
Editorial : ਰਾਸ਼ਟਰੀ ਸੁਰੱਖਿਆ ਨੂੰ ਹੁਸ਼ਿਆਰੀ ਤੇ ਨੇਕਨੀਅਤੀ ਦੀ ਲੋੜ ਹੈ, ਸੁਸਤੀ ਤੇ ਨਾਲਾਇਕੀ ਦੀ ਨਹੀਂ।
ਭਾਰਤੀ ਹਵਾਈ ਸੈਨਾ ਦੇ ਮੁਖੀ, ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਅੱਜਕਲ ਚਰਚਾ ਵਿਚ ਹਨ। ਉਨ੍ਹਾਂ ਦੀ ਇਕ ਵੀਡੀਓ ਤਿੰਨ ਦਿਨ ਪਹਿਲਾਂ ਵਾਇਰਲ ਹੋਈ ਜਿਸ ਵਿਚ ਉਹ ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ (ਹਾਲ), ਬੰਗਲੁਰੂ ਦੀ ਕਾਰਗੁਜ਼ਾਰੀ ਉੱਪਰ ਨਾਖ਼ੁਸ਼ੀ ਪ੍ਰਗਟਾਅ ਰਹੇ ਹਨ ਅਤੇ ਨਾਲ ਹੀ ਪੁੱਛ ਰਹੇ ਹਨ ਕਿ ਬਿਨਾਂ ਲੜਾਕੂ ਜਹਾਜ਼ਾਂ ਦੇ ਹਵਾਈ ਸੈਨਾ ਅਪਣਾ ਕੰਮ ਕਿਵੇਂ ਕਰ ਸਕਦੀ ਹੈ। ‘ਹਾਲ’ ਸਰਕਾਰੀ ਖੇਤਰ ਦਾ ਅਦਾਰਾ ਹੈ।
ਹਵਾਈ ਸੈਨਾ ਲਈ ਇਸ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਲੜਾਕੂ ਤੇ ਟਰਾਂਸਪੋਰਟ ਜਹਾਜ਼ਾਂ ਦੀ ਤਿਆਰੀ, ਮੁਰੰਮਤ ਤੇ ਦੇਖਭਾਲ ਦੀ ਜ਼ਿੰਮੇਵਾਰੀ ਇਸ ਅਦਾਰੇ ਦੀ ਹੈ। ਇਸ ਅਦਾਰੇ ਨੂੰ ਸਰਕਾਰੀ ਖੇਤਰ ਦੇ ਸਨਅਤੀ ਰਤਨਾਂ ਵਿਚ ਵੀ ਸ਼ੁਮਾਰ ਕੀਤਾ ਜਾਂਦਾ ਹੈ, ਪਰ ਰੱਖਿਆ ਮਾਮਲਿਆਂ ਦੇ ਮਾਹਿਰ ਇਸ ਅਦਾਰੇ ਦੀ ਕਾਬਲੀਅਤ ਪ੍ਰਤੀ ਸਮੇਂ-ਸਮੇਂ ’ਤੇ ਸ਼ੱਕ-ਸ਼ੁਬਹੇ ਪ੍ਰਗਟਾਉਂਦੇ ਆਏ ਹਨ। ਇਸ ਉਪਰ ਰੱਖਿਆ-ਪ੍ਰਬੰਧ ਨਾਲ ਜੁੜੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਨਾ ਕਰਨ ਅਤੇ ਗ਼ੈਰ-ਮਿਆਰੀ ਉਤਪਾਦ ਤਿਆਰ ਕਰਨ ਦੇ ਦੋਸ਼ ਅਕਸਰ ਹੀ ਲੱਗਦੇ ਆਏ ਹਨ।
ਹਥਿਆਰਬੰਦ ਫ਼ੌਜਾਂ ਦੀਆਂ ਲੋੜਾਂ ਨਾਲ ਜੁੜੇ ਉਪਕਰਣਾਂ ਤੇ ਹੋਰ ਸਾਜ਼ੋ-ਸਾਮਾਨ ਦੀ ਤਿਆਰੀ ਦਾ ਖੇਤਰ 2009 ਵਿਚ ਪ੍ਰਾਈਵੇਟ ਸੈਕਟਰ ਵਾਸਤੇ ਖੋਲ੍ਹੇ ਜਾਣ ਤੋਂ ਬਾਅਦ ਇਸ ਅਦਾਰੇ ਦੇ ਕੰਮ-ਕਾਜ ਵਿਚ ਵੀ ਚੁਸਤੀ-ਦਰੁਸਤੀ ਆ ਜਾਣੀ ਚਾਹੀਦੀ ਸੀ; ਪਰ ਜਿਵੇਂ ਕਿ ਹਵਾਈ ਸੈਨਾ ਮੁਖੀ ਵਾਲੀ ਵੀਡੀਓ ਤੋਂ ਸਪੱਸ਼ਟ ਹੈ, ਚੁਸਤੀ-ਦਰੁਸਤੀ ਅਜੇ ਵੀ ‘ਹਾਲ’ ਦੇ ਕਿਰਤ-ਸਭਿਆਚਾਰ ਦਾ ਹਿੱਸਾ ਨਹੀਂ ਬਣੀ। ਏਅਰ ਚੀਫ਼ ਮਾਰਸ਼ਨ ਵਾਲੀ ਵੀਡੀਓ ਬੰਗਲੁਰੂ ਵਿਚ ਸੋਮਵਾਰ ਨੂੰ ‘ਏਅਰੋ ਇੰਡੀਆ 2025’ ਨੁਮਾਇਸ਼ ਦੇ ਪਹਿਲੇ ਦਿਨ ਦੀ ਹੈ। ਉਸ ਦਿਨ ਉਨ੍ਹਾਂ ਨੇ ‘ਹਾਲ’ ਵਲੋਂ ਤਿਆਰ ਲੜਾਕੂ ਜਹਾਜ਼ ‘ਤੇਜਸ’ ਦੀ ਅਜ਼ਮਾਇਸ਼ ਖ਼ੁਦ ਉਡਾਣ ਭਰ ਕੇ ਕੀਤੀ। ਉਸ ਉਡਾਣ ਵਿਚ ਉਨ੍ਹਾਂ ਦੇ ਨਾਲ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਤ੍ਰਿਵੇਦੀ ਵੀ ਸਨ।
ਉਡਾਣ ਭਰਨ ਮਗਰੋਂ ਹਵਾਈ ਸੈਨਾ ਮੁਖੀ ‘ਹਾਲ’ ਦੇ ਅਧਿਕਾਰੀਆਂ ਨੂੰ ਇਹ ਕਹਿੰਦੇ ਸੁਣੇ ਗਏ : ‘‘ਤੁਸੀ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਅਪਣੇ ਅਦਾਰੇ ਪ੍ਰਤੀ ਭਰੋਸਾ ਪੈਦਾ ਕਰਨ ਵਿਚ ਨਾਕਾਮ ਰਹੇ ਹੋ। ਅਜਿਹਾ (ਅਵਿਸ਼ਵਾਸ) ਬੁਰੀ ਗੱਲ ਹੈ.... ਤੁਸੀ ਜੇ ਇਹੋ ਕੁੱਝ ਕਰਨਾ ਹੈ ਤਾਂ ਸਾਨੂੰ ਹੋਰ ਉਪਾਅ ਸੋਚਣੇ ਪੈਣਗੇ।’’ ਇਹ ਟਿੱਪਣੀਆਂ ਜਹਾਜ਼ ਅੰਦਰਲੀਆਂ ਖ਼ਾਮੀਆਂ ਦੂਰ ਨਾ ਕਰਨ ਅਤੇ ਇਨ੍ਹਾਂ ਦੀ ਖੇਪ, ਹਵਾਈ ਸੈਨਾ ਨੂੰ ਸਪਲਾਈ ਸਮੇਂ ਸਿਰ ਨਾ ਕਰਨ ਦੇ ਪ੍ਰਸੰਗ ਵਿਚ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ‘ਹਾਲ’ ਨੇ ਏਅਰੋ ਇੰਡੀਆ 2025 ਤੋਂ ਪਹਿਲਾਂ ਹਵਾਈ ਸੈਨਾ ਨੂੰ 11 ਤੇਜਸ ਲੜਾਕੂ ਜਹਾਜ਼ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਇਸ ਸਮਾਂ-ਸੀਮਾ ਦੇ ਖਾਤਮੇ ਤਕ ਇਕ ਵੀ ਜਹਾਜ਼ ਤਿਆਰ ਨਹੀਂ ਸੀ ਹੋਇਆ। ਇਹ ਪਹਿਲੀ ਵਾਰ ਨਹੀਂ ਜਦੋਂ ਅਮਰ ਪ੍ਰੀਤ ਸਿੰਘ ਨੇ ਰੱਖਿਆ ਖੇਤਰ ਦੇ ਸਰਕਾਰੀ ਅਦਾਰਿਆਂ ਦੀ ਕਾਰਕਰਦਗੀ ਪ੍ਰਤੀ ਨਾਖ਼ੁਸ਼ੀ ਦਾ ਇਜ਼ਹਾਰ ਖੁਲ੍ਹੇਆਮ ਕੀਤਾ।
4 ਅਕਤੂਬਰ 2024 ਨੂੰ ਇਕ ਸਰਕਾਰੀ ਸਮਾਗਮ ਦੌਰਾਨ ਉਨ੍ਹਾਂ ਨੇ ਕਿਹਾ ਸੀ, ‘‘ਕੁੱਝ ਸਮਾਂ ਪਹਿਲਾਂ ਤਕ ਅਸੀ ਟੈਕਨਾਲੋਜੀ ਪੱਖੋਂ ਚੀਨ ਤੋਂ ਅੱਗੇ ਸਾਂ, ਪਰ ਹੁਣ ਪਛੜੇ ਹੋਏ ਹਾਂ। ਇਹ ਪਛੜੇਵਾਂ ਛੇਤੀ ਦੂਰ ਕਰਨ ਵਿਚ ਹੀ ਸਾਡਾ ਭਲਾ ਹੈ।’’ 11 ਫ਼ਰਵਰੀ 2024 ਵਿਚ ਜਦੋਂ ਉਹ ਹਵਾਈ ਸੈਨਾ ਦੇ ਉਪ ਮੁਖੀ ਸਨ, ਤਾਂ ਉਨ੍ਹਾਂ ਨੇ ਰੱਖਿਆ ਮੰਤਰਾਲੇ ਨੂੰ ਭੇਜੇ ਇਕ ਖ਼ਤ ਵਿਚ ਲਿਖਿਆ ਸੀ : ‘‘ਅਸੀ ਆਤਮਨਿਰਭਰਤਾ ਦੇ ਘੋੜੇ ’ਤੇ ਸਵਾਰ ਹਾਂ।... ਪਰ ਆਤਮਨਿਰਭਰਤਾ ਦੇ ਨਾਂਅ ’ਤੇ ਕੌਮੀ ਸੁਰੱਖਿਆ ਦਾਅ ’ਤੇ ਨਹੀਂ ਲਾਈ ਜਾ ਸਕਦੀ।’’
ਅਜਿਹੀਆਂ ਟਿੱਪਣੀਆਂ ਮਾਅਰਕੇਬਾਜ਼ੀ ਵਾਲੇ ਜਜ਼ਬੇ ਤੋਂ ਨਹੀਂ ਉਪਜੀਆਂ ਬਲਕਿ ਕੌਮੀ ਸੁਰੱਖਿਆ ਪ੍ਰਤੀ ਚਿੰਤਾਵਾਂ ਦੀ ਪੈਦਾਇਸ਼ ਹਨ। ਹਵਾਈ ਸੈਨਾ ਲਈ ਲੜਾਕੂ ਜਹਾਜ਼ਾਂ ਦੀਆਂ 42 ਸਕੁਐਡਰਨਾਂ ਮਨਜ਼ੂਰ ਹਨ, ਪਰ ਇਸ ਸਮੇਂ ਅਜਿਹੀਆਂ ਸਕੁਐਡਰਨਾਂ ਦੀ ਗਿਣਤੀ 30 ਹੈ। ਲੜਾਕੂ ਜਹਾਜ਼ਾਂ ਦਾ ਇਹ ਬੇੜਾ ਵੀ ਏਨਾ ਅਤਿਆਧੁਨਿਕ ਨਹੀਂ ਕਿ ਕੌਮੀ ਸੁਰੱਖਿਆ ਪ੍ਰਤੀ ਨਿਸ਼ਚਿੰਤ ਹੋਇਆ ਜਾ ਸਕੇ। ‘ਮਿੱਗ-21’ ਜਹਾਜ਼ਾਂ ਨੂੰ ਦਰਪੇਸ਼ ਹਾਦਸਿਆਂ ਦੀ ਦਰ ਏਨੀ ਉੱਚੀ ਹੈ ਕਿ ਉਨ੍ਹਾਂ ਨੂੰ ਹੁਣ ਅਸੁਰੱਖਿਅਤ ਮੰਨਿਆ ਜਾਣ ਲੱਗਾ ਹੈ। ‘ਮਿੱਗ-29’ ਪਹਿਲਾਂ ਮੁਕਾਬਲਤਨ ਸੁਰੱਖਿਅਤ ਸਨ, ਪਰ ਰੂਸ ਪਾਸੋਂ ਸਮੇਂ ਸਿਰ ਕਲ-ਪੁਰਜ਼ੇ ਨਾ ਮਿਲਣ ਕਾਰਨ ਉਨ੍ਹਾਂ ਦੀ ਸਾਂਭ-ਸੰਭਾਲ ਤੇ ਮੁਰੰਮਤ ਵੀ ਸਿਰਦਰਦੀ ਬਣਦੀ ਜਾ ਰਹੀ ਹੈ। ਇਨ੍ਹਾਂ ਜ਼ਰੂਰਤਾਂ ਦੇ ਮੱਦੇਨਜ਼ਰ ਹਲਕੇ ਲੜਾਕੂ ਜਹਾਜ਼ (ਐਲ.ਸੀ.ਏ.) ਭਾਰਤ ਵਿਚ ਹੀ ਤਿਆਰ ਕਰਨ ਦਾ ਪ੍ਰਾਜੈਕਟ 1983 ਵਿਚ ਉਲੀਕਿਆ ਗਿਆ ਸੀ।
ਇਸ ਜਹਾਜ਼ (ਤੇਜਸ) ਦਾ ਪਹਿਲਾ ਨਮੂਨਾ 2001 ਵਿਚ ਅਜ਼ਮਾਇਆ ਗਿਆ। ਉਸ ਅਜ਼ਮਾਇਸ਼ ਦੌਰਾਨ ਜੋ ਜੋ ਖ਼ਾਮੀਆਂ ਉੱਭਰ ਕੇ ਸਾਹਮਣੇ ਆਈਆਂ, ਉਨ੍ਹਾਂ ਨੂੰ ਦੋ-ਤਿੰਨ ਵਰਿ੍ਹਆਂ ਅੰਦਰ ਦੂਰ ਕਰ ਲਏ ਜਾਣ ਦਾ ਅਨੁਮਾਨ ਸੀ। ਪਰ 1998 ਵਿਚ ਵਾਜਪਾਈ ਸਰਕਾਰ ਵਲੋਂ ਕੀਤੇ ਗਏ ਪਰਮਾਣੂ ਤਜਰਬਿਆਂ (ਖ਼ਾਸ ਤੌਰ ’ਤੇ ਹਾਈਡਰੋਜਨ ਬੰਬ ਦੀ ਪਰਖ) ਦੇ ਮੱਦੇਨਜ਼ਰ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਨੇ ਭਾਰਤ ਉੱਤੇ ਜਿਹੜੀਆਂ ਸਖ਼ਤ ਆਰਥਿਕ ਤੇ ਤਕਨੀਕੀ ਬੰਦਸ਼ਾਂ ਆਇਦ ਕਰ ਦਿਤੀਆਂ ਸਨ, ਉਨ੍ਹਾਂ ਕਰ ਕੇ ਤੇਜਸ ਦੀ ਪ੍ਰਗਤੀ ਰੁਕ ਗਈ। 2011 ਤੋਂ ਇਹ ਬੰਦਸ਼ਾਂ ਨਰਮ ਪੈਣ ਦੇ ਬਾਵਜੂਦ ‘ਹਾਲ’ ਦੀ ਕਾਰਗੁਜ਼ਾਰੀ ਵਿਚੋਂ ਚੁਸਤੀ-ਫ਼ੁਰਤੀ ਗ਼ਾਇਬ ਰਹੀ। ਹਵਾਈ ਸੈਨਾ ਮੁਖੀ ਨੇ ‘ਹਾਲ’ ਦੇ ਇਸੇ ਰਵੱਈਏ ਉੱਤੇ ਉਂਗਲੀ ਧਰੀ ਹੈ।
ਅਜਿਹੀ ਨੁਕਤਾਚੀਨੀ ਨੂੰ ਸਾਰਥਿਕ ਢੰਗ ਨਾਲ ਕਬੂਲਿਆ ਜਾਣਾ ਚਾਹੀਦਾ ਹੈ। ਰੱਖਿਆ ਮੰਤਰਾਲੇ ਦਾ ਫ਼ਰਜ਼ ਬਣਦਾ ਹੈ ਕਿ ਉਹ ‘ਹਾਲ’ ਜਾਂ ਡੀ.ਆਰ.ਡੀ.ਓ. ਵਰਗੇ ਵੱਡ-ਆਕਾਰੀ ਸਰਕਾਰੀ ਅਦਾਰਿਆਂ ਦੀ ਕਾਰਗੁਜ਼ਾਰੀ ਦੀ ਬਰੀਕਬੀਨੀ ਨਾਲ ਪੁਣਛਾਣ ਕਰਵਾਏ ਅਤੇ ਇਨ੍ਹਾਂ ਦੀ ਕਾਰਜ-ਸ਼ੈਲੀ ਵਿਚ ਜਵਾਬਦੇਹੀ ਤੇ ਸੁਧਾਰ ਸੰਭਵ ਬਣਾਏ। ਰਾਸ਼ਟਰੀ ਸੁਰੱਖਿਆ ਨੂੰ ਹੁਸ਼ਿਆਰੀ ਤੇ ਨੇਕਨੀਅਤੀ ਦੀ ਲੋੜ ਹੈ, ਸੁਸਤੀ ਤੇ ਨਾਲਾਇਕੀ ਦੀ ਨਹੀਂ।