
ਭਾਜਪਾ ਦਾ ਹਰ ਆਗੂ ਆਰ.ਐਸ.ਐਸ. ਦੀ ਸ਼ਾਖ਼ਾ ਵਿਚੋਂ ਤਿਆਰ ਹੋ ਕੇ ਆਉਂਦਾ ਹੈ ਜਿਸ ਨੂੰ ਧਰਮ ਦੇ ਸੱਚੇ ਪੁਜਾਰੀ ਵਜੋਂ ਤਿਆਰ ਕੀਤਾ ਜਾਂਦਾ ਹੈ।
‘ਆਪ’ ਦਾ ਝਾੜੂ ਇਕ ਵੱਡੀ ‘ਸਫ਼ਾਈ’ (ਰਾਜਸੀ ਤੇ ਸਮਾਜਕ ਜੀਵਨ ਦੀ ਸਫ਼ਾਈ ਵੀ) ਦਾ ਪ੍ਰਤੀਕ ਹੈ ਪਰ ਵਾਰ-ਵਾਰ ਇਹ ਵੇਖਣ ਵਿਚ ਆਇਆ ਹੈ ਕਿ ਇਸ ਝਾੜੂ ਦੀਆਂ ਤੀਲੀਆਂ ਬੜੀ ਅਸਾਨੀ ਨਾਲ ਪੁਰਾਣੀ ਦਲਦਲ ਵਿਚ ਫਸ ਕੇ ਝਾੜੂ ਨੂੰ ਆਪ ਹੀ ਕਮਜ਼ੋਰ ਕਰ ਦੇਂਦੀਆਂ ਹਨ। ਦਿੱਲੀ ਵਿਚ ‘ਆਪ’ ਦੇ 2021 ਦੇ ਬਜਟ ਦਾ 0.13 ਫ਼ੀ ਸਦੀ ਰਾਸ਼ਟਰ ਪ੍ਰੇਮ ਦੇ ਕੰਮਾਂ ਵਾਸਤੇ ਰਖਿਆ ਗਿਆ ਹੈ। 90 ਕਰੋੜ ਵਿਚੋਂ 45 ਕਰੋੜ ਪੂਰੇ ਦਿੱਲੀ ਵਿਚ 200 ਫ਼ੁੱਟ ਦੇ ਉੱਚੇ ਤਿਰੰਗੇ ਝੰਡੇ ਲਗਾਉਣ ਉਤੇ ਖ਼ਰਚਿਆ ਜਾਵੇਗਾ ਤਾਕਿ ਜਿਥੇ ਵੀ ਕੋਈ ਨਜ਼ਰ ਉੱਚੀ ਕਰੇ, ਉਸ ਨੂੰ ਭਾਰਤ ਦਾ ਤਿਰੰਗਾ ਹੀ ਨਜ਼ਰ ਆਏ।
Arvind Kejriwal
‘ਆਪ’ ਨੇ ਅਪਣੀ ਆਉਣ ਵਾਲੀ ਪੰਜਾਬ ਰਣਨੀਤੀ ਵੀ ਧਿਆਨ ਵਿਚ ਰੱਖੀ ਤੇ ਭਗਤ ਸਿੰਘ ਬਾਰੇ ਚੈਪਟਰ ਦਿੱਲੀ ਦੇ ਸਕੂਲੀ ਸਿਲੇਬਸ ਵਿਚ ਵੀ ਸ਼ਾਮਲ ਕਰ ਲਿਆ ਹੈ। ਭਾਰਤ ਦੀ ਪਹਿਲੀ ਪਾਰਟੀ ਜਿਸ ਨੇ ਲੋਕਾਂ ਨੂੰ ਅਪਣਾ ਰੀਪੋਰਟ ਕਾਰਡ ਵਿਖਾ ਕੇ ਪੰਜ ਸਾਲ ਬਾਅਦ ਦੁਬਾਰਾ ਵੋਟ ਮੰਗੀ ਤੇ ਲੋਕਾਂ ਨੇ ਦਿਤੀ, ਉਸ ਨੂੰ ਇਸ ਤਰ੍ਹਾਂ ਦੀ ਵਿਖਾਵੇ ਦੀ ਰਾਜਨੀਤੀ ਕਰਨ ਦੀ ਜ਼ਰੂਰਤ ਕਿਉਂ ਪੈ ਗਈ?
Arvind Kejriwal
ਇਥੇ ‘ਆਪ’ ਪਾਰਟੀ ਇਹ ਵੀ ਨਹੀਂ ਆਖ ਸਕਦੀ ਕਿ ਇਹ ਰਣਨੀਤੀ ਵੋਟਾਂ ਲੈਣ ਵਾਸਤੇ ਤਿਆਰ ਕੀਤੀ ਗਈ ਕਿਉਂਕਿ ਦਿੱਲੀ ਦੇ ਲੋਕਾਂ ਨੇ ‘ਆਪ’ ਨੂੰ ਕੰਮ ਕਰਦਿਆਂ ਵੇਖ ਕੇ ਵੋਟ ਦਿਤੀ ਸੀ, ਵਿਖਾਵੇ ਦੀ ਰਾਸ਼ਟਰ-ਭਗਤੀ ਤੇ ਵਿਖਾਵੇ ਦੀ ਧਾਰਮਕਤਾ ਬਦਲੇ ਨਹੀਂ। ਜਦ ਦੇਸ਼ ਵਿਚ ਭ੍ਰਿਸ਼ਟਾਚਾਰ ਹੋਵੇ, ਸੜਕਾਂ ’ਤੇ ਟੋਏ ਪਏ ਹੋਣ, ਦਿੱਲੀ ਦੀਆਂ ਸਰਹੱਦਾਂ ਤੇ, ਕਿਸਾਨ ਸੜਕਾਂ ਤੇ ਬਾਰਸ਼ ਦੇ ਪਾਣੀ ਵਿਚ ਘਿਰੇ ਬੈਠੇ ਹੋਣ, ਕੀ ਦਿੱਲੀ ਦੇ ਅਸਮਾਨ ਵਿਚ ਥਾਂ ਥਾਂ ’ਤੇ ਲਹਿਰਾਉਂਦੇ ਤਿਰੰਗੇ ਨਾਲ ਕੁੱਝ ਫ਼ਰਕ ਪੈ ਜਾਵੇਗਾ? ਜਦ ਭਾਜਪਾ ਨੇ ਦੁਨੀਆਂ ਦਾ ਸੱਭ ਤੋਂ ਉੱਚਾ ਬੁੱਤ ਬਣਾ ਕੇ ਉਸ ਨੂੰ ਏਕਤਾ ਦਾ ਪ੍ਰਤੀਕ ਕਹਿ ਕੇ ਸਥਾਪਤ ਕੀਤਾ ਤਾਂ ਕੀ ਸਾਡੇ ਦੇਸ਼ ਵਿਚ ਏਕਤਾ ਵੱਧ ਗਈ ਹੈ? ਕੀ ਸਾਡੇ ਦੇਸ਼ ਵਿਚ ਜਾਤ, ਧਰਮ ਦੀਆਂ ਦਰਾੜਾਂ ਮਿਟ ਗਈਆਂ ਹਨ?
Arvind Kejriwal
ਇਸ ਬਜਟ ਵਿਚ ਅਰਵਿੰਦ ਕੇਜਰੀਵਾਲ ਨੇ ਧਰਮ ਤੇ ਰਾਸ਼ਟਰਵਾਦ ਨੂੰ ਵਿਖਾਵੇ ਵਜੋਂ ਵਰਤਣ ਵਾਸਤੇ ਭਾਵੇਂ 0.13 ਫ਼ੀ ਸਦੀ ਰਕਮ ਹੀ ਰੱਖੀ ਹੈ ਪਰ ਉਨ੍ਹਾਂ ਅਪਣੀ ਕਮਜ਼ੋਰੀ ਵੀ ਵਿਖਾ ਦਿਤੀ ਹੈ। ਦਿੱਲੀ ਵਰਗੇ ਸੂਬੇ ਵਾਸਤੇ 90 ਕਰੋੜ ਕੋਈ ਬਹੁਤ ਵੱਡੀ ਰਕਮ ਨਹੀਂ ਪਰ ਇਹ ਸੋਚ ਪੱਖੋਂ ਇਕ ਵੱਡਾ ਕਦਮ ਹੈ। ਇਹ ਦਰਸਾਉਂਦਾ ਹੈ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਭਾਜਪਾ ਦੀ ਧਰਮ-ਆਧਾਰਤ ਰਾਜਨੀਤੀ ਨੂੰ ਹੀ ਘੱਟ ਵੱਧ ਕਰ ਕੇ ਅਪਨਾਉਣ ਦੀ ਤਿਆਰੀ ਵਿਚ ਹਨ, ਜਿਵੇਂ ਉਹ ਕਦੀ ਕਾਂਗਰਸ ਦੇ ‘ਸੈਕੁਲਰਿਜ਼ਮ’ ਦੀਆਂ ਸਹੁੰਆਂ ਖਾ ਕੇ ਅਪਣੇ ਆਪ ਨੂੰ ਵੱਡੀਆਂ ‘ਸੈਕੁਲਰ’ ਪਾਰਟੀਆਂ ਸਾਬਤ ਕਰਨ ਵਿਚ ਲਗੀਆਂ ਰਹਿੰਦੀਆਂ ਸਨ। ਪਿਛਲੀਆਂ ਚੋਣਾਂ ਵਿਚ ਕਾਂਗਰਸ ਵੀ ਇਸ ਹਲਕੇ ਫੁਲਕੇ ਧਾਰਮਕ ਪ੍ਰਚਾਰ ਵਲ ਚਲ ਪਈ ਸੀ ਪਰ ਸਫ਼ਲ ਨਹੀਂ ਸੀ ਹੋਈ ਕਿਉਂਕਿ ਭਾਜਪਾ ਆਗੂ ਇਹ ਗੱਲ ਸਮਝਾਉਣ ਵਿਚ ਸਫ਼ਲ ਰਹੇ ਕਿ ਅਸਲ ‘ਹਿੰਦੂਵਾਦੀ’ ਅਤੇ ਧਰਮੀ ਤਾਂ ਉਹੀ ਹਨ ਤੇ ਬਾਕੀ ਤਾਂ ਸਾਰੇ ‘ਨਕਲਚੀ’ ਹੀ ਹਨ--ਖ਼ਾਸ ਤੌਰ ਤੇ ਕਾਂਗਰਸ ਵਾਲੇ।
congress
ਭਾਜਪਾ ਦੀ ਧਰਮ-ਆਧਾਰਤ ਸਿਆਸਤ ਇਸ ਕਰ ਕੇ ਚਲਦੀ ਹੈ ਕਿਉਂਕਿ ਉਹ ਉਨ੍ਹਾਂ ਦੀ ਬੁਨਿਆਦ ਵਿਚ ਰਚੀ ਮਿਚੀ ਹੋਈ ਹੈ। ਭਾਜਪਾ ਦਾ ਹਰ ਆਗੂ ਆਰ.ਐਸ.ਐਸ. ਦੀ ਸ਼ਾਖ਼ਾ ਵਿਚੋਂ ਤਿਆਰ ਹੋ ਕੇ ਆਉਂਦਾ ਹੈ ਜਿਸ ਨੂੰ ਧਰਮ ਦੇ ਸੱਚੇ ਪੁਜਾਰੀ ਵਜੋਂ ਤਿਆਰ ਕੀਤਾ ਜਾਂਦਾ ਹੈ। ਉਸ ਵਾਸਤੇ ਅਪਣੇ ਮੱਥੇ ’ਤੇ ਤਿਲਕ ਲਗਾਉਣਾ ਅਤੇ ਅਪਣਾ ਨਾਰੰਗੀ ਰੰਗ ਦਾ ਮਫ਼ਲਰ ਉਸ ਦੀ ਪਹਿਚਾਣ ਬਣ ਚੁੱਕਾ ਹੈ ਅਤੇ ਉਸ ਦੀ ਸਫ਼ਲਤਾ ਦਾ ਕਾਰਨ ਉਸ ਦਾ ਦ੍ਰਿੜ ਵਿਸ਼ਵਾਸ ਜਾਂ ਕੱਟੜਪੁਣਾ ਵੀ ਹੈ। ਕਾਂਗਰਸ ਕਦੇ ਓਨੀ ਹੀ ਦ੍ਰਿੜਤਾ ਵਾਲੀ ਧਰਮ ਨਿਰਪੱਖ ਪਾਰਟੀ ਹੁੰਦੀ ਸੀ ਤੇ ਜਦ ਤਕ ਇਸ ਵਿਸ਼ਵਾਸ ਤੇ ਅਡਿੱਗ ਤੇ ਅਡੋਲ ਰਹੀ, ਉਹ ਵੀ ਸਫ਼ਲ ਹੀ ਹੁੰਦੀ ਰਹੀ।
Akali Dal
ਅਕਾਲੀ ਦਲ ਜਦ ਤਕ ਪੰਥਕ ਪਾਰਟੀ ਸੀ, ਉਹ ਵੀ ਹਰ ਮੈਦਾਨ ਫ਼ਤਿਹ ਪ੍ਰਾਪਤ ਕਰਨ ਵਾਲੀ ਪਾਰਟੀ ਹੀ ਬਣੀ ਰਹੀ। ਪਰ ਜਦ ਉਨ੍ਹਾਂ ਅਪਣੇ ਆਪ ਨੂੰ ਅਪਣੀ ਬੁਨਿਆਦੀ ਵਿਚਾਰਧਾਰਾ ਅਥਵਾ ਪੰਥਕ ਏਜੰਡੇ ਤੋਂ ਦੂਰ ਕਰਨਾ ਸ਼ੁਰੂ ਕਰ ਦਿਤਾ ਤਾਂ ਉਹ ਪਾਰਟੀ ਖੇਰੂੰ ਖੇਰੂੰ ਹੋ ਗਈ। ‘ਆਪ’ ਵੀ ਹੁਣ ਅਪਣੀ ਬੁਨਿਆਦੀ ਵਿਚਾਰਧਾਰਾ ਨੂੰ ਛੱਡਣ ਲੱਗ ਪਈ ਹੈ। ਅਫ਼ਸੋਸ ਹੈ ਕਿਉਂਕਿ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਦਿੱਲੀ ਵਿਚ ਲਾਗੂ ਕੀਤਾ ਗਿਆ, ਜਿਸ ਤਰ੍ਹਾਂ ਸਰਕਾਰੀ ਸਿਖਿਆ ਵਿਭਾਗ ਵਿਚ ਕੰਮ ਹੋਇਆ, ਸਿਹਤ ਮਹਿਕਮੇ ਵਿਚ ਕੰਮ ਹੋਇਆ, ਉਹ ‘ਆਪ’ ਦੀ ਅਸਲ ਤਾਕਤ ਬਣਿਆ ਹੈ। ਅਪਣੇ ਆਪ ਨੂੰ ਅਪਣੀ ਬੁਨਿਆਦੀ ਤਾਕਤ ਤੋਂ ਦੂਰ ਕਰਨ ਦਾ ਕਦਮ ਚੁਕਣਾ ਦਰਸਾਉਂਦਾ ਹੈ ਕਿ ਸਾਰੀਆਂ ਪਾਰਟੀਆਂ ਹੁਣ ਭਾਜਪਾ ਦੇ ਰਾਹ ਤੇ ਚਲ ਕੇ ਹੀ ਅਪਣਾ ਭਵਿੱਖ ਸੁਰੱਖਿਅਤ ਸਮਝਦੀਆਂ ਹਨ---ਅਪਣੀ ਬੁਨਿਆਦੀ ਵਿਚਾਰਧਾਰਾ ਤੇ ਚਲ ਕੇ ਨਹੀਂ। -ਨਿਮਰਤ ਕੌਰ