
Editorial : ਹਮਲਾਵਰਾਂ ਨੂੰ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਸਨ ਤੇ ਸਾਰੇ ਸਾਂਸਦਾਂ ਨੇ ਮਿਲ ਕੇ ਇਕ ਨੌਜੁਆਨ ਨੂੰ ਫੜ ਕੇ ਕੁਟਿਆ
After Bhagat Singh's 'bomb' on Parliament, the 'smoke bomb' of frustrated youth!!: ਸਦਨ ਵਿਚ 22 ਸਾਲ ਬਾਅਦ ਜੋ ਦੁਖਦਾਈ ਕਾਂਡ ਦੁਹਰਾਇਆ ਗਿਆ ਹੈ, ਉਸ ਨੇ ਹੈਰਾਨ ਪ੍ਰੇਸ਼ਾਨ ਕਰ ਕੇ ਰੱਖ ਦਿਤਾ ਹੈ, ਭਾਵੇਂ ਕਿ ਇਹ ਛੇ ਨੌਜੁਆਨ ਭਗਤ ਸਿੰਘ ਵਾਂਗ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਕਰਨ ਲਈ ਨਹੀਂ ਬਲਕਿ ਅਪਣਾ ਹਾਲ ਸੁਣਾਉਣ ਲਈ ਇਕ ਧੂੰਆਂ ਬੰਬ ਲੈ ਕੇ ਆਏ ਸਨ। ਇਨ੍ਹਾਂ ਦੀ ਸਦਨ ਅੰਦਰ ਪਹੁੰਚਣ ਦੀ ਸਫ਼ਲਤਾ ਬੜੇ ਵੱਡੇ ਸਵਾਲ ਖੜੇ ਕਰਦੀ ਹੈ। 13 ਦਸੰਬਰ ਦਾ ਦਿਨ ਉਂਜ ਵੀ ਬੜਾ ਖ਼ਾਸ ਦਿਨ ਹੈ ਤੇ ਇਹ ਪਿਛਲੇ ਘਾਤਕ ਹਮਲੇ ਦੀ 22ਵੀਂ ਵਰ੍ਹੇਗੰਢ ਸੀ। ਦੇਸ਼ ਦੇ ਸਦਨ ਉਤੇ ਇਸ ਤਰ੍ਹਾਂ ਦੇ ਹਮਲੇ ਭਾਵੇਂ ਉਹ ਦੁਸ਼ਮਣ ਵਲੋਂ ਹੋਣ ਤੇ ਭਾਵੇਂ ਨੌਜੁਆਨਾਂ ਦੇ ਗੁੱਸੇ ਦੇ ਪ੍ਰਤੀਕ ਹੋਣ, ਦੇਸ਼ ਦੇ ਸਤਿਕਾਰ ’ਤੇ ਹਮਲਾ ਹਨ। ਜੇ ਰਾਜਧਾਨੀ ਵਿਚ ਸਦਨ ਨੂੰ ਹੀ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਫਿਰ ਦੇਸ਼ ਦੀ ਸੁਰੱਖਿਆ ਬਾਰੇ ਵੀ ਚਿੰਤਾ ਪੈਦਾ ਹੋਣੀ ਕੁਦਰਤੀ ਹੀ ਹੈ
ਇਹ ਵੀ ਯਾਦ ਰਖਣਾ ਚਾਹੀਦਾ ਹੈ ਕਿ ਇਸ ਹਾਲ ਵਿਚ ਹੀ ਭਾਰਤ ਦੇ ਸਦਨ ’ਤੇ ਹਮਲਾ ਕਰਨ ਦੀ ਇਕ ਚੇਤਾਵਨੀ ਵੀ ਕੁੱਝ ਦਿਨ ਪਹਿਲਾਂ ਹੀ ਦਿਤੀ ਗਈ ਸੀ ਤੇ ਉਮੀਦ ਕੀਤੀ ਜਾਂਦੀ ਸੀ ਕਿ ਸਦਨ ਵਿਚ ਸੁਰੱਖਿਆ ਨੂੰ ਆਮ ਨਾਲੋਂ ਵਾਧੂ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਗਏ ਹੋਣਗੇ। ਜਿਸ ਤਰ੍ਹਾਂ ਇਹ ਨੌਜੁਆਨ ਆਰਾਮ ਨਾਲ ਸਦਨ ਵਿਚ, ਭਾਵੇਂ ਅਪਣੇ ਪੈਰਾਂ ਵਿਚ ਹੀ ਸਹੀ, ਧੂੰਆਂ ਬੰਬ ਛੁਪਾ ਕੇ ਲੈ ਗਏ ਸਨ, ਇਹ ਦਰਸਾਉਂਦਾ ਹੈ ਕਿ ਸਦਨ ਵਿਚ ਸੁਰੱਖਿਆ ਦੇ ਸਵਾਲ ਨੂੰ ਲੈ ਕੇ ਸੰਜੀਦਗੀ ਹੈ ਹੀ ਨਹੀਂ। ਸੰਸਦ ਦੇ ਇਕ ਸਾਬਕਾ ਸੁਰੱਖਿਆ ਅਫ਼ਸਰ ਮੁਤਾਬਕ ਸਦਨ ਵਿਚ ਹਰ ਤਰ੍ਹਾਂ ਦੀ ਸੁਰੱਖਿਆ ਮਸ਼ੀਨ ਦਾ ਪ੍ਰਬੰਧ ਹੈ ਤੇ ਜੇ ਉਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਇਹ ਉਥੇ ਹੀ ਫੜੇ ਜਾਂਦੇ ਤੇ ਅੰਦਰ ਨਹੀਂ ਸੀ ਜਾ ਸਕਦੇ। ਇਕ ਸਾਂਸਦ ਦਾ ਕਹਿਣਾ ਸੀ ਕਿ ਨਵੇਂ ਸਦਨ ਵਿਚ ਇਕ ਹੀ ਦਰਵਾਜ਼ਾ ਹੋਣ ਕਾਰਨ ਭੀੜ ਵੱਧ ਜਾਂਦੀ ਹੈ ਤੇ ਇਹ ਵੀ ਸੁਰੱਖਿਆ ਵਿਚ ਢਿੱਲ ਦਾ ਕਾਰਨ ਬਣ ਰਿਹਾ ਹੈ। ਇਸ ਵਿਚ ਉਸ ਭਾਜਪਾ ਸਾਂਸਦ ਦਾ ਨਾਮ ਵੀ ਆ ਰਿਹਾ ਹੈ ਜਿਸ ਦੇ ਕਹਿਣ ’ਤੇ ਇਨ੍ਹਾਂ ਨੌਜੁਆਨਾਂ ਨੂੰ ਸੰਸਦ ਵਿਚ ਆਉਣ ਦੀ ਇਜਾਜ਼ਤ ਦਿਤੀ ਗਈ ਸੀ। ਇਹ ਤਾਂ ਸ਼ੁਕਰ ਹੈ ਕਿ ਉਹ ਕਾਂਗਰਸੀ ਸਾਂਸਦ ਨਹੀਂ ਸੀ। ਜੇ ਇਹੀ ਇਜਾਜ਼ਤ ਕਿਸੇ ਵਿਰੋਧੀ ਧਿਰ ਦੇ ਸਾਂਸਦ ਵਲੋਂ ਦਿਤੀ ਗਈ ਹੁੰਦੀ ਤਾਂ ਵਖਰੀ ਤਰ੍ਹਾਂ ਦੀ ਸਿਆਸਤ ਸ਼ੁਰੂ ਹੋ ਜਾਂਦੀ ਤੇ ਇਸ ਨੂੰ ਵਿਰੋਧੀ ਪਾਰਟੀ ਵਲੋਂ ਹਮਲੇ ਦਾ ਰੂਪ ਵੀ ਦੇ ਦਿਤਾ ਜਾਣਾ ਸੀ।
ਇਨ੍ਹਾਂ ਹਮਲਾਵਰਾਂ ਨੂੰ ਤੇ ਉਨ੍ਹਾਂ ਦੇ ਧੂੰਏਂ ਵਾਲੇ ਬੰਬ ਨੂੰ ਫੜਨ ਵਾਲੇ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਸਨ ਤੇ ਸਾਰੇ ਸਾਂਸਦਾਂ ਨੇ ਮਿਲ ਕੇ ਇਕ ਨੌਜੁਆਨ ਨੂੰ ਫੜ ਕੇ ਕੁਟਿਆ, ਇਹ ਵੀ ਸੁਰੱਖਿਆ ਪ੍ਰਬੰਧਾਂ ਵਿਚ ਕਮੀ ਨੂੰ ਹੀ ਦਰਸਾਉਂਦਾ ਹੈ। ਜੇ ਉਹ ਇਕ ਕੈਮੀਕਲ ਬੰਬ ਹੁੰਦਾ ਤਾਂ ਅੱਜ ਤਸਵੀਰ ਹੋਰ ਵੀ ਖ਼ੌਫ਼ਨਾਕ ਹੋਣੀ ਸੀ। ਪਰ ਹੈਰਾਨੀ ਦੀ ਗੱਲ ਸੀ ਕਿ ਸਾਂਸਦ ਜਦ ਇਸ ਨੌਜੁਆਨ ਨੂੰ ਫੜ ਰਹੇ ਸਨ, ਸੁਰੱਖਿਆ ਕਰਮਚਾਰੀ ਕਿਤੇ ਵੀ ਨਜ਼ਰ ਨਹੀਂ ਸਨ ਆ ਰਹੇ। ਸਾਂਸਦਾਂ ਨੇ ਅਪਣੇ ਆਪ ਦਲੇਰੀ ਵਿਖਾਈ ਪਰ ਸੰਸਦ ਦੇ ਅੰਦਰ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਵਿਚ ਕਮੀ ਵੀ ਹੈਰਾਨ ਕਰਨ ਵਾਲੀ ਹੈ।
ਇਸ ਵਕਤ ਸਾਰਾ ਧਿਆਨ ਸੰਸਦ ਉਤੇ ਹੋਏ ਹਮਲੇੇ ਉਤੇ ਹੀ ਕੇਂਦਰਿਤ ਹੈ ਪਰ ਇਥੇ ਇਹ ਵੀ ਵੇਖਣਾ ਪਵੇਗਾ ਕਿ ਨੌਜੁਆਨ ਹਮਲਾਵਰ ਸਰਹੱਦ ਪਾਰੋਂ ਨਹੀਂ ਸਨ ਆਏ। ਉਹ ਇਸੇ ਦੇਸ਼ ਦੇ ਨਾਗਰਿਕ ਹਨ ਤੇ ਛੇ ਦੇ ਛੇ ਹੀ ਕਿਸੇ ਨਾ ਕਿਸੇ ਸਰਕਾਰੀ ਨੌਕਰੀ ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਸਨ। ਅਜਿਹਾ ਕੀ ਹੋਇਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਭਗਤ ਸਿੰਘ ਦੇ ਕਦਮਾਂ ਉਤੇ ਚੱਲਣ ਬਾਰੇ ਠਾਣ ਲਈ? ਇਨ੍ਹਾਂ ਨੇ ਜੋ ਕੀਤਾ ਹੈ, ਕਾਨੂੰਨ ਇਨ੍ਹਾਂ ਦੇ ਭਵਿੱਖ ਨੂੰ ਕਦੇ ਕਿਸੇ ਸਰਕਾਰੀ ਨੌਕਰੀ ਵਾਸਤੇ ਆਜ਼ਾਦ ਨਹੀਂ ਰਹਿਣ ਦੇਵੇਗਾ।
ਪਰ ਸਾਨੂੰ, ਸਮਾਜ ਨੂੰ ਤਾਂ ਸੋਚਣਾ ਹੀ ਪਵੇਗਾ ਕਿ ਇਨ੍ਹਾਂ ਨੇ ਇਹ ਰਸਤਾ ਚੁਣਨ ਦੀ ਕਿਉਂ ਸੋਚੀ? ਕਿਹੋ ਜਹੀ ਨਿਰਾਸ਼ਾ ਇਨ੍ਹਾਂ ਅੰਦਰ ਵਾਸ ਕਰ ਚੁੱਕੀ ਸੀ ਕਿ ਇਨ੍ਹਾਂ ਨੇ ਅਪਣਾ ਭਵਿੱਖ ਵੀ ਕੁਰਬਾਨ ਕਰਨਾ ਜਾਇਜ਼ ਸਮਝਿਆ? ਇਹ ਕਿਸ ਕਾਰਨ ਆਵਾਜ਼ ਚੁੱਕਣ ਆਏ ਸਨ? ਸਜ਼ਾ ਤਾਂ ਦੇਣੀ ਪਵੇਗੀ, ਸੁਰੱਖਿਆ ਕਰਮਚਾਰੀਆਂ ਨੂੰ ਤੇ ਇਨ੍ਹਾਂ ਨੂੰ ਵੀ ਪਰ ‘ਕਿਉਂ’ ਨੂੰ ਵੀ ਸਮਝਣਾ ਪਵੇਗਾ। ਜਦ ਅਪਣੇ ਹੀ ਹਮਲਾ ਕਰਨ ਤਾਂ ਸੁਨੇੇਹਾ ਦੁਸ਼ਮਣੀ ਵਿਚ ਲਿਬੜਿਆ ਨਹੀਂ ਬਲਕਿ ਬੇਬਸੀ ਨੂੰ ਠੀਕ ਤਰ੍ਹਾਂ ਸਮਝਣ ਉਪਰੰਤ ਨਿਕਲੇ ਤਾਂ ਹੀ ਦੇਸ਼ ਅਤੇ ਸਮਾਜ ਦਾ ਭਲਾ ਹੋ ਸਕਦਾ ਹੈ।
- ਨਿਮਰਤ ਕੌਰ