
ਜੋ ਤਜਰਬਾ ਵੀਰਵਾਰ ਨੂੰ ਸਿਰੇ ਚਾੜਿ੍ਹਆ ਗਿਆ, ਉਸ ਨੂੰ ਵਿਗਿਆਨਕ ਸ਼ਬਦਾਵਲੀ ਵਿਚ ‘ਸਪੇਡੈਕਸ’ (ਸਪੇਸ ਡੌਕਿੰਗ ਐਕਸਪੈਰੀਮੈਂਟ) ਵਜੋਂ ਜਾਣਿਆ ਜਾਂਦਾ ਹੈ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਪੁਲਾੜ ਵਿਚ ਦੋ ਉਪਗ੍ਰਹਿਆਂ ਨੂੰ ਧਰਤੀ ਤੋਂ 470 ਕਿਲੋਮੀਟਰ ਦੀ ਉਚਾਈ ’ਤੇ ਆਪਸ ਵਿਚ ਜੋੜਨ ਦਾ ਤਜਰਬਾ ਸਫ਼ਲਤਾਪੂਰਵਕ ਸੰਭਵ ਬਣਾ ਲਿਆ ਹੈ। ਇਹ ਇਕ ਸ਼ਲਾਘਾਯੋਗ ਪ੍ਰਾਪਤੀ ਹੈ। ਇਸ ਪ੍ਰਾਪਤੀ ਰਾਹੀਂ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਹੁਣ ਦੋ ਉਪਗ੍ਰਹਿਆਂ ਨੂੰ ਜੋੜਨ ਦੀ ਸਮਰਥਾ ਨਾਲ ਲੈਸ ਹੈ। ਇਸ ਪ੍ਰਾਪਤੀ ਦਾ ਜ਼ਿਕਰਯੋਗ ਪੱਖ ਹੈ ਕਿ ਇਹ ਕਾਰਨਾਮਾ, ਭਾਰਤ ਵਿਚ ਹੀ ਵਿਕਸਿਤ ਟੈਕਨਾਲੋਜੀ ਅਤੇ ਕਲ-ਪੁਰਜ਼ਿਆਂ ਰਾਹੀਂ ਸੰਭਵ ਬਣਾਇਆ ਗਿਆ। ਇਸ ਟੈਕਨਾਲੋਜੀ ਵਿਚ ਹੋਰ ਮੁਹਾਰਤ ਹਾਸਲ ਕਰਨ ਮਗਰੋਂ ਭਾਰਤ, ਪੁਲਾੜ ਵਿਚ ਸਥਾਈ ਕੇਂਦਰ (ਸਪੇਸ ਸਟੇਸ਼ਨ) ਸਥਾਪਿਤ ਕਰਨ ਅਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਚੰਦਰਮਾ ਉੱਤੇ ਉਤਾਰਨ ਵਰਗੇ ਵਕਾਰੀ ਟੀਚੇ ਕਿਸੇ ਵਿਦੇਸ਼ੀ ਮੁਲਕ ਦੀ ਮਦਦ ਤੋਂ ਬਿਨਾਂ ਖ਼ੁਦ ਪੂਰੇ ਕਰਨ ਦੇ ਕਾਬਿਲ ਹੋ ਜਾਵੇਗਾ।
ਜੋ ਤਜਰਬਾ ਵੀਰਵਾਰ ਨੂੰ ਸਿਰੇ ਚਾੜਿ੍ਹਆ ਗਿਆ, ਉਸ ਨੂੰ ਵਿਗਿਆਨਕ ਸ਼ਬਦਾਵਲੀ ਵਿਚ ‘ਸਪੇਡੈਕਸ’ (ਸਪੇਸ ਡੌਕਿੰਗ ਐਕਸਪੈਰੀਮੈਂਟ) ਵਜੋਂ ਜਾਣਿਆ ਜਾਂਦਾ ਹੈ। ਇਸ ਰਾਹੀਂ 220-220 ਕਿਲੋਗ੍ਰਾਮ ਭਾਰੇ ਦੋ ਉਪਗ੍ਰਹਿਆਂ - ‘ਚੇਜ਼ਰ’ ਤੇ ‘ਟਾਰਗੈੱਟ’ ਨੂੰ ਇੱਕ-ਮਿੱਕ ਕਰਨ ਦੀ ਪ੍ਰਕਿਰਿਆ ਬਹੁਤ ਤਕਨੀਕੀ ਬਾਰੀਕਬੀਨੀ ਅਤੇ ਸੁਖਾਵੇਂ ਬ੍ਰਹਿਮੰਡੀ ਵਾਤਾਵਰਣ ਦੀ ਮੰਗ ਕਰਦੀ ਸੀ। ਵੀਰਵਾਰ ਨੂੰ ਅਪਣਾ ਮੁੱਢਲਾ ਮਿਸ਼ਨ ਨੇਪਰੇ ਚਾੜ੍ਹਨ ਤੋਂ ਪਹਿਲਾਂ ‘ਇਸਰੋ’ ਨੂੰ ਪੂਰਵ-ਨਿਰਧਾਰਤ ਪ੍ਰੋਗਰਾਮ ਵਿਚ ਤਬਦੀਲੀਆਂ ਕਰਨੀਆਂ ਪਈਆਂ ਅਤੇ ਢੁਕਵੇਂ ਵਾਤਾਵਰਣਕ ਹਾਲਾਤ ਦੀ ਉਡੀਕ ਹੋਰ ਤਿੰਨ ਦਿਨਾਂ ਲਈ ਕੀਤੀ ਗਈ। ‘ਇਸਰੋ’ ਵਲੋਂ ਜਾਰੀ ਬਿਆਨ ਮੁਤਾਬਿਕ ਪਹਿਲਾਂ ਦੋਵਾਂ ਉਪਗ੍ਰਹਿਆਂ ਨੂੰ ਇੱਕੋ ਦਾਅ ਜੋੜਨ ਦੀ ਯੋਜਨਾ ਸੀ, ਪਰ ਬ੍ਰਹਿਮੰਡੀ ਹਾਲਾਤ ਬਹੁਤੇ ਢੁਕਵੇਂ ਨਾ ਹੋਣ ਕਾਰਨ ਦੋਵਾਂ ਉਪਗ੍ਰਹਿਆਂ ਨੂੰ 20 ਕਿਲੋਮੀਟਰ ਦੀ ਦੂਰੀ ਤੋਂ ਇਕ-ਦੂਜੇ ਤੋਂ ਮਹਿਜ਼ ਤਿੰਨ ਮੀਟਰ ਦੇ ਫ਼ਾਸਲੇ ’ਤੇ ਲਿਆਉਣਾ ਵਾਜਬ ਸਮਝਿਆ ਗਿਆ। ਇਹ ਕਾਰਜ ਸਫ਼ਲਤਾਪੂਰਬਕ ਸੰਪੰਨ ਹੋਣ ’ਤੇ ਅਸਲ ‘ਡੌਕਿੰਗ’ (ਇੱਕ-ਮਿੱਕ ਕਰਨ) ਦੇ ਕਾਰਜ ਲਈ ਹੋਰ ਉਡੀਕ ਕਰਨੀ ਮੁੜ ਜਾਇਜ਼ ਸਮਝੀ ਗਈ। ਇਸ ਕਿਸਮ ਦੇ ਧੀਰਜ ਨੇ ਸਮੁੱਚੇ ਤਜਰਬੇ ਦੀ ਕਾਮਯਾਬੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
ਇਸ ਕਾਮਯਾਬੀ ਦਾ ਜ਼ਿਕਰਯੋਗ ਪੱਖ ਇਹ ਰਿਹਾ ਕਿ ਜਿਸ ਦਿਨ ਇਹ ਮਿਲੀ, ਉਸੇ ਦਿਨ ਅਮਰੀਕੀ ਧਨ-ਕੁਬੇਰ (ਤੇ ਡੋਨਲਡ ਟਰੰਪ ਦੀ ਭਲਕੇ ਬਣਨ ਵਾਲੀ ਸਰਕਾਰ ਵਿਚ ਕਾਰਜਕੁਸ਼ਲਤਾ ਮੰਤਰੀ) ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਮੈਗਾਰਾਕੇਟ ‘ਸਟਾਰਸ਼ਿਪ’ ਅਪਣੀ ਅਜ਼ਮਾਇਸ਼ੀ ਉਡਾਣ ਦੌਰਾਨ ਟੋਟੇ-ਟੋਟੇ ਹੋ ਕੇ ਅਮਰੀਕੀ ਸੂਬੇ ਟੈਕਸਸ ਦੇ ਰੇਗਿਸਤਾਨ ਵਿਚ ਆ ਡਿੱਗਿਆ। ਸਟਾਰਸ਼ਿਪ ਵਾਲਾ ਹਸ਼ਰ ਦਰਸਾਉਂਦਾ ਹੈ ਕਿ ਪੁਲਾੜ-ਕੇਂਦ੍ਰਿਤ ਟੈਕਨਾਲੋਜੀ ਸੂਖਮਤਾ ਤੇ ਨਿੱਗਰਤਾ - ਦੋਵਾਂ ਪੱਖਾਂ ਤੋਂ ਕਿੰਨੀ ਮੁਹਾਰਤ ਮੰਗਦੀ ਹੈ। ਇਨ੍ਹਾਂ ਦੋਵਾਂ ਪੱਖਾਂ ਤੋਂ ਮਜ਼ਬੂਤੀ ਹਾਸਿਲ ਕਰਨ ਵਾਸਤੇ ਸਰਮਾਇਆ ਵੀ ਪਾਣੀ ਵਾਂਗ ਵਹਾਉਣਾ ਪੈਂਦਾ ਹੈ। ‘ਇਸਰੋ’ ਹੁਣ ਤਕ ਦੀਆਂ ਦੀਆਂ ਪ੍ਰਾਪਤੀਆਂ ਸਰਮਾਇਆ ਪਾਣੀ ਵਾਂਗੁ ਵਹਾਏ ਬਿਨਾਂ ਹੀ ਮੁਮਕਿਨ ਹੋਈਆਂ ਹਨ।
ਸਾਲ 2023 ਦੌਰਾਨ ਚੰਦਰਯਾਨ ਮਿਸ਼ਨ ਰਾਹੀਂ ਚੰਦਰਮਾ ਉਪਰ ਅਪਣੀ ਪੁਲਾੜ ਬੱਘੀ ‘ਲੈਂਡਰ’ ਉਤਾਰਨ ਵਰਗੀ ਕਾਮਯਾਬੀ ਉੱਤੇ ‘ਇਸਰੋ’ ਨੇ ਜੋ ਬਜਟ ਖ਼ਰਚ ਕੀਤਾ ਸੀ, ਉਹ ਅਮਰੀਕਾ ਜਾਂ ਜਾਪਾਨ ਜਾਂ ਚੀਨ ਦੇ ਅਜਿਹੇ ਪ੍ਰਾਜੈਕਟਾਂ ਉੱਪਰ ਹੋਏ ਖ਼ਰਚੇ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਬਣਦਾ ਸੀ। ਅਜਿਹੀ ਕਿਫ਼ਾਇਤ ਭਾਰਤੀ ਪੁਲਾੜ ਪ੍ਰੋਗਰਾਮ ਦਾ ਹੁਣ ਤਕ ਦਾ ਸਭ ਤੋਂ ਜ਼ਿਕਰਯੋਗ ਹਿੱਸਾ ਰਹੀ ਹੈ। ਇਹ ਹਕੀਕਤ ਭਾਰਤੀ ਵਿਗਿਆਨੀਆਂ ਅੰਦਰਲੀ ਲਗਨ ਤੇ ਕਾਬਲੀਅਤ ਨੂੰ ਸਿਜਦਾ ਵੀ ਹੈ ਤੇ ਸਲਾਮ ਵੀ।
‘ਇਸਰੋ’ ਨੇ ‘ਸਪੇਡੈਕਸ’ ਵਾਸਤੇ ਪੀ.ਐਸ.ਐਲ.ਵੀ. ਰਾਕੇਟ ਦੀ ਵਰਤੋਂ ਕੀਤੀ। ਪੀਐਸਐਲਵੀ ਪ੍ਰੋਗਰਾਮ ਵਿਚ ਭਾਰਤ ਦੀਆਂ ਨਾਕਾਮਯਾਬੀਆਂ ਦੀ ਗਿਣਤੀ ਹੋਰਨਾਂ ਪੁਲਾੜੀ ਸ਼ਕਤੀਆਂ ਦੀ ਤੁਲਨਾ ਵਿਚ ਬਹੁਤ ਘੱਟ ਹੈ। ਇਸੇ ਲਈ ਬਹੁਤੇ ਵਿਕਾਸਸ਼ੀਲ ਦੇਸ਼ ਅਪਣੇ ਉਪਗ੍ਰਹਿ ਦਾਗ਼ਣ ਲਈ ‘ਇਸਰੋ’ ਦੀਆਂ ਸੇਵਾਵਾਂ ਹਾਸਿਲ ਕਰਨ ਲੱਗ ਪਏ ਹਨ। ਇਹ ਕਾਰਜ ‘ਇਸਰੋ’ ਵਾਸਤੇ ਕਮਾਈ ਦਾ ਪ੍ਰਮੁੱਖ ਸਾਧਨ ਵੀ ਬਣਦਾ ਜਾ ਰਿਹਾ ਹੈ। ਪਰ ਪੀਐੱਸਐਲਵੀ ਰਾਕੇਟ, ਧਰਤੀ ਤੋਂ ਬਹੁਤ ਦੂਰਲੇ ਗ੍ਰਹਿ-ਪੰਧ ਤਕ ਨਹੀਂ ਜਾ ਸਕਦੇ। ਉਸ ਕਾਰਜ ਲਈ ਜੀ.ਐਸ.ਐਲ.ਵੀ. ਰਾਕੇਟਾਂ ਦੀ ਲੋੜ ਪੈਂਦੀ ਹੈ ਜੋ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ। ‘ਇਸਰੋ’ ਦਾ ਜੀ.ਐਸ.ਐਲ.ਵੀ. ਪ੍ਰਾਜੈਕਟ ਅਜੇ ਓਨਾ ਵਿਕਸਿਤ ਨਹੀਂ ਹੋ ਸਕਿਆ ਜਿੰਨਾ ਪੀਐਸਐਲਵੀ ਪ੍ਰੋਗਰਾਮ ਹੈ।
ਇਸ ਪਛੜੇਵੇਂ ਦੀ ਇਕ ਵਜ੍ਹਾ ਜੀਐਸਐਲਵੀ ਦਾਗ਼ਣ ਲਈ ਲੋੜੀਂਦੇ ਕ੍ਰਾਇਓਜੀਨਿਕ ਇੰਜਣਾਂ ਦੀ ਘਾਟ ਸੀ। ਅਮਰੀਕਾ ਤੇ ਯੂਰੋਪੀਅਨ ਮੁਲਕਾਂ ਵਲੋਂ ਇਨ੍ਹਾਂ ਇੰਜਣਾ ਦੀ ਬਰਾਮਦ ’ਤੇ ਬੰਦਸ਼ਾਂ ਕਾਰਨ ਇਹ ਪਹਿਲਾਂ ਰੂਸ ਤੋਂ ਦਰਾਮਦ ਕਰਨੇ ਪੈਂਦੇ ਸਨ। ਹੁਣ ਇਹ ਟੈਕਨਾਲੋਜੀ ਭਾਰਤ ਵਿਚ ਵਿਕਸਿਤ ਹੋ ਚੁੱਕੀ ਹੈ ਅਤੇ ਇਹ ਇੰਜਣ ਸਾਡੇ ਮੁਲਕ ਵਿਚ ਤਿਆਰ ਹੋ ਰਹੇ ਹਨ। ਇਸ ਕਾਰਜ ਵਿਚ ਪ੍ਰਾਈਵੇਟ ਸੈਕਟਰ ਦੀ ਵੀ ਚੰਗੀ-ਚੋਖੀ ਭਾਈਵਾਲੀ ਹੈ। ਇਸ ਕਿਸਮ ਦੀ ਪ੍ਰਗਤੀ ਦਰਸਾਉਂਦੀ ਹੈ ਕਿ ਜੇਕਰ ਸਰਕਾਰਾਂ, ਵਿਗਿਆਨ ਖੋਜ ਸੰਸਥਾਵਾਂ ਵਿਚ ਬੇਲੋੜੀ ਦਖ਼ਲ-ਅੰਦਾਜ਼ੀ ਤੋਂ ਗੁਰੇਜ਼ ਕਰਨ ਅਤੇ ਵਿਗਿਆਨਕ ਪ੍ਰਾਪਤੀਆਂ ਨੂੰ ਸੌੜੀ ਰਾਜਨੀਤੀ ਤੋਂ ਦੂਰ ਰੱਖਣ ਤਾਂ ਇਹ ਸੰਸਥਾਵਾਂ ਅਸੰਭਵ ਨੂੰ ਵੀ ਸੰਭਵ ਬਣਾਉਣ ਵਰਗੇ ਕਾਰਨਾਮੇ ਅੰਜਾਮ ਦੇ ਸਕਦੀਆਂ ਹਨ।