
ਜਿਸ ਔਰਤ ਤੋਂ ਜਨਮ ਮਿਲਦਾ ਹੈ ਤੇ ਜਿਸ ਨਾਲ ਜੁੜ ਕੇ ਅਪਣਾ ਆਪ ਸੰਪੂਰਨ ਹੁੰਦਾ ਹੈ, ਉਸ ਦੀ ਨਿੰਦਾ ਕਰ ਕੇ ਸਕੂਨ ਕਿਉਂ ਮਿਲਦਾ ਹੈ.........
ਜਿਸ ਔਰਤ ਤੋਂ ਜਨਮ ਮਿਲਦਾ ਹੈ ਤੇ ਜਿਸ ਨਾਲ ਜੁੜ ਕੇ ਅਪਣਾ ਆਪ ਸੰਪੂਰਨ ਹੁੰਦਾ ਹੈ, ਉਸ ਦੀ ਨਿੰਦਾ ਕਰ ਕੇ ਸਕੂਨ ਕਿਉਂ ਮਿਲਦਾ ਹੈ? ਕੀ ਮਰਦ ਅਪਣੇ ਆਪ ਨੂੰ ਔਰਤ ਤੋਂ ਕੁੱਝ ਘੱਟ ਮਹਿਸੂਸ ਕਰਦੇ ਹਨ ਅਤੇ ਇਸੇ ਕਰ ਕੇ ਅਪਣੀ ਜਿਸਮਾਨੀ ਤਾਕਤ ਦੇ ਸਹਾਰੇ ਔਰਤ ਦਾ ਇਸਤੇਮਾਲ ਕਰ ਕੇ ਤੇ ਅਪਣੀ 'ਜਿੱਤ' ਦਾ ਢੰਡੋਰਾ ਪਿਟ ਕੇ ਖ਼ੁਸ਼ ਹੋਣਾ ਜ਼ਰੂਰੀ ਸਮਝਦੇ ਹਨ? ਜਵਾਬ ਤਾਂ ਮਰਦ ਹੀ ਦੇ ਸਕਦੇ ਹਨ। ਪਰ ਇਸ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਜੇ ਅਸੀ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵਿਚ ਪਿਆਰ ਨੂੰ ਵਧਦਾ ਵੇਖਣਾ ਚਾਹੁੰਦੇ ਹਾਂ।
ਔਰਤਾਂ ਵਿਰੁਧ ਇਕ ਸੋਚ ਮਰਦਾਂ ਦੀ ਫ਼ਿਤਰਤ ਵਿਚ ਇਸ ਤਰ੍ਹਾਂ ਘੁਸੜੀ ਹੋਈ ਹੈ ਕਿ ਉਹ ਖ਼ੁਦ ਵੀ ਇਸ ਤੋਂ ਅਨਜਾਣ ਹਨ। ਇਸ ਨਫ਼ਰਤ ਦੀ ਸੋਚ ਤੋਂ ਪੀੜਤ ਮਰਦ ਵੀ ਹਨ ਅਤੇ ਔਰਤਾਂ ਵੀ। ਇਸ ਦੀ ਪ੍ਰਦਰਸ਼ਨੀ ਸਾਡੇ ਕ੍ਰਿਕਟ ਦੇ ਸਿਤਾਰੇ ਹਾਰਦਿਕ ਪਾਂਡਿਆ ਅਤੇ ਕੇ.ਐਲ. ਰਾਹੁਲ ਨਾਲ ਫ਼ਿਲਮੀ ਦੁਨੀਆਂ ਦੇ ਮਸ਼ਹੂਰ ਚਿਹਰੇ ਕਰਨ ਜੌਹਰ ਨੇ ਅਪਣੇ ਸ਼ੋਅ ਵਿਚ ਕੀਤੀ। ਔਰਤਾਂ ਬਾਰੇ ਕੈਮਰੇ ਸਾਹਮਣੇ ਇਸ ਤਰ੍ਹਾਂ ਗੱਲ ਕਰਦੇ ਇਨ੍ਹਾਂ ਤਿੰਨਾਂ ਨੂੰ ਸਮਝ ਹੀ ਨਾ ਆਈ ਕਿ ਇਹ ਕੀ ਗ਼ਲਤੀ ਕਰ ਰਹੇ ਹਨ। ਹਾਰਦਿਕ ਪਾਂਡਿਆ ਨੇ ਗਿਣਤੀ ਕਰਵਾ ਦਿਤੀ ਕਿ ਉਨ੍ਹਾਂ ਕਿਸ ਕਿਸ ਔਰਤ ਨਾਲ ਹਮਬਿਸਤਰੀ ਕੀਤੀ ਅਤੇ ਬਾਕੀ ਦੋਵੇਂ ਬੈਠੇ ਹਸਦੇ ਰਹੇ
ਜਿਵੇਂ ਕਿ ਉਹ ਅਪਣੀਆਂ ਪ੍ਰਾਪਤੀਆਂ ਗਿਣਵਾ ਰਿਹਾ ਹੋਵੇ। ਉਨ੍ਹਾਂ ਨੂੰ ਸਮਝ ਹੀ ਨਾ ਲੱਗੀ ਕਿ ਜੇ ਇਸ ਵਿਚ ਕਿਸੇ ਦੀ ਗ਼ਲਤੀ ਹੈ ਤਾਂ ਉਹ ਹਾਰਦਿਕ ਦੀ ਹੈ। ਉਸ ਦਾ ਚਰਿੱਤਰ ਏਨਾ ਕਮਜ਼ੋਰ ਹੈ ਕਿ ਉਹ ਕਿਸੇ ਇਕ ਔਰਤ ਨਾਲ ਰਿਸ਼ਤਾ ਨਿਭਾਉਣ ਜਾਂ ਕਿਸੇ ਇਕ ਨਾਲ ਵਫ਼ਾਦਾਰੀ ਕਰਨ ਦੀ ਕਾਬਲੀਅਤ ਹੀ ਨਹੀਂ ਰਖਦਾ। ਇਹ ਹਾਰਦਿਕ ਪਾਂਡਿਆ ਦੀ ਕਮਜ਼ੋਰੀ ਹੈ ਜੋ ਉਸ ਨੂੰ ਵੱਖ ਵੱਖ ਕੁੜੀਆਂ ਨਾਲ ਹਮਬਿਸਤਰੀ ਕਰਨ ਲਈ ਮਜਬੂਰ ਕਰਦੀ ਹੈ ਤਾਕਿ ਉਹ ਖ਼ੁਦ ਨੂੰ 'ਇਕ ਹੀਰੋ' ਮੰਨ ਸਕੇ। ਪਰ ਅਸਲ ਵਿਚ ਉਹ ਜ਼ੀਰੋ ਹੈ ਜੋ ਇਹ ਨਹੀਂ ਸਮਝਦਾ ਕਿ ਉਹ ਅਪਣੇ ਆਚਰਣ ਦੀ ਕਮਜ਼ੋਰੀ ਤੇ ਸ਼ਰਮਿੰਦਾ ਹੋਣ ਦੀ ਬਜਾਏ, ਸਗੋਂ ਸ਼ੇਖ਼ੀ ਬਘਾਰ ਰਿਹਾ ਸੀ।
Karan Johar
ਇਸੇ ਤਰ੍ਹਾਂ ਦੇ ਸੱਚ ਦਾ ਉਦਾਹਰਣ ਰਾਹੁਲ ਗਾਂਧੀ ਨੇ ਵੀ ਦੇ ਦਿਤਾ ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਆਖਿਆ ਕਿ ਉਹ 'ਮਰਦ ਬਣਨ, ਕਿਉਂ ਇਕ ਔਰਤ ਪਿੱਛੇ ਲੁਕ ਰਹੇ ਹਨ?' ਰਖਿਆ ਮੰਤਰੀ ਨਿਰਮਲਾ ਸੀਤਾਰਮਣ ਹੋਵੇ ਜਾਂ ਏ.ਕੇ. ਐਂਟਨੀ ਜਾਂ ਪਰੀਕਰ, ਜਵਾਬ ਕੋਈ ਨਹੀਂ ਦੇ ਸਕਦਾ ਸੀ ਕਿਉਂਕਿ ਸੌਦਾ ਤਾਂ ਪ੍ਰਧਾਨ ਮੰਤਰੀ ਨੇ ਕੀਤਾ ਸੀ ਅਤੇ ਇਕ ਪ੍ਰਧਾਨ ਮੰਤਰੀ ਸੱਚ ਨੂੰ ਲੁਕਾਉਣ ਲਈ ਰਖਿਆ ਮੰਤਰੀ ਪਿੱਛੇ ਲੁਕ ਰਿਹਾ ਸੀ ਜੋ ਕਿ ਇਕ ਔਰਤ ਹੈ। 56 ਇੰਚ ਦੀ ਛਾਤੀ ਇਕ ਔਰਤ ਪਿੱਛੇ ਕਿਉਂ ਲੁਕ ਰਹੀ ਹੈ? ਜੇ ਪ੍ਰਧਾਨ ਮੰਤਰੀ ਕਿਸੇ ਆਦਮੀ ਪਿੱਛੇ ਲੁਕਦੇ ਤਾਂ ਕੀ ਉਨ੍ਹਾਂ ਦਾ ਝੂਠ ਸੱਚ ਹੋ ਜਾਂਦਾ?
ਅੱਜ ਦੇ ਨੌਜੁਆਨ ਆਗੂ ਰਾਹੁਲ ਗਾਂਧੀ ਇਕ ਬੜੀ ਸਮਝਦਾਰ ਅਤੇ ਤਾਕਤਵਰ ਔਰਤ ਦੇ ਹੱਥਾਂ ਵਿਚ ਪਲੇ ਹਨ, ਪਰ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹਨ। ਪ੍ਰਧਾਨ ਮੰਤਰੀ ਮੋਦੀ ਅੱਜ ਤਾਂ ਰਾਹੁਲ ਗਾਂਧੀ ਦੇ ਚਰਿੱਤਰ ਉਤੇ ਸਵਾਲ ਚੁੱਕ ਰਹੇ ਹਨ ਪਰ ਉਹ ਖ਼ੁਦ ਅਪਣੀ ਪਤਨੀ ਬਾਰੇ ਕਦੇ ਜਵਾਬ ਨਹੀਂ ਦੇਣਗੇ ਜਿਸ ਨੂੰ ਉਨ੍ਹਾਂ ਨੇ ਭੁਲਾ ਹੀ ਦਿਤਾ ਹੈ। ਅੱਜ ਸਾਡਾ ਸਾਰਾ ਸਮਾਜ ਹੀ ਇਸ ਬਿਮਾਰੀ ਨਾਲ ਜੂਝ ਰਿਹਾ ਹੈ। ਔਰਤਾਂ ਅਪਣੇ ਆਪ ਨੂੰ ਰੱਬ ਦੇ ਦਰਸ਼ਨ ਕਰਨ ਦੇ ਕਾਬਲ ਨਹੀਂ ਸਮਝਦੀਆਂ। ਸਾਡੇ ਚਾਰੇ ਪਾਸੇ ਅਸੀ ਔਰਤ ਨੂੰ ਇਕ ਵਸਤੂ ਵਾਂਗ ਹੀ ਇਸਤੇਮਾਲ ਕਰਦੇ ਹਾਂ।
ਇਸ਼ਤਿਹਾਰ ਭਾਵੇਂ ਮਰਦਾਂ ਦੀ ਬੁਨੈਣ ਦਾ ਹੋਵੇ ਜਾਂ ਬਿਜਲੀ ਦੀ ਤਾਰ ਦਾ, ਇਕ ਖ਼ੂਬਸੂਰਤ ਔਰਤ ਮਾਡਲ ਉਸ ਦੀ ਵਿਕਰੀ ਵਧਾਉਣ ਵਾਸਤੇ ਇਸਤੇਮਾਲ ਹੁੰਦਾ ਹੈ ਅਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਜਿਸ ਔਰਤ ਦੀ ਛਾਤੀ 'ਚੋਂ ਦੁੱਧ ਪੀ ਕੇ ਹਰ ਇਨਸਾਨ ਅਪਣੇ ਆਪ ਨੂੰ ਦੁਨੀਆਂ 'ਚ ਜੂਝਣ ਦੇ ਕਾਬਲ ਬਣਾਉਂਦਾ ਹੈ, ਉਸ ਨੂੰ ਹੀ ਮਾੜਾ ਕਿਉਂ ਮੰਨਿਆ ਜਾਂਦਾ ਹੈ? ਇਕ ਪਾਸੇ ਔਰਤ ਨੂੰ ਦੇਵੀ ਬਣਾ ਕੇ ਮੰਦਰਾਂ ਵਿਚ ਖੜਾ ਕਰ ਦਿਤਾ ਪਰ ਉਸੇ ਔਰਤ ਨੂੰ ਨੰਗਾ ਕਰ ਕੇ ਆਦਮੀ ਅਪਣੇ ਆਪ ਨੂੰ ਹੀਰੋ ਵਜੋਂ ਵੀ ਪੇਸ਼ ਕਰਦਾ ਹੈ। ਸਾਡੇ ਸਮਾਜ ਦਾ ਇਹ ਬੁਨਿਆਦੀ ਤੱਥ ਹੈ ਕਿ ਮਰਦ-ਔਰਤ ਬਰਾਬਰ ਹਨ ਅਤੇ ਮਿਲ ਕੇ ਹੀ ਇਕ ਬਣਦੇ ਹਨ।
Man And Woman
ਅੱਜ ਕਿਸੇ ਵੀ ਇਨਸਾਨ ਨੂੰ ਪੁੱਛ ਲਵੋ ਕਿ ਜਿਹੜਾ ਕੋਈ ਇਕ ਸੰਪੂਰਨ ਪਿਆਰ ਵਾਲੇ ਰਿਸ਼ਤੇ ਵਿਚ ਨਹੀਂ ਬੱਝਦਾ, ਉਹ ਅਧੂਰਾ ਹੁੰਦਾ ਹੈ ਅਤੇ ਗਲੀ ਦੇ ਆਵਾਰਾ ਜਾਨਵਰ ਵਾਂਗ ਮੂੰਹ ਮਾਰਦਾ ਫਿਰਦਾ ਹੈ। ਜਿਸ ਔਰਤ ਤੋਂ ਜਨਮ ਮਿਲਦਾ ਹੈ ਤੇ ਜਿਸ ਨਾਲ ਜੁੜ ਕੇ ਅਪਣਾ ਆਪ ਸੰਪੂਰਨ ਹੁੰਦਾ ਹੈ, ਉਸ ਦੀ ਨਿੰਦਾ ਕਰ ਕੇ ਸਕੂਨ ਕਿਉਂ ਮਿਲਦਾ ਹੈ?
ਕੀ ਮਰਦ ਅਪਣੇ ਆਪ ਨੂੰ ਔਰਤ ਤੋਂ ਕੁੱਝ ਘੱਟ ਮਹਿਸੂਸ ਕਰਦੇ ਹਨ ਅਤੇ ਇਸੇ ਕਰ ਕੇ ਅਪਣੀ ਜਿਸਮਾਨੀ ਤਾਕਤ ਦੇ ਸਹਾਰੇ ਔਰਤ ਦਾ ਇਸਤੇਮਾਲ ਕਰ ਕੇ ਤੇ ਅਪਣੀ 'ਜਿੱਤ' ਦਾ ਢੰਡੋਰਾ ਪਿਟ ਕੇ ਖ਼ੁਸ਼ ਹੋਣਾ ਜ਼ਰੂਰੀ ਸਮਝਦੇ ਹਨ? ਜਵਾਬ ਤਾਂ ਮਰਦ ਹੀ ਦੇ ਸਕਦੇ ਹਨ। ਪਰ ਇਸ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਜੇ ਅਸੀ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵਿਚ ਪਿਆਰ ਨੂੰ ਵਧਦਾ ਵੇਖਣਾ ਚਾਹੁੰਦੇ ਹਾਂ। ਹਾਰਦਿਕ ਪਾਂਡਿਆ ਇਕ ਕਮਜ਼ੋਰ ਚਰਿੱਤਰ ਵਾਲਾ ਚੰਗਾ ਖਿਡਾਰੀ ਹੈ, ਨਾ ਕਿ ਕ੍ਰਿਕਟ ਦਾ ਰੱਬ। ਨਜ਼ਰੀਆ ਬਦਲਣਾ ਪਵੇਗਾ। -ਨਿਮਰਤ ਕੌਰ