
Editorial: ਹੁਣ ਸਰੀਰਕ ਤਾਕਤ ਨਾਲ ਜੰਗਾਂ ਲੜਨ ਦੀ ਥਾਂ ਦਿਮਾਗ਼ ਤੇ ਤਕਨਾਲੋਜੀ ਨਾਲ ਯੁੱਧ ਲੜਨ ਦਾ ਜ਼ਮਾਨਾ ਹੈ...
Today is the day to pay tribute to the countless martyrs of freedom Editorial: ਅੱਜ ਭਾਰਤ ਦਾ ਆਜ਼ਾਦੀ ਦਿਵਸ ਹੈ। ਇਸ ਆਜ਼ਾਦ ਫ਼ਿਜ਼ਾ ’ਚ ਸਾਹ ਲੈਣ ਤੋਂ ਪਹਿਲਾਂ ਲੱਖਾਂ ਲੋਕਾਂ ਨੇ ਦੇਸ਼ ਲਈ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਸਮੁਚਾ ਰਾਸ਼ਟਰ ਸਦਾ ਉਨ੍ਹਾਂ ਦਾ ਰਿਣੀ ਰਹੇਗਾ। ਆਜ਼ਾਦੀ ਦੇ ਇਨ੍ਹਾਂ ਸੰਗਰਾਮੀਆਂ ਤੇ ਘੁਲਾਟੀਆਂ ਦੀ ਸੂਚੀ ਵਿਚ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਦੀ ਭੂਮਿਕਾ ਸਦਾ ਸਰਬ ਉਚ, ਵਿਲੱਖਣ ਤੇ ਵਰਨਣਯੋਗ ਰਹੀ ਹੈ। ਪੰਜਾਬ ’ਚ ਸਿੱਖ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਸੀ, ਉਸੇ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੇ ਅੱਗੇ ਵਧਾਇਆ ਸੀ। ਪਹਿਲਾਂ ਮੁਗ਼ਲਾਂ ਤੇ ਫਿਰ ਗੋਰੇ ਬ੍ਰਿਟਿਸ਼ ਹਾਕਮਾਂ ਨਾਲ ਇਸ ਧਰਤ ਦੇ ਜਾਏ ਹਮੇਸ਼ਾ ਡਟਵੀਂ ਟੱਕਰ ਲੈਂਦੇ ਰਹੇ ਹਨ। ਇਹ ਸਿਲਸਿਲਾ 20ਵੀਂ ਸਦੀ ਦੇ ਅੰਤ ’ਚ ਸਾਲ 1999 ਦੌਰਾਨ ਕਾਰਗਿਲ ਦੀ ਜੰਗ ’ਚ ਹੀ ਨਹੀਂ, ਸਗੋਂ ਕੋਵਿਡ–19 ਜਿਹੀ ਘਾਤਕ ਮਹਾਂਮਾਰੀ ਦੌਰਾਨ ਵੀ ਜਾਰੀ ਰਿਹਾ ਹੈ।
ਹੁਣ ਸਰੀਰਕ ਤਾਕਤ ਨਾਲ ਜੰਗਾਂ ਲੜਨ ਦੀ ਥਾਂ ਦਿਮਾਗ਼ ਤੇ ਤਕਨਾਲੋਜੀ ਨਾਲ ਯੁੱਧ ਲੜਨ ਦਾ ਜ਼ਮਾਨਾ ਹੈ ਪਰ ਇਸ ਖ਼ਿੱਤੇ ’ਚ ਅਜਿਹੀ ਸਿੱਧੀ ਜੰਗ ਲੜੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਜਦੋਂ ਵੀ ਕਦੇ ਕੋਈ ਸਾਂਝੀ ਭੀੜ ਪੈਂਦੀ ਹੈ ਤਾਂ ਰਾਹਤ ਪਹੁੰਚਾਉਣ ’ਚ ਪੰਜਾਬੀ ਸਦਾ ਮੋਹਰੀ ਰਹਿੰਦੇ ਰਹੇ ਹਨ। ਕੋਰੋਨਾ ਮਹਾਂਮਾਰੀ ਵੇਲੇ ਸਮੁਚੇ ਭਾਰਤ ’ਚ ਆਮ ਦਿਹਾੜੀਦਾਰ ਮਜ਼ਦੂਰ ਤੇ ਹੋਰ ਲੋੜਵੰਦ ਫ਼ਾਕੇ ਕੱਟਣ ਲਈ ਮਜਬੂਰ ਹੋ ਗਏ ਸਨ। ਅਜਿਹੇ ਵੇਲੇ ਪੰਜਾਬੀਆਂ ਨੇ ਗੁਰੂ ਕੇ ਅਣਗਿਣਤ ਅਤੁਟ ਲੰਗਰ ਵਰਤਾ ਦਿਤੇ ਸਨ, ਆਕਸੀਜਨ ਦੇ ਸਿਲੰਡਰਾਂ ਦਾ ਹੜ੍ਹ ਲੈ ਆਂਦਾ ਸੀ ਅਤੇ ਬੇਸਹਾਰਿਆਂ ਨੂੰ ਰਹਿਣ ਲਈ ਛੱਤ ਦਿਤੀ ਸੀ। ਅਜਿਹੀ ਮਿਸਾਲ ਦੁਨੀਆ ’ਚ ਹੋਰ ਕਿਤੇ ਨਹੀਂ ਮਿਲੀ। ਹੋਰ ਬਹੁਤੀਆਂ ਥਾਵਾਂ ਤੋਂ ਜਿਥੇ ਮਜਬੂਰ ਲੋਕਾਂ ਨਾਲ ਲੁੱਟਾਂ–ਖੋਹਾਂ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ, ਉਥੇ ਪੰਜਾਬ ’ਚ ਇਸ ਦੇ ਉਲਟ ਇਕ–ਦੂਜੇ ਦੀ ਮਦਦ ਦੀਆਂ ਨਵੀਆਂ ਮਿਸਾਲਾਂ ਕਾਇਮ ਹੋ ਰਹੀਆਂ ਸਨ।
ਖ਼ੈਰ, 1947 ’ਚ ਦੇਸ਼ ਜਦੋਂ ਆਜ਼ਾਦ ਹੋਇਆ ਸੀ, ਤਦ ਅੰਗਰੇਜ਼ ਹਾਕਮਾਂ ਦੀਆਂ ‘ਪਾੜੋ ਤੇ ਰਾਜ ਕਰੋ’ ਦੀਆਂ ਨੀਤੀਆਂ ਸਦਕਾ ਪੰਜਾਬ ਵਿਚ ਵਡੇ ਪਧਰ ’ਤੇ ਕਤਲੋਗ਼ਾਰਤ ਹੋਈ ਸੀ। ਇਕ ਮੋਟੇ ਅਨੁਮਾਨ ਮੁਤਾਬਕ ਤਦ 10 ਲੱਖ ਤੋਂ ਵੱਧ ਆਮ ਲੋਕ ਮਾਰੇ ਗਏ ਸਨ। ਇਹ ਵੀ ਇਕ ਸਚਾਈ ਹੈ ਕਿ ਦੇਸ਼ ਦੀ ਆਜ਼ਾਦੀ ਦੇ ਕੁੱਲ ਪਰਵਾਨਿਆਂ ਤੇ ਘੁਲਾਟੀਆਂ ’ਚੋਂ 80 ਫ਼ੀ ਸਦੀ ਪੰਜਾਬੀ ਹੀ ਸਨ, ਜਿਨ੍ਹਾਂ ਦੇ ਸਦੀਵੀ ਅਹਿਸਾਨ ਨੂੰ ਕਦੇ ਭੁਲਾਇਆ ਹੀ ਨਹੀਂ ਜਾ ਸਕਦਾ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਜਿਹੇ ਸ਼੍ਰੋਮਣੀ ਆਜ਼ਾਦੀ ਸੰਗਰਾਮੀਏ ਸਮੂਹ ਪੰਜਾਬੀਆਂ ਦਾ ਮਾਣ ਹਨ। ਦੇਸ਼ ’ਤੇ ਜਦੋਂ ਵੀ ਕਦੇ ਭੀੜ ਆਣ ਪਈ, ਤਦ ਸਮੂਹ ਪੰਜਾਬੀਆਂ ਨੇ ਗੁਰੂ ਸਾਹਿਬਾਨ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਤਾਕਤ ਤੇ ਸਬਕ ਲੈਂਦਿਆਂ ਸਦਾ ਸੀਨੇ ’ਤੇ ਗੋਲੀਆਂ ਖਾਧੀਆਂ ਅਤੇ ਕਦੇ ਵੀ ਪਿੱਠ ਨਹੀਂ ਵਿਖਾਈ। ਇਹ ਗੱਲ ਹੁਣ ਪੂਰੀ ਦੁਨੀਆ ਮੰਨਦੀ ਹੈ।
ਪੰਜਾਬੀਆਂ ਨੇ ਕਦੇ ਵੀ ਜ਼ੁਲਮ ਨਹੀਂ ਝਲਿਆ, ਸਗੋਂ ਤਾਨਾਸ਼ਾਹੀ, ਜਬਰ ਤੇ ਬੇਇਨਸਾਫ਼ੀ ਵਿਰੁਧ ਆਵਾਜ਼ ਉਠਾਈ ਅਤੇ ਨਿਰਦੋਸ਼ ਤੇ ਮਜਬੂਰ ਜਨਤਾ ਦਾ ਸਾਥ ਦਿਤਾ। ਇਸੇ ਲਈ ਪ੍ਰਸਿੱਧ ਆਜ਼ਾਦੀ ਘੁਲਾਟੀਏ ਦਾਦਾਭਾਈ ਨਾਰੋਜੀ (1825–1917) ਨੇ ਇਕ ਵਾਰ ਆਖਿਆ ਸੀ ਕਿ ਸਿੱਖ ਭਰਾਵਾਂ ਨੇ ਸਾਨੂੰ ਆਜ਼ਾਦੀ ਹਾਸਲ ਕਰਨ ਦਾ ਰਾਹ ਵਿਖਾਇਆ ਹੈ, ਇਸ ਲਈ ਹੁਣ ਸਾਨੂੰ ਕੋਈ ਬਹੁਤਾ ਚਿਰ ਗ਼ੁਲਾਮ ਬਣਾ ਕੇ ਨਹੀਂ ਰੱਖ ਸਕਦਾ। ਉਘੇ ਇਤਿਹਾਸਕਾਰ ਡਾ. ਗੰਡਾ ਸਿੰਘ ਅਨੁਸਾਰ ਇਕੱਲੀ ਗੁਰਦਵਾਰਾ ਲਹਿਰ ਦੌਰਾਨ 500 ਸਿੱਖ ਸ਼ਹੀਦ ਹੋਏ ਸਨ ਤੇ 30 ਹਜ਼ਾਰ ਨੇ ਗ੍ਰਿਫ਼ਤਾਰੀਆਂ ਦਿਤੀਆਂ ਸਨ ਅਤੇ ਉਨ੍ਹਾਂ ਨੂੰ 10 ਲੱਖ ਰੁਪਏ ਤਕ ਦੇ ਜੁਰਮਾਨੇ ਕੀਤੇ ਗਏ ਸਨ। ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਬ੍ਰਿਟਿਸ਼ ਸਰਕਾਰ ਵਲੋਂ 121 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ ਸੀ, ਜਿਨ੍ਹਾਂ ’ਚੋਂ 93 ਸਿੱਖ ਸਨ। ਇਸ ਤੋਂ ਇਲਾਵਾ ਜਿਹੜੇ 2,626 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਉਨ੍ਹਾਂ ’ਚੋਂ 2,147 ਸਿੱਖ ਸਨ। ਜਲ੍ਹਿਆਂਵਾਲਾ ਬਾਗ਼ ’ਚ 1,300 ਸ਼ਹਾਦਤਾਂ ਹੋਈਆਂ ਸਨ, ਜਿਨ੍ਹਾਂ ’ਚੋਂ 799 ਸਿੱਖ ਸਨ। ਇਹ ਅੰਕੜੇ ਤੁਹਾਨੂੰ ਉਦੋਂ ਪਹਿਲੀ ਨਜ਼ਰੇ ਹੀ ਵਿਖਾਈ ਦੇਣ ਲਗਦੇ ਹਨ, ਜਦੋਂ ਵੀ ਤੁਸੀਂ ਭਾਰਤੀ ਆਜ਼ਾਦੀ ਸੰਘਰਸ਼ ਦੇ ਪੰਨੇ ਫਰੋਲਣ ਲਗਦੇ ਹੋ। ਤਦ ਭਾਰਤ ’ਚ ਸਿੱਖਾਂ ਦੀ ਆਬਾਦੀ ਸਿਰਫ਼ 1.5 ਫ਼ੀ ਸਦੀ ਸੀ ਪਰ ਉਨ੍ਹਾਂ ਦੀਆਂ ਕੁਰਬਾਨੀਆਂ 90 ਫ਼ੀ ਸਦੀ ਸਨ। ਅੱਜ ਆਜ਼ਾਦੀ ਦੇ ਇਸ ਦਿਹਾੜੇ ਅਸੀਂ ਉਨ੍ਹਾਂ ਸਮੂਹ ਸ਼ਹੀਦਾਂ ਅੱਗੇ ਸਿਰ ਝੁਕਾਉਂਦੇ ਹੋਏ ਅਪਣੀ ਅਕੀਦਤ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।