
ਕੋਰੋਨਾ ਵਾਇਰਸ ਜੰਗਲ ਦੀ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਜਿਸ ਨੂੰ ਕਾਬੂ ਕਰਨ ਵਾਸਤੇ ਹੁਣ ਸਾਰੇ ਦੇਸ਼ ਅਪਣੀਆਂ ਸਰਹੱਦਾਂ ਨੂੰ ਬੰਦ ਕਰ ਰਹੇ...
ਕੋਰੋਨਾ ਵਾਇਰਸ ਜੰਗਲ ਦੀ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਜਿਸ ਨੂੰ ਕਾਬੂ ਕਰਨ ਵਾਸਤੇ ਹੁਣ ਸਾਰੇ ਦੇਸ਼ ਅਪਣੀਆਂ ਸਰਹੱਦਾਂ ਨੂੰ ਬੰਦ ਕਰ ਰਹੇ ਹਨ। ਇਕ ਅਜਿਹੀ ਘਬਰਾਹਟ ਫੈਲ ਰਹੀ ਹੈ ਜਿਸ ਵਿਚੋਂ ਬੜੀਆਂ ਕਹਾਣੀਆਂ ਨਿਕਲ ਕੇ ਆ ਰਹੀਆਂ ਹਨ। ਡਰ ਨਾਲ ਸਾਜ਼ਸ਼ ਦੀਆਂ ਬੜੀਆਂ ਕਹਾਣੀਆਂ ਚਲ ਰਹੀਆਂ ਹਨ। ਕੋਈ ਆਖਦਾ ਹੈ ਕਿ ਇਹ ਚੀਨ ਵਲੋਂ ਈਜਾਦ ਕੀਤਾ ਜੰਗ ਦਾ ਇਕ ਨਵਾਂ ਹਥਿਆਰ ਸੀ ਜੋ ਉਨ੍ਹਾਂ ਦੇ ਅਪਣੇ ਉਪਰ ਹੀ ਵਾਰ ਕਰ ਗਿਆ।
Corona Virus
ਇਸ ਦੇ ਜਵਾਬ ਵਿਚ ਚੀਨ ਦਾ ਇਕ ਮੰਤਰੀ ਆਖਦਾ ਹੈ ਕਿ ਇਹ ਅਮਰੀਕਾ ਵਲੋਂ ਚੀਨ ਉਤੇ ਵਾਰ ਹੈ। ਫਿਰ ਹੁਣ ਇਕ ਹੋਰ ਸਾਜ਼ਸ਼ ਦੀ ਖ਼ਬਰ ਆ ਰਹੀ ਹੈ ਕਿ ਚੀਨ ਨੇ ਇਹ ਸਾਰਾ ਕੁੱਝ ਦੁਨੀਆਂ ਦੇ ਸ਼ੇਅਰ ਬਾਜ਼ਾਰ ਨੂੰ ਕਾਬੂ ਕਰਨ ਲਈ ਕੀਤਾ ਹੈ। ਉਨ੍ਹਾਂ ਅਪਣੇ ਨਾਗਰਿਕਾਂ ਦੀ ਬਲੀ ਦੇ ਕੇ ਡਰ ਦਾ ਮਾਹੌਲ ਪੈਦਾ ਕੀਤਾ ਜਿਸ ਕਰ ਕੇ ਸ਼ੇਅਰ ਬਾਜ਼ਾਰ ਡਿਗ ਪਏ। ਹੋਰ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿ ਚੀਨ ਨੇ ਇਕ ਹੋਟਲ ਡੇਗ ਦਿਤਾ ਕਿਉਂਕਿ ਉਸ ਅੰਦਰ ਕੋਰੋਨਾ ਦੇ ਮਰੀਜ਼ ਸਨ।
Corona Virus
ਇਰਾਕ ਵਿਚ ਸਮੂਹਕ ਕਬਰਾਂ ਖੋਦੀਆਂ ਜਾ ਰਹੀਆਂ ਹਨ। ਅਮਰੀਕਾ ਵਿਚ ਤਾਂ ਡਰ ਕਰ ਕੇ ਸਾਰੇ ਬਾਜ਼ਾਰ ਖ਼ਾਲੀ ਹੋ ਚੁੱਕੇ ਹਨ। ਸਾਰਿਆਂ ਨੇ 2-2 ਮਹੀਨੇ ਦਾ ਰਾਸ਼ਨ ਖ਼ਰੀਦ ਕੇ ਰੱਖ ਲਿਆ ਹੈ। ਨੱਕ ਢੱਕਣ ਵਾਲੇ ਮਾਸਕ ਦੀ ਕਮੀ ਬਣਦੀ ਜਾ ਰਹੀ ਹੈ ਕਿਉਂਕਿ ਕਈ ਲੋਕ ਬਗ਼ੈਰ ਕਿਸੇ ਲੋੜ ਤੋਂ ਹੀ ਇਨ੍ਹਾਂ ਨੂੰ ਖ਼ਰੀਦੀ ਬੈਠੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸਾਰੀ ਬਿਮਾਰੀ ਮਾਸਕ ਅਤੇ ਦਵਾਈ ਕੰਪਨੀਆਂ ਨੇ ਖੜੀ ਕੀਤੀ ਹੈ ਅਤੇ ਅਸਲ ਵਿਚ ਕੋਈ ਖ਼ਤਰਾ ਨਹੀਂ।
Corona Virus
ਇਹ ਜੋ ਡਰ ਅਤੇ ਘਬਰਾਹਟ ਦਾ ਮਾਹੌਲ ਹੈ, ਉਸ ਤੋਂ ਬਚਣ ਵਾਸਤੇ ਝੂਠੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਦੇ ਸੰਦੇਸ਼ਾਂ ਤੋਂ ਪਰਹੇਜ਼ ਕਰਨਾ ਸੱਭ ਤੋਂ ਵੱਡੀ ਸਿਆਣਪ ਹੋਵੇਗੀ। ਕਈ ਸੁਨੇਹੇ ਆ ਰਹੇ ਹਨ ਕਿ ਯੂਨੀਸੇਫ਼ ਦੇ ਡਾਕਟਰ, ਚੀਨ ਦੇ ਮਾਹਰ, ਚੀਨ ਵਿਚ ਫਸੇ ਵਿਦਿਆਰਥੀ ਅਤੇ ਪਤਾ ਨਹੀਂ ਕੌਣ ਕੌਣ ਇਸ ਬਿਮਾਰੀ ਦਾ ਮਾਹਰ ਬਣ ਗਿਆ ਹੈ। ਭਾਰਤ ਵਿਚ ਗਰਮੀ ਕਰ ਕੇ ਏਨੀ ਤੇਜ਼ੀ ਨਾਲ ਨਹੀਂ ਫੈਲ ਰਿਹਾ ਪਰ ਫਿਰ ਸਿੰਗਾਪੁਰ ਵਿਚ ਕਿਉਂ ਹੈ?
Corona Virus
ਹਰ ਫੈਲਦੀ ਖ਼ਬਰ ਦਾ ਇਲਾਜ ਇਹ ਹੈ ਕਿ ਇਸ ਬਿਮਾਰੀ ਦੀ ਜਾਣਕਾਰੀ ਅਤੇ ਬਚਾਅ ਬਾਰੇ ਇਕ ਸਹੀ ਥਾਂ ਤੋਂ ਪਰਹੇਜ਼ ਸਮਝੀਏ। ਝੂਠੀਆਂ ਅਤੇ ਸਨਸਨੀਖ਼ੇਜ਼ ਖ਼ਬਰਾਂ ਤੋਂ ਪਰਹੇਜ਼ ਕਰਨਾ ਡਰ ਦੇ ਮਾਹੌਲ ਨੂੰ ਕਾਬੂ ਕਰਨ ਵਾਸਤੇ ਬਹੁਤ ਜ਼ਰੂਰੀ ਹੈ। ਇਹ ਵਾਇਰਸ ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਹੋਂਦ ਵਿਚ ਆਇਆ ਹੈ ਅਤੇ ਇਸ ਦਾ ਮਾਹਰ ਅਜੇ ਕੋਈ ਨਹੀਂ ਬਣਿਆ।
Corona Virus
ਵਿਸ਼ਵ ਸਿਹਤ ਸੰਗਠਨ ਕਿਉਂਕਿ ਹਰ ਦੇਸ਼, ਖ਼ਾਸ ਕਰ ਕੇ ਚੀਨ ਵਿਚ, ਇਸ ਬਿਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਅਤੇ ਜਾਂਚ ਵਿਚ ਹਿੱਸਾ ਪਾ ਰਿਹਾ ਹੈ, ਉਨ੍ਹਾਂ ਨੇ ਕੁੱਝ ਪਰਹੇਜ਼ ਦੱਸੇ ਹਨ ਜਿਨ੍ਹਾਂ ਵਿਚ ਸੱਭ ਤੋਂ ਅਹਿਮ ਇਹ ਹੈ ਕਿ ਹੱਥ ਸਾਬਣ ਨਾਲ ਵਾਰ-ਵਾਰ ਧੋਵੋ ਤਾਕਿ ਕੀਟਾਣੂ ਮਰ ਜਾਣ। ਮੂੰਹ, ਅੱਖ, ਨੱਕ ਨੂੰ ਹੱਥ ਨਾ ਲਾਉ ਤਾਕਿ ਤੁਹਾਡੇ ਹੱਥਾਂ ਰਾਹੀਂ ਕੀਟਾਣੂ ਤੁਹਾਡੇ ਅੰਦਰ ਨਾ ਚਲੇ ਜਾਣ।
Corona Virus
ਕਿਸੇ ਨੂੰ ਖਾਂਸੀ-ਜ਼ੁਕਾਮ ਹੈ ਤਾਂ ਉਸ ਤੋਂ 1 ਮੀਟਰ ਦੀ ਦੂਰੀ ਬਣਾਉ ਕਿਉਂਕਿ ਖੰਘਣ, ਛਿੱਕਣ ਸਮੇਂ ਮੂੰਹ 'ਚੋਂ ਥੁੱਕ ਨਿਕਲਦਾ ਹੈ ਜੋ ਕੀਟਾਣੂ ਨੂੰ ਫੈਲਾਉਂਦਾ ਹੈ। ਖੰਘਣ/ਛਿੱਕਣ ਵੇਲੇ ਮੂੰਹ ਢੱਕਣ ਲਈ ਰੁਮਾਲ ਕਾਫ਼ੀ ਹੈ ਅਤੇ ਕਿਸੇ ਨੂੰ ਮਿਲਣ ਸਮੇਂ ਸਤਿ ਸ੍ਰੀ ਅਕਾਲ ਕਾਫ਼ੀ ਹੈ। ਜੱਫੀਆਂ ਅਤੇ ਹੱਥ ਮਿਲਾਉਣ ਤੋਂ ਪ੍ਰਹੇਜ਼ ਕਰੋ। ਜੇ ਬਿਮਾਰੀ ਦੀ ਕੋਈ ਨਿਸ਼ਾਨੀ ਨਜ਼ਰ ਆਵੇ, ਜਿਵੇਂ ਬੁਖ਼ਾਰ, ਬਦਨ ਦਰਦ, ਪੇਟ ਖ਼ਰਾਬ, ਖਾਂਸੀ, ਜ਼ੁਕਾਮ ਤਾਂ ਬਾਹਰ ਨਾ ਜਾਉ ਬਲਕਿ ਸਰਕਾਰੀ ਹੈਲਪ ਲਾਈਨ (ਪੰਜਾਬ ਲਈ 104) ਉਤੇ ਕਾਲ ਕਰੋ ਅਤੇ ਕਿਸੇ ਡਰ ਕਰ ਕੇ ਸਰਕਾਰ ਤੋਂ ਦੌੜੋ ਨਾ।
Corona virus
ਕਈ ਵੀਡੀਉ ਸੋਸ਼ਲ ਮੀਡੀਆ ਉਤੇ ਫੈਲ ਰਹੇ ਹਨ ਜਿਨ੍ਹਾਂ ਵਿਚ ਵਿਦੇਸ਼ਾਂ ਤੋਂ ਆਏ ਯਾਤਰੀ ਡਰ ਕੇ ਅਪਣੇ ਘਰ ਬੈਠ ਗਏ ਹਨ ਅਤੇ ਅਪਣੀ ਬਿਮਾਰੀ ਛੁਪਾ ਰਹੇ ਹਨ। ਡਰ ਸਿਰਫ਼ ਅਪਣੇ ਆਪ ਤੋਂ ਬਿਮਾਰੀ ਫੈਲਾਉਣ ਦਾ ਹੋਣਾ ਚਾਹੀਦਾ ਹੈ। ਅਜਿਹੀ ਕੋਈ ਚੀਜ਼ ਨਹੀਂ ਜੋ ਦੋ ਹਫ਼ਤੇ ਉਡੀਕ ਨਹੀਂ ਕਰ ਸਕਦੀ। ਅੱਜ ਸਕੂਲ, ਕਾਲਜ ਬੰਦ ਕਰਨ ਦਾ ਮਕਸਦ ਇਹ ਹੈ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ।
Corona Virus
ਪਰ ਜੇ ਕੋਰੋਨਾ ਹੋ ਹੀ ਜਾਵੇ ਤਾਂ ਅੰਤ ਨਹੀਂ ਆ ਗਿਆ। ਇਸ ਵਿਚ ਸੱਭ ਤੋਂ ਵੱਧ ਖ਼ਤਰਾ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਹੈ ਜਾਂ ਉਹ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ ਜਾਂ ਲਿਵਰ ਦੀ ਕਮਜ਼ੋਰੀ ਹੈ। ਪਰ ਇਨ੍ਹਾਂ ਕਮਜ਼ੋਰਾਂ ਵਾਸਤੇ ਵੀ ਇਹ ਬਿਮਾਰੀ ਲਾਇਲਾਜ ਨਹੀਂ। ਇਸ ਦਾ ਸਹੀ ਸਮੇਂ 'ਤੇ ਇਲਾਜ ਕਰਨ ਨਾਲ ਬਚਾਅ ਹੋ ਸਕਦਾ ਹੈ। ਜਿੱਥੇ ਸਹੀ ਸਮਾਂ ਰਹਿੰਦਿਆਂ ਇਲਾਜ ਹੋਇਆ ਹੈ,
Corona Virus
ਉਥੇ 200 ਵਿਚੋਂ ਇਕ ਦੀ ਮੌਤ ਹੋਈ ਹੈ। ਪਰ ਜਦੋਂ ਡਰ ਕਰ ਕੇ ਸਰਕਾਰ ਨੂੰ ਸਹਿਯੋਗ ਨਹੀਂ ਦਿਤਾ ਗਿਆ ਉਥੇ 100 'ਚੋਂ 3-4 ਦੀ ਮੌਤ ਹੀ ਹੋਈ। 97 ਠੀਕ ਹੋਏ। ਇਲਾਜ ਹੈ ਪਰ ਬੀਮਾਰੀ ਤੋਂ ਬਚਣਾ ਹੀ ਸਿਆਣਪ ਹੈ। ਇਸ ਵਾਸਤੇ ਸਿਰਫ਼ ਸਹੀ ਪਰਹੇਜ਼ ਦੀ ਪਾਲਣਾ ਕਰੋ ਤਾਕਿ ਕਿਸੇ ਇਕ ਦੀ ਵੀ ਜਾਨ ਨੂੰ ਖ਼ਤਰਾ ਨਾ ਬਣੇ। -ਨਿਮਰਤ ਕੌਰ