
ਤੇਜਸਵੀ ਯਾਦਵ ਨੇ ਚੋਣਾਂ ਲਈ ਅਪਣੇ ਮੁੱਦੇ ਆਪ ਤਹਿ ਕੀਤੇ ਤੇ ਹੁਣ ਉਹ ਬਿਹਾਰ ਵਿਧਾਨ ਸਭਾ ਵਿਚ 38 ਇੰਚ ਦੀ ਛਾਤੀ ਲੈ ਕੇ ਬੈਠ ਸਕਦੇ ਹਨ।
ਬਿਹਾਰ ਚੋਣਾਂ ਦੀ ਲੜਾਈ ਇਕ ਪਾਸੇ ਅਤੇ ਆਈ.ਪੀ.ਐਲ 2020 ਦਾ ਆਖ਼ਰੀ ਮੈਚ ਇਕ ਪਾਸੇ। ਦੋਹਾਂ ਖੇਡਾਂ, ਸਿਆਸੀ ਤੇ ਕ੍ਰਿਕਟ ਦੀਆਂ ਵਿਚ ਭਾਰਤੀ, ਭਾਰਤੀਆਂ ਨਾਲ ਖੇਡ ਰਹੇ ਸਨ ਤੇ ਜਿੱਤ ਵੀ ਭਾਰਤੀਆਂ ਦੀ ਹੀ ਹੋਈ। ਪਰ ਬਿਹਾਰ ਦਾ ਸਿਆਸੀ ਮੈਦਾਨ ਇਸ ਵਾਰ ਸ਼ਾਇਦ ਆਈ.ਪੀ.ਐਲ ਨੂੰ ਵੀ ਪਿਛੇ ਛੱਡ ਗਿਆ।
IPL
ਜਿਸ ਤਰ੍ਹਾਂ ਆਈ.ਪੀ.ਐਲ ਵਿਚ ਰੈਫ਼ਰੀ ਦੇ ਫ਼ੈਸਲਿਆਂ ਉਤੇ ਕੁੱਝ ਦੋਸ਼ ਲੱਗੇ, ਉਸੇ ਤਰ੍ਹਾਂ ਕੁੱਝ ਦੋਸ਼ ਚੋਣ ਕਮਿਸ਼ਨ ਉਤੇ ਵੀ ਲੱਗੇ ਪਰ ਅੰਤ ਵਿਚ ਜਿਵੇਂ ਮੁੜ ਤੋਂ ਮੁੰਬਈ ਵਿਚ ਇੰਡੀਅਨਜ਼ ਜਿੱਤੇ ਜਾਂ ਕਹਿ ਸਕਦੇ ਹੋ, ਅੰਬਾਨੀ ਦੀ ਟੀਮ ਜਿੱਤੀ, ਉਸੇ ਤਰ੍ਹਾਂ ਚੋਣਾਂ ਵਿਚ ਮੁੜ ਤੋਂ ਭਾਜਪਾ ਜਾਂ ਕਹਿ ਸਕਦੇ ਹੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਹੋਈ।
Narendra Modi
ਆਰ.ਜੇ.ਡੀ. ਵਲੋਂ ਭਾਵੇਂ ਚੋਣਾਂ ਵਿਚ ਕੁੱਝ ਹੇਰ-ਫੇਰ ਦੇ ਦੋਸ਼ ਲਗਾਏ ਗਏ ਪਰ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਨੇ ਵੀ ਭਾਜਪਾ ਦੇ ਹੱਕ ਵਿਚ ਫ਼ੈਸਲਾ ਦਿਤਾ ਹੈ। ਸੋ ਮੰਨਿਆ ਇਹ ਹੀ ਜਾਏਗਾ ਕਿ ਬਿਹਾਰ ਚੋਣਾਂ ਵਿਚ ਕੋਈ ਹੇਰ-ਫੇਰ ਨਹੀਂ ਹੋਇਆ। ਆਈ.ਪੀ.ਐਲ 2020 ਦੇ ਆਖ਼ਰੀ ਮੈਚ ਵਿਚ ਜੇਤੂ ਟੀਮ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਬਿਹਤਰੀਨ ਮੈਨੇਜਰ ਦਾ ਖ਼ਿਤਾਬ ਦਿਤਾ ਜਾ ਰਿਹਾ ਹੈ ਅਤੇ ਜੇ ਇਸੇ ਤਰ੍ਹਾਂ ਬਿਹਤਰੀਨ ਮੈਨੇਜਰ ਦਾ ਖ਼ਿਤਾਬ ਕਿਸੇ ਨੂੰ ਚੋਣਾਂ ਕਰਵਾਉਣ ਵਾਸਤੇ ਮਿਲਦਾ ਤਾਂ ਉਹ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋੜੀ ਨੂੰ ਹੀ ਮਿਲਦਾ। ਦੋਹਾਂ ਦੀ ਜੋੜੀ ਅੱਜ ਇਕ ਵਾਰ ਫਿਰ ਮੁੜ ਤੋਂ ਕਾਮਯਾਬ ਹੋਈ ਹੈ।
Nitish Kumar and Tejaswi Yadav
ਉਨ੍ਹਾਂ ਦੀ ਸਿਆਸੀ ਸੂਝ ਅਤੇ ਲੋਕਾਂ ਦੀ ਨਬਜ਼ ਪਛਾਣਨ ਦੀ ਸੂਝ, ਦੂਜੇ ਲੀਡਰਾਂ ਨਾਲੋਂ ਕਿਤੇ ਵੱਧ ਹੈ। ਇਹ ਜੋੜੀ ਬਿਨਾਂ ਭਾਵੁਕ ਹੋਏ, ਅਪਣੇ ਨਿਸ਼ਚਿਤ ਟੀਚੇ 'ਤੇ ਨਜ਼ਰ ਰੱਖ ਕੇ ਅੱਗੇ ਵਧਦੀ ਜਾ ਰਹੀ ਹੈ। ਇਸ ਜੋੜੀ ਨੇ ਚੋਣਾਂ ਵਿਚ ਕਾਮਯਾਬੀ ਹਾਸਲ ਕਰ ਕੇ ਅਪਣੇ ਆਪ ਨੂੰ ਵਿਰੋਧੀਆ ਤੋਂ ਬਹੁਤ ਅੱਗੇ ਕਰ ਲਿਆ ਹੈ।
ਜੇ ਕ੍ਰਿਕਟ ਮੈਚ ਵਿਚ ਕੋਈ ਕਮਜ਼ੋਰ ਸਾਬਤ ਹੋਇਆ ਤਾਂ ਉਹ ਸੀ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਜਿਨ੍ਹਾਂ ਨੂੰ ਪੈਸਾ ਤਾਂ ਖੁਲ੍ਹ ਕੇ ਮਿਲਦਾ ਹੈ ਪਰ ਵਿਖਾਵਾ ਜ਼ਿਆਦਾ ਹੈ ਤੇ ਹਕੀਕਤ ਵਿਚ ਬਾਕੀ ਉਨ੍ਹਾਂ ਤੋਂ ਕਿਤੇ ਅੱਗੇ ਹਨ।
Chirag Paswan
ਇਸੇ ਤਰ੍ਹਾਂ ਨਿਤੀਸ਼ ਕੁਮਾਰ ਤੇ ਚਿਰਾਗ਼ ਪਾਸਵਾਨ ਇਨ੍ਹਾਂ ਚੋਣਾਂ ਵਿਚ ਇਕ ਦੂਜੇ ਨਾਲ ਹੀ ਲੜ ਪਏ ਤੇ ਸ਼ਾਇਦ ਅਪਣੀ ਅਸਲੀਅਤ ਨੂੰ ਵੀ ਸਮਝ ਗਏ। ਇਹ ਮੋਦੀ-ਸ਼ਾਹ ਜੋੜੀ ਵਲੋਂ ਖੇਡੀ ਇਕ ਖ਼ਤਰਨਾਕ ਬਾਜ਼ੀ ਸੀ ਜੋ ਸਫ਼ਲ ਰਹੀ। ਇਸ ਤੋਂ ਬਾਅਦ ਦੋਹਾਂ ਨੂੰ ਇਹ ਸਾਫ਼ ਹੋ ਗਿਆ ਹੈ ਕਿ ਜੇ ਉਹ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੇਠ ਲੱਗ ਕੇ ਚਲਣਗੇ, ਤਾਂ ਹੀ ਸਿਆਸਤ ਵਿਚ ਉਨ੍ਹਾਂ ਦੀ ਹੋਂਦ ਬਣੀ ਰਹਿ ਸਕੇਗੀ।
PM modi
ਕ੍ਰਿਕਟ ਸੀਰੀਜ਼ ਵਿਚ ਸੰਤਰੀ ਟੋਪੀ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਮਿਲਦੀ ਹੈ ਤੇ ਇਹ ਕੇ.ਐਲ. ਰਾਹੁਲ (ਕਿੰਗਜ਼ ਇਲੈਵਨ ਪੰਜਾਬ) ਨੂੰ ਮਿਲੀ ਜੋ ਟੀਮ ਸੈਮੀਫ਼ਾਈਨਲ ਤਕ ਵੀ ਨਾ ਪਹੁੰਚ ਸਕੀ। ਜੇ ਇਹ ਟੋਪੀ ਕਿਸੇ ਸਿਆਸਤਦਾਨ ਨੂੰ ਮਿਲੇ ਤਾਂ ਉਹ ਤੇਜਸਵੀ ਯਾਦਵ ਨੂੰ ਮਿਲੇਗੀ ਜੋ ਜਿੱਤ ਤੋਂ ਵਾਂਝੇ ਤਾਂ ਰਹਿ ਗਏ ਪਰ ਇਹ 31 ਸਾਲ ਦਾ ਮੁੰਡਾ ਮੋਦੀ-ਸ਼ਾਹ ਜੋੜੀ ਲਈ ਇਕ ਜ਼ੋਰਦਾਰ ਟੱਕਰ ਵੀ ਸਾਬਤ ਹੋਇਆ।
Tejaswi Yadav
ਤੇਜਸਵੀ ਯਾਦਵ ਨੇ ਅਪਣੇ ਪਿਤਾ ਦੀ ਛਵੀ ਨੂੰ ਪਾਸੇ ਰੱਖ, ਅਪਣੀ ਵਖਰੀ ਛਵੀ ਬਣਾਉਣ ਵਿਚ ਹੀ ਅਪਣਾ ਭਲਾ ਸੋਚਿਆ। ਅੰਤ ਵਿਚ ਨਾ ਨਤੀਜਾ, ਨਾ ਚਿਰਾਗ਼ ਪਾਸਵਾਨ, ਨਾ ਰਾਮ ਮੰਦਰ, ਨਾ ਲਵ ਜਿਹਾਦ ਹੀ ਕਿਸੇ ਗਿਣਤੀ ਵਿਚ ਸਨ, ਬੱਸ ਸਿਰਫ਼ ਨਰਿੰਦਰ ਮੋਦੀ ਤੇ ਤੇਜਸਵੀ ਯਾਦਵ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।
Bihar Assembly Elections
ਤੇਜਸਵੀ ਯਾਦਵ ਨੇ ਚੋਣਾਂ ਲਈ ਅਪਣੇ ਮੁੱਦੇ ਆਪ ਤਹਿ ਕੀਤੇ ਤੇ ਹੁਣ ਉਹ ਬਿਹਾਰ ਵਿਧਾਨ ਸਭਾ ਵਿਚ 38 ਇੰਚ ਦੀ ਛਾਤੀ ਲੈ ਕੇ ਬੈਠ ਸਕਦੇ ਹਨ। ਤਾਜ ਨਹੀਂ ਸਿਰ ਤੇ ਪਰ ਅਸਲ ਜਿੱਤ ਦਾ ਹੱਕਦਾਰ ਉਹੀ ਹੈ ਕਿਉਂਕਿ ਬਿਹਾਰ ਦਾ ਲੀਡਰ ਇਹ ਨੌਜਵਾਨ ਹੀ ਸਾਬਤ ਹੋਇਆ ਹੈ। ਅੱਜ ਤਾਂ ਆਖ਼ਰ ਤੇ ਹੈ ਪਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਕ ਦਿਨ ਇਸ ਪਾਰਟੀ ਦਾ ਜ਼ਿਕਰ ਵੀ ਹਰ ਸੱਥ ਅਤੇ ਹਰ ਮਹਿਫ਼ਲ ਵਿਚ ਹੋਇਆ ਕਰੇਗਾ। (ਚਲਦਾ)