਅਡੋਲ ਖੜਾ ਰਿਹਾ ਤੇ ਜਿੱਤ ਹੋਣ ਤਕ ਜ਼ਰਾ ਨਾ ਡੋਲਿਆ ਤੇ ਬੇਮਿਸਾਲ ਏਕੇ ਦੀ ਬਦੌਲਤ ਅੱਜ ਜਿੱਤ ਕੇ ਵਾਪਸ ਆ ਰਿਹਾ ਹੈ। ਬਸ ਇਕ ਅਫ਼ਸੋਸ ਜ਼ਰੂਰ ਰਹੇਗਾ ਕਿ ਇਹ ਲੜਾਈ ਐਮ.ਐਸ.ਪੀ. ਤੇ ਲਖੀਮਪੁਰ ਖੇੜੀ ਦਾ ਇਨਸਾਫ਼ ਪ੍ਰਾਪਤ ਕਰਨ ਤਕ ਡਟੀ ਨਹੀਂ ਰਹਿ ਸਕੀ। ਹੁਣ ਜਾਂ ਤਾਂ ਸਰਕਾਰ ਅਪਣੇ ਵਾਅਦਿਆਂ ਤੇ (ਵੋਟਾਂ ਖ਼ਾਤਰ) ਪੂਰੀ ਤਰ੍ਹਾਂ ਖ਼ਰੀ ਉਤਰੇਗੀ ਜਾਂ ‘ਪ੍ਰੰਤੂ ਕਿੰਤੂ’ ਲਾ ਲਾ ਕੇ ਵਾਅਦਿਆਂ ਤੋਂ ਪਿਛੇ ਹਟਣ ਦੀ ਕੋਸ਼ਿਸ਼ ਕਰੇਗੀ। ਜੇ ਵਾਅਦੇ ਸੌ ਫ਼ੀ ਸਦੀ ਲਾਗੂ ਕੀਤੇ ਵੀ ਤਾਂ ਅਪਣੇ ਦਰਿਆ-ਦਿਲ ਤੇ ਕਿਸਾਨ ਹਮਾਇਤੀ ਹੋਣ ਦਾ ਢੋਲ ਹੀ ਵਜਾਵੇਗੀ ਪਰ ਕਿਸਾਨਾਂ ਨੂੰ ਕੋਈ ਕਰੈਡਿਟ ਨਹੀਂ ਦੇਵੇਗੀ। ਜੇ ਕਿਸਾਨ ਥੋੜਾ ਚਿਰ ਹੋਰ ਰੁਕ ਜਾਂਦੇ ਤਾਂ ਸਾਰਾ ਕਰੈਡਿਟ ਆਪ ਲੈ ਕੇ ਮੁੜਦੇ। -ਨਿਮਰਤ ਕੌਰ