
ਕਿਸਾਨੀ ਸੰਘਰਸ਼ ਦੇ ਦੂਜੇ ਗੇੜ ਵਿਚ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਕਈ ਜ਼ਖ਼ਮੀ ਹੋਏ ਹਨ
Editorial: ਕਿਸਾਨ ਹੁਣ ਦੋ ਦਿਨ ਹੋਰ ਸਾਹ ਰੋਕੀ ਬੈਠੀ ਰਹਿਣਗੇ ਤਾਕਿ ਸਰਕਾਰ ਸਿਰ ਖੁਰਕ ਕੇ ਕਿਸਾਨ ਮਸਲੇ ਦਾ ਕੋਈ ਹੱਲ ਲੱਭ ਸਕੇ ਜਿਸ ਮਗਰੋਂ ਕਿਸਾਨਾਂ ਨੂੰ ਅੰਦੋਲਨ ਵਾਪਸ ਲੈਣ ਲਈ ਮਨਾਇਆ ਜਾ ਸਕੇ। ਪਰ ਤਿੰਨ ਦਿਨਾਂ ਵਿਚ ਕਿਸਾਨਾਂ ਉਤੇ ਹਰਿਆਣਾ ਸਰਕਾਰ ਵਲੋਂ ਜਿਹੜਾ ਤਸ਼ੱਦਦ ਢਾਹਿਆ ਗਿਆ, ਉਸ ਦਾ ਹਿਸਾਬ ਕੌਣ ਦੇਵੇਗਾ?
ਕਿਸਾਨੀ ਸੰਘਰਸ਼-2 ਵਿਚ ਇਕ ਕਿਸਾਨ ਦੀ ਮੌਤ ਹੋ ਚੁੱਕੀ ਹੈ। ਕਾਰਨ ਹਰਿਆਣੇ ਦੀਆਂ ਸਰਹੱਦਾਂ ’ਤੇ ਤਾਇਨਾਤ ਸੁਰੱਖਿਆ ਬਲਾਂ ਵਲੋਂ ਲਗਾਤਾਰ ਛੱਡੇ ਗਏ ਅਥਰੂ ਗੈਸ ਦੇ ਗੋਲੇ ਸਨ ਜਿਸ ਕਾਰਨ ਕਿਸਾਨ ਗਿਆਨ ਸਿੰਘ ਦੇ ਫੇਫੜੇ ਵਿਚ ਸਾਹ ਦੀਆਂ ਦਿਕੱਤਾਂ ਵਧੀਆਂ ਤੇ ਉਨ੍ਹਾਂ ਦੀ ਜਾਨ ਚਲੀ ਗਈ। ਕਿਸਾਨੀ ਸੰਘਰਸ਼ ਦੇ ਇਸ ਦੂਜੇ ਗੇੜ ਦੇ ਉਹ ਪਹਿਲੇ ਸ਼ਹੀਦ ਆਖੇ ਜਾਣਗੇ ਪਰ ਜੇ ਸਰਕਾਰ ਦੀਆਂ ਨਜ਼ਰਾਂ ਨਾਲ ਵੇਖੀਏ ਤਾਂ ਇਹ ਕਿਸਾਨਾਂ ਵਲੋਂ ਕੀਤੀ ਗਈ ਕਥਿਤ ‘ਹਿੰਸਾ’ ਵਿਚ ਇਕ ਸ਼ਰਾਰਤੀ ਅਨਸਰ ਦੀ ਮੌਤ ਹੈ। ਜਦ ਸਰਕਾਰ ਸੰਘਰਸ਼ੀ ਕਿਸਾਨਾਂ ਵਲੋਂ ਅਜਿਹਾ ਰਵਈਆ ਅਪਣਾਏਗੀ ਤਾਂ ਕੀ ਕਿਸੇ ਕਿਸਾਨ ਪੱਖੀ ਤੇ ਹਮਦਰਦੀ ਭਰੇ ਹੱਲ ਦੀ ਆਸ ਰੱਖੀ ਜਾਣੀ ਠੀਕ ਹੋਵੇਗੀ ਜਾਂ ਚੋਣਾਂ ਦੌਰਾਨ ਕਿਸਾਨਾਂ ਨੂੰ ਚੁਪ ਕਰਵਾਉਣ ਦਾ ਇਕ ਨਕਲੀ ਰਸਤਾ ਹੀ ਕਢਿਆ ਜਾਵੇਗਾ?
ਕਿਸਾਨੀ ਸੰਘਰਸ਼ ਦੇ ਦੂਜੇ ਗੇੜ ਵਿਚ ਤਿੰਨ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਕਈ ਜ਼ਖ਼ਮੀ ਹੋਏ ਹਨ ਪਰ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦਾ ਅਫ਼ਸੋਸ ਨਹੀਂ ਜਤਾਇਆ ਗਿਆ ਬਲਕਿ ਹਰ ਹੀਲਾ ਵਰਤਿਆ ਜਾ ਰਿਹਾ ਹੈ, ਇਹ ਸਾਬਤ ਕਰਨ ਲਈ ਕਿ ਕਿਸਾਨ ਹੀ ਹਿੰਸਕ ਹਨ।
ਸਰਹੱਦਾਂ ’ਤੇ ਕਿਸਾਨਾਂ ਨਾਲ ਪੱਤਰਕਾਰ ਵੀ ਮੌਜੂਦ ਹਨ ਜਿਨ੍ਹਾਂ ਦੇ ਕੈਮਰੇ ਹਰ ਥਾਂ ਜਾਂਦੇ ਹਨ ਤੇ ਕਿਸੇ ਕਿਸਾਨ ਦੇ ਹੱਥ ਵਿਚ ਉਨ੍ਹਾਂ ਨੂੰ ਕੋਈ ਹਥਿਆਰ ਨਹੀਂ ਮਿਲਿਆ। ਸਾਰੇ ਹਥਿਆਰ ਹਰਿਆਣਾ ਸਰਕਾਰ ਦੇ ਪੁਲਿਸ ਮਹਿਕਮੇ ਦੇ ਹੱਥਾਂ ਵਿਚ ਹੀ ਹਨ ਜੋ ਕਿਸਾਨ ਕੋਲੋਂ ਅਪਣੇ ਦੇਸ਼ ਦੀ ਰਾਜਧਾਨੀ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਹੱਕ ਖੋਹ ਰਹੇ ਹਨ। ਦਿੱਲੀ ਵਿਚ ਪੁਲਿਸ ਨੇ ਵੀ ਕਿਸਾਨਾਂ ਵਿਰੁਧ ਤਿਆਰੀ ਸ਼ੁਰੂ ਕਰ ਦਿਤੀ ਹੈ ਤੇ ਹਜ਼ਾਰਾਂ ਦੀ ਗਿਣਤੀ ਵਿਚ ਅਥਰੂ ਬੰਬ ਫ਼ੌਜ ਕੋਲੋਂ ਪ੍ਰਾਪਤ ਕਰ ਲਏ ਹਨ। ਇਕ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਸੁਰੱਖਿਆ ਬਲਾਂ ਵਲੋਂ ਇਕ ਅਜਿਹਾ ਹਥਿਆਰ (LSR) ਇਸਤੇਮਾਲ ਕਰਨ ਦੀ ਤਿਆਰੀ ਹੈ ਜੋ ਕਿ ‘Sonic waves’ (ਸੋਨਿਕ ਤਰੰਗਾਂ) ਰਾਹੀਂ ਕਿਸਾਨਾਂ ਦੇ ਕੰਨਾਂ ਨੂੰ ਪਾੜ ਦੇਵੇਗੀ ਤੇ ਉਹ ਬੇਕਾਬੂ ਹੋ ਜਾਣਗੇ।
ਇਹ ਅਮਰੀਕਾ ਦੇ ਅਤਿਵਾਦੀ ਹਮਲਿਆਂ ਵਿਚ ਅਤਵਾਦੀਆਂ ਨਾਲ ਨਜਿਠਣ ਦੇ ਹਥਿਆਰ ਹਨ। ਅਜੇ ਇਹ ਵਰਤਿਆ ਨਹੀਂ ਗਿਆ ਪਰ ਜੇ ਇਸ ਨੂੰ ਵਰਤਣ ਦਾ ਇਰਾਦਾ ਵੀ ਹੈ ਤਾਂ ਭਾਰਤ ਵਾਸਤੇ ਇਹ ਬੜਾ ਹੀ ਸ਼ਰਮਨਾਕ ਪੱਲ ਹੋਵੇਗਾ। ਇਸ ਦਾ ਮਤਲਬ ਤਾਂ ਇਹ ਹੈ ਕਿ ਸਿਆਸਤਦਾਨ ਅਪਣੀ ਕੁਰਸੀ ਨੂੰ ਬਚਾਉਣ ਵਾਸਤੇ ਹੈਵਾਨ ਬਣਨ ਤੋਂ ਵੀ ਨਹੀਂ ਝਿਜਕਦਾ। ਪ੍ਰਧਾਨ ਮੰਤਰੀ ਮੋਦੀ ਨੂੰ ਆਪ ਇਸ ਬਾਰੇ ਜਾਣਕਾਰੀ ਲੈ ਕੇ ਸਚਾਈ ਸਪੱਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਸਿਰਫ਼ ਉਨ੍ਹਾਂ ਦੀ ਛਵੀ ਕਾਰਨ ਹੀ ਉਨ੍ਹਾਂ ਨੂੰ ਤੀਜੀ ਵਾਰ ਜਿੱਤ ਦਾ ਸਮਰਥਨ ਦੇ ਰਿਹਾ ਹੈ। ਉਨ੍ਹਾਂ ਨੂੰ ਰਾਮ ਦਾ ਰੂਪ ਵੀ ਆਖਿਆ ਜਾ ਰਿਹਾ ਹੈ। ਪਰ ਕੀ ਰਾਮ ਰਾਜ ਵਿਚ ਕਿਸਾਨਾਂ ਨੂੰ ਅਪਣੀ ਰਾਜਧਾਨੀ ਵਿਚ ਜਾਣੋਂ ਰੋਕਣ ਲਈ ਇਸ ਤਰ੍ਹਾਂ ਦੀਆਂ ਰੋਕਾਂ ਲਾਈਆਂ ਜਾਂਦੀਆਂ ਸਨ ਜਾਂ ਅਜਿਹੀ ਗੋਲੀਬਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ? ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਅੱਗੇ ਵਧਣੋਂ ਰੋਕਣ ਲਈ ਕੀਤੀ ਜਾ ਰਹੀ ਤਿਆਰੀ ਰਾਮ ਰਾਜ ਨਾਲ ਨਹੀਂ ਬਲਕਿ ਬਾਬਰ ਵਰਗੇ ਹਮਲਾਵਰ ਦੇ ਰਾਜ ਨਾਲ ਮਿਲਦੀ ਹੈ।
ਜਿਹੜਾ ਗੋਦੀ ਮੀਡੀਆ ਜਾਂ ਸੋਸ਼ਲ ਮੀਡੀਆ ਅੰਦੋਲਨਕਾਰੀ ਕਿਸਾਨਾਂ ਵਲੋਂ ਅਪਣੇ ਹੱਕ ਤੇ ਬਚਾਅ ਲਈ ਚੁੱਕੇ ਗਏ ਕਦਮਾਂ ਦੀ ਆਲੋਚਨਾ ਕਰ ਰਿਹਾ ਹੈ ਉਹ ਜ਼ਰਾ ਯੂਰੋਪ ਦੇ ਕਿਸਾਨਾਂ ਦੇ ਵਿਰੋਧ ਵਲ ਵੀ ਵੇਖੇ। ਪੈਰਿਸ ਵਿਚ ਕਿਸਾਨਾਂ ਨੇ ਵਿਰੋਧ ਕਰਨ ਲਈ ਪੈਰਿਸ ਨੂੰ ਜਾਂਦੇ ਸਾਰੇ ਰਸਤੇ ਰੋਕ ਕੇ ਪੈਰਿਸ ਨੂੰ ਭੁੱਖਾ ਰਖਣ ਦੀ ਯੋਜਨਾ ਬਣਾਈ ਤੇ ਸਾਡੇ ਤਾਂ ਰਾਹ ਵੀ ਨਹੀਂ ਰੋਕਦੇ। ਜਰਮਨੀ ਦੇ ਕਿਸਾਨਾਂ ਨੇ ਸੜਕਾਂ ਤੇ ਟ੍ਰੈਕਟਰਾਂ ਨਾਲ ਰਾਹ ਰੋਕੇ। ਹਾਲੈਂਡ ਵਿਚ ਕਿਸਾਨਾਂ ਨੇ ਗੋਬਰ ਨਾਲ ਸੜਕਾਂ ਭਰ ਦਿਤੀਆਂ। ਸਾਡੇ ਕਿਸਾਨ ਕਿਸੇ ਨੂੰ ਤੰਗ ਕੀਤੇ ਬਿਨਾ ਅਪਣੇ ਹੱਕਾਂ ਦੀ ਮੰਗ ਕਰ ਰਹੇ ਹਨ ਤੇ ਬਦਲੇ ਵਿਚ ਸੁਰੱਖਿਆ ਕਰਮਚਾਰੀ ਉਨ੍ਹਾਂ ਨਾਲ ਕੀ ਸਲੂਕ ਕਰ ਰਹੇ ਹਨ? ਇਸ ਦਾ ਜਵਾਬ ਕੌਣ ਦੇਵੇਗਾ? ਕੀ ਅਦਾਲਤਾਂ ਹੋਰ ਮੌਤਾਂ ਦਾ ਇੰਤਜ਼ਾਰ ਕਰ ਰਹੀਆਂ ਹਨ? ਕਿਉਂ ਇਸ ਅਣਿਆਈ ਸਖ਼ਤੀ ਵਿਰੁਧ ਸਖ਼ਤ ਕਦਮ ਚੁੱਕਣ ਦੇ ਆਦੇਸ਼ ਨਹੀਂ ਦਿਤੇ ਜਾ ਰਹੇ? -ਨਿਮਰਤ ਕੌਰ