
ਇਕ ਚੋਣ ਲੜ ਚੁੱਕੇ ਐਮਪੀਜ਼ ਨੂੰ ਵਿਧਾਨ ਸਭਾ ਦੀ ਚੋਣ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੁੰਦੀ ਹੈ।
ਕਹਿੰਦੇ ਹਨ ਕਿ ਇਕ ਜ਼ਖ਼ਮੀ ਸ਼ੇਰਨੀ ਤੋਂ ਜ਼ਿਆਦਾ ਖ਼ਤਰਨਾਕ ਕੋਈ ਨਹੀਂ ਹੁੰਦਾ। ਵ੍ਹੀਲ ਚੇਅਰ ’ਤੇ ਚੋਣ ਪ੍ਰਚਾਰ ਕਰ ਰਹੀ ਮਮਤਾ ਬੈਨਰਜੀ ਉਸੇ ਜ਼ਖ਼ਮੀ ਸ਼ੇਰਨੀ ਵਾਂਗ ਹੁਣ ਮੈਦਾਨ ’ਚ ਉਤਰੀ ਹੈ। ਮਮਤਾ ਬੈਨਰਜੀ ਨੇ ਜਿਸ ਤਰ੍ਹਾਂ ਬੰਗਾਲ ਦੀ ਕਮਾਨ ਸੰਭਾਲੀ, ਉਹ ਅਪਣੇ ਆਪ ਵਿਚ ਕਿਸੇ ਜੰਗ ਦੇ ਸਿਪਾਹ ਸਾਲਾਰ ਵਲੋਂ ਮਰਨ ਮਾਰਨ ਲਈ ਤੇ ਜਿੱਤ ਪ੍ਰਾਪਤ ਕਰਨ ਲਈ ਕਮਾਨ ਸੰਭਾਲਣ ਵਾਲੇ ਅੰਦਾਜ਼ ਤੋਂ ਘੱਟ ਨਹੀਂ ਸੀ। ਮਮਤਾ ਬੈਨਰਜੀ (ਬੰਗਾਲੀ ਸ਼ੇਰਨੀ) ਨੇ ਟੱਕਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਦਿਤੀ ਹੈ, ਇਸ ਕਰ ਕੇ ਅੱਜ ਬੰਗਾਲ ਦੀਆਂ ਚੋਣਾਂ ਵਿਚ ਸਿੱਧੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਸੈਂਬਲੀ ਦੀਆਂ ਚੋਣਾਂ ਵਿਚ ਉਮੀਦਵਾਰ ਬਣ ਕੇ ਚੋਣ ਲੜ ਰਹੇ ਹਨ।
Mamata Benerjee
ਵੈਸੇ ਤਾਂ ਇਕ ਚੋਣ ਲੜ ਚੁੱਕੇ ਐਮਪੀਜ਼ ਨੂੰ ਵਿਧਾਨ ਸਭਾ ਦੀ ਚੋਣ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੁੰਦੀ ਹੈ। ਪਰ ਇਹ ਭਾਰਤੀ ਸਿਆਸਤ ਹੈ ਜਿਥੇ ਸਿਰਫ਼ ਜਿੱਤ ਬਾਰੇ ਹੀ ਸੋਚਿਆ ਜਾਂਦਾ ਹੈ। ਦੇਸ਼ ਦੀ ਜਨਤਾ ਦੇ ਪੈਸੇ ਦੀ ਬਰਬਾਦੀ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਸਾਰਾ ਕੇਂਦਰੀ ਮੰਤਰਾਲਾ ਦੇਸ਼ ਦਾ ਕੰਮ ਛੱਡ ਕੇ ਬੰਗਾਲ ਵਿਚ ਪਹੁੰਚ ਚੁੱਕਾ ਹੈ ਕਿਉਂਕਿ ਉਨ੍ਹਾਂ ਲਈ ਬੰਗਾਲ ਦੀ ਸ਼ੇਰਨੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। 15 ਤਰੀਕ ਤੋਂ ਪਹਿਲਾਂ ਗੱਲ ਕੁੱਝ ਹੋਰ ਸੀ। ਪਹਿਲਾਂ ਇਹ ਲੜਾਈ ਸਿਰਫ਼ ਤੇ ਸਿਰਫ਼ ਭਾਜਪਾ ਤੇ ਟੀਐਮਸੀ ਵਿਚਕਾਰ ਸੀ। ਇਹ ਨਰਿੰਦਰ ਮੋਦੀ ਦੀ ਸੱਭ ਤੋਂ ਵੱਡੀ ਆਲੋਚਕ ਤੇ ਸਿਆਸੀ ਦੁਸ਼ਮਣ ਦੀ ਲੜਾਈ ਸੀ। ਕਾਂਗਰਸ ਬਾਰੇ ਸੂਬੇ ਵਿਚ ਕੁੱਝ ਵੀ ਜ਼ਿਕਰਯੋਗ ਨਹੀਂ।
Mamata Banerjee
ਅੱਜ ਦੇ ਹਾਲਾਤ ਵਿਚ ਕਾਂਗਰਸ ਸ਼ਾਇਦ ਦੋ ਸੀਟਾਂ ਵੀ ਨਾ ਜਿੱਤ ਸਕੇ। ਚੌਥੀ ਪਾਰਟੀ ਸੀ.ਪੀ.ਆਈ. (ਐਮ) ਨੇ 2019 ਵਿਚ ਖਾਤਾ ਵੀ ਨਹੀਂ ਸੀ ਖੋਲ੍ਹਿਆ। ਉਨ੍ਹਾਂ ਅੰਦਰ ਇਸ ਵਾਰ ਕੁੱਝ ਉਮੀਦ ਜਾਗੀ ਸੀ ਪਰ ਜਾਪਦਾ ਨਹੀਂ ਕਿ ਇਸ ਉਮੀਦ ਨੂੰ ਵੀ ਬੂਰ ਪੈ ਸਕੇਗਾ। ਉਮੀਦ ਕਿਸਾਨਾਂ ਨੇ ਜਗਾਈ ਸੀ। ਜਦ ਸੰਯੁਕਤ ਕਿਸਾਨ ਮੋਰਚੇ ਨੇ ਚੋਣਾਂ ਵਿਚ ਭਾਜਪਾ ਵਿਰੁਧ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਤਾਂ ਖੱਬੇ ਪੱਖੀਆਂ ਨੂੰ ਲਗਿਆ ਕਿ ਹੁਣ ਉਨ੍ਹਾਂ ਦਾ ਸਮਾਂ ਆ ਗਿਆ ਹੈ। ਕਾਰਨ ਸਾਫ਼ ਹੈ ਕਿ ਕਿਸਾਨ ਮੋਰਚੇ ਵਿਚ ਖੱਬੇ ਪੱਖੀ ਆਗੂਆਂ ਦੀ ਸ਼ਮੂਲੀਅਤ ਹੈ। ਪਰ ਕਿਸਾਨ ਮੋਰਚੇ ਨੇ ਅਪਣੇ ਗ਼ੈਰ ਸਿਆਸੀ ਰੁਖ਼ ਨੂੰ ਬਰਕਰਾਰ ਰਖਦੇ ਹੋਏ ਸਿਰਫ਼ ਭਾਜਪਾ ਵਿਰੁਧ ਹੀ ਝੰਡਾ ਚੁਕਿਆ ਹੋਇਆ ਹੈ। ਉਨ੍ਹਾਂ ਦਾ ਇਕ ਵੀ ਆਗੂ ਕਿਸੇ ਹੋਰ ਪਾਰਟੀ ਦੇ ਹਕ ਵਿਚ ਸਮਰਥਨ ਦੇਣ ਲਈ ਤਿਆਰ ਨਹੀਂ ਹੋ ਸਕਿਆ। ਸੋ ਜੇ ਕਾਂਗਰਸ ਅਤੇ ਖੱਬੇ ਪੱਖੀਆਂ ਨੇ ਕਿਸਾਨ ਅੰਦੋਲਨ ਨੂੰ ਅਪਣਾ ਫ਼ਾਇਦਾ ਸੋਚ ਕੇ ਹਮਾਇਤ ਦਿਤੀ ਸੀ ਤਾਂ ਉਹ ਠੀਕ ਨਹੀਂ ਸਨ ਸੋਚ ਰਹੇ।
Prime Minister Narendra Modi
ਅੱਜ ਇਕ ਪਾਸੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਭਾਜਪਾ ਹੈ ਅਤੇ ਦੂਜੇ ਪਾਸੇ ਮਮਤਾ ਬੈਨਰਜੀ ਦੀ ਅਗਵਾਈ ਵਿਚ ਟੀ.ਐਮ.ਸੀ. ਖੜੀ ਹੈ। 2019 ਵਿਚ ਭਾਜਪਾ ਦਾ ਬੰਗਾਲ ਵਿਚ ਵੋਟ ਸ਼ੇਅਰ 40 ਫ਼ੀਸਦੀ ਦੇ ਕਰੀਬ ਸੀ ਅਤੇ ਟੀ.ਐਮ.ਸੀ. ਦਾ 43 ਫ਼ੀ ਸਦੀ। ਇਨ੍ਹਾਂ ਦੋਵਾਂ ਵਿਚ ਸਿਰਫ਼ 3 ਫ਼ੀਸਦੀ ਦਾ ਫ਼ਰਕ ਹੈ ਪਰ ਇਕ ਪਾਰਟੀ ਬਹੁਤ ਤਾਕਤਵਰ ਹੈ ਕਿਉਂਕਿ ਉਸ ਕੋਲ ਸਾਰੇ ਦੇਸ਼ ਦੀ ਤਾਕਤ ਹੈ ਜਦਕਿ ਮਮਤਾ ਵਾਸਤੇ ਲੋਕਾਂ ਦੇ ਮਨ ਵਿਚ ਪਿਆਰ ਅਤੇ ਸਤਿਕਾਰ ਹੀ ਹੈ ਜਿਸ ਦੇ ਸਹਾਰੇ ਉਹ ਜਿਤਦੀ ਆਈ ਹੈ ਕਿਉਂਕਿ ਉਹ ਵੀ ਨਵੀਨ ਪਟਨਾਇਕ ਵਾਂਗ ਅਪਣੇ ਸੂਬੇ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਮਮਤਾ ਬੈਨਰਜੀ ਨੂੰ ਹਰਾਉਣ ਲਈ ਕੇਂਦਰ ਦੀ ਪੂਰੀ ਤਾਕਤ ਵੀ ਘੱਟ ਪੈ ਸਕਦੀ ਹੈ।
Mamata Banerjee
ਸ਼ਾਇਦ ਇਸੇ ਕਰ ਕੇ ਚੋਣ ਕਮਿਸ਼ਨ ਨੂੰ ਵੀ ਕੇਂਦਰ ਦਾ ਜ਼ਿਆਦਾ ਖ਼ਿਆਲ ਰਖਣਾ ਪੈ ਰਿਹਾ ਹੈ ਜਿਸ ਕਰ ਕੇ ਪਹਿਲਾਂ ਮਮਤਾ ਵਲੋਂ ਲਗਾਏ ਗਏ ਡੀ.ਜੀ.ਪੀ. ਦਾ ਤਬਾਦਲਾ ਕੀਤਾ ਗਿਆ ਅਤੇ ਫਿਰ ਮਮਤਾ ਨਾਲ ਜਾਨ ਲੇਵਾ ਹਾਦਸਾ ਵੀ ਵਾਪਰ ਗਿਆ। ਚੋਣ ਕਮਿਸ਼ਨ ਵਲੋਂ ਇਸ ਹਾਦਸੇ ਨੂੰ ਇਕ ਇਤਫ਼ਾਕੀਆ ਹਾਦਸਾ ਕਰਾਰ ਦੇਣ ਦੀ ਕਾਹਲ ਸ਼ਾਇਦ ਮਮਤਾ ਦੇ ਹੱਕ ਵਿਚ ਹੀ ਜਾਵੇਗੀ ਕਿਉਂਕਿ ਦੇਸ਼ ਦੇ ਲੋਕ ਜਾਣਦੇ ਹਨ ਕਿ ਇਲੈਕਸ਼ਨ ਕਮਿਸ਼ਨ ਇਸ ਰਫ਼ਤਾਰ ਨਾਲ ਫ਼ੈਸਲੇ ਨਹੀਂ ਸੁਣਾਉੁਂਦਾ ਤੇ ਕਈ ਕਈ ਹਫ਼ਤੇ ਸੋਚਦਾ ਰਹਿੰਦਾ ਹੈ, ਫਿਰ ਜਾ ਕੇ ਵੀ ਗੋਲ ਮੋਲ ਭਾਸ਼ਾ ਵਿਚ ਹੀ ਗੱਲ ਕਰਦਾ ਹੈ।
ਅੱਜ ਜਿਥੇ ਭਾਜਪਾ ਕੋਲ ਦੇਸ਼ ਦੀ ਤਾਕਤ ਹੈ, ਉਥੇ ਮਮਤਾ ਕੋਲ ਅਪਣੀ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਭਾਜਪਾ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਦੀ ਤਾਕਤ ਹੈ। ਇਹ ਚੋਣ ਸਿਰਫ਼ ਭਾਜਪਾ ਬਨਾਮ ਟੀ.ਐਮ.ਸੀ. ਨਹੀਂ ਬਲਕਿ ਭਾਜਪਾ ਬਨਾਮ ਸੰਘੀ ਢਾਂਚਾ ਵੀ ਹੋਵੇਗੀ ਕਿਉਂਕਿ ਕਿਸਾਨ ਹੁਣ ਸਿਰਫ਼ ਖੇਤੀ ਕਾਨੂੰਨ ਨਹੀਂ ਬਲਕਿ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਿਰੁਧ ਵੀ ਆਵਾਜ਼ ਚੁਕ ਰਹੇ ਹਨ। ਕਿਸਾਨ ਸਿੰਘੂਪੁਰ ਦੀ ਧਰਤੀ ਤੇ ਖੜੇ ਹੋ ਕੇ ਕਾਰਪੋਰੇਟਾਂ ਦੀ ਤਾਕਤ ਨੂੰ ਚੁਣੌਤੀ ਦੇ ਰਹੇ ਹਨ। ਉਮੀਦ ਕਰਦੇ ਹਾਂ ਕਿ ਬੰਗਾਲ ਦੀਆਂ ਚੋਣਾਂ ਵਿਚ ਭਾਵੇਂ ਦੋ ਧਿਰਾਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਹੈ, ਇਹ ਪਾਰਟੀਆਂ ਇਸ ਨੂੰ ਬਿਨਾਂ ਹੋਰ ‘ਇਤਫ਼ਾਕੀਆ’ ਹਾਦਸਿਆਂ ਦੇ, ਸੰਪੂਰਨ ਕਰਨ ਦੀ ਸੋਚਣਗੀਆਂ।
- ਨਿਮਰਤ ਕੌਰ