
ਅਕਾਲੀ ਦਲ ਦੀ ਮੁੜ ਪੰਥਕ ਪਾਰਟੀ ਬਣਨ ਦੀ ਲਹਿਰ ਅਜੇ ਸ਼ੁਰੂ ਹੀ ਹੋਈ ਸੀ ਕਿ ਘਰ ਵਾਪਸੀ ਦੀ ਲਹਿਰ ਵੀ ਸ਼ੁਰੂ ਹੋ ਗਈ।
ਅਕਾਲੀ ਦਲ ਦੀ ਮੁੜ ਪੰਥਕ ਪਾਰਟੀ ਬਣਨ ਦੀ ਲਹਿਰ ਅਜੇ ਸ਼ੁਰੂ ਹੀ ਹੋਈ ਸੀ ਕਿ ਘਰ ਵਾਪਸੀ ਦੀ ਲਹਿਰ ਵੀ ਸ਼ੁਰੂ ਹੋ ਗਈ। ਬੋਨੀ ਅਜਨਾਲਾ ਵਾਪਸ ਉਸੇ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਗਏ ਹਨ ਜਿਸ ਵਿਰੁਧ ਉਨ੍ਹਾਂ ਨੇ ਬੜੇ ਤਿੱਖੇ ਬਿਆਨ ਦਿਤੇ ਸਨ। ਬੋਨੀ ਅਜਨਾਲਾ ਨੇ ਬੀਬਾ ਬਾਦਲ ਅਤੇ ਉਨ੍ਹਾਂ ਦੇ ਭਰਾ ਬਾਰੇ ਕਾਫ਼ੀ ਟਿਪਣੀਆਂ ਕੀਤੀਆਂ ਸਨ।
Photo
ਉਨ੍ਹਾਂ ਬਿਕਰਮ ਸਿੰਘ ਮਜੀਠੀਆ ਬਾਰੇ ਸਿਰਫ਼ ਮੰਚ ਤੋਂ ਹੀ ਬਿਆਨ ਨਹੀਂ ਸਨ ਦਿਤੇ ਸਗੋਂ ਅਦਾਲਤ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਨਸ਼ਾ ਤਸਕਰਾਂ ਵਿਚਲੇ ਰਿਸ਼ਤੇ ਸਬੰਧੀ ਵੀ ਲਿਖਤੀ ਬਿਆਨ ਦਿਤੇ ਸਨ। ਫਿਰ ਉਨ੍ਹਾਂ ਨੇ ਅਕਾਲੀ ਦਲ ਨੂੰ ਮੁੜ ਤੋਂ ਪੰਥਕ ਦਲ ਵਜੋਂ ਪੁਨਰ-ਸੁਰਜੀਤ ਕਰਨ ਦੀ ਗੱਲ ਕੀਤੀ। ਪਰ ਫਿਰ 'ਘਰ ਵਾਪਸੀ' ਦਾ ਨਾਂ ਲੈ ਕੇ ਸ਼ਾਇਦ ਕਿਸੇ ਵੱਡੇ ਇਨਾਮ ਦੀ ਪ੍ਰਾਪਤੀ ਲਈ, ਅਕਾਲੀ ਦਲ ਵਿਚ ਸ਼ਾਮਲ ਹੋ ਗਏ।
Photo
ਅਕਾਲੀ ਤਾਂ ਉਨ੍ਹਾਂ ਦੇ ਪਿਤਾ ਦੀ ਵਾਪਸੀ ਦੀ ਗੱਲ ਵੀ ਕਰ ਰਹੇ ਹਨ ਪਰ ਰਤਨ ਸਿੰਘ ਅਜਨਾਲਾ ਅਜੇ ਅਕਾਲੀ ਦਲ ਵਿਚ ਵਾਪਸ ਨਹੀਂ ਪਰਤੇ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਉਨ੍ਹਾਂ ਨੇ ਕਿਸੇ ਮੁੱਦੇ ਜਾਂ ਸਿਧਾਂਤ ਖ਼ਾਤਰ ਇਹ ਕਦਮ ਚੁੱਕੇ ਹਨ ਜਾਂ ਉਹ ਵੀ ਕੋਈ ਹੋਰ ਵੱਡੇ ਇਨਾਮ ਯਕੀਨੀ ਬਣਾ ਕੇ 'ਘਰ ਵਾਪਸ' ਮੁੜ ਜਾਣਗੇ?
ਪਰ ਬੋਨੀ ਅਜਨਾਲਾ ਦੀ ਸਮੱਸਿਆ ਵੱਡੀ ਹੈ।
Photo
ਨਾ ਸਿਰਫ਼ ਉਨ੍ਹਾਂ ਅਕਾਲੀ ਦਲ ਵਿਚ ਜਾ ਕੇ ਬਿਕਰਮ ਸਿੰਘ ਮਜੀਠੀਆ ਦੀ ਤਾਕਤ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਨਜ਼ਰ ਵਿਚ ਛੋਟੀ ਬਣਾ ਕੇ ਰੱਖ ਦਿਤਾ ਹੈ ਬਲਕਿ ਟਕਸਾਲੀ ਜਰਨੈਲਾਂ ਨੂੰ ਵੀ ਦਸ ਦਿਤਾ ਹੈ ਕਿ ਉਹ ਜਿਸ ਫ਼ੌਜ ਦੇ ਦਮ ਤੇ ਇਕ ਪੰਥਕ ਜੰਗ ਜਿੱਤਣ ਚੱਲੇ ਸਨ, ਉਹ ਬਹੁਤ ਕਮਜ਼ੋਰ ਫ਼ੌਜ ਹੈ। ਸੈਨਾਪਤੀ ਅਪਣੀ ਫ਼ੌਜ ਤੋਂ ਬਗ਼ੈਰ ਕੁੱਝ ਵੀ ਨਹੀਂ ਹੁੰਦਾ।
Photo
'ਮਾਝੇ ਦੇ ਇਨ੍ਹਾਂ ਸਾਰੇ ਜਰਨੈਲਾਂ' (ਟਕਸਾਲੀ ਆਗੂ ਅਤੇ ਮਜੀਠੀਆ) ਨੂੰ ਅੱਜ ਇਕ-ਦੂਜੇ ਨੂੰ ਗ਼ਮਜ਼ਦਾ ਨਜ਼ਰਾਂ ਨਾਲ ਵੇਖ ਕੇ ਖ਼ੁਸ਼ੀ ਵੀ ਹੋਈ ਹੋਵੇਗੀ ਪਰ ਇਹ ਵੀ ਸੱਚ ਹੈ ਕਿ ਕਿਸੇ ਦੀ ਵੀ ਕੁਰਸੀ ਸੁਰੱਖਿਅਤ ਨਹੀਂ ਰਹੀ।
ਬਿਕਰਮ ਸਿੰਘ ਮਜੀਠੀਆ ਨੂੰ ਵੀ ਬੋਨੀ ਅਜਨਾਲਾ ਦੇ ਵਾਪਸ ਆਉਣ ਨਾਲ ਬੜਾ ਕੌੜਾ ਘੁੱਟ ਭਰਨਾ ਪਿਆ ਹੋਵੇਗਾ ਕਿਉਂਕਿ ਇਹ ਦੁਸ਼ਮਣੀ ਹੁਣ ਸਿਰਫ਼ ਇਕ ਨਿਜੀ ਲੜਾਈ ਨਹੀਂ ਰਹੀ ਬਲਕਿ ਬਿਕਰਮ ਸਿੰਘ ਮਜੀਠੀਆ ਉਤੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਦੇ ਇਲਜ਼ਾਮ ਲਾਉਣ ਵਾਲਿਆਂ ਦੀ ਪਾਰਟੀ ਵਿਚ ਵੱਡੀ ਪਦ ਉਨਤੀ (ਤਰੱਕੀ) ਦਾ ਡੰਕੇ ਦੀ ਚੋਟ ਨਾਲ ਕੀਤਾ ਐਲਾਨ ਹੈ। ਸੋ ਸਾਫ਼ ਹੈ ਕਿ ਹਾਲ ਦੀ ਘੜੀ ਪ੍ਰਕਾਸ਼ ਸਿੰਘ ਬਾਦਲ ਵਾਪਸ ਅਕਾਲੀ ਦਲ ਦੇ 'ਸੁਪ੍ਰੀਮੋ' ਬਣ ਵਿਖਾਉਣ ਦੀ ਕਾਹਲ ਵਿਚ ਹਨ ਤੇ ਇਸ ਹਾਲਤ ਵਿਚ 'ਸੱਭ ਚਲਦਾ ਹੈ।'
Photo
ਪਰ ਇਸ ਦਾ ਮਤਲਬ ਕੀ ਨਿਕਲਦਾ ਹੈ? ਇਹੀ ਕਿ ਨਸ਼ਾ ਤਸਕਰੀ ਦੇ ਇਲਜ਼ਾਮਾਂ ਵਿਚ ਘਿਰੇ ਹੋਏ, ਅਹੁਦਿਆਂ ਦੇ ਲਾਲਚ ਵਿਚ, ਭਾਵੇਂ ਉਹ ਬਾਦਲ ਅਕਾਲੀ ਦਲ ਵਿਚ ਰਹਿ ਕੇ ਕੁੱਝ ਕਰਨ ਤੇ ਭਾਵੇਂ ਟਕਸਾਲੀ ਬਣ ਕੇ ਕਰਨ, ਪਾਰਟੀ ਨੂੰ 100 ਸਾਲ ਦੇ ਬਜ਼ੁਰਗ ਦੇ ਹਵਾਲੇ ਕਰ ਕੇ ਹੀ ਰਹਿਣਗੇ। ਲਗਦਾ ਹੈ ਇਹ ਸਿਰਫ਼ ਪੈਸੇ ਦੀ ਜੰਗ ਬਣ ਕੇ ਰਹਿ ਜਾਵੇਗੀ। ਕਿਉਂਕਿ ਬਾਦਲ ਪ੍ਰਵਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ, ਸੋ ਕੋਈ ਵੀ ਪੰਥਕ ਮੁੱਦਿਆਂ ਬਾਰੇ ਗੱਲ ਨਹੀਂ ਕਰ ਸਕੇਗਾ।
Photo
ਇਸ ਨਜ਼ਰ ਤੋਂ ਤਾਂ ਅੱਜ ਦੂਜੇ ਜਰਨੈਲ ਜ਼ਿਆਦਾ ਬਿਹਤਰ ਸਥਿਤੀ ਵਿਚ ਹਨ ਕਿਉਂਕਿ ਉਨ੍ਹਾਂ ਵਿਚੋਂ ਪੈਸੇ ਅਤੇ ਅਹੁਦਿਆਂ ਲਈ ਵਿਕ ਜਾਣ ਵਾਲੇ ਆਗੂ ਛਾਂਟੇ ਜਾਣਗੇ ਅਤੇ ਰਹਿ ਜਾਣਗੇ ਅਸਲ ਵਿਚ ਸਿੱਖ ਸਿਧਾਂਤ ਨੂੰ ਪਿਆਰ ਕਰਨ ਵਾਲੇ ਹੀ। ਅੱਜ ਜਿਹੜੀ ਲਹਿਰ ਸ਼ੁਰੂ ਹੋ ਰਹੀ ਹੈ, ਉਹ ਕੋਈ ਆਮ ਲਹਿਰ ਨਹੀਂ। ਇਸ ਵਿਚ ਢਡਰੀਆਂ ਵਾਲੇ ਵਰਗੇ ਵੀ ਤਰਕ ਦੀਆਂ ਗੱਲਾਂ ਮੰਚਾਂ ਉਤੇ ਲੈ ਕੇ ਆ ਰਹੇ ਹਨ।
Photo
ਇਹ ਲਹਿਰ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸ. ਜੋਗਿੰਦਰ ਸਿੰਘ, ਪ੍ਰੋਫ਼ੈ. ਦਰਸ਼ਨ ਸਿੰਘ ਵਰਗਿਆਂ ਨੇ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਅਤੇ ਇਸ ਦਾ ਉਨ੍ਹਾਂ ਨੇ ਬੜਾ ਨਿਜੀ ਨੁਕਸਾਨ ਵੀ ਜਰਿਆ ਹੈ ਅਤੇ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਨੂੰ ਛੇਕ ਕੇ ਪੰਜਾਬ ਵਿਚ ਸੱਚੇ ਅਤੇ ਆਜ਼ਾਦ ਪੰਥਕ ਮੀਡੀਆ ਨੂੰ ਵੀ ਦਹਾਕਿਆਂ ਤੋਂ ਅਪਣੀ ਨਫ਼ਰਤ ਅਤੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ ਹੈ।
Photo
ਇਸ ਲਹਿਰ ਪਿੱਛੇ ਇਨ੍ਹਾਂ ਸਾਰਿਆਂ ਦੀਆਂ ਕੁਰਬਾਨੀਆਂ ਅਤੇ ਕੋਸ਼ਿਸ਼ਾਂ ਨੂੰ ਸਮਝਦੇ ਹੋਏ ਇਸ ਦੀ ਕੀਮਤ ਪਾਉਣ ਦੀ ਜ਼ਰੂਰਤ ਹੈ। ਅਕਾਲੀ ਦਲ ਦੇ ਪੰਥਕ ਸਰੂਪ ਨੂੰ ਬਹਾਲ ਕਰਨ ਦੀ ਲਹਿਰ ਨੂੰ ਸਿਰਫ਼ ਸਿਆਸਤ ਦੀ ਖੇਡ ਨਹੀਂ ਬਣਨ ਦੇਣਾ ਚਾਹੀਦਾ ਸਗੋਂ ਜਿਨ੍ਹਾਂ ਨੇ 'ਪੰਥ' ਦਾ ਝੰਡਾ ਚੁੱਕੀ ਰਖਿਆ ਤੇ ਜਿਨ੍ਹਾਂ ਦਾ ਇਹ ਕਸੂਰ ਹੀ ਸੱਤਾ ਤੇ ਬਿਰਾਜਮਾਨ ਲੋਕਾਂ ਨੂੰ ਚੁਭਿਆ, ਉਨ੍ਹਾਂ ਨੂੰ ਵੀ ਨਾਲ ਲੈ ਕੇ ਲਹਿਰ ਦੀ ਸਫ਼ਲਤਾ ਯਕੀਨੀ ਬਣਾਉਣੀ ਚਾਹੀਦੀ ਹੈ।
Photo
ਇਸ ਤੋਂ ਬਿਨਾਂ ਨਾ ਕੋਈ ਲਹਿਰ ਸਫ਼ਲ ਹੋ ਸਕੇਗੀ, ਨਾ ਕੋਈ ਹੋਰ ਪ੍ਰਾਪਤੀ ਹੀ ਕੀਤੀ ਜਾ ਸਕੇਗੀ। ਇਸ ਲਈ ਕਾਂਗਰਸ ਜਾਂ ਭਾਜਪਾ ਦੇ ਪੈਸੇ ਦੀ ਲੋੜ ਨਹੀਂ ਪੈਣੀ ਚਾਹੀਦੀ ਅਤੇ ਇਹ ਉਦੋਂ ਹੀ ਮੁਮਕਿਨ ਹੋਵੇਗਾ ਜਦੋਂ ਆਮ ਸਿੱਖ, ਇਸ ਵਿਚ ਅਪਣੇ ਸਰਗਰਮ ਯੋਗਦਾਨ ਦੀ ਅਹਿਮੀਅਤ ਨੂੰ ਸਮਝੇਗਾ। -ਨਿਮਰਤ ਕੌਰ