
ਕਿਸਾਨਾਂ ਦੇ ਸੰਘਰਸ਼ ਨੂੰ ਤਾਕਤਵਰ ਬਣਵਾਉਣ ਵਾਸਤੇ ਪੈਸਾ ਵੀ ਉਸੇ ਤਰ੍ਹਾਂ ਭੇਜਿਆ ਗਿਆ। ਜਿਵੇਂ ‘ਆਪ’ ਨੇ ਦਿੱਲੀ ਜਿੱਤੀ ਸੀ, ਕਿਸਾਨਾਂ ਨੇ ਵੀ ਦਿੱਲੀ ਫ਼ਤਿਹ ਕੀਤੀ।
ਪੰਜਾਬ ਦੇ ਲੋਕ ਇਕ ਨਵੀਂ ਨਰੋਈ ਰਾਜਨੀਤੀ ਮੰਗਦੇ ਹਨ ਤੇ ਇਹ ਸਹੀ ਮੰਗ ਵੀ ਹੈ। ਆਖ਼ਰਕਾਰ ਕਦੋਂ ਤਕ ਕੋਈ ਗਲੀਆਂ ਨਾਲੀਆਂ ਦੀ ਗੱਲ ਕਰਦਾ ਰਹੇਗਾ? ਪੰਜਾਬੀ ਵੋਟਰ ਦੋ ਪ੍ਰਵਾਰਾਂ ਦੀ ਸਿਆਸੀ ਖਹਿਬਾਜ਼ੀ ਤੇ ਅੰਦਰੋਂ ਮਿਲ ਕੇ ਖੇਡੀ ਜਾ ਰਹੀ ਖੇਡ ਤੋਂ ਵੀ ਲੋਕ ਅਲੱਗ ਹੋਣਾ ਚਾਹੁੰਦੇ ਹਨ। ਇਸੇ ਕਰ ਕੇ ‘ਆਪ’ ਨੂੰ ਸੱਭ ਤੋਂ ਵੱਧ ਹੁੰਗਾਰਾ ਪੰਜਾਬ ਵਿਚੋਂ ਮਿਲਿਆ ਹੈ। ਦਿੱਲੀ ਵਿਚ ਪਹਿਲੀ ਜਿੱਤ ਪਿਛੇ ਵੀ ਪੰਜਾਬ ਤੇ ਪੰਜਾਬ ਦੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਹੱਥ ਤੇ ਪੈਸਾ ਸੀ। ਜਿਵੇਂ ਐਨ.ਆਰ.ਆਈ ਭਾਈਚਾਰੇ ਨੇ ‘ਆਪ’ ਨੂੰ ਸਮਰਥਨ ਦਿਤਾ, ਉਸੇ ਤਰ੍ਹਾਂ ਦਾ ਸਮਰਥਨ ਉਨ੍ਹਾਂ ਹੁਣੇ ਜਹੇ ਕਿਸਾਨੀ ਸੰਘਰਸ਼ ਨੂੰ ਵੀ ਦਿਤਾ।
Farmers
ਕਿਸਾਨਾਂ ਦੇ ਸੰਘਰਸ਼ ਨੂੰ ਤਾਕਤਵਰ ਬਣਵਾਉਣ ਵਾਸਤੇ ਪੈਸਾ ਵੀ ਉਸੇ ਤਰ੍ਹਾਂ ਭੇਜਿਆ ਗਿਆ। ਜਿਵੇਂ ‘ਆਪ’ ਨੇ ਦਿੱਲੀ ਜਿੱਤੀ ਸੀ, ਕਿਸਾਨਾਂ ਨੇ ਵੀ ਦਿੱਲੀ ਫ਼ਤਿਹ ਕੀਤੀ। ਉਸ ਅੱਧੀ ਜਿੱਤ ਦੇ ਜੋਸ਼ ਵਿਚ ਅੱਧੀਆਂ ਜਥੇਬੰਦੀਆਂ ਹੁਣ ਸੱਤਾ ਵਲ ਦੌੜਨ ਲੱਗ ਪਈਆਂ ਹਨ। ਪੂਰੀ ਫ਼ਤਿਹ ਐਮਐਸਪੀ ਤੇ ਲਖੀਮਪੁਰ ਕਾਂਡ ਦਾ ਇਨਸਾਫ਼ ਲੈਣ ਮਗਰੋਂ ਹੀ ਮਿਲੇਗੀ। ਕੇਂਦਰ ਵੀ ਸਮਝਦਾਰ ਹੈ। ਉਹ ਜਾਣਦਾ ਸੀ ਕਿ ਪੰਜਾਬੀ ਲੀਡਰ, ਸੱਤਾ ਮਿਲਣ ਦੀ ਝਾਕ ਵਿਚ ਲੜਾਈ ਦਾ ਰਸਤਾ ਮੋੜ ਲਵੇਗਾ ਤੇ ਉਨ੍ਹਾਂ ਕਿਸਾਨੀ ਏਕਤਾ ਨੂੰ ਤੋੜਨ ਦੀ ਨੀਤੀ ਤਿਆਰ ਕੀਤੀ ਤੇ ਸਫ਼ਲਤਾ ਹਾਸਲ ਵੀ ਕਰ ਗਏ।
Arvind kejirwal, balbir Rajewal
ਪਰ ਹੁਣ ਵੋਟਰ ਸਾਹਮਣੇ ਇਕ ਚੁਨੌਤੀ ਖੜੀ ਹੋ ਗਈ ਹੈ ਕਿਉਂਕਿ ਦੋਵੇਂ ਪਾਰਟੀਆਂ, ਕਿਸਾਨੀ ਤੇ ‘ਆਪ’ ਵਿਰੋਧੀਆਂ ਨੂੰ ਤਾਂ ਵੱਡੀ ਚੁਨੌਤੀ ਦੇ ਹੀ ਰਹੀਆਂ ਹਨ ਪਰ ਅਫ਼ਸੋਸ ਕਿ ਨਾਲ ਨਾਲ ਦੋਵੇਂ ਪਾਰਟੀਆਂ ਇਕ ਦੂਜੇ ਤੇ ਵੀ ਦੋਸ਼ ਵੀ ਲਗਾ ਰਹੀਆਂ ਹਨ। ਇਨ੍ਹਾਂ ਦੋਹਾਂ ਧਿਰਾਂ ਵਿਚ ਦੋਸਤੀ ਵੀ ਗੂੜ੍ਹੀ ਰਹੀ ਹੈ ਤੇ ਇਹ ਇਕ ਦੂਜੇ ਦੀਆਂ ਕਮਜ਼ੋਰੀਆਂ ਵੀ ਜਾਣਦੀਆਂ ਹਨ। ‘ਆਪ’ ਨੇ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਦੇ ਹਜੂਮ ਨੂੰ ਅਪਣੀ ਚੋਣ ਮੁਹਿੰਮ ਦਾ ਹਿੱਸਾ ਬਣਾ ਕੇ ਸੇਵਾ ਕੀਤੀ ਪਰ ਅੱਜ ਦੋਹਾਂ ਦੀ ਗੱਲ ਸੀਟਾਂ ਤੇ ਆ ਕੇ ਅਟਕ ਗਈ ਜਾ ਨਾ ਬਣੀ ਤਾਂ ਇਕ ਦੂਜੇ ਵਿਰੁਧ ਦੋਸ਼ ਵੀ ਲਗਣੇ ਸ਼ੁਰੂ ਹੋ ਗਏ। ਕਿਸਾਨ ਸੰਯੁਕਤ ਮੋਰਚਾ ਆਖਦਾ ਹੈ ਕਿ ‘ਆਪ’ ਵਾਲਿਆਂ ਨੇ ਐਨ.ਆਰ.ਆਈਜ਼ ਕੋਲੋਂ ਅਰਬਾਂ ਵਿਚ ਪੈਸਾ ਲਿਆ ਹੈ ਤੇ ਉਹ ਕਿਸਾਨਾਂ ਨੂੰ ਸੀਟਾਂ ਨਹੀਂ ਦੇਣਾ ਚਾਹੁੰਦੇ ਸਨ
Farmers Protest
ਸਿਰਫ਼ ਮੁੱਖ ਮੰਤਰੀ ਚਿਹਰਾ ਬਣਾ ਕੇ ਕਿਸਾਨੀ ਭਾਵਨਾਵਾਂ ਤੇ ਵੋਟਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ‘ਆਪ’ ਵੀ ਨਰਾਜ਼ਗੀ ਵਿਚ ਕਿਸਾਨੀ ਮੋਰਚੇ ਤੇ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ ਲਗਾ ਰਹੀ ਹੈ। ਇਸ ਤਰ੍ਹਾਂ ਦੇ ਦੋਸ਼ ਅੱਜ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲਿਆਂ ਨੂੰ ਵੀ ਸਦਮਾ ਪਹੁੰਚਾ ਰਹੇ ਹਨ। ਕਿਉਂਕਿ ਇਸ ਸੰਘਰਸ਼ ਦਾ ਚਿਹਰਾ ਭਾਵੇਂ 32 ਆਗੂ ਬਣੇ ਪਰ ਇਸ ਵਿਚ ਕਰੋੜਾਂ ਆਮ ਪੰਜਾਬੀਆਂ ਦਾ ਸਾਥ ਵੀ ਸ਼ਾਮਲ ਸੀ। ਸਾਡੇ ਵਰਗੇ ਅਖ਼ਬਾਰਾਂ ਨੂੰ ਕਿਸਾਨੀ ਅੰਦੋਲਨ ਦੇ ਹੱਕ ਵਿਚ ਡਟਣ ਵਾਸਤੇ ਦਿੱਲੀ ਤੋਂ ਕਾਲੀ ਸੂਚੀ ਵਿਚ ਪਾ ਦਿਤਾ ਗਿਆ ਤੇ ਦਿੱਲੀ ਤੋਂ ਆਉਂਦੇ ਇਸ਼ਤਿਹਾਰ ਬੰਦ ਕਰ ਕੇ ਆਰਥਕ ਨੁਕਸਾਨ ਪਹੁੰਚਾਇਆ ਗਿਆ ਸੀ।
political leaders
ਆਮ ਪੰਜਾਬੀ ਵਾਂਗ ਸਾਡੇ ਮਨ ਵਿਚ ਵੀ ਸਵਾਲ ਉਠਦਾ ਹੈ ਕਿ ਮੇਰੀ ਕੁਰਬਾਨੀ ਕੀ ਕਿਸੇ ਦੇ ਨਿਜੀ ਲਾਲਚ ਨੂੰ ਪੂਰਿਆਂ ਕਰਨ ਵਾਸਤੇ ਵਰਤੀ ਜਾ ਰਹੀ ਹੈ? ਕੀ ਉਸ ਦਾ ਮਕਸਦ ਸ਼ੁਰੂ ਤੋਂ ਹੀ ਇਹੀ ਸੀ? ਪੰਜਾਬ ਦੀ ਚਾਹਤ ਹੈ ਬਦਲਾਅ ਲਿਆਉਣ ਦੀ ਪਰ ਕੀ ਕੁੱਝ ਲੋਕ ਉਸ ਰਾਹ ਨੂੰ ਅਪਣੀ ਸ਼ੋਹਰਤ ਲਈ ਸਿਆਸੀ ਪੌੜੀ ਬਣਾਉਣਾ ਚਾਹੁੰਦੇ ਹਨ? ਅੱਜ ਤਾਂ ਇਹ ਹਾਲ ਹੋ ਗਿਆ ਹੈ ਕਿ ਲੋਕ ਅੱਜ ਆਖਦੇ ਹਨ ਕਿ ਪੰਜਾਬ ਬਦਲ ਗਿਆ ਹੈ ਅਤੇ ਜਦ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਜਾਂ ਭਾਈਵਾਲੀ ਬਦਲ ਲਈ ਜਾਂਦੀ ਹੈ। ਜੋ ਲੋਕ ਅਪਣੇ ਨਾਲ ਜੁੜੇ ਸਮਰਥਕਾਂ ਦੀ ਕੁਰਬਾਨੀ ਭੁਲਾ ਦੇਂਦੇ ਹਨ, ਉਹ ਕਿਸ ਤਰ੍ਹਾਂ ਦੀ ਸਿਆਸਤ ਕਰਨਗੇ? ਬਦਲਾਅ ਤਾਂ ਪੰਜਾਬ ਪਿਛਲੀ ਵਾਰ ਵੀ ਮੰਗਦਾ ਸੀ
PM modi
ਪਰ ਪੰਜਾਬ ਨੂੰ ਕੁੱਝ ਮੁਢਲੇ ਮੁੱਦਿਆਂ ’ਤੇ ਹੀ ਨਿਰਾਸ਼ਾ ਮਿਲੀ। ਹੁਣ ਕਿਸ ਤਰ੍ਹਾਂ ਤੈਅ ਕੀਤਾ ਜਾਵੇ ਕਿ ਬਦਲਾਅ ਚੰਗੇ ਵਾਸਤੇ ਹੋਵੇ ਨਾ ਕਿ ਹੋਰ ਮਾੜੇ ਹਾਲਾਤ ਬਣ ਜਾਣ? ਭਾਜਪਾ ਅਪਣੀ ਭਾਈਵਾਲੀ ਬਦਲ ਕੇ ਆਈ ਹੈ। ਕਾਂਗਰਸ ਅਪਣੇ ਮੁੱਖ ਮੰਤਰੀ ਨੂੰ ਬਦਲ ਕੇ ਆਈ ਹੈ। ਪਰ ਇਕ ਗੱਲ ਇਹ ਵੀ ਹੈ ਕਿ ਸੱਭ ਪਾਰਟੀਆਂ ਵਿਚ ਆਗੂ, ਬਦਲ ਬਦਲ ਕੇ, ਉਹੀ ਹਨ ਜੋ ਪਹਿਲਾਂ ਵੀ ਸਨ। ਕਿਸਾਨ ਆਗੂ ਹੋਣ, ‘ਆਪ’ ਦੇ ਭਗਵੰਤ ਮਾਨ ਹੋਣ, ਚਰਨਜੀਤ ਸਿੰਘ ਚੰਨੀ ਹੋਣ ਜਾਂ ਭਾਜਪਾ ਦੇ ਹੋਣ, ਸਿਰਫ਼ ਧੜੇ ਹੀ ਬਦਲੇ ਹਨ। ਕੀ ਇਸ ਬਾਹਰੀ ਤਬਦੀਲੀ ਨਾਲ ਕੋਈ ਨਵੀਂ ਸੋਚ ਵੀ ਆਈ ਹੈ ਜਾਂ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਵਲ ਵੇਖ ਕੇ ਹੀ ਫ਼ੈਸਲਾ ਕਰਨਾ ਪਵੇਗਾ? ਬੜੇ ਔਖੇ ਸਵਾਲ ਹਨ ਵੋਟਰ ਸਾਹਮਣੇ। ਇਹ ਤਾਂ ਹੁਣ ਸਮਾਂ ਹੀ ਦਸੇਗਾ ਕਿ ਇਸ ਪ੍ਰੀਖਿਆ ਵਿਚ ਵੋਟਰ ਪਾਸ ਹੁੰਦਾ ਹੈ ਜਾਂ ਨਹੀਂ। -ਨਿਮਰਤ ਕੌਰ