
ਸਿੱਖ ਕੌਮ ਵਾਸਤੇ ਇਹ ਇਕ ਅਫ਼ਸੋਸ ਦਾ ਸਮਾਂ ਹੈ ਕਿਉਂਕਿ 2022 ਵਿਚ ਵੀ ਇਕ ਵਾਰ ਫਿਰ ਤੋਂ ਇਨਸਾਫ਼ ਦਾ ਵਾਅਦਾ ਹਰ ਪਾਸਿਉਂ ਦੁਹਰਾਇਆ ਜਾਵੇਗਾ।
ਕਾਂਗਰਸ ਸਰਕਾਰ ਵਲੋਂ ਬਰਗਾੜੀ ਦੀ ਜਾਂਚ ਨੂੰ ਸਿਰੇ ਲਗਾਉਣ ਵਿਚ ਮਿਹਨਤ ਤਾਂ ਕਾਫ਼ੀ ਕੀਤੀ ਗਈ ਪਰ ਜਦ ਅੰਤ ਵਿਚ ਹੱਥ ਪੱਲੇ ਕੁੱਝ ਨਾ ਲੱਗਾ ਤਾਂ ਕੀ ਉਸ ਮਿਹਨਤ ਨੂੰ ਮਿਹਨਤ ਆਖਿਆ ਜਾਵੇਗਾ ਜਾਂ ਸਿਆਸੀ ਲੋਕਾਂ ਦੀ ਮਿਲੀਭੁਗਤ ਕਰਾਰ ਦਿਤੀ ਜਾਵੇਗੀ? ਸੋਮਵਾਰ ਤੋਂ ਬਾਅਦ ਕਾਂਗਰਸ ਅੰਦਰ ਵੀ ਇਸ ਮੁੱਦੇ ’ਤੇ ਅਪਣੀ ਸਰਕਾਰ ਦੀ ਨਾਕਾਮੀ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ। ਕੁੰਵਰ ਵਿਜੇ ਪ੍ਰਤਾਪ ਵਲੋਂ ਵਕਤ ਤੋਂ ਪਹਿਲਾਂ ਸੇਵਾ ਮੁਕਤੀ ਸਕੀਮ ਤਹਿਤ ਅਪਣੀ ਨੌਕਰੀ ਤੋਂ ਅਸਤੀਫ਼ਾ ਬਰਗਾੜੀ ਦੇ ਮੁੱਦੇ ਨੂੰ ਹੋਰ ਭਖਾਉਂਦਾ ਹੈ ਅਤੇ ਫਿਰ ਕਾਂਗਰਸ ਸਰਕਾਰ ਵਿਰੁਧ ਵਿਵਾਦਤ ਪਰ ਲੋਕਾਂ ਦਾ ਚਹੇਤਾ ਤੇ ਭਰੋਸੇਮੰਦ ਚਿਹਰਾ ਵਿਸਾਖੀ ਮਨਾਉਣ ਬਰਗਾੜੀ ਪਹੁੰਚ ਗਿਆ ਤੇ ਕਾਂਗਰਸ ਸਰਕਾਰ ਦੀ ਕਮਜ਼ੋਰ ਤਿਆਰੀ ਬਾਰੇ ਸਵਾਲ ਖੜਾ ਕਰ ਦਿਤਾ।
CM Punjab
ਨਵਜੋਤ ਸਿੰਘ ਸਿੱਧੂ ਵਲੋਂ ਇਹ ਵੀ ਕਿਹਾ ਗਿਆ ਕਿ ਨਿਆਂ ਵਿਚ ਦੇਰੀ ਦਾ ਨਤੀਜਾ ਇਨਸਾਫ਼ ਨਾ ਮਿਲਣ ਵਿਚ ਹੀ ਨਿਕਲਦਾ ਹੈ। ਕੰਵਰ ਵਿਜੇ ਪ੍ਰਤਾਪ ਹੁਣ ਤਕ ‘ਬੇਅਦਬੀ’ ਦਾ ਸੱਚ ਸਾਹਮਣੇ ਲਿਆਉਣ ਲਈ ਇਕੱਲੇ ਜੂਝ ਰਹੇ ਸਨ ਪਰ ਜੇ ਨਵਜੋਤ ਸਿੱਧੂ ਵੀ ਉਨ੍ਹਾਂ ਨਾਲ ਜੁੜ ਗਏ ਤਾਂ ਕਾਂਗਰਸ ਲਈ ਵੱਡੀ ਮੁਸ਼ਕਲ ਖੜੀ ਹੋ ਜਾਵੇਗੀ। ਅੱਜ ਭਾਵੇਂ ਮੁੱਖ ਮੰਤਰੀ ਕੁੰਵਰ ਵਿਜੇ ਪ੍ਰਤਾਪ ਦੇ ਕੰਮ ਦੀ ਸਰਾਹਣਾ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਕੀਤੀ ਜਾਂਚ ਨੂੰ ਨਿਰਪੱਖ ਦਸ ਰਹੇ ਹਨ ਤੇ ਸੁਪਰੀਮ ਕੋਰਟ ਵਿਚ ਵੀ ਜਾਣ ਦੀ ਗੱਲ ਕਰ ਰਹੇ ਹਨ ਪਰ ਕਾਂਗਰਸ ਨੂੰ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਵਲੋਂ ਹੁਣ ਇਸ ਮੁੱਦੇ ਨੂੰ ਸੰਜੀਦਗੀ ਨਾਲ ਲੈਣ ਦੀਆਂ ਗੱਲਾਂ ਨੂੰ ਸਿਰਫ਼ ਇਕ ਚੋਣ ਜੁਮਲੇ ਵਜੋਂ ਹੀ ਲਿਆ ਜਾਵੇਗਾ।
Navjot Sidhu
ਜੇ ਸੰਜੀਦਗੀ ਹੁੰਦੀ ਤਾਂ ਇਕ ਕਾਂਸਟੇਬਲ ਦੇ ਇਕਲੌਤੇ ਵਕੀਲ ਸਾਹਮਣੇ ਪੰਜਾਬ ਸਰਕਾਰ ਦਾ ਮਹਿਕਮਾ ਕਿਸ ਤਰ੍ਹਾਂ ਹਾਰ ਸਕਦਾ ਸੀ? 2017 ਵਿਚ ਬਰਗਾੜੀ ਕਾਂਡ ਨੂੰ ਲੈ ਕੇ ਕੀਤਾ ਗਿਆ ਵਾਅਦਾ ਇਕ ਬਹੁਤ ਵੱਡਾ ਪ੍ਰਣ ਸੀ, ਸ਼ਾਇਦ ਨਸ਼ਿਆਂ ਅਤੇ ਮਾਈਨਿੰਗ ਨਾਲੋਂ ਵੀ ਵੱਡਾ ਵਾਅਦਾ ਤੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਕੀਤੇ ਪ੍ਰਣ ਨਾਲੋਂ ਵੀ ਵੱਡਾ ਪ੍ਰਣ। ਪਿਛਲੇ ਚਾਰ ਸਾਲਾਂ ਵਿਚ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਅਪਣੇ ਇਸ ਵਾਅਦੇ ਤੇ ਖਰੀ ਨਹੀਂ ਉਤਰੀ। ਇਸ ਦੇ ਸਬੂੁਤ ਲੋਕਾਂ ਦੀ ਆਪਸੀ ਗੱਲਬਾਤ ਨੂੰ ਸੁਣ ਕੇ ਨਹੀਂ ਬਲਕਿ ਐਮ.ਐਲ.ਏਜ਼ ਅਤੇ ਪੰਜਾਬ ਕਾਂਗਰਸ ਦੇ ਚੋਣ ਪ੍ਰਚਾਰਕਾਂ ਵਿਚਕਾਰ ਹੋਈ ਗੱਲਬਾਤ ਵਿਚੋਂ ਸਾਹਮਣੇ ਆਏ ਹਨ। ਜਦ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਐਮ.ਐਲ.ਏਜ਼ ਨਾਲ ਗੱਲਬਾਤ ਕਰਨ ਲਈ ਬੈਠੇ ਸਨ ਤਾਂ ਇਨ੍ਹਾਂ ਵਾਅਦਿਆਂ ਤੇ ਖਰੇ ਨਾ ਉਤਰਨ ਦਾ ਦਰਦ ਵਿਧਾਇਕਾਂ ਵਲੋਂ ਵੀ ਦਰਸਾਇਆ ਗਿਆ।
CM Punjab
ਅੱਜ ਜੇ ਕਾਂਗਰਸ ਸਰਕਾਰ ਅਪਣੇ ਲੋਕਾਂ ਵਿਚਕਾਰ ਬਣੀ ਅਪਣੀ ਛਵੀ ਨੂੰ ਸਮਝਣ ਤੇ ਸੁਧਾਰਨ ਦੀ ਗੱਲ ਕਰੇ ਤਾਂ ਸੱਭ ਤੋਂ ਵੱਡੀ ਗੱਲ ਇਹ ਨਿਕਲ ਕੇ ਆਵੇਗੀ ਕਿ ਕਾਂਗਰਸ ਨੇ ਭਾਵੇਂ ਚੰਗੇ ਠੋਸ ਕਦਮ ਚੁੱਕਣ ਦੇ ਯਤਨ ਕੀਤੇ ਪਰ ਲੋਕਾਂ ਦੀ ਸੱਭ ਤੋਂ ਵੱਡੀ ਨਰਾਜ਼ਗੀ ਇਹੀ ਸੀ ਕਿ ਲੀਡਰਾਂ ਵਲੋਂ ਮਾਫ਼ੀਆ ਦੇ ਸਿਸਟਮ ਨਾ ਤੋੜੇ ਜਾ ਸਕੇ ਅਤੇ ਜਦ ਸਿਸਟਮ ਤੋੜੇ ਨਾ ਜਾ ਸਕੇ ਤਾਂ ਲੋਕਾਂ ਦਾ ਹੁਣ ਇਹੀ ਮੰਨਣਾ ਹੈ ਕਿ ਕਾਂਗਰਸ ਨੇ ਉਸ ਸਿਸਟਮ ਨੂੰ ਹੀ ਅਪਣਾ ਲਿਆ ਹੈ। ਪਿੰਡਾਂ ਵਿਚ ਕਈ ਵਿਧਾਇਕਾਂ ਤੇ ਖੁਲੇਆਮ ਸ਼ਰਾਬ, ਰੇਤਾ ਮਾਈਨਿੰਗ ਦੇ ਦੋਸ਼ ਲਗਦੇ ਰਹੇ। ਪਰ ਸਵਾ ਚਾਰ ਸਾਲ ਦੇ ਰਾਜ ਦੀ ਕਾਂਗਰਸ ਸਰਕਾਰ ਦੀ ਸੱਭ ਤੋਂ ਵੱਡੀ ਗ਼ਲਤੀ ਇਹੀ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੁਨਾਹ ਜੋ ਕਾਂਗਰਸ ਨੇ ਕੀਤਾ ਹੀ ਨਹੀਂ ਸੀ, ਉਹ ਉਨ੍ਹਾਂ ਨੇ ਇਕ ਅਕਾਲੀ ਪ੍ਰਵਾਰ ਨੂੰ ਬਚਾਉਣ ਲਈ ਅਪਣੇ ਮੱਥੇ ਉਤੇ ਮੜ੍ਹ ਲਿਆ ਹੈ।
Kunwar Vijay Partap Singh
ਕੀ ਹੁਣ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਅਪਣਾ ਫ਼ੈਸਲਾ ਵਾਪਸ ਲੈਣਗੇ ਜਾਂ ਸਮਾਜ ਸੇਵਾ ਦੇ ਰਾਹ ਪੈ ਕੇ ਸਿਆਸਤ ਵਿਚ ਜਾਣਗੇ? ਇਹ ‘ਆਪ’ ਪਾਰਟੀ ਲਈ ਉਪਰੋਂ ਡਿਗਿਆ ਇਕ ਸਿਆਸੀ ਅਮਰ ਫੱਲ ਸਾਬਤ ਹੋ ਸਕਦਾ ਹੈ ਜਿਸ ਨੂੰ ਖਾ ਕੇ ਉਹ ਫਿਰ ਤੋਂ ਸੱਤਾ ਦੇ ਪੰਘੂੜੇ ਵਲ ਵੱਧ ਸਕਦੇ ਹਨ। ਪਰ ਸਿੱਖ ਕੌਮ ਵਾਸਤੇ ਇਹ ਇਕ ਅਫ਼ਸੋਸ ਦਾ ਸਮਾਂ ਹੈ ਕਿਉਂਕਿ 2022 ਵਿਚ ਵੀ ਇਕ ਵਾਰ ਫਿਰ ਤੋਂ ਇਨਸਾਫ਼ ਦਾ ਵਾਅਦਾ ਹਰ ਪਾਸਿਉਂ ਦੁਹਰਾਇਆ ਜਾਵੇਗਾ। 1984 ਵਾਂਗ ਅਜੇ 35 ਸਾਲ ਤਾਂ ਨਹੀਂ ਹੋਏ ਪਰ 7 ਸਾਲ ਦੀ ਬੇਵਫ਼ਾਈ ਵੀ ਹੁਣ ਉਨ੍ਹਾਂ ਨੂੰ 70 ਸਾਲ ਦੀ ਵੱਡੀ ਸਜ਼ਾ ਲੱਗਣ ਲੱਗ ਪਈ ਹੈ। -ਨਿਮਰਤ ਕੌਰ