2013 ਦੀਆਂ ਪੰਚਾਇਤ ਚੋਣਾਂ ਵਿਚ ਸ਼ਰਾਬ ਦੀਆਂ ਬੋਤਲਾਂ
Published : Aug 12, 2018, 3:42 pm IST
Updated : Aug 12, 2018, 3:42 pm IST
SHARE ARTICLE
whisky
whisky

ਭਾਵੇਂ ਸ਼ਰਾਬ ਦਾ ਸਮੂਹਕ ਰੁਝਾਨ ਚੋਣਾਂ ਦੇ ਐਲਾਨ ਨਾਲ ਹੀ ਸ਼ੁਰੂ ਹੋ ਗਿਆ ਸੀ, ਪਰ ਪਿਛਲੇ ਦਸ ਦਿਨਾਂ 'ਚ ਸ਼ਰਾਬ ਦੀ ਸਪਲਾਈ ਅਤੇ ਸੇਵਨ ਨਿਰੰਤਰ ਤੌਰ ਤੇ ਲਾਮਬੰਦ ਹੋ ਗਈ ਸੀ।

ਚੋਣਾਂ ਨੂੰ ਲੋਕਤੰਤਰ ਦਾ ਥੰਮ੍ਹ ਕਿਹਾ ਗਿਆ ਹੈ। ਪੰਚਾਇਤ ਚੋਣਾਂ ਸਿਆਸੀ ਮਹਿਲ ਦੀਆਂ ਨੀਹਾਂ ਹਨ। ਪੰਚਾਂ-ਸਰਪੰਚਾਂ ਨੂੰ ਲੋਕਤੰਤਰ ਸਫ਼ਰ ਦੇ ਪਹਿਲੇ ਪਾਂਧੀ ਹੋਣ ਦਾ ਮਾਣ ਵੀ ਹਾਸਲ ਹੈ ਪਰ ਖ਼ਰਚੇ, ਪਾਰਟੀਬਾਜ਼ੀ, ਗੁਟਬੰਦੀ, ਸ਼ਰਾਬ ਤੇ ਨਸ਼ੇ ਵਰਗੇ ਕਈ ਸਵਾਲੀਆ ਨਿਸ਼ਾਨ ਵੀ ਪੰਚਾਇਤ ਚੋਣਾਂ (2013) ਦੌਰਾਨ ਸਾਹਮਣੇ ਆਏ। ਵਿਆਹਾਂ ਦੇ ਵੱਡੇ ਖ਼ਰਚੇ ਅਤੇ ਸਮਾਜ 'ਚ ਸ਼ਰਾਬ ਦਾ ਬਹੁਤ ਵੱਧ ਸੇਵਨ ਪਰਦੇ ਪਿੱਛੇ ਨਸ਼ਿਆਂ ਦਾ ਧਰਾਤਲ ਸਿਰਜਦੇ ਹਨ। ਇਸੇ ਦ੍ਰਿਸ਼ਟੀਕੋਣ ਤੋਂ ਪੰਚਾਇਤ ਚੋਣਾਂ ਦੌਰਾਨ ਸ਼ਰਾਬ ਦਾ ਵਹਾਅ ਅਤੇ ਪ੍ਰਭਾਵ ਇਸ ਲੇਖ ਵਿਚ ਵਿਚਾਰੇ ਜਾ ਰਹੇ ਹਨ।


ਭਾਵੇਂ ਸ਼ਰਾਬ ਦਾ ਸਮੂਹਕ ਰੁਝਾਨ ਚੋਣਾਂ ਦੇ ਐਲਾਨ ਨਾਲ ਹੀ ਸ਼ੁਰੂ ਹੋ ਗਿਆ ਸੀ, ਪਰ ਪਿਛਲੇ ਦਸ ਦਿਨਾਂ 'ਚ ਸ਼ਰਾਬ ਦੀ ਸਪਲਾਈ ਅਤੇ ਸੇਵਨ ਨਿਰੰਤਰ ਤੌਰ ਤੇ ਲਾਮਬੰਦ ਹੋ ਗਈ ਸੀ। ਆਖ਼ਰੀ ਚਾਰ ਦਿਨ ਇਹ ਦੌਰ ਸਿਖਰ ਤੇ ਸੀ। ਪੰਜਾਹ-ਸੌ ਬੰਦਿਆਂ ਦੀ ਰੋਟੀ ਸਾਂਝੀ ਥਾਂ ਬਣਨ ਲੱਗੀ ਅਤੇ ਅੱਧੀ ਰਾਤ ਤਕ ਮਹਿਫ਼ਲਾਂ ਜੁੜਦੀਆਂ ਰਹੀਆਂ। ਜਿਹੜੇ ਵਿਅਕਤੀ ਇਸ ਇਕੱਠ ਵਿਚ ਨਾ ਆ ਸਕਦੇ, ਉਨ੍ਹਾਂ ਦੇ ਘਰਾਂ 'ਚ ਸ਼ਰਾਬ ਦੀਆਂ ਬੋਤਲਾਂ ਭੇਜੀਆਂ ਜਾਣ ਲਗੀਆਂ। ਛੱਤੀ ਸੌ ਵੋਟ ਵਾਲੇ ਅਜਿਹੇ ਇਕ ਪਿੰਡ ਵਿਚ ਲਗਭਗ ਨੌਂ ਸੌ ਘਰ ਸਨ।

ਇਨ੍ਹਾਂ ਵਿਚੋਂ ਲਗਭਗ ਚਾਰ ਕੁ ਸੌ ਘਰਾਂ ਨੇ ਇਕ ਜਾਂ ਦੂਜੀ ਪਾਰਟੀ ਤੋਂ ਆਖ਼ਰੀ ਦਸ ਦਿਨ ਔਸਤਨ ਸ਼ਰਾਬ ਦੀ ਇਕ ਇਕ ਬੋਤਲ ਪ੍ਰਤੀ ਦਿਨ ਹਾਸਲ ਕੀਤੀ। ਇਸ ਪਿੰਡ ਵਿਚ ਚੋਣਾਂ ਦੌਰਾਨ ਅੰਦਾਜ਼ਨ ਪੰਜ ਕੁ ਸੌ ਡੱਬੇ ਸ਼ਰਾਬ ਦੇ ਲੱਗੇ। ਸਬ-ਡਵੀਜ਼ਨ ਪੱਧਰ ਦੇ ਇਕ ਪੇਂਡੂ ਸ਼ਹਿਰ ਦੇ ਆਸੇ-ਪਾਸੇ ਦੇ ਨੌਂ ਸੌ ਤੋਂ ਤਰਤਾਲੀ ਸੌ ਵੋਟਾਂ ਵਾਲੇ ਅੱਠ ਪਿੰਡਾਂ ਵਿਚ ਚੋਣਾਂ ਦੌਰਾਨ ਸ਼ਰਾਬ ਦੀ ਖਪਤ ਲਗਭਗ 240, 285, 350, 420, 500, 575, 640 ਤੇ 700 ਡੱਬੇ ਸਨ।

ਇਸ ਘੇਰੇ ਵਿਚ ਸਰਬ-ਸੰਮਤੀ ਵਾਲੇ ਇਕ ਪਿੰਡ ਵਿਚ ਸ਼ਰਾਬ ਦੀ ਲਾਗਤ ਔਸਤ ਤੋਂ ਘੱਟ ਗਈ ਸੀ ਪਰ ਕਈ ਪਿੰਡਾਂ ਵਿਚ ਦੋਹਾਂ ਪਾਰਟੀਆਂ ਦੇ ਸਰਪੰਚ ਅਤੇ ਪੰਚੀ ਲਈ ਖੜੇ ਉਮੀਦਵਾਰ ਇਕ ਇਕ ਘਰ ਨੂੰ ਵੱਖੋ-ਵਖਰੇ ਤੌਰ ਤੇ ਸ਼ਰਾਬ ਦੀਆਂ ਬੋਤਲਾਂ ਸਪਲਾਈ ਕਰਦੇ ਵੇਖੇ ਗਏ। ਅਜਿਹੇ ਪਿੰਡਾਂ ਦੇ ਅੰਕੜੇ ਆਸਾਨੀ ਨਾਲ ਚਾਰ ਅੰਕਾਂ ਦੀ ਗਿਣਤੀ ਪਾਰ ਕਰ ਗਏ। ਠੇਕਿਆਂ ਦੇ ਮੁਨੀਮਾਂ ਦੀਆਂ ਜੇਬਾਂ ਵਿਚ ਪਈਆਂ ਪਰਚੀਆਂ ਪਿੰਡਾਂ ਦੇ ਵਰਤਮਾਨ ਤੇ ਭਵਿੱਖ ਦੀਆਂ ਕਈ ਪਰਤਾਂ ਸਮੋਈ ਬੈਠੀਆਂ ਸਨ।


ਅਜਿਹੇ ਹਾਲਾਤ ਨੇ ਇਕ ਨਵੇਂ ਰੁਝਾਨ ਨੂੰ ਜਨਮ ਦਿਤਾ। ਉਹ ਔਰਤਾਂ ਜੋ ਅਬਾਦੀ ਦੇ ਧੁਰ ਅੰਦਰ ਤਕ ਠੇਕਿਆਂ ਵਿਰੁਧ ਲਾਮਬੰਦ ਹੋਣ ਲਗੀਆਂ ਸਨ ਅਤੇ ਜਿਨ੍ਹਾਂ ਨੇ ਸ਼ਰਾਬੀ ਪਤੀਆਂ ਤੋਂ ਤੰਗ ਆ ਕੇ ਜ਼ਿੰਦਗੀ ਨਾਲ ਦੋ-ਚਾਰ ਹੋ ਜਾਣ ਦਾ ਮਨ ਬਣਾਉਣਾ ਸ਼ੁਰੂ ਕੀਤਾ ਸੀ, ਨੇ ਆਪ ਹੀ ਸਵਾਲ ਕੀਤਾ ਕਿ ਜੇ ਬੰਦਿਆਂ ਨੂੰ ਸ਼ਰਾਬ ਦੀਆਂ ਬੋਤਲਾਂ ਤਾਂ ਸਾਡੇ ਲਈ ਕੀ? ਇਸ ਵਹਾਅ ਨੇ ਔਰਤਾਂ ਲਈ ਪ੍ਰਤੀ ਘਰ ਠੰਢਿਆਂ ਦੀਆਂ ਦੋ-ਦੋ ਬੋਤਲਾਂ ਦੇਣੀਆਂ ਸ਼ੁਰੂ ਕਰ ਦਿਤੀਆਂ।

ਉਹ ਔਰਤਾਂ ਜੋ ਅੱਜ ਤਕ ਆਦਮੀਆਂ ਵਲੋਂ ਸ਼ਰਾਬ ਪੀਣ ਵਿਰੁਧ ਜੂਝਦੀਆਂ ਰਹੀਆਂ ਸਨ, ਅਚਾਨਕ ਤੇ ਅਚੇਤ ਰੂਪ ਵਿਚ ਕੋਲਡ ਡਰਿੰਕਸ ਦੀਆਂ ਦੋ ਬੋਤਲਾਂ ਨੇ ਉਨ੍ਹਾਂ ਔਰਤਾਂ ਤੋਂ ਹੀ ਸ਼ਰਾਬ ਦੀ ਇਸ ਪੱਧਰ ਤਕ ਸਪਲਾਈ ਦੀ ਹਾਮੀ ਭਰਵਾ ਦਿਤੀ। ਇਨ੍ਹਾਂ ਪੰਚਾਇਤ ਚੋਣਾਂ ਦਾ ਇਹ ਸੱਭ ਤੋਂ ਵੱਡਾ ਝਟਕਾ ਸੀ। ਇਨ੍ਹਾਂ ਚੋਣਾਂ ਵਿਚ ਚੁੱਲ੍ਹਾ-ਚੌਕਾਂ ਸਾਂਭਣ ਤੋਂ ਬਾਅਦ ਔਰਤਾਂ ਰਾਤ ਸਮੇਂ ਵੀ ਚੋਣ ਪ੍ਰਚਾਰ ਵਿਚ ਰੁੱਝੀਆਂ ਵਿਖਾਈ ਦਿਤੀਆਂ।

ਸ਼ਰਾਬੀਆਂ ਉੱਤੇ ਰਾਤ ਸਮੇਂ ਵੇਲੇ ਸਿਰ ਘਰ ਮੁੜ ਆਉਣ ਲਈ ਔਰਤਾਂ ਦਾ ਅਸਰਦਾਰ ਪ੍ਰਭਾਵ ਰਿਹਾ ਹੈ। ਇਸ ਰੁਝਾਨ ਨੇ ਇਸ ਪ੍ਰਭਾਵ ਨੂੰ ਵੀ ਫਿੱਕਾ ਕਰ ਦਿਤਾ ਜਦਕਿ ਔਰਤਾਂ ਨੂੰ ਨਸ਼ਿਆਂ ਵਿਰੁਧ ਜੰਗ ਲਈ ਮਾਈ ਭਾਗੋ ਬਣ ਜਾਣਾ ਚਾਹੀਦਾ ਸੀ।ਚੋਣਾਂ ਦੇ ਪ੍ਰਚਾਰ ਅਤੇ ਸ਼ਰਾਬ ਦੇ ਸੇਵਨ ਵਿਚ ਡੁੱਬੇ ਪਿੰਡ, ਨਸ਼ਈਆਂ ਅਤੇ ਸ਼ਰਾਬੀਆਂ ਲਈ ਬਹੁਤ ਹੀ ਢੁਕਵਾਂ ਮਾਹੌਲ ਬਣਿਆ ਰਿਹਾ। ਮਹੀਨਾ ਭਰ ਉਹ ਜ਼ਿੰਮੇਵਾਰ ਤੇ ਸੂਝਵਾਨ ਨਜ਼ਰ ਆਏ।

ਕਈਆਂ ਨੇ ਸ਼ਰਾਬ ਦਾ ਬਰਾਂਡ ਵੇਖ ਕੇ ਅਪਣੀ ਪਾਰਟੀ ਬਦਲ ਲਈ। ਆਸੇ-ਪਾਸੇ ਦੇ ਪਿੰਡਾਂ ਵਿਚ ਕੀ ਵਾਪਰ ਰਿਹਾ ਸੀ, ਉਸ ਬਾਰੇ ਉਹ ਪੂਰੀ ਸੂਝ ਰਖਦੇ ਰਹੇ। ਇਕ ਵਿਅਕਤੀ ਨੂੰ ਜਦ ਦੋ ਬੋਤਲਾਂ ਦਿਤੀਆਂ ਗਈਆਂ ਤਾਂ ਉਸ ਨੇ ਵੋਟਾਂ ਵਾਲਿਆਂ ਨੂੰ ਪਿੱਛੋਂ ਆਵਾਜ਼ ਮਾਰ ਕੇ ਵਾਪਸ ਬੁਲਾਇਆ ਤੇ ਪੁਛਿਆ, 'ਤੇਰੀ ਘਰਵਾਲੀ ਤਾਂ ਨੀਂ ਸ਼ਰਾਬ ਪੀਂਦੀ ਬਈ?', ਉਨ੍ਹਾਂ ਹੱਥ ਜੋੜ ਕੇ ਨਾਂਹ ਵਿਚ ਜਵਾਬ ਦਿਤਾ, 'ਰੱਖੋ ਫਿਰ ਠੰਢਿਆਂ ਦੀਆਂ ਦੋ ਬੋਤਲਾਂ।'

ਉਸ ਦੀ ਦਲੀਲ ਸੀ। 'ਇਧਰਲੇ ਘਰਾਂ ਤੋਂ ਸ਼ੁਰੂ ਕਰਿਆ ਕਰੋ', ਜਾਣ ਲੱਗਿਆਂ ਨੂੰ ਉਸ ਨੇ ਚਾਹ ਪਾਣੀ ਪੁੱਛ ਕੇ ਵੋਟਾਂ ਵਾਲਿਆਂ ਨੂੰ ਸਲਾਹ ਵੀ ਦਿਤੀ। ਪਰ ਜਿਹੜੇ ਪਿੰਡਾਂ ਵਿਚ ਸਰਬ-ਸੰਮਤੀ ਹੋ ਗਈ, ਉਨ੍ਹਾਂ ਪਿੰਡਾਂ ਦੇ ਅਜਿਹੇ ਲੋਕ ਉਦਾਸ ਸਨ। ਆਥਣ ਵੇਲੇ ਉਹ ਇਕੱਠੇ ਹੋ ਕੇ ਪਿੰਡ ਦੇ ਪਤਵੰਤਿਆਂ ਨੂੰ ਕੋਸਦੇ ਰਹਿੰਦੇ। ਇਕ ਅਜਿਹੇ ਪਿੰਡ ਤਾਂ ਉਹ ਉਲਾਂਭਾ ਦੇਣ ਵੀ ਚਲੇ ਗਏ। ਉਠਦੇ ਬੱਦਲ ਵਲ ਹੱਥ ਕਰ ਕੇ ਉਨ੍ਹਾਂ ਪੁਛਿਆ, 'ਦੱਸੋ ਹੁਣ ਅਸੀ ਕਿਹੜੇ ਪਿੰਡ ਦਾਰੂ ਪੀਣ ਜਾਈਏ?'


ਇਕ ਪਿੰਡ ਵਿਚ ਚੋਣਾਂ ਵਾਲੇ ਦਿਨ ਪਿਉ ਤੇ ਪੁੱਤਰ ਦੋਵੇਂ ਵੋਟਾਂ ਪਾਉਣ ਵੇਲੇ ਹੀ ਸ਼ਰਾਬੀ ਹੋ ਗਏ ਸਨ। ਉਸ ਦਰ ਦਾ ਪੋਤਰਾ ਵੀ ਗੋਲੀਆਂ-ਕੈਪਸੂਲਾਂ ਦੇ ਨਸ਼ੇ ਦਾ ਆਦੀ ਹੋ ਚੁੱਕਾ ਹੈ। ਇਕ ਸਮਾਂ ਅਜਿਹਾ ਸੀ ਕਿ ਜਦ ਸ਼ਰਾਬੀ ਬਾਪ ਨੂੰ ਬਾਹੋਂ ਫੜ ਕੇ ਘਰ ਲਿਆਉਣਾ ਪੈਂਦਾ ਤਾਂ ਪੁੱਤਰ ਘਰੋਂ ਬਾਹਰ ਨਿਕਲਣੋਂ ਹਟ ਜਾਂਦਾ ਸੀ ਅਤੇ ਜੇ ਪੁੱਤਰ ਕੁਰਾਹੇ ਪੈ ਜਾਂਦਾ ਤਾਂ ਬਾਪ ਸੱਥ ਵਿਚ ਬੈਠਣ ਦਾ ਹੌਸਲਾ ਨਹੀਂ ਕਰਦਾ ਸੀ। ਪਰ ਹੁਣ ਅਸੀ ਅਜਿਹੇ ਸਾਰੇ ਪਰਦੇ ਚੁੱਕੇ ਦਿਤੇ ਹਨ। ਸਮਾਜਕ ਕੁਰੀਤੀਆਂ ਵਿਰੁਧ ਸਮਾਜਕ ਦਬਾਅ ਖ਼ਤਮ ਹੁੰਦਾ ਜਾ ਰਿਹਾ ਹੈ।


ਮੂੰਹ ਹਨੇਰੇ ਜਦ ਚੋਣਾਂ ਦਾ ਨਤੀਜਾ ਐਲਾਨਿਆ ਗਿਆ ਤਾਂ ਇਕ ਪਿੰਡ ਦੇ ਸਕੂਲ ਵਿਚ ਅਚਾਨਕ ਹਲਚਲ ਮਚਾ ਜਿਹੀ ਮੱਚ ਗਈ। ਬਹੁਤ ਲੋਕ ਮੋਬਾਈਲ ਫ਼ੋਨ ਉਤੇ ਗੱਲਾਂ ਕਰਨ ਲੱਗੇ। ਉੱਚੀ ਉੱਚੀ ਆਵਾਜ਼ਾਂ ਸੁਣਾਈ ਦੇਣ ਲਗੀਆਂ ਅਤੇ ਨਾਹਰੇ ਲੱਗਣ ਲਗੇ। ਨਸ਼ੇ ਵਿਚ ਧੁੱਤ ਇਕ ਸ਼ਰਾਬੀ ਨੇ ਹੱਥ ਦੇ ਇਸ਼ਾਰੇ ਨਾਲ ਅਪਣੇ ਸਾਥੀਆਂ ਨੂੰ ਪੁਛਿਆ ਕਿ, ਕੀ ਹੋਇਆ ਹੈ? ਉਨ੍ਹਾਂ ਸਮਝਾਇਆ ਕਿ ਅਪਣੀ ਪਾਰਟੀ ਦਾ ਉਮੀਦਵਾਰ ਸਰਪੰਚ ਦੀ ਚੋਣ ਜਿੱਤ ਗਿਆ ਹੈ ਪਰ ਉਸ ਨੂੰ ਕੁੱਝ ਵੀ ਸਮਝ ਨਹੀਂ ਲੱਗ ਰਿਹਾ।


ਪੀਤੀ ਵਾਲੇ ਉਸ ਦੇ ਇਕ ਸਾਥੀ ਨੇ ਫਿਰ ਸਾਹਮਣੇ ਲੱਗੇ ਬੈਨਰ ਉਤੇ ਚੋਣ ਨਿਸ਼ਾਨ 'ਮੇਜ਼' ਤੇ ਅਪਣੀ ਉਂਗਲ ਰੱਖੀ ਤੇ ਫਿਰ ਦੋਵੇਂ ਹੱਥ ਉਪਰ ਨੂੰ ਕਰ ਕੇ ਉਸ ਨੂੰ ਸਮਝਾਉਣ ਲੱਗਾ। ਹੁਣ ਉਹ ਹੱਸਿਆ ਤੇ ਉਸ ਨੇ ਬੈਨਰ ਖੋਲ੍ਹ ਕੇ ਅਪਣੇ ਸਰੀਰ ਤੇ ਲਪੇਟ ਲਿਆ। ਅਪਣੇ ਸਾਥੀਆਂ ਨੂੰ ਕਹਿਣ ਲੱਗਾ ਕਿ ਇਸ ਮੇਜ਼ ਤੇ ਰੱਖ ਕੇ ਸ਼ਰਾਬ ਪੀਣੀ ਆ। ਗਲਾਸ ਭਰ ਭਰ ਕੇ ਮੇਜ਼ ਤੇ ਰੱਖਣ ਦੀ ਕੋਸ਼ਿਸ਼ ਕਰਦਿਆਂ ਉਹ ਚਾਰ-ਪੰਜ ਗਲਾਸ ਅਪਣੇ ਕਪੜਿਆਂ ਤੇ ਹੀ ਡੋਲ੍ਹ ਕੇ ਬੀਹੀ ਵਿਚ ਡਿੱਗ ਪਿਆ।


ਧਰਤੀ ਵਿਚ ਬੀਜਿਆ ਹਰ ਬੀਜ ਜੇ ਪੌਦਾ ਨਹੀਂ ਵੀ ਬਣ ਪਾਉਂਦਾ ਪਰ ਉਹ ਪੁੰਗਰਦਾ ਤੇ ਉੱਗਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ। ਇਵੇਂ ਹੀ ਪੰਚਾਇਤ ਚੋਣਾਂ ਵਿਚ ਵੰਡੀਆਂ ਗਈਆਂ ਬੋਤਲਾਂ ਸਮਾਜ ਵਿਚ ਥੋੜਾ ਜਾਂ ਬਹੁਤਾ ਮਾੜਾ ਅਸਰ ਜ਼ਰੂਰ ਪਾਉਂਦੀਆਂ ਹਨ। ਬੀਅਰ ਤੇ ਸ਼ਰਾਬ ਦੀ ਬਹੁਤ ਵੱਧ ਵਰਤੋਂ ਨੂੰ ਨਸ਼ਿਆਂ ਦੇ ਬੂਹੇ ਆਖਿਆ ਜਾਂਦਾ ਹੈ। ਸ਼ਰਾਬ ਦੀ ਤੋੜ ਦੂਰ ਕਰਨ ਲਈ ਵਿਅਕਤੀ ਦੂਜੇ ਨਸ਼ਿਆਂ ਦਾ ਸਹਾਰਾ ਲੈਣ ਲਗਦਾ ਹੈ। ਕੇਵਲ ਏਨਾ ਹੀ ਨਹੀਂ ਸ਼ਰਾਬ ਨਾ ਮਿਲਣ ਤੇ ਕਈ ਹੋਰ ਨਸ਼ੇ ਉਨ੍ਹਾਂ ਦਾ ਬਦਲ ਬਣ ਕੇ ਸਾਹਮਣੇ ਆ ਜਾਂਦੇ ਹਨ। ਗੋਲੀਆਂ-ਕੈਪਸੂਲ ਤੇ ਸ਼ੀਸ਼ੀਆਂ ਅਜਿਹੇ ਸਫ਼ਰ ਦੇ ਹੀ ਪੜਾਅ ਹਨ।

ਹੈਰੋਇਨ ਅਤੇ ਆਈਸ ਵਰਗੇ ਕਈ ਖ਼ਤਰਨਾਕ ਨਸ਼ਿਆਂ ਨੂੰ 'ਪਾਰਟੀ ਡਰੱਗ' ਕਿਹਾ ਜਾਣ ਲੱਗਾ ਹੈ। ਸ਼ਰਾਬ ਪੀਂਦਿਆਂ ਉਨ੍ਹਾਂ ਦਾ ਸੇਵਨ ਪ੍ਰਚਲਿਤ ਹੋਣ ਲੱਗਾ ਹੈ। ਨੌਜਵਾਨ ਪੀੜ੍ਹੀ ਲਈ ਇਹ ਅਭਾਗਾ ਅਤੇ ਅਤਿਅੰਤ ਖ਼ਤਰਨਾਕ ਪਲੇਟਫ਼ਾਰਮ ਹੈ। ਚੋਣਾਂ ਵਿਚ ਹੋਈ ਸਪਲਾਈ ਨੇ ਕਈ ਨਵੇਂ ਵਿਅਕਤੀਆਂ ਨੂੰ ਸ਼ਰਾਬ ਤੇ ਲਾਇਆ, ਬਹੁਤਿਆਂ ਦਾ ਝਾਕਾ ਖੋਲ੍ਹਿਆ ਅਤੇ ਪਹਿਲੇ ਪਿਆਕੜਾਂ ਨੂੰ ਹੋਰ ਨਸ਼ਿਆਂ ਤੇ ਪੱਕਾ ਕਰ ਦਿਤਾ। 


ਨਸ਼ਿਆਂ ਦੀ ਰੋਕਥਾਮ ਲਈ ਨਸ਼ਈ ਦਾ ਇਲਾਜ ਕਰਾਉਣਾ ਇਕ ਮਹੱਤਵਪੂਰਨ ਪੱਖ ਹੈ। ਇਲਾਜ ਖ਼ੁਦ ਪ੍ਰੇਰਿਤ ਹੋਣ ਤੋਂ ਸ਼ੁਰੂ ਹੁੰਦਾ ਹੈ ਅਤੇ ਚੰਗਾ ਪ੍ਰਵਾਰਕ ਅਤੇ ਸਮਾਜਕ ਮਾਹੌਲ ਇਸ ਦੇ ਆਧਾਰ ਹਨ ਪਰ ਸ਼ਰਾਬ ਦਾ ਏਨਾ ਵੱਧ ਵਹਾਅ ਨਸ਼ੇ ਛੱਡਣ ਲਈ ਯਤਨਸ਼ੀਲ ਅਜਿਹੇ ਵਿਅਕਤੀਆਂ ਲਈ ਬਹੁਤ ਹੀ ਘਾਤਕ ਹੈ। 
ਅਜਿਹੇ ਹਾਲਾਤ ਵਿਚ ਉਨ੍ਹਾਂ ਦਾ ਫਿਰ ਵਾਪਸ ਮੁੜ ਜਾਣਾ ਸੁਭਾਵਕ ਹੈ। 'ਸਰਕਾਰ ਚਾਹੇ ਤਾਂ ਨਸ਼ੇ ਸ਼ਾਮ ਤਕ ਬੰਦ ਹੋ ਸਕਦੇ ਹਨ', ਲੋਕ ਅਕਸਰ ਅਜਿਹਾ ਸੋਚਦੇ ਤੇ ਕਹਿੰਦੇ ਹਨ। ਪਰ ਇਨ੍ਹਾਂ ਚੋਣਾਂ ਵਿਚ ਸ਼ਰਾਬ ਦੀ ਖਪਤ ਨੇ ਇਸ ਸਵਾਲ ਦਾ ਸਪੱਸ਼ਟ ਉੱਤਰ ਦਿਤਾ ਹੈ। ਨਸ਼ੇ ਇਕ ਗੁੰਝਲਦਾਰ ਤੇ ਸਮਾਜਕ ਸਮੱਸਿਆ ਹੈ ਜਿਸ ਦੀ ਰੋਕਥਾਮ ਲਈ ਸਮੂਹਕ ਤੇ ਬਹੁਤ ਸਾਰੇ ਸਾਂਝੇ ਯਤਨਾਂ ਦੀ ਲੋੜ ਹੈ।


ਨਸ਼ਿਆਂ ਦੀ ਰੋਕਥਾਮ ਲਈ ਨਵੀਆਂ ਚੁਣੀਆਂ ਪੰਚਾਇਤਾਂ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹਨ। ਖ਼ਾਸ ਤੌਰ ਤੇ ਚੁਣੇ ਗਏ ਨੌਜਵਾਨਾਂ ਅਤੇ ਔਰਤਾਂ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਹਿਸੂਸ ਕਰਨੀ, ਕਬੂਲਣੀ ਅਤੇ ਨਿਭਾਉਣੀ ਚਾਹੀਦੀ ਹੈ। ਇੰਜ ਸਮਾਜ ਨੂੰ ਏਨਾ ਨੇੜਿਉਂ ਵੇਖਣ ਤੇ ਸੇਵਾ ਕਰਨ ਦਾ ਮੌਕਾ ਹਰ ਇਕ ਨੂੰ ਨਹੀਂ ਮਿਲਦਾ। ਤੁਸੀ ਘਰ ਬੈਠੇ ਘਰ ਲਈ ਕੰਮ ਕਰ ਸਕਦੇ ਹੋ ਤੇ ਕੋਠੇ ਚੜ੍ਹ ਕੇ ਪਿੰਡ ਤੇ ਸਮਾਜ ਲਈ ਬਹੁਤ ਯੋਗਦਾਨ ਪਾ ਸਕਦੇ ਹੋ। ਨੌਜਵਾਨਾਂ ਨੂੰ ਕਿਤਾਬਾਂ ਦੇ ਖੇਡ ਮੈਦਾਨਾਂ ਨਾਲ ਜੋੜਨਾ ਨਸ਼ਿਆਂ ਵਿਰੁਧ ਕਾਰਗਰ ਕਦਮ ਹੋਵੇਗਾ।

ਵਿਆਹਾਂ ਤੇ ਘੱਟ ਖ਼ਰਚੇ ਅਤੇ ਸਾਧਾਰਣ ਜੀਵਨ-ਜਾਚ ਹਰ ਅਜਿਹਾ ਕਦਮ ਆਮ ਆਦਮੀ ਲਈ ਵਰਦਾਨ ਹੋਵੇਗਾ। ਮੈਡੀਕਲ ਦਵਾਈਆਂ ਵੇਚਣ ਵਾਲਿਆਂ ਨੂੰ ਪੰਚਾਇਤ ਵਿਚ ਸੱਦ ਕੇ ਮਤਾ ਪਾਈਏ, ਨਸ਼ਾ ਕਰਨ ਵਾਲਿਆਂ ਨੂੰ ਨਸ਼ਾ-ਛੁਡਾਊ ਕੇਂਦਰ ਤਕ ਪ੍ਰੇਰਿਤ ਕਰੀਏ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਦਿਤੀ ਜਾਵੇ। ਪੇਂਡੂ ਵਿਕਾਸ ਜਾਂ ਸਮਾਜਕ ਸੁਰੱਖਿਆ ਵਿਭਾਗ ਨੂੰ ਨਸ਼ਿਆਂ ਦੇ ਮਾੜੇ ਅਸਰ ਅਤੇ ਰੋਕਥਾਮ ਬਾਰੇ ਦਸਤਾਵੇਜ਼ੀ ਫ਼ਿਲਮ ਤਿਆਰ ਕਰ ਕੇ ਨਵੀਆਂ ਪੰਚਾਇਤਾਂ ਤਕ ਪਹੁੰਚਾਉਣੀ ਚਾਹੀਦੀ ਹੈ।


ਪਰ ਚੋਣਾਂ ਦੌਰਾਨ ਸ਼ਰਾਬ ਦੀ ਏਨੀ ਖੁੱਲ੍ਹੀ ਵਰਤੋਂ ਨਸ਼ਿਆਂ ਲਈ ਜ਼ਰਖੇਜ਼ ਜ਼ਮੀਨ ਹੈ ਅਤੇ ਇਸ ਦੇ ਪ੍ਰਵਾਰਾਂ ਤੇ ਪੈਣ ਵਾਲੇ ਪ੍ਰਭਾਵ ਬਹੁਤ ਘਾਤਕ ਹਨ। ਚੋਣਾਂ ਤੋਂ ਬਾਅਦ ਸ਼ਰਾਬ ਦੀ ਖੁੱਲ੍ਹੀ ਸਪਲਾਈ ਇਕਦਮ ਰੁਕ ਗਈ ਤਾਂ ਸ਼ਰਾਬ ਪੀਣ ਦੇ ਆਦੀ ਵਿਅਕਤੀ ਪੈਸੇ ਦੀ ਮੰਗ ਕਰਦੇ ਪ੍ਰਵਾਰਾਂ ਤੇ ਹਿੰਸਕ ਹੋਣ ਲੱਗੇ। ਘਰਾਂ ਵਿਚ ਕਲੇਸ਼ ਵਧਣ ਲੱਗਾ। ਪਤਨੀਆਂ ਅਤੇ ਮਾਵਾਂ ਉਤੇ ਹੱਥ ਚੁੱਕੇ ਜਾਣ ਲੱਗੇ। ਪੈਂਤੀ ਕੁ ਵਰ੍ਹਿਆਂ ਦੇ ਇਕ ਵਿਅਕਤੀ ਨੇ ਨਸ਼ਿਆਂ ਤੇ ਸ਼ਰਾਬ ਦੀ ਲਤ ਪੂਰੀ ਕਰਨ ਲਈ ਮਾਂ ਦੀਆਂ ਵਾਲੀਆਂ ਅੱਠ ਹਜ਼ਾਰ ਰੁਪਏ 'ਚ ਵੇਚ ਦਿਤੀਆਂ। ਉਸ ਦਾ ਪਿੰਡ ਦੋ ਸ਼ਹਿਰਾਂ ਵਿਚਕਾਰ ਇਕੋ ਜਿਹੇ ਫ਼ਾਸਲੇ ਤੇ ਹੈ।

ਸਵੇਰ ਵੇਲੇ ਉਹ ਇਕ ਸ਼ਹਿਰ ਤੋਂ ਗੋਲੀਆਂ-ਕੈਪਸੂਲਾਂ ਦੇ ਫੱਕੇ ਮਾਰ ਆਉਂਦਾ ਅਤੇ ਆਥਣ ਨੂੰ ਦੂਜੇ ਸ਼ਹਿਰ ਸ਼ਰਾਬ ਪੀਣ ਚਲਾ ਜਾਂਦਾ। ਉਹ ਪ੍ਰਵਾਰ ਪੁਰਾਣਾ ਮਕਾਨ ਉਧੇੜ ਕੇ ਨਵੇਂ ਕਮਰੇ ਪਾ ਰਿਹਾ ਸੀ। ਚੋਣਾਂ ਤੋਂ ਦਸਵੇਂ ਦਿਨ ਉਸ ਨੇ ਪੰਜ ਗਾਡਰ ਵੇਚ ਦਿਤੇ। ਪਤਨੀ ਵਲੋਂ ਵਿਰੋਧ ਕਰਨ ਤੇ ਕਲੇਸ਼ ਵੱਧ ਗਿਆ। ਉਸ ਨੇ ਚਾਰ-ਪੰਜ ਸੋਟੀਆਂ ਪਤਨੀ ਨੂੰ ਦੇ ਮਾਰੀਆਂ। ਜਦ ਮਾਂ ਰੋਕਣ ਲਈ ਵਿਚਕਾਰ ਆਈ ਤਾਂ ਉਸ ਨੂੰ ਵੀ ਝੰਬ ਸੁੱਟਿਆ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਸਕੂਲ ਦਾ ਹੋਮ-ਵਰਕ ਕਰਦੀ ਉਸ ਦੀ ਚੌਥੀ ਜਮਾਤ ਵਿਚ ਪੜ੍ਹਦੀ ਧੀ ਰੋਣ ਲੱਗੀ।

ਹੁਣ ਉਸ ਨੇ ਸੋਟੀ ਹੱਥੋਂ ਛੱਡ ਦਿਤੀ ਅਤੇ ਮੰਜੇ ਤੇ ਬੈਠੀ ਕੁੜੀ ਨੂੰ ਬਾਹੋਂ ਫੜ ਕੇ ਪਹਿਲੀ ਮੰਜ਼ਿਲ ਤੋਂ ਥੱਲੇ ਸੁੱਟ ਦਿਤਾ। ਉਹ ਵਿਅਕਤੀ ਜਿੱਥੇ ਖੜਾ ਸੀ, ਉਸ ਦੇ ਇਕ ਪਾਸੇ ਪਿੰਡ ਦੇ ਵਿਚਕਾਰੋਂ ਲੰਘਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਸਨ ਤੇ ਦੂਜੇ ਪਾਸੇ ਬਣ ਰਹੇ ਮਕਾਨ ਲਈ ਰੇਤੇ ਦਾ ਢੇਰ, ਉਹ ਬਾਲੜੀ ਰੇਤੇ ਦੇ ਢੇਰ ਤੇ ਡਿੱਗੀ ਸੀ।ਉਹ ਪਿੰਡ ਜਿੱਥੇ, ਪਹਿਲੇ ਪਹਿਰ ਬਲਦਾਂ ਦੀਆਂ ਟੱਲੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ, ਜਿਉਂ-ਜਿਉਂ ਹਾਲੀ ਪਿੰਡ ਤੋਂ ਦੂਰ ਹੋਈ ਜਾਂਦੇ, ਇਸ ਟੁਣਕਾਰ ਦੀ ਥਾਂ ਨਿਰਮਲੇ ਸਾਧੂਆਂ ਦੀ ਪ੍ਰਭਾਤ ਫੇਰੀ ਸਮੇਂ ਹਾਰਮੋਨੀਅਮ ਦਾ ਮਧੁਰ ਸੰਗੀਤ ਲੈ ਲੈਂਦਾ।

'ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਈ' ਕੰਮੀਂ ਧੰਦੀਂ ਲੱਗੀਆਂ ਔਰਤਾਂ ਪਹੁ-ਫੁਟਾਲੇ ਦੀ ਸੁਰਮਈ ਲਾਲੀ 'ਚ ਰਚ-ਮਿਚ ਜਾਂਦੀਆਂ। ਜਦ ਤਕ ਸੂਰਜ ਦੀਆਂ ਕਿਰਨਾਂ ਕਾਮਿਆਂ ਦੇ ਮੱਥਿਆਂ ਨੂੰ ਚੁੰਮਦੀਆਂ ਉਦੋਂ ਤਕ ਪਿਉ-ਪੁੱਤਰ ਇਕ-ਇਕ ਖੇਤ ਵਾਹ ਚੁੱਕੇ ਹੁੰਦੇ। ਅਜਿਹੀ ਸਵੇਰ ਦੀ ਸ਼ਾਮ ਅਸੀ ਕਿਵੇਂ ਬਿਤਾ ਰਹੇ ਹਾਂ, ਛਿਪਦੇ ਸੂਰਜ ਦੀਆਂ ਕਿਰਨਾਂ ਦਿਨ ਸਮੇਂ ਹੀ ਸ਼ਰਾਬੀ ਹੋਏ ਪਿਉ-ਪੁੱਤਰ ਤੋਂ ਲੁਕਦੀਆਂ ਲੁਕਾਉਂਦੀਆਂ ਬੱਦਲਾਂ ਦੀ ਟੁਕੜੀ ਦਾ ਸਹਾਰਾ ਲੈ ਕੇ ਲੋਪ ਹੋ ਗਈਆਂ। ਕੁੱਝ ਸੁਆਣੀਆਂ ਧਾਰਾਂ ਵੇਲੇ ਸ਼ਰਾਬ ਅਤੇ ਕੋਲਡ ਡਰਿੰਕਸ ਦੀਆਂ ਖ਼ਾਲੀ ਬੋਤਲਾਂ ਸਾਂਭਣ 'ਚ ਰੁੱਝ ਗਈਆਂ ਸਨ।

ਬੀਹੀ 'ਚ ਡਿੱਗੇ ਪਏ ਸ਼ਰਾਬੀ ਬੰਦੇ ਨੂੰ ਵੇਖ ਕੇ ਕੁੱਤਾ ਰਾਹ ਬਦਲ ਗਿਆ। ਟਿਕੀ ਰਾਤ ਇਕ ਉੱਲੂ ਸਕੂਲ ਵਾਲੀ ਨਿੰਮ ਤੋਂ ਉੱਡ ਕੇ ਸਿਵਿਆਂ ਵਾਲੀ ਕਿੱਕਰ ਤੇ ਜਾ ਬੈਠਾ ਸੀ। ਅਜਿਹੇ ਹਾਲਾਤ ਵਿਚ ਵੀ ਕੁਦਰਤ ਨੇ ਸਾਨੂੰ ਆਵਾਜ਼ ਮਾਰੀ ਹੈ, 'ਬੰਬੀਹਾ ਅੰਮ੍ਰਿਤ ਵੇਲੇ ਬੋਲਿਆ।'

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement