ਮਮਤਾ ਬੈਨਰਜੀ ਸਿਰਫ਼ ਇਕ ਸੂਬੇ ਤਕ ਸੀਮਤ ਹੋ ਕੇ ਰਹਿ ਗਏ ਹਨ
ਆਮ ਆਦਮੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਹੁਣ ਉਹ ਦੇਸ਼ ਦੀਆਂ ਸੈਂਕੜੇ ਸਿਆਸੀ ਪਾਰਟੀਆਂ ’ਚੋਂ, ਉਨ੍ਹਾਂ ਛੇ ਪਾਰਟੀਆਂ ਵਿਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਦੇ ਚੁਣੇ ਹੋਏ ਪ੍ਰਤੀਨਿਧ ਦੇਸ਼ ਦੇ ਇਕ ਤੋਂ ਵੱਧ ਸੂਬਿਆਂ ਵਿਚ ਸਫ਼ਲ ਹੋਏ ਹਨ। ‘ਆਪ’ ਨੂੰ ਦਿੱਲੀ ਤੋਂ ਬਾਅਦ ਸੱਭ ਤੋਂ ਵੱਧ ਸਾਥ ਪੰਜਾਬ ਦਾ ਹੀ ਮਿਲਿਆ ਹੈ ਤੇ ‘ਆਪ’ ਦਾ ਖਾਤਾ ਵੀ ਕਦੇ ਨਹੀਂ ਸੀ ਖੁਲ੍ਹਣਾ ਜੇ 2014 ਵਿਚ ਪੰਜਾਬ, ਮੋਦੀ ਸੁਨਾਮੀ ਵਿਰੁਧ ਜਾ ਕੇ ‘ਆਪ’ ਦੇ ਚਾਰ ਐਮ.ਪੀਜ਼. ਨੂੰ ਲੋਕ ਸਭਾ ਵਿਚ ਨਾ ਪਹੁੰਚਾਉਂਦਾ। 2023 ਵਿਚ ਨਾ ਸਿਰਫ਼ ‘ਆਪ’ ਪਾਰਟੀ ਦਾ ਦਰਜਾ ਉੱਚਾ ਹੋਇਆ ਹੈ ਬਲਕਿ ਤ੍ਰਿਣਮੂਲ ਕਾਂਗਰਸ ਟੀ.ਐਮ.ਸੀ., ਸੀ.ਪੀ.ਆਈ. ਤੇ ਐਨ.ਸੀ.ਡੀ. ਦਾ ਰੁਤਬਾ ਹੇਠਾਂ ਡਿਗ ਪਿਆ ਹੈ ਜਿਨ੍ਹਾਂ ਤੋਂ ਰਾਸ਼ਟਰੀ ਪਾਰਟੀ ਦਾ ਰੁਤਬਾ ਵਾਪਸ ਲੈ ਲਿਆ ਗਿਆ ਹੈ। ਇਸ ਨਵੇਂ ਦਰਜੇ ਨਾਲ ਨਾ ਸਿਰਫ਼ ਇਨ੍ਹਾਂ ਪਾਰਟੀਆਂ ਦਾ ਰੁਤਬਾ ਘਟਿਆ ਹੈ ਬਲਕਿ ਦੇਸ਼ ਦੀ ਸਿਆਸੀ ਸੋਚ ਵਿਚ ਵੀ ਤਬਦੀਲੀ ਆ ਰਹੀ ਹੈ। ਸ਼ਰਦ ਪਵਾਰ, ਮਮਤਾ ਬੈਨਰਜੀ ਭਾਵੇਂ ਸਿਆਸਤ ਦੇ ਮੰਝੇ ਹੋਏ ਖਿਡਾਰੀ ਹਨ ਪਰ ਰਾਸ਼ਟਰੀ ਪਧਰ ਤੇ ਲੋਕਾਂ ਵਿਚ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲ ਸਕੀ।
ਮਮਤਾ ਬੈਨਰਜੀ ਨੇ ਰਾਸ਼ਟਰ ਪਧਰ ਤੇ ਕਾਂਗਰਸ ਦੀ ਥਾਂ ਲੈਣ ਦਾ ਯਤਨ ਵੀ ਕੀਤਾ ਪਰ ਗੋਆ, ਗੁਜਰਾਤ ਵਿਚ ਲੋਕਾਂ ਨੇ ਜਿਥੇ ‘ਆਪ’ ਨੂੰ ਅਪਣੀ ਵੋਟ ਦਿਤੀ, ਉਥੇ ਟੀ.ਐਮ.ਸੀ. ਨੂੰ ਪ੍ਰਵਾਨ ਨਾ ਕੀਤਾ। ਮਮਤਾ ਬੈਨਰਜੀ ਸਿਰਫ਼ ਇਕ ਸੂਬੇ ਤਕ ਸੀਮਤ ਹੋ ਕੇ ਰਹਿ ਗਏ ਹਨ। ਸ਼ਰਦ ਪਵਾਰ ਨੂੰ ਭਾਵੇਂ ਘਾਗ ਸਿਆਸਤਦਾਨ ਮੰਨਿਆ ਜਾਂਦਾ ਹੈ, ਮਹਾਰਾਸ਼ਟਰ ਦੇ ਇਕ ਭਾਗ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਲੋਕਾਂ ਵਲੋਂ ਉਹ ਵੀ ਨਕਾਰੇ ਜਾ ਚੁੱਕੇ ਹਨ। ਬਸਪਾ, ਅਜੇ ਹੈ ਤੇ ਰਹੇਗੀ ਕਿਉਂਕਿ ਪਿਛੜੀਆਂ ਜਾਤੀਆਂ ’ਚੋਂ ਕੋਈ ਮਾਇਆਵਤੀ ਦੇ ਕਦ ਬੁਤ ਵਾਲਾ ਆਗੂ ਅਜੇ ਤਕ ਨਹੀਂ ਬਣ ਪਾਇਆ। ਐਨ.ਪੀ.ਪੀ. ਦਾ ਰਿਸ਼ਤਾ ਐਨ.ਡੀ.ਏ. ਨਾਲ ਪੱਕਾ ਹੈ ਤੇ ਅਜੇ ਉਹ ਚਲਦੇ ਵੀ ਰਹਿਣਗੇ।
ਪਰ ਇਸ ਬਦਲਦੀ ਸਿਆਸਤ ਵਿਚ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ‘ਆਪ’ ਜਿਸ ਨੇ ਬਾਰਾਂ ਸਾਲਾਂ ਵਿਚ ਅਪਣਾ ਸਥਾਨ ਕਾਂਗਰਸ ਪਾਰਟੀ ਦੇ ਮੁਕਾਬਲੇ ਖੜਾ ਕਰ ਲਿਆ ਹੈ, ਕੀ ਇਹ ‘ਆਪ’, ਕਾਂਗਰਸ ਦੀ ਥਾਂ ਲੈ ਲਵੇਗੀ ਜਾਂ ਕੀ ਕਾਂਗਰਸ ਮੁੜ ਤੋਂ ਖੜੀ ਹੋ ਸਕੇਗੀ? ਜਿਸ ਰਫ਼ਤਾਰ ਨਾਲ ਭਾਜਪਾ ਨੇ ਕਾਂਗਰਸ ਨੂੰ ਸਿੰਗੋੜ ਕੇ ਰੱਖ ਦਿਤਾ ਹੈ, ‘ਆਪ’ ਨੇ ਉਸ ਤੋਂ ਤੇਜ਼ ਰਫ਼ਤਾਰ ਨਾਲ ਕਾਂਗਰਸ ਦੀ ਹੋਂਦ ਤੇ ਸਵਾਲ ਖੜਾ ਕਰ ਦਿਤਾ ਹੈ। ਤੇ ਰਾਸ਼ਟਰੀ ਪਾਰਟੀਆਂ ਦੇ ਪਹਿਲੇ ਤਿੰਨ ਸਥਾਨਾਂ ’ਤੇ ਕਾਂਗਰਸ ਨਾਲ ਅਪਣੇ ਆਪ ਨੂੰ ਖੜਾ ਕਰ ਕੇ, ਉਹਨਾਂ ਇਹ ਸਿੱਧ ਕਰ ਦਿਤਾ ਹੈ ਕਿ ਜਿਥੇ ਭਾਰਤ ਦਾ ਇਕ ਹਿੱਸਾ, ਬਹੁਤ ਹੀ ਰਵਾਇਤੀ ਧਾਰਮਕ ਸੋਚ ਵਾਲੀ ਸਿਆਸਤ ਕਰ ਰਿਹਾ ਹੈ, ਉਥੇ ਇਕ ਧੜਾ ਹੈ ਜੋ ਬਦਲਾਅ ਵੀ ਚਾਹੁੰਦਾ ਹੈ। ਕਾਂਗਰਸ ਵਿਚ ਵੀ ਇਹੀ ਕਸਮਕਸ਼ ਹੈ ਜਿਸ ਦਾ ਅਸਰ ਇਹ ਹੈ ਕਿ ਕਈ ਕਾਂਗਰਸੀ ਲੀਡਰ ਭਾਜਪਾ ਵਿਚ ਅਪਣੀ ਥਾਂ ਬਣਾ ਰਹੇ ਹਨ ਕਿਉਂਕਿ ਉਹਨਾਂ ਨੂੰ ਰਵਾਇਤੀ ਸਿਆਸਤ ਹੀ ਕਰਨੀ ਆਉਂਦੀ ਹੈ।
ਇਸ ਬਦਲਦੀ ਸਿਆਸੀ ਸੋਚ ਦਾ ਫ਼ਾਇਦਾ ਭਾਜਪਾ ਨੂੰ ਮਿਲੇਗਾ ਕਿਉਂਕਿ ਉਹਨਾਂ ਦਾ ਦੂਜਾ ਬਦਲ ਹੀ ਕੋਈ ਨਹੀਂ। ਉਹ ਕਾਂਗਰਸ ਮੁਕਤ ਭਾਰਤ ਚਾਹੁੰਦੇ ਸਨ ਤੇ ‘ਆਪ’ ਪਾਰਟੀ ਕਾਂਗਰਸ ਦੀ ਥਾਂ ਲੈਣਾ ਚਾਹੁੰਦੀ ਹੈ ਜਿਸ ਸਦਕਾ ਕਾਂਗਰਸ ਉਤੇ ਵਾਰ ਸੱਭ ਤੋਂ ਜ਼ਿਆਦਾ ਪੈ ਰਹੇ ਹਨ ਤੇ ਫ਼ਾਇਦਾ ਭਾਜਪਾ ਨੂੰ ਮਿਲ ਰਿਹਾ ਹੈ।
ਇਸ ਰਾਸ਼ਟਰੀ ਦਰਜੇ ਨੂੰ ਹਾਸਲ ਕਰਨ ਵਾਲੀ ‘ਆਪ’ ਪਾਰਟੀ ਨੂੰ ਅਪਣੇ ਆਪ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਅਲੱਗ ਰੱਖਣ ਦੀ ਸੋਚ ਨੂੰ ਬਰਕਰਾਰ ਰਖਣਾ ਪਵੇੇਗਾ ਕਿਉਂਕਿ ਉਹਨਾਂ ਨਾਲ ਉਹੀ ਲੋਕ ਜੁੜੇ ਹਨ ਜਿਨ੍ਹਾਂ ਨੇ ਰਵਾਇਤਾਂ ਨੂੰ ਚੁਨੌਤੀ ਦੇ ਕੇ ਇਕ ਨਵੀਂ ਦਿਸ਼ਾ ਵਿਖਾਈ ਹੈ। ਪਰ ਜੇ ਇਹ ਵੀ ਸੱਤਾ ਵਿਚ ਆਉਂਦੇ ਹੀ ਰਵਾਇਤੀ ਦਲਦਲ ਵਿਚ ਧਸ ਗਏ ਤਾਂ ਫਿਰ ਅਗਲਾ ਪੜਾਅ ਪਾਰ ਕਰਨਾ ਔਖਾ ਹੋ ਜਾਏਗਾ।
- ਨਿਮਰਤ ਕੌਰ