ਤਸਕਰਾਂ ਨੂੰ ਹਰਾਉਣ ਵਾਲੀ ਲਹਿਰ ਹੁਣ ਸ਼ਾਇਦ ਸਫ਼ਲ ਹੋ ਹੀ ਜਾਏ।
ਹਰ ਵਾਰ ਪਿੰਡਾਂ ਵਿਚ ਸੱਥ ਲਾ ਕੇ ਆਉਣ ਤੋਂ ਬਾਅਦ ਇਕ ਬੇਚੈਨੀ ਜਹੀ ਮਨ ਨੂੰ ਘੇਰ ਲੈਂਦੀ ਸੀ। ਹਾਲਾਤ ਤੇ ਅਪਣੀ ਬੇਬਸੀ ਨਿਰਾਸ਼ ਕਰ ਦੇਂਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਸੱਭ ਤੋਂ ਵੱਧ ਨਿਰਾਸ਼ਾ ਨਸ਼ੇ ਦੇ ਮੁੱਦੇ ’ਤੇ ਹੁੰਦੀ ਸੀ ਕਿਉਂਕਿ ਵਧਦੀ ਨਸ਼ੇ ਦੀ ਵਰਤੋਂ ਸਾਹਮਣੇ ਸਮਾਜ ਗ਼ਰਕਦਾ ਨਜ਼ਰ ਆ ਰਿਹਾ ਸੀ। ਕਈ ਵਰਗਾਂ ਤੋਂ ਇਸ ਬਾਰੇ ਸਚਾਈ ਜਾਣਨ ਦੇ ਯਤਨ ਕੀਤੇ ਗਏ ਸੀ ਪਰ ਹਾਰ ਦਾ ਮਾਹੌਲ ਬੁਰੀ ਤਰ੍ਹਾਂ ਹਰ ਪਾਸੇ ਪਸਰਿਆ ਹੋਇਆ ਸੀ। ਪੱਤਰਕਾਰਾਂ, ਪੁਲਿਸ ਅਫ਼ਸਰਾਂ, ਸਮਾਜ ਸੇਵੀਆਂ, ਸਰਕਾਰਾਂ ਤੇ ਅਦਾਲਤ ਵਲੋਂ ਯਤਨ ਕੀਤੇ ਜਾ ਰਹੇ ਸਨ ਪਰ ਨਸ਼ਾ ਤਸਕਰ ਜਿਤਦੇ ਜਾ ਰਹੇ ਸਨ।
ਪਰ ਬੜੇ ਚਿਰਾਂ ਤੋਂ ਬਾਅਦ ਕਿਸੇ ਸੱਥ ਤੋਂ ਉਮੀਦ ਲੈ ਕੇ ਪਰਤੀ ਹਾਂ। ਤਿੰਨ ਪਿੰਡਾਂ ਵਿਚ ਸੱਥਾਂ ਲਗੀਆਂ, ਕੋਟ ਸ਼ਮੀਰ, ਭਗਤਾ ਭਾਈ ਕਾ ਤੇ ਦੁਲ੍ਹੇਵਾਲਾ ਬਠਿੰਡਾ ਦੇ ਪਿੰਡ ਹਨ ਤੇ ਇਨ੍ਹਾਂ ਪਿੰਡਾਂ ਵਿਚ ਨਸ਼ੇ ਦੀ ਕੋਈ ਕਮੀ ਨਹੀਂ। ਪਿੰਡ ਭਗਤਾ ਭਾਈ ਕਾ ਦੀ ਆਬਾਦੀ 22 ਹਜ਼ਾਰ ਦੀ ਹੈ ਤੇ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਉਥੇ ਹਰ ਰੋਜ਼ 5-7 ਲੱਖ ਦਾ ਨਸ਼ਾ ਵਿਕਦਾ ਸੀ। ਨਸ਼ਾ ਤਸਕਰੀ ਵਿਚ ਸਫ਼ਲਤਾ ਏਨੀ ਵੱਧ ਗਈ ਸੀ ਕਿ ਨਸ਼ਾ ਵੇਚਣ ਵਾਲਾ ਜੈਗੁਆਰ ਗੱਡੀ ਵਿਚ ਸਵਾਰ ਹੋ ਕੇ ਨਸ਼ੇ ਦੀਆਂ ਪੁੜੀਆਂ ਵੇਚਣ ਆਉਂਦਾ ਸੀ। ਉਸ ਗੱਡੀ ਦੀ ਕੀਮਤ 70-80 ਲੱਖ ਤੋਂ ਸ਼ੁਰੂ ਹੁੰਦੀ ਹੈ। ਹਰ ਗੇੜੇ ਵਿਚ ਅਜਿਹੀਆਂ ਪੁੜੀਆਂ ਲੈ ਕੇ ਆਉਂਦਾ ਸੀ ਜਿਨ੍ਹਾਂ ਦੀ ਕੀਮਤ 8 ਹਜ਼ਾਰ ਪ੍ਰਤੀ ਪੁੜੀ ਸੀ।
ਪਰ ਅੱਜ ਪਹਿਲੀ ਵਾਰ ਲਗਿਆ ਕਿ ਤਸਕਰਾਂ ਨੂੰ ਹਰਾਉਣ ਵਾਲੀ ਲਹਿਰ ਹੁਣ ਸ਼ਾਇਦ ਸਫ਼ਲ ਹੋ ਹੀ ਜਾਏ। ਇਨ੍ਹਾਂ ਪਿੰਡਾਂ ਵਿਚ ਨਸ਼ਾ ਵਿਰੋਧੀ ਕਮੇਟੀਆਂ ਬਣ ਗਈਆਂ ਹਨ ਜਿਨ੍ਹਾਂ ਵਿਚ ਹਰ ਪਾਰਟੀ ਦੇ ਲੋਕ ਸਿਆਸਤ ਤੋਂ ਉਪਰ ਉਠ ਕੇ ਅਪਣੇ ਬੱਚਿਆਂ ਨੂੰ ਬਚਾਉਣ ਲਈ ਇਕੱਠੇ ਹੋ ਗਏ ਹਨ। ਇਹ ਪਹਿਲੀ ਵਾਰ ਸੀ ਕਿ ਕਿਸੇ ਪਿੰਡ ਵਿਚ ਸੱਥ ’ਚ ਬੈਠੇ ਲੋਕਾਂ ਵਿਚਕਾਰ ਦਰਾੜਾਂ ਨਹੀਂ ਸਨ ਦਿਸ ਰਹੀਆਂ। ਕੋਈ ਕਾਂਗਰਸੀ, ਅਕਾਲੀ ਜਾਂ ‘ਆਪ’ ਦੇ ਵਰਕਰ ਵਜੋਂ ਨਹੀਂ ਸੀ ਬੈਠਾ ਬਲਕਿ ਸਾਰੇ ਪੰਜਾਬੀ ਹੀ ਬੈਠੇ ਸੀ।
24 ਘੰਟੇ ਪਿੰਡ ਦੇ 12-13 ਰਸਤਿਆਂ ਤੇ ਪਹਿਰਾ ਲਗਦਾ ਹੈ ਤੇ ਫੜੇ ਗਏ ਨਸ਼ਾ ਤਸਕਰਾਂ ਨੂੰ ਪਹਿਲਾਂ ਸਮਝਾਇਆ ਜਾਂਦਾ ਹੈ ਤੇ ਦੂਜੀ ਵਾਰ ਸਖ਼ਤੀ ਵਿਖਾਈ ਜਾਂਦੀ ਹੈ। ਨਸ਼ਾ ਤਸਕਰਾਂ ਨੇ ਤਲਾਸ਼ੀ ਤੋਂ ਬਚਣ ਵਾਸਤੇ ਬੀਬੀਆਂ ਦਾ ਇਸਤੇਮਾਲ ਕੀਤਾ ਤਾਂ ਫਿਰ ਪਿੰਡ ਦੀਆਂ ਬੀਬੀਆਂ ਵੀ ਨਾਲ ਖਲੋ ਗਈਆਂ ਤੇ ਤਲਾਸ਼ੀ ਵਾਸਤੇ 24 ਘੰਟੇ ਹਾਜ਼ਰ ਰਹਿੰਦੀਆਂ ਹਨ। ਜਿਥੇ ਦੋ ਪਿੰਡਾਂ ਵਿਚ ਮੁਹਿੰਮ ਸ਼ੁਰੂ ਹੋਈ ਨੂੰ ਮਹੀਨਾ ਹੀ ਹੋਇਆ ਸੀ, ਪਿੰਡ ਦੁਲੇਵਾਲਾ ਵਿਚ ਮੁਹਿੰਮ ਤਿੰਨ ਮਹੀਨਿਆ ਤੋਂ ਚਲ ਰਹੀ ਸੀ ਤੇ ਹੁਣ 51 ਪਿੰਡਾਂ ਵਿਚ ਪਹੁੰਚ ਚੁੱਕੀ ਹੈ। 51 ਪਿੰਡਾਂ ਵਿਚ ਸਾਂਝੀ ਨਸ਼ਾ ਵਿਰੋਧੀ ਕਮੇਟੀ ਹੈ ਜੋ ਕਿ ਇਕ ਦੂਜੇ ਦਾ ਹੱਥ ਵਟਾਉਂਦੀ ਹੈ। ਇਨ੍ਹਾਂ ਪਿੰਡਾਂ ਦਾ ਦਾਅਵਾ ਸੀ ਕਿ ਜੇ ਤੁਸੀ ਇਥੋਂ ਨਸ਼ਾ ਖ਼ਰੀਦ ਕੇ ਵਿਖਾ ਦੇਵੋ ਤਾਂ ਪੈਸੇ ਉਹ ਦੇਣਗੇ। ਲੁੱਟ-ਖੋਹ, ਚੋਰੀਆਂ, ਮਾਰਕੁਟ ਦੀਆਂ ਵਾਰਦਾਤਾਂ ਘੱਟ ਗਈਆਂ ਹਨ ਤੇ ਦੇਰ ਰਾਤ ਤਕ ਦੁਕਾਨਾਂ ਖੁਲ੍ਹੀਆਂ ਰਹਿੰਦੀਆਂ ਹਨ।
ਇਨ੍ਹਾਂ ਪਿੰਡਾਂ ਦੀਆਂ ਕਮੇਟੀਆਂ ਦੇ ਨਾਲ ਹੁਣ ਐਸ.ਟੀ.ਐਫ. ਤੇ ਪੰਜਾਬ ਪੁਲਿਸ ਵੀ ਖੜੀ ਹੋ ਗਈ ਹੈ। ਐਮ.ਐਲ.ਏ. ਬਲਕੌਰ ਸਿੰਘ ਦਾ ਪਿੰਡ ਵਾਲਿਆਂ ਨੇ ਖ਼ਾਸ ਧਨਵਾਦ ਕੀਤਾ। ਪਰ ਦਿਲ ਖ਼ੁਸ਼ ਕਰਨ ਵਾਲਾ ਸੱਭ ਤੋਂ ਚੰਗਾ ਪਲ ਉਹ ਸੀ ਜਦ ਇਕ ਨੌਜੁਆਨ ਨਾਲ ਗੱਲਬਾਤ ਵਿਚ ਪਤਾ ਲੱਗਾ ਕਿ ਉਹ 2004 ਤੋਂ ਨਸ਼ਾ ਕਰਦਾ ਸੀ ਪਰ ਤਿੰਨ ਮਹੀਨਿਆਂ ਵਿਚ ਸੱਭ ਛੱਡ ਦਿਤਾ ਜਦ ਪਿੰਡ ਵਾਲਿਆਂ ਨੇ ਪਿਆਰ ਨਾਲ ਸਮਝਾਇਆ ਤੇ ਉਸ ਨੂੰ ਅਪਣੇ ਨਾਲ ਰਖਿਆ। ਜੋ ਜੋ ਛਡਣਾ ਚਾਹੁੰਦਾ ਸੀ, ਉਸ ਨੂੰ ਛੱਡਣ ਲਈ ਸਹਾਇਤਾ ਵਜੋਂ ਦਵਾ ਤਾਂ ਦਿਤੀ ਪਰ ਕਮੇਟੀ ਵਾਲਿਆਂ ਨੇ ਉਸ ਨੂੰ 24 ਘੰਟੇ ਅਪਣੇ ਨਾਲ ਰੱਖ ਕੇ ਉਸ ਨੂੰ ਅਪਣਾ ਹਿੱਸਾ ਬਣਾ ਲਿਆ। ਹੁਣ ਉਮੀਦ ਹੈ ਕਿ ਇਹ ਲੋਕ-ਲਹਿਰ ਪਿੰਡ ਪਿੰਡ, ਗਲੀ ਗਲੀ ਵਿਚ ਪ੍ਰਸ਼ਾਸਨ ਦੇ ਨਾਲ ਖੜੀ ਹੋ ਕੇ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ। ਜਦ ਲੋਕ ਜਾਗ ਪੈਣ, ਜੁੜ ਜਾਣ ਤਾਂ ਕੋਈ ਵੀ ਪ੍ਰਾਪਤੀ ਔਖੀ ਨਹੀਂ ਰਹਿ ਜਾਂਦੀ।
- ਨਿਮਰਤ ਕੌਰ