
ਲੋੜ ਹੈ ਕਿ ਸਾਰੇ ਅਕਾਲੀ ਅਖਵਾਉਂਦੇ ਆਗੂ ਦਿਲੋਂ ਮਨੋਂ ਇਕ ਹੋ ਕੇ ਤੇ ਬੈਠ ਕੇ ਸੋਚਣ ਕਿ ਉਨ੍ਹਾਂ ਨੇ ਸਿੱਖਾਂ ਨਾਲ ਤੇ ਪੰਜਾਬ ਨਾਲ ਕੀਤਾ ਕੀ ਹੈ ਤੇ ਸੱਚ ਦਾ ਸਾਹਮਣਾ ਕਰਨ।
Shiromani Akali Dal News: ਅਕਾਲੀ ਦਲ ਵਿਚੋਂ ਇਕ ‘ਪੰਥਕ’ ਜਹੀ ਲੱਗਣ ਵਾਲੀ ਆਵਾਜ਼ ਨਿਕਲੀ ਤਾਂ ਲਗਿਆ ਕਿ ਲੋਕਾਂ ਦਾ ਸੰਦੇਸ਼ ਅਜੋਕੇ ਅਕਾਲੀ ਆਗੂ ਵੀ ਸਮਝਣ ਵਾਸਤੇ ਤਿਆਰ ਹੋ ਗਏ ਹਨ ਪਰ ਕੋਰ ਕਮੇਟੀ ਦੀ ਮੀਟਿੰਗ ਵਿਚ ਸਾਫ਼ ਹੋ ਗਿਆ ਹੈ ਕਿ ਇਹ ਅਜੇ ਵੀ ਸ਼ਤਰੰਜ ਦੀਆਂ ਚਾਲਾਂ ਹੀ ਚਲ ਰਹੇ ਹਨ, ਪਰਨਾਲਾ ਉਥੇ ਦਾ ਉਥੇ ਹੀ ਹੈ ਅਰਥਾਤ ਪੰਥ ਦੇ ਕਿਲ੍ਹੇ ਉਪਰ ਅਪਣਾ ਝੰਡਾ ਲਹਿਰਾਈ ਰੱਖਣ ਦਾ ਪਾਪ ਚਲਦਾ ਰੱਖਣ ਦੇ ਯਤਨ ਜਾਰੀ ਹਨ।
ਅਕਾਲੀ ਆਗੂ ਸਮਝ ਹੀ ਨਹੀਂ ਰਹੇ ਕਿ ਅਕਾਲੀ ਦਲ ਉਨ੍ਹਾਂ ਦੀ ਅਪਣੀ ਜਗੀਰ ਨਹੀਂ ਬਲਕਿ ਅਕਾਲੀ ਦਲ ਤਾਂ ਸਿੱਖਾਂ ਦੀ ਪੰਥਕ ਪਾਰਟੀ ਸੀ ਜਿਸ ਦਾ ਮਕਸਦ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨਾ ਸੀ। ਉਸ ਦਾ ਮਕਸਦ ਇਨ੍ਹਾਂ ਕੁੱਝ ਕੁ ਅਸਲੀ ਨਕਲੀ ਅਕਾਲੀ ਪ੍ਰਵਾਰਾਂ ਦੇ ਕਿਲੇ੍ਹ ਤਿਆਰ ਕਰਨਾ ਨਹੀਂ ਸੀ ਜਿਨ੍ਹਾਂ ’ਚੋਂ ਇਨ੍ਹਾਂ ਨੂੰ ਬਾਹਰ ਕੋਈ ਨਾ ਕੱਢ ਸਕੇ, ਭਾਵੇਂ ਕਹਿੰਦੇ ਉਹ ਇਸ ਨੂੰ ‘ਰਾਜ ਨਹੀਂ, ਸੇਵਾ’ ਹਨ ਜਦਕਿ ਰਾਜਗੱਦੀ ਤੋਂ ਅੱਗੇ ਉਨ੍ਹਾਂ ਦੀ ਸੋਚ ਕੰਮ ਕਰਨੋਂ ਹੀ ਬੰਦ ਹੋ ਜਾਂਦੀ ਹੈ।
Charanjit Brar, Sukhbir Badal
ਅਕਾਲੀ ਦਲ (ਬਾਦਲ) ਆਗੂ ਚਰਨਜੀਤ ਸਿੰਘ, ਸਿਆਸੀ ਸਲਾਹਕਾਰ ਅਖਵਾਉਂਦੇ ਹਨ ਤੇ ਜ਼ਾਹਰ ਹੈ ਕਿ ਅੱਜ ਤਕ ਜੋ ਵੀ ਸਿਆਸੀ ਫ਼ੈਸਲਾ ਲਿਆ ਗਿਆ ਹੈ, ਉਹ ਇਨ੍ਹਾਂ ਦੀ ਸਲਾਹ ਨਾਲ ਲਿਆ ਗਿਆ ਹੋਣੈ। ਜੇ ਉਨ੍ਹਾਂ ਦੀਆਂ ਸਲਾਹਾਂ ਨਾਲ ਅਕਾਲੀ ਦਲ (ਬਾਦਲ) ਲੋਕਾਂ ਦਾ ਵਿਸ਼ਵਾਸ ਗਵਾ ਚੁੱਕਾ ਹੈ ਤਾਂ ਫਿਰ ਅੱਜ ਉਨ੍ਹਾਂ ਦੀ ਸਲਾਹ ਨੂੰ ਤਰਜੀਹ ਕਿਉਂ ਦਿਤੀ ਜਾਵੇ? ਉਨ੍ਹਾਂ ਦੀ ਚਿੱਠੀ ਉਂਜ ਵੀ ਉਨ੍ਹਾਂ ਦੀਆਂ ਬਾਕੀ ਸਲਾਹਾਂ ਵਾਂਗ, ਬਾਦਲ ਪ੍ਰਵਾਰ ਤੇ ਉਨ੍ਹਾਂ ਦੇ ਖ਼ਾਸਮ ਖ਼ਾਸਾਂ ਦੀ ਕੁਰਸੀ ਬਚਾਉਣ ਦੀ ਇਕ ਚਾਲ ਹੈ। ਉਸ ਵਿਚ ਪਛਤਾਵਾ ਤਾਂ ਨਜ਼ਰ ਹੀ ਨਹੀਂ ਆ ਰਿਹਾ।
ਲੋੜ ਹੈ ਕਿ ਸਾਰੇ ਅਕਾਲੀ ਅਖਵਾਉਂਦੇ ਆਗੂ ਦਿਲੋਂ ਮਨੋਂ ਇਕ ਹੋ ਕੇ ਤੇ ਬੈਠ ਕੇ ਸੋਚਣ ਕਿ ਉਨ੍ਹਾਂ ਨੇ ਸਿੱਖਾਂ ਨਾਲ ਤੇ ਪੰਜਾਬ ਨਾਲ ਕੀਤਾ ਕੀ ਹੈ ਤੇ ਸੱਚ ਦਾ ਸਾਹਮਣਾ ਕਰਨ। ਉਨ੍ਹਾਂ ਦੀ ਅੰਤਰ-ਆਤਮਾ ਉਨ੍ਹਾਂ ਨੂੰ ਸੱਚ ਨਾਲ ਦੋ-ਚਾਰ ਜ਼ਰੂਰ ਕਰ ਦੇਵੇਗੀ। ਅਕਾਲ ਤਖ਼ਤ ਤੇ ਪੇਸ਼ ਹੋਣ ਦੀ ਰਸਮ ਦੀ ਤਾਂ ਛੱਡੋ ਉਨ੍ਹਾਂ ਨੂੰ ਗੁਰੂ ਦੇ ਸਨਮੁਖ ਪੇਸ਼ ਹੋਣੋਂ ਵੀ ਸ਼ਰਮ ਆਵੇਗੀ। ਜਾਣਦੇ ਤਾਂ ਇਹ ਸਾਰੇ ਹਨ ਕਿ ਇਨ੍ਹਾਂ ਨੇ ਕੀ ਕੀ ਕੀਤਾ ਹੈ ਪਰ ਅਪਣੇ ਹੀ ਗੁਰੂ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰ ਕੇ ਅਪਣੇ ਹੀ ਥਾਪੇ ਪੁਜਾਰੀਆਂ ਨਾਲ ਅੰਦਰਖਾਤੇ ਗਿਟਮਿਟ ਕਰ ਕੇ ਝੂਠ ਦੇ ਸਹਾਰੇ ਇਹ ਅਪਣੇ ਆਪ ਨੂੰ ਖ਼ੁਦ ਹੀ ਮੁਆਫ਼ ਕਰ ਲੈਂਦੇ ਹਨ।
Sukhbir Badal
ਸੋ ਪਾਠ ਕਰਵਾ ਲਏ, ਰੁਮਾਲੇ ਚੜ੍ਹਾ ਦਿਤੇ ਤੇ ਸਮਝਦੇ ਹਨ ਕਿ ਉਨ੍ਹਾਂ ਵਲੋਂ ਕੀਤੇ ਗੁਨਾਹ ਮਾਫ਼ ਹੋ ਗਏ। ਜੁੱਤੀਆਂ ਸਾਫ਼ ਕਰਨ ਦੀਆਂ ਤਸਵੀਰਾਂ ਖਿਚਵਾ ਲੈਂਦੇ ਹਨ ਪਰ ਮਨ ’ਚੋਂ ਮੈਲ ਕਿਸ ਤਰ੍ਹਾਂ ਕੱਢਣਗੇ, ਇਸ ਬਾਰੇ ਤਾਂ ਸੋਚਣ ਵਾਸਤੇ ਤਿਆਰ ਹੀ ਨਹੀਂ ਹਨ। ਸੱਚੇ ਪਛਤਾਵੇ ਤੇ ਕਰਮ-ਕਾਂਡੀ ਆਡੰਬਰ ਵਿਚ ਫ਼ਰਕ ਜ਼ਮੀਨ ਅਸਮਾਨ ਦਾ ਹੁੰਦਾ ਹੈ।
ਅੱਜ ਕਿਉਂ ਸਿੱਖ ਆਪਸ ਵਿਚ ਵੰਡੇ ਪਏ ਹਨ? ਕਿਉਂ ਗੁਰੂ ਦਾ ਸਿੱਖ ਹੋਣਾ ਜ਼ਰੂਰੀ ਨਹੀਂ ਪਰ ਇਨ੍ਹਾਂ ਕਬਜ਼ਾ ਕਰੀ ਬੈਠੇ ਆਗੂਆਂ ਦਾ ਚਮਚਾ ਹੋਣਾ ਜ਼ਰੂਰੀ ਹੈ? ਵਾਰ ਵਾਰ ਇਨ੍ਹਾਂ ਦੀਆਂ ਗ਼ਲਤੀਆਂ ਬਾਰੇ ਦਸ ਦਸ ਕੇ ਸਿੱਖ-ਚਿੰਤਕ ਥੱਕ ਚੁੱਕੇ ਹਨ। ਇਨ੍ਹਾਂ ਦੀ ਨਵੀਂ ਚਾਲ ਸਿਰਫ਼ ਏਨੀ ਹੀ ਹੈ ਕਿ ਕੋਈ ਵਿਖਾਵੇ ਵਾਲੀ ਕਾਰਵਾਈ ਕੀਤੀ ਜਾਵੇ ਜਿਸ ਤੋਂ ਪ੍ਰਭਾਵ ਬਣੇ ਕਿ ਅਕਾਲੀ ਦਲ (ਬਾਦਲ) ਅੰਦਰੋਂ ਤੇ ਦਿਲੋਂ ਮਨੋਂ ਪਛਤਾਵਾ ਕਰਨਾ ਚਾਹੁੰਦਾ ਹੈ ਤੇ ਗੁਰੂ ਦੇ ਸਿੱਖ ਹੋਣ ਦੇ ਨਾਤੇ ਅਪਣੀਆਂ ਵਾਗਾਂ ਵਾਪਸ ਪੰਥ ਵਲ ਮੋੜਨਾ ਚਾਹੁੰਦਾ ਹੈ।
ਪਰ ਅੱਜ ਵੀ ਨਾ ਲੋਕਾਂ ਦੀ, ਨਾ ਸਾਥੀ ਆਗੂਆਂ ਦੀ, ਨਾ ਸਿੱਖ ਵਿਦਵਾਨਾਂ ਦੀ ਤੇ ਨਾ ਹੀ ਪੰਥ ਪ੍ਰੇਮੀਆਂ ਦੀ ਸੁਣੀ ਜਾ ਰਹੀ ਹੈ। ਜੇ ਇਹੀ ਹਾਲ ਰਿਹਾ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦੀ ਸੌ ਸਾਲ ਪੁਰਾਣੀ ਪਾਰਟੀ ਦੀ ਸੰਪੂਰਨ ਤਬਾਹੀ ਵਿਚ ਇਨ੍ਹਾਂ ਆਗੂਆਂ ਦੇ ਨਾਮ ਕਾਲੇ ਅੱਖਰਾਂ ਵਿਚ ਲਿਖੇ ਜਾਣਗੇ। ਅਜੇ 13 ਸੀਟਾਂ ’ਚੋਂ ਇਕ ਜਿੱਤੇ ਹਨ ਤੇ 10 ਤੇ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇਹ 13 ਵਿਚ ਹੀ ਜ਼ਮਾਨਤਾਂ ਜ਼ਬਤ ਕਰਵਾ ਕੇ ਵੀ ‘ਬਾਦਲਾਂ ਦੀ ਲੀਡਰਸ਼ਿਪ ਤੇ ਭਰੋਸੇ’ ਦਾ ਮਤਾ ਪਾਸ ਕਰਵਾ ਕੇ ਹੀ ਉਠਣਗੇ। ਵਿਨਾਸ਼ ਕਾਲੇ, ਵਿਪਰੀਤ ਬੁਧੀ! - ਨਿਮਰਤ ਕੌਰ