ਅੱਜ ਦੀ ਹਕੀਕਤ ਇਹੀ ਹੈ ਕਿ ਸਾਡਾ ਲੋਕਤੰਤਰ ਨਿਰਾ ਖ਼ਤਰੇ ਵਿਚ ਹੀ ਨਹੀਂ ਬਲਕਿ ਸਾਡਾ ਲੋਕਤੰਤਰ ਹੁਣ ਕੈਦ ਹੋ ਚੁੱਕਾ ਹੈ।
ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਵਿਚਕਾਰ ਸ਼ਬਦੀ ਜੰਗ ਇਕ ਵਾਰ ਫਿਰ ਤੋਂ ਸੁਰਖ਼ੀਆਂ ਵਿਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਡੀਨੈਂਸ ਵਿਰੁਧ ਇਕ ਮਹਾਂ ਰੈਲੀ ਵਿਚ ਕਹਿ ਦਿਤਾ ਕਿ ਸਿਰਫ਼ ਦਿੱਲੀ ਹੀ ਨਹੀਂ, ਸਾਰੀਆਂ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੀ ਖ਼ਤਰੇ ਵਿਚ ਹਨ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਗਵਰਨਰ, ਪੰਜਾਬ ਸਰਕਾਰ ਨੂੰ ਅਪਣੀ ਸਰਕਾਰ ਕਹਿਣ ਤੋਂ ਇਨਕਾਰ ਕਰਦੇ ਹਨ। ਗਵਰਨਰ ਨੇ ਵੀ ਜਵਾਬ ਦਿਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੀ ਜਦਕਿ ਸੁਪ੍ਰੀਮ ਕੋਰਟ ਨੇ ਆਦੇਸ਼ ਵੀ ਦਿਤੇ ਹੋਏ ਹਨ।
ਜਵਾਬ ਵਿਚ ਫਿਰ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਜਾਰੀ ਕਰ ਕੇ ਗਵਰਨਰ ਦਾ ਭਾਸ਼ਣ ਉਨ੍ਹਾਂ ਨੂੰ ਦੁਬਾਰਾ ਭੇਜ ਦਿਤਾ ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪਣੀ ਸਰਕਾਰ ਕਹਿਣ ਤੋਂ ਕਦਮ ਪਿੱਛੇ ਹਟਾ ਲਏ ਸਨ। ਇਹ ਜਵਾਬੀ ਹਮਲਾ ਤਾਂ ਵਾਰੋ ਵਾਰੀ ਚਲਦਾ ਰਹੇਗਾ ਤੇ ਹੁਣ ਕਾਨੂੰਨ ਦਾ ਪੱਖ ਵੀ ਸਾਫ਼ ਹੈ ਕਿ ਇਕ ਚੁਣੀ ਹੋਈ ਸਰਕਾਰ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ। ਆਖ਼ਰਕਾਰ ਇਹ ਇਕ ਲੋਕਤੰਤਰ ਹੈ। ਪਰ ਜਿਵੇਂ ਸੂਬੇ ਵਿਚ ਗਵਰਨਰ ਜਾਂ ਦਿੱਲੀ ਵਿਚ ਲੈਫ਼ਟੀਨੈਂਟ ਗਵਰਨਰ ਦੀ ਕੁਰਸੀ ਨੂੰ ਪਾਰਟੀ ਪੱਧਰ ਦੀ ਜੰਗ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਇਹ ਲੋਕਤੰਤਰ ਵਾਸਤੇ ਸ਼ੁਭ ਸੰਕੇਤ ਨਹੀਂ ਹੈ। ਅੱਜ ਦੀ ਕੇਂਦਰ ਸਰਕਾਰ ਲੋਕਾਂ ਵਲੋਂ ਦਿਤੇ ਨਿਰਣੇ ਨੂੰ ਅੱਖੋਂ ਓਹਲੇ ਕਰ ਕੇ ਲੋਕਤੰਤਰ ਤੇ ਅਦਾਲਤ ਦੇ ਫ਼ੈਸਲਿਆਂ ਵਿਰੁਧ ਅਪਣੀ ਜ਼ਿੱਦ ’ਤੇ ਅੜ ਗਈ ਹੈ ਤਾਂ ਫਿਰ ਕੀ ਇਹੋ ਜਹੇ ਹਾਲਾਤ ਵਿਚ ਅਸੀ ਮੰਨ ਸਕਦੇ ਹਾਂ ਕਿ ਅਸੀ ਆਜ਼ਾਦ ਹਾਂ?
ਲੋਕਤੰਤਰ ਅਤੇ ਆਜ਼ਾਦੀ ਦੇ ਇਕ ਹੋਰ ਪਹਿਲੂ ’ਤੇ ਰੋਸ਼ਨੀ ਪਾਉਂਦੀ ਟਵਿੱਟਰ ਦੇ ਭਾਰਤ ਦੇ ਸਾਬਕਾ ਮੁਖੀ ਜੈਕ ਡੋਰਸੇਅ ਨੇ ਇਲਜ਼ਾਮ ਲਗਾਏ ਹਨ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਸੰਘਰਸ਼ ਵੇਲੇ ਕਈ ਅਕਾਊਂਟ ਬੰਦ ਕਰਨ ਲਈ ਆਖਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਸਰਕਾਰ ਦੀ ਨਿੰਦਾ ਕਰਨ ਵਾਲੇ ਅਕਾਊਂਟ ਬੰਦ ਨਾ ਕੀਤੇ ਜਾਂਦੇ ਤਾਂ ਟਵਿੱਟਰ ਦੇ ਕਰਮਚਾਰੀਆਂ ਤੇ ਕੰਪਨੀ ਉਤੇ ਛਾਪੇ ਮਾਰਨ ਦੀਆਂ ਧਮਕੀਆਂ ਜਾਂਦੀਆਂ ਸਨ ਅਤੇ ਇਹ ਵੀ ਧਮਕੀ ਦਿਤੀ ਗਈ ਕਿ ਟਵਿੱਟਰ ਨੂੰ ਭਾਰਤ ਵਿਚ ਬੰਦ ਕਰ ਦਿਤਾ ਜਾਵੇਗਾ।
ਯਾਨੀ ਕਿ ਸਾਡੀ ਆਜ਼ਾਦੀ ’ਤੇ ਪਹਿਰੇਦਾਰੀ ਨਹੀਂ ਕੀਤੀ ਜਾਂਦੀ ਬਲਕਿ ਸਾਡੀ ਆਜ਼ਾਦੀ ਤੇ ਇਕ ਦਰੋਗ਼ਾ ਲਗਿਆ ਹੋਇਆ ਹੈ। ਜੋ ਕੋਈ ਇਸ ਦੇ ਦਾਇਰੇ ਵਿਚ ਰਹਿ ਕੇ, ਸਿਰ ਝੁਕਾ ਕੇ ਅਪਣੇ ਕੰਮ ਵਿਚ ਮਸਰੂਫ਼ ਰਹੇਗਾ, ਉਸ ਨੂੰ ਸਹੀ ਦੇਸ਼ ਭਗਤ ਮੰਨਿਆ ਜਾਵੇਗਾ। ਪਰ ਜੋ ਸਿਰ ਚੁੱਕਣ ਦੀ ਜੁਰਅਤ ਕਰੇਗਾ, ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਭਾਵੇਂ ਵਿਰੋਧੀ ਧਿਰ ਹੋਵੇ, ਜੇ ਉਹ ਅਪਣੀ ਸੋਚ ਮੁਤਾਬਕ ਚਲਣ ਦੀ ਜੁਰਅਤ ਕਰੇਗਾ, ਪਹਿਰੇਦਾਰ ਨਹੀਂ, ਥਾਣੇਦਾਰ ਉਸ ਨੂੰ ਸਹੀ ਜਗ੍ਹਾ ਵਿਖਾ ਦੇਵੇਗਾ।
ਅੱਜ ਦੀ ਹਕੀਕਤ ਇਹੀ ਹੈ ਕਿ ਸਾਡਾ ਲੋਕਤੰਤਰ ਨਿਰਾ ਖ਼ਤਰੇ ਵਿਚ ਹੀ ਨਹੀਂ ਬਲਕਿ ਸਾਡਾ ਲੋਕਤੰਤਰ ਹੁਣ ਕੈਦ ਹੋ ਚੁੱਕਾ ਹੈ। ਜਦੋਂ ਇਸ ਤਰ੍ਹਾਂ ਦੀ ਥਾਣੇਦਾਰੀ ਸੋਚ ਵਿਰੁਧ ਆਮ ਇਨਸਾਨ, ਕਿਸਾਨ ਅਤੇ ਵਿਰੋਧੀ ਧਿਰਾਂ ਕੰਮ ਕਰਦੀਆਂ ਨਜ਼ਰ ਆਉਣ ਤਾਂ ਅਸੀ ਅਪਣੇ ਆਪ ਨੂੰ ਆਜ਼ਾਦ ਕਹਿ ਕੇ ਦਿਲ ਨੂੰ ਬਹਿਲਾ ਹੀ ਰਹੇ ਹੋਵਾਂਗੇ। ਸਾਨੂੰ ਰੋਟੀ, ਕਪੜੇ ਦੀ ਜਦੋਜਹਿਦ ਵਿਚ ਅਜਿਹਾ ਉਲਝਾਇਆ ਗਿਆ ਹੈ ਕਿ ਅਸੀ ਆਜ਼ਾਦ ਸੋਚ ਦੀ ਗੱਲ ਭੁੱਲ ਹੀ ਗਏ ਹਾਂ।
- ਨਿਮਰਤ ਕੌਰ