ਹੜਤਾਲੀ ਡਾਕਟਰ ਮਮਤਾ ਨੂੰ ਤਾਂ ਝੁਕਾ ਗਏ ਪਰ ਲੋਕਾਂ ਅੰਦਰ ਅਪਣਾ ਅਕਸ ਸੁਧਾਰਨ ਦਾ ਅਸਲ ਕੰਮ ਅਜੇ...
Published : Jun 19, 2019, 1:30 am IST
Updated : Jun 19, 2019, 4:48 pm IST
SHARE ARTICLE
Health services badly hit due to strike of doctors
Health services badly hit due to strike of doctors

ਹੜਤਾਲੀ ਡਾਕਟਰ ਮਮਤਾ ਨੂੰ ਤਾਂ ਝੁਕਾ ਗਏ ਪਰ ਲੋਕਾਂ ਅੰਦਰ ਅਪਣਾ ਅਕਸ ਸੁਧਾਰਨ ਦਾ ਅਸਲ ਕੰਮ ਅਜੇ ਬਾਕੀ ਹੈ...

ਪਛਮੀ ਬੰਗਾਲ ਵਿਚ ਆਖ਼ਰਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਡਾਕਟਰਾਂ ਵਿਚਕਾਰ ਸਮਝੌਤਾ ਹੋ ਹੀ ਗਿਆ ਹੈ ਅਤੇ ਹੁਣ ਸਿਆਸਤਦਾਨਾਂ, ਆਗੂਆਂ, ਅਦਾਕਾਰਾਂ ਵਾਂਗ ਡਾਕਟਰਾਂ ਨੂੰ ਵੀ ਸੁਰੱਖਿਆ ਮਿਲੇਗੀ। ਇਹ ਸਮਝੌਤਾ ਮਮਤਾ ਬੈਨਰਜੀ ਦੀ ਸਿਆਸੀ ਮਜਬੂਰੀ ਵਾਲੇ ਦੌਰ ਕਾਰਨ ਹੋ ਸਕਿਆ ਹੈ। ਡਾਕਟਰਾਂ ਨੇ ਨਾ ਸਿਰਫ਼ ਪਛਮੀ ਬੰਗਾਲ ਨੂੰ ਬਲਕਿ ਪੂਰੇ ਦੇਸ਼ ਨੂੰ ਹੜਤਾਲ ਨਾਲ ਡਰਾ ਰਖਿਆ ਸੀ। ਜਿਥੇ ਡਾਕਟਰਾਂ ਉਤੇ ਹਮਲਾ ਕਰਨ ਦਾ ਕਦਮ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਡਾਕਟਰਾਂ ਦਾ ਕਿਰਦਾਰ ਵੀ ਅੱਜ ਡੂੰਘੀ ਜਾਂਚ ਮੰਗਦਾ ਹੈ।

Doctors StrikeDoctors Strike

ਜਿਸ ਗੱਲ ਨੂੰ ਲੈ ਕੇ ਡਾਕਟਰਾਂ ਵਲੋਂ ਹੜਤਾਲ ਸ਼ੁਰੂ ਹੋਈ, ਉਹ ਮਾਮਲਾ ਲੱਖਾਂ 'ਚੋਂ ਇਕ ਮਰੀਜ਼ ਦੇ ਰਿਸ਼ਤੇਦਾਰ ਵਲੋਂ ਆਪਾ ਗੁਆਉਣ ਕਾਰਨ ਹੋਇਆ। ਅਜਿਹਾ ਰੋਜ਼ ਰੋਜ਼ ਨਹੀਂ ਹੁੰਦਾ। ਪਰ ਕਦੇ ਕਦੇ ਤਾਂ ਅਦਾਲਤ ਵਿਚ ਜੱਜ ਨੂੰ ਲੱਖਾਂ ਵਿਚੋਂ ਇਕ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਸਿਆਸਤਦਾਨ ਤਾਂ ਰੋਜ਼ ਹੀ ਇਸ ਗੁੱਸੇ ਦਾ ਸ਼ਿਕਾਰ ਹੁੰਦੇ ਵੇਖੇ ਜਾ ਸਕਦੇ ਹਨ। ਜਿਥੇ ਹਰ ਰੋਜ਼ ਲੱਖਾਂ ਮਰੀਜ਼ ਡਾਕਟਰਾਂ ਦੇ ਸਾਹਮਣੇ ਮਰਦੇ ਹਨ, ਵੇਖਣ 'ਚ ਆਉਂਦਾ ਹੈ ਕਿ ਕਈ ਵਾਰ ਮਰੀਜ਼ ਡਾਕਟਰਾਂ ਨੂੰ ਹੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਲੱਗ ਪੈਂਦੇ ਹਨ। ਕਿਸੇ ਪ੍ਰਵਾਰਕ ਜੀਅ ਦੀ ਮੌਤ ਇਕ ਦੁਖਦਾਈ ਸੱਚਾਈ ਹੈ ਅਤੇ ਉਸ ਦੁਖ 'ਚੋਂ ਨਿਕਲਿਆ ਰੋਸ ਸਮਝਣ ਦੀ ਬਜਾਏ ਡਾਕਟਰਾਂ ਵਲੋਂ ਸਗੋਂ ਵਪਾਰੀਆਂ ਵਾਲੀ ਸੋਚ ਵਿਖਾਈ ਗਈ।

Lychee DeathsLychee Deaths

ਦਿਮਾਗ਼ੀ ਬੁਖ਼ਾਰ ਕਰ ਕੇ ਬਿਹਾਰ 'ਚ ਹੁਣ ਤਕ 125 ਬੱਚੇ ਮਾਰੇ ਗਏ ਹਨ ਜਿਸ ਦਾ ਅਸਲ ਕਾਰਨ ਡਾਕਟਰਾਂ ਅੰਦਰ ਪਸਰੀ ਸੁਸਤੀ ਅਤੇ ਮਰੀਜ਼ਾਂ ਪ੍ਰਤੀ ਬੇਪ੍ਰਵਾਹੀ ਹੀ ਸੀ। ਜਿਹੜੇ ਕਾਰਨਾਂ ਕਰ ਕੇ ਬਿਹਾਰ 'ਚ 125 ਬੱਚਿਆਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਕਾਰਨਾਂ ਨੂੰ ਲੈ ਕੇ ਬਿਹਾਰ ਦੇ ਡਾਕਟਰਾਂ ਨੇ ਪਿਛਲੇ ਸਾਲਾਂ ਵਿਚ ਕਾਫ਼ੀ ਕੰਮ ਕੀਤਾ ਸੀ ਅਤੇ 2015-16 ਵਿਚ ਸਿਰਫ਼ ਪੰਜ ਮੌਤਾਂ ਹੋਈਆਂ ਸਨ। ਇਸ ਵਾਰ ਕਿਉਂਕਿ ਡਾਕਟਰਾਂ ਨੇ ਦਿਮਾਗ਼ੀ ਬੁਖ਼ਾਰ ਬਾਰੇ ਲੋਕਾਂ ਨੂੰ ਚੌਕਸ ਨਹੀਂ ਸੀ ਕੀਤਾ, ਇਸ ਲਈ ਬੱਚਿਆਂ ਦੀ ਬੜੀ ਦਰਦਨਾਕ ਮੌਤ ਹੋਈ।

Doctors StrikeDoctors Strike

ਪਰ ਕੀ ਕਿਸੇ ਇਕ ਵੀ ਡਾਕਟਰ ਨੂੰ ਮਾਰਿਆ-ਕੁਟਿਆ ਗਿਆ? ਨਹੀਂ ਕਿਉਂਕਿ ਭਾਰਤ 'ਚ ਡਾਕਟਰਾਂ ਨੂੰ ਰੱਬ ਦਾ ਦਰਜਾ ਦਿਤਾ ਜਾਂਦਾ ਹੈ। ਉਨ੍ਹਾਂ ਉਤੇ ਪੂਰੀ ਤਰ੍ਹਾਂ ਵਿਸ਼ਵਾਸ ਕਰ ਕੇ ਬਗ਼ੈਰ ਕਿਸੇ ਸ਼ੰਕਾ ਦੇ, ਉਨ੍ਹਾਂ ਵਲੋਂ ਦਿਤੀ ਦਵਾਈ ਨੂੰ ਰੱਬ ਦਾ ਪ੍ਰਸ਼ਾਦ ਮੰਨਦੇ ਹੋਏ ਗਲੇ ਹੇਠ ਉਤਾਰਿਆ ਜਾਂਦਾ ਹੈ, ਭਾਵੇਂ ਅੰਤ ਵਿਚ ਉਹ ਜ਼ਹਿਰ ਹੀ ਸਾਬਤ ਹੋਵੇ। ਪਰ ਡਾਕਟਰਾਂ ਵਲੋਂ ਅਪਣੇ ਇਸ ਰੱਬ ਦੇ ਦਰਜੇ ਨੂੰ ਕੁੱਝ ਜ਼ਿਆਦਾ ਹੀ ਸੰਜੀਦਗੀ ਨਾਲ ਲੈ ਲਿਆ ਗਿਆ ਹੈ। ਉਹ ਅਸਲ ਵਿਚ ਅਪਣੇ ਆਪ ਨੂੰ ਰੱਬ ਮੰਨਣ ਲੱਗ ਪਏ ਹਨ। ਜਿਸ ਤਰ੍ਹਾਂ ਇਕ ਡਾਕਟਰ, ਮਰੀਜ਼ ਅਤੇ ਉਸ ਦੇ ਪ੍ਰਵਾਰ ਨਾਲ ਰੁੱਖਾ ਬੋਲਦਾ ਹੈ, ਉਨ੍ਹਾਂ ਨੂੰ ਸਮਾਂ ਨਹੀਂ ਦਿੰਦਾ, ਉਨ੍ਹਾਂ ਦੀ ਮਾਨਸਿਕ ਤ੍ਰਿਪਤੀ ਨੂੰ ਜ਼ਰੂਰੀ ਨਹੀਂ ਸਮਝਦਾ, ਉਸ ਨੂੰ ਵੇਖ ਕੇ ਲਗਦਾ ਹੈ ਕਿ ਕਮੀ ਡਾਕਟਰਾਂ ਅੰਦਰ ਵੀ ਡੂੰਘੀ ਧੱਸ ਗਈ ਹੈ।

Doctors StrikeDoctors Strike

ਅਤੇ ਅਪਣੇ ਆਪ ਨੂੰ ਜ਼ਰੂਰਤ ਤੋਂ ਜ਼ਿਆਦਾ ਅਹਿਮੀਅਤ ਦੇਣ ਵਾਲੇ ਡਾਕਟਰਾਂ ਦਾ ਵਰਗ, ਲੋਕਾਂ ਦੇ ਵਿਸ਼ਵਾਸ ਨੂੰ ਵਪਾਰ ਲਈ ਵੀ ਇਸਤੇਮਾਲ ਕਰਦਾ ਹੈ। ਡਾਕਟਰਾਂ ਦਾ, ਜਾਂਚ ਕੇਂਦਰਾਂ, ਫ਼ਿਜ਼ੀਓਥੈਰੇਪੀ ਸੈਂਟਰਾਂ, ਦਵਾਈ ਕੰਪਨੀਆਂ ਦੀ ਸਾਂਝ ਦਾ ਕਾਰੋਬਾਰ ਚਲ ਰਿਹਾ ਹੈ ਜਿਸ ਬਾਰੇ ਸੱਭ ਜਾਣਦੇ ਹਨ ਪਰ ਕਿਉਂਕਿ ਡਾਕਟਰ ਦੇ ਹੱਥ ਵਿਚ ਜਾਨ ਸੌਂਪਣੀ ਪੈਂਦੀ ਹੈ, ਇਸ ਲਈ ਸੱਭ ਚੁਪ ਰਹਿੰਦੇ ਹਨ। ਮੈਡੀਕਲ ਕਾਨਫ਼ਰੰਸਾਂ ਦੇ ਨਾਂ ਤੇ ਡਾਕਟਰਾਂ 'ਚ ਫੈਲਦੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿਚ ਆਈ.ਐਮ.ਏ. ਅਸਮਰੱਥ ਰਹੀ ਹੈ ਜਾਂ ਕਾਬੂ ਕਰਵਾਉਣਾ ਨਹੀਂ ਚਾਹੁੰਦੀ। 

Lychee DeathsLychee Deaths

ਸੈਕਟਰ 19, ਚੰਡੀਗੜ੍ਹ ਦੀ ਮਾਰਕੀਟ ਵਿਚ ਇਕ ਡਾਕਟਰ ਗੁਪਤਾ ਕਈ ਸਾਲਾਂ ਤੋਂ ਬੈਠੇ ਹਨ। ਹਰ ਰੋਜ਼ 100-200 ਮਰੀਜ਼ ਵੇਖਦੇ ਹੋਣਗੇ ਅਤੇ ਪਹਿਲਾਂ 10 ਅਤੇ ਅੱਜਕਲ੍ਹ 30 ਰੁਪਏ ਵਿਚ ਮਸ਼ਵਰਾ ਅਤੇ ਦਵਾਈ ਦਿੰਦੇ ਹਨ। ਸਸਤੀ ਖ਼ੂਨ ਜਾਂਚ ਵੀ ਨਾਲ ਹੀ ਕਰ ਦਿੰਦੇ ਹਨ ਅਤੇ ਹੁਨਰ ਦੇ ਏਨੇ ਪੱਕੇ ਹਨ ਕਿ ਜੇ ਚਾਹੁੰਦੇ ਤਾਂ ਅੱਜ ਚੰਡੀਗੜ੍ਹ ਦੇ ਸੱਭ ਤੋਂ ਮਹਿੰਗੇ ਡਾਕਟਰ ਹੋ ਸਕਦੇ ਸਨ। ਉਨ੍ਹਾਂ ਨੂੰ ਕਦੇ ਕਿਸੇ ਮਰੀਜ਼ ਤੋਂ ਸੁਰੱਖਿਆ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਉਨ੍ਹਾਂ ਨੇ ਅਪਣੇ ਹੁਨਰ ਨੂੰ ਰੱਬ ਵਲੋਂ ਬਖ਼ਸ਼ੀ ਸੇਵਾ ਸਮਝ ਕੇ ਇਸਤੇਮਾਲ ਕੀਤਾ ਹੈ। ਇਹੋ ਜਿਹੇ ਕਈ ਡਾਕਟਰ ਹਨ ਜੋ ਕਿ ਸਾਡਾ ਸਸਤਾ ਤੇ ਜਲਦੀ ਠੀਕ ਕਰ ਦੇਣ ਵਾਲਾ ਇਲਾਜ ਵੀ ਕਰਦੇ ਹਨ। ਸੋ ਨਾ ਸਾਰੇ ਡਾਕਟਰ ਮਾੜੇ ਹਨ ਅਤੇ ਨਾ ਸਾਰੇ ਮਰੀਜ਼ ਹੀ ਅਪਣਾ ਆਪਾ ਗਵਾ ਬੈਠਦੇ ਹਨ। 

Doctors Doctors strike

ਡਾਕਟਰਾਂ ਅਤੇ ਮਰੀਜ਼ਾਂ ਵਿਚਕਾਰ ਜੋ ਖਾਈ ਪੈਦਾ ਹੋ ਗਈ ਹੈ, ਉਹ ਉਨ੍ਹਾਂ ਦੀ ਹਉਮੈ ਕਾਰਨ ਬਣੀ ਹੈ, ਜਿਸ ਨੇ ਭਾਰਤ ਵਿਚ ਇਕ ਬੜੀ ਖ਼ਤਰਨਾਕ ਪ੍ਰਥਾ ਦੀ ਸ਼ੁਰੂਆਤ ਕਰ ਦਿਤੀ ਹੈ। ਮਮਤਾ ਬੈਨਰਜੀ ਨੂੰ ਕਮਜ਼ੋਰ ਪੈਂਦਾ ਵੇਖ ਕੇ ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ ਉਸੇ ਤਰ੍ਹਾਂ ਦੀ ਡਾਕਟਰੀ ਬਗ਼ਾਵਤ ਦੀ ਸੁਰ ਗੂੰਜ ਰਹੀ ਹੈ। ਜਿਥੇ ਲੋੜ ਸੀ ਇਸ ਗੱਲ ਦੀ ਕਿ ਡਾਕਟਰਾਂ ਦੇ ਰਵਈਏ ਵਿਚ ਹਮਦਰਦੀ ਪੈਦਾ ਹੋਵੇ, ਉਥੇ ਬਲੈਕਮੇਲ ਦੀ ਪ੍ਰਥਾ ਸਿਰ ਚੁੱਕਣ ਵਿਚ ਕਾਮਯਾਬ ਹੋਈ ਲਗਦੀ ਹੈ। ਸੁਪਰੀਮ ਕੋਰਟ ਨੇ ਮਰੀਜ਼ਾਂ ਦੇ ਪੱਖ ਨੂੰ ਫੜਿਆ ਹੈ। ਹੁਣ ਕੀ ਆਈ.ਐਮ.ਏ. ਅਪਣੇ ਅੰਦਰ ਦੀਆਂ ਖ਼ਾਮੀਆਂ ਨੂੰ ਦੂਰ ਕਰ ਸਕੇਗੀ? -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement