Editorial: ਮਿਸਰ ਦੇ ਇਤਿਹਾਸ ਮੁਤਾਬਕ ਆਧੁਨਿਕ ਖੇਡ ਹਾਕੀ ਦੀਆਂ ਜੜ੍ਹਾਂ 4000 ਸਾਲ ਪੁਰਾਣੀਆਂ ਹਨ।
Editorial: ਅੱਜਕਲ ਜਦੋਂ ਪੈਰਿਸ ’ਚ ਚਲ ਰਹੀਆਂ ਉਲੰਪਿਕ ਖੇਡਾਂ ’ਚ ਭਾਰਤੀ ਹਾਕੀ ਦੀ ਚਰਚਾ ਚਲ ਰਹੀ ਹੈ ਤਾਂ ਇਸ ਖੇਡ ਦੇ ਇਤਿਹਾਸ ਬਾਰੇ ਵੀ ਗੱਲ ਕਰਨੀ ਬਣਦੀ ਹੈ ਕਿ ਇਹ ਖੇਡ ਕਿਵੇਂ ਤੇ ਕਿਸ ਰੂਪ ’ਚ, ਕਦੋਂ ਹੋਂਦ ਵਿਚ ਆਈ। ਮਿਸਰ ਦੇ ਇਤਿਹਾਸ ਮੁਤਾਬਕ ਆਧੁਨਿਕ ਖੇਡ ਹਾਕੀ ਦੀਆਂ ਜੜ੍ਹਾਂ 4000 ਸਾਲ ਪੁਰਾਣੀਆਂ ਹਨ।
ਉਨ੍ਹਾਂ ਦੇ ਪ੍ਰਾਚੀਨ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਨਾਲ ਮਿਲਦੀ ਜੁਲਦੀ ਖੇਡ ਮਿਸਰ ਦੇ ਲੋਕ 4000 ਸਾਲ ਪਹਿਲਾਂ ਖੇਡਦੇ ਹੁੰਦੇ ਸੀ। ਇਸੇ ਤਰ੍ਹਾਂ ਇਥੋਪੀਆ ਦਾ ਇਤਿਹਾਸ ਵੀ ਦਰਸਾਉਂਦਾ ਹੈ ਕਿ ਈਸਾ ਤੋਂ 1000 ਸਾਲ ਪਹਿਲਾਂ ਤੇ ਈਰਾਨ ਦੇ ਇਤਿਹਾਸ ਮੁਤਾਬਕ ਉਹ ਲੋਕ ਹਾਕੀ ਜਿਹੀ ਖੇਡ ਈਸਾ ਤੋਂ 2000 ਪਹਿਲਾਂ ਵੀ ਖੇਡਦੇ ਰਹੇ ਹਨ।
ਆਧੁਨਿਕ ਹਾਕੀ ਇੰਗਲੈਂਡ ’ਚ 18ਵੀਂ ਸਦੀ ਦੇ ਅੱਧ ਵਿਚ ਸ਼ੁਰੂ ਹੋਈ ਜਿਥੇ ਉਨ੍ਹਾਂ ਨੇ ਇਸ ਖੇਡ ਨੂੰ ਸਕੂਲਾਂ ਵਿਚ ਸ਼ੁਰੂ ਕਰਵਾਇਆ ਤੇ ਪਬਲਿਕ ਸਕੂਲਾਂ ’ਚ ਇਸ ਖੇਡ ਨੇ ਬਹੁਤ ਤਰੱਕੀ ਕੀਤੀ। ਪਹਿਲੀ ਹਾਕੀ ਐਸੋਸੀਏਸ਼ਨ ਵੀ ਇੰਗਲੈਂਡ ’ਚ 1876 ਨੂੰ ਬਣੀ ਜਿਥੇ ਉਨ੍ਹਾਂ ਨੇ ਇਸ ਖੇਡ ਦੇ ਨਿਯਮ ਬਣਾਉਣ ਦੀ ਸ਼ੁਰੂਆਤ ਕੀਤੀ।
ਪਹਿਲਾ ਅੰਤਰਰਾਸ਼ਟਰੀ ਹਾਕੀ ਮੈਚ ਇੰਗਲੈਂਡ ਤੇ ਆਇਰਲੈਂਡ ਵਿਚਕਾਰ 1895 ਨੂੰ ਖੇਡਿਆ ਗਿਆ। ਇਸ ਤੋਂ ਬਾਅਦ ਇਸ ਖੇਡ ਨੇ ਅੰਗਰੇਜ਼ਾਂ ਰਾਹੀਂ ਸਮੁੱਚੀ ਦੁਨੀਆਂ ’ਤੇ ਅਪਣੇ ਪੈਰ ਪਸਾਰਨੇ ਸ਼ੁਰੂ ਕੀਤੇ। ਭਾਰਤ ’ਚ ਵੀ ਇਸ ਖੇਡ ਦਾ ਆਧੁਨਿਕ ਰੂਪ ਭਾਵੇਂ ਅੰਗਰੇਜ਼ ਹੀ ਲੈ ਕੇ ਆਏ ਸਨ ਪਰ ਪਿਛਲੇ 500 ਸਾਲ ਪਹਿਲਾਂ ਭਾਰਤ ਦੇ ਪਿੰਡਾਂ ਅੰਦਰ ਇਹ ਖੇਡ ਬੱਚਿਆਂ ਵਲੋਂ ਬਾਂਸ ਦੇ ਡੰਡਿਆਂ ਤੇ ਰਬੜ ਦੀ ਗੇਂਦ ਨਾਲ ਖੇਡੀ ਜਾਣ ਵਾਲੀ ਖਿੱਦੋ ਖੂੰਡੀ ਵਜੋਂ ਜਾਣੀ ਜਾਂਦੀ ਰਹੀ।
ਇੰਗਲੈਂਡ ਦੇ ਵਿੰਬਲਡਨ ਕਲੱਬ ਨੇ ਇਸ ਖੇਡ ਨੂੰ ਬ੍ਰਿਟਿਸ਼ ਸਾਮਰਾਜ ਤੇ ਯੂਰਪੀਅਨ ਦੇਸ਼ਾਂ ’ਚ ਫੈਲਾਇਆ। ਸੰਨ 1890 ’ਚ ਇੰਗਲਿਸ਼, ਆਇਰਿਸ਼ ਤੇ ਵੈਲਸ਼ ਹਾਕੀ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਨਿਯਮ ਬੋਰਡ ਦਾ ਗਠਨ ਕੀਤਾ ਤੇ ਰੈਫ਼ਰੀਆਂ ਸਬੰਧੀ ਦਿਸ਼ਾ ਨਿਰਦੇਸ਼ ਬਣਾਏ। 1908 ਦੀਆਂ ਲੰਡਨ ਉਲੰਪਿਕ ਖੇਡਾਂ ’ਚ ਪਹਿਲੀ ਵਾਰ ਹਾਕੀ ਨੂੰ ਸ਼ਾਮਲ ਕੀਤਾ ਗਿਆ।
ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ (ਐਫ਼ਆਈਐਚ) ਦੀ ਸ਼ੁਰੂਆਤ 7 ਜਨਵਰੀ 1924 ਨੂੰ ਹੋਈ ਜਿਸ ਦਾ ਪਹਿਲਾ ਪ੍ਰਧਾਨ ਪਾਲ ਲੇਓਟੀ ਸੀ ਤੇ ਇਸ ਦਾ ਮੁੱਖ ਦਫ਼ਤਰ ਲੂਸਾਨੇ (ਸਵਿਟਜ਼ਰਲੈਂਡ) ’ਚ ਸਥਿਤ ਹੈ। ਬੇਸ਼ੱਕ ਭਾਰਤ ’ਚ ਇਸ ਖੇਡ ਨੂੰ ਅੰਗਰੇਜ਼ ਲੈ ਕੇ ਆਏ ਪਰ ਬ੍ਰਿਟਿਸ਼ ਰੈਜ਼ੀਮੈਂਟ ’ਚ ਇਨ੍ਹਾਂ ਖੇਡਾਂ ਨੂੰ ਭਾਰਤੀ ਫ਼ੌਜੀ ਹੀ ਖੇਡਦੇ ਰਹੇ ਤੇ ਉਨ੍ਹਾਂ ਨੇ ਇਸ ਨੂੰ ਅਪਣੀ ਖੇਡ ਬਣਾ ਲਿਆ। ਮੇਜਰ ਧਿਆਨ ਚੰਦ ਇਸ ਦੀ ਵਿਲੱਖਣ ਉਦਾਹਰਣ ਹਨ।
ਭਾਰਤੀ ਹਾਕੀ ਫ਼ੈਡਰੇਸ਼ਨ 1925 ’ਚ ਬਣੀ, ਜਿਸ ਨੂੰ 2008 ਤੋਂ ਬਾਅਦ ‘ਹਾਕੀ ਇੰਡੀਆ’ ਕਿਹਾ ਜਾਣ ਲੱਗਾ ਤੇ ਇਸ ਦਾ ਮੌਜੂਦਾ ਪ੍ਰਧਾਨ ਸਾਬਕਾ ਉਲੰਪੀਅਨ ਦਲੀਪ ਟਿਰਕੀ ਹਨ। ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ ਨੇ ਹਾਕੀ ਦੇ ਆਲਮੀ ਕੱਪ ਦੀ ਸ਼ੁਰੂਆਤ 1971 ’ਚ ਕੀਤੀ। ਬੇਸ਼ੱਕ ਭਾਰਤ ਨੇ ਇਸ ਖੇਡ ਅੰਦਰ ਸੱਭ ਤੋਂ ਵੱਧ ਉਲੰਪਿਕ ਸੋਨ ਤਗ਼ਮੇ ਜਿੱਤੇ ਹਨ ਪਰ ਉਹ ਵਿਸ਼ਵ ਕੱਪ ਨੂੰ ਸਿਰਫ਼ ਇਕ ਵਾਰ (1975) ’ਚ ਹੀ ਜਿੱਤ ਸਕਿਆ।
ਜੇ ਭਾਰਤੀ ਹਾਕੀ ਟੀਮ ਦੇ ਉਲੰਪਿਕ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਸੰਨ 1928 ’ਚ ਜੈਪਾਲ ਸਿੰਘ ਮੂੰਡਾ ਦੀ ਕਪਤਾਨੀ ਹੇਠ ਸੋਨੇ ਦਾ ਤਮਗ਼ਾ ਜਿੱਤਿਆ। ਸਾਲ 1932 ’ਚ ਲਾਭ ਸਿੰਘ ਬੁਖ਼ਾਰੀ ਦੀ ਕਪਤਾਨੀ ਹੇਠ ਸੋਨੇ ਦਾ ਤਮਗ਼ਾ ਜਿੱਤਿਆ, 1936 ’ਚ ਧਿਆਨ ਚੰਦ ਦੀ ਕਪਤਾਨੀ ਹੇਠ ਸੋਨੇ ਦਾ ਤਮਗ਼ਾ, 1948 ’ਚ ਕਿਸ਼ਨ ਲਾਲ ਦੀ ਅਗਵਾਈ ਹੇਠ ਸੋਨੇ ਦਾ ਤਗ਼ਮਾ, 1952 ’ਚ ਕੇ.ਡੀ ਸਿੰਘ ਦੀ ਕਪਤਾਨੀ ਹੇਠ ਸੋਨੇ ਦਾ ਤਮਗ਼ਾ ਜਿੱਤਿਆ।
ਸਾਲ 1956 ’ਚ ਬਲਬੀਰ ਸਿੰਘ ਦੀ ਕਪਤਾਨੀ ਹੇਠ ਸੋਨੇ ਦਾ ਤਮਗ਼ਾ, 1964 ’ਚ ਚਰਨਜੀਤ ਸਿੰਘ ਦੀ ਕਪਤਾਨੀ ਹੇਠ ਸੋਨੇ ਦਾ ਤਮਗ਼ਾ, 1980 ਵਾਸੂਦੇਵ ਭਾਸਕਰ ਦੀ ਅਗਵਾਈ ਹੇਠ ਸੋਨੇ ਦਾ ਤਮਗ਼ਾ ਜਿੱਤਿਆ। ਹੁਣ ਤਕ ਭਾਰਤ ਦੀ ਹਾਕੀ ਟੀਮ ਨੇ ਉਲੰਪਿਕ ਖੇਡਾਂ ’ਚ 8 ਸੋਨੇ ਦੇ ਤਮਗ਼ੇ ਜਿੱਤੇ ਹਨ। ਉਲੰਪਿਕ 2024 ਦੇ ਹਾਕੀ ਮੁਕਾਬਲਿਆਂ ’ਚ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਬਾਕਮਾਲ ਰਿਹਾ।
ਭਾਰਤੀ ਹਾਕੀ ਟੀਮ ਨੇ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਸਾਰੇ ਹੀ ਮੈਚ ਵਧੀਆ ਤਰੀਕੇ ਨਾਲ ਖੇਡੇ ਪਰ ਸੋਨੇ ਦੇ ਤਮਗ਼ੇ ਤੋਂ ਖੁੰਝ ਗਈ ਪਰ ਫਿਰ ਵੀ ਹਾਕੀ ਟੀਮ ਵਧਾਈ ਦੀ ਪਾਤਰ ਹੈ ਜਿਸ ਨੇ ਸਪੇਨ ਦੀ ਮਜ਼ਬੂਤ ਟੀਮ ਨੂੰ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ।
- ਕੁਲਦੀਪ ਸਿੰਘ ਸਾਹਿਲ, ਮੋਬਾ : 94179 90040