Editorial: ਇਰਾਨ ਤੋਂ ਵਾਪਸੀ : ਸਬਰ ਬਣਾਈ ਰੱਖਣ ’ਚ ਹੀ ਭਲਾ
Published : Jun 18, 2025, 9:00 am IST
Updated : Jun 18, 2025, 12:49 pm IST
SHARE ARTICLE
Iran Israel war Editorial news in punjabi
Iran Israel war Editorial news in punjabi

ਤਕਰੀਬਨ 10 ਹਜ਼ਾਰ ਭਾਰਤੀ ਨਾਗਰਿਕਾਂ ਦਾ ਯੁੱਧਗ੍ਰਸਤ ਇਰਾਨ ਵਿਚ ਵਿਚ ਫਸੇ ਹੋਣਾ ਬੇਹੱਦ ਚਿੰਤਾਜਨਕ ਮਾਮਲਾ ਹੈ।

Iran Israel war Editorial news in punjabi : ਤਕਰੀਬਨ 10 ਹਜ਼ਾਰ ਭਾਰਤੀ ਨਾਗਰਿਕਾਂ ਦਾ ਯੁੱਧਗ੍ਰਸਤ ਇਰਾਨ ਵਿਚ ਵਿਚ ਫਸੇ ਹੋਣਾ ਬੇਹੱਦ ਚਿੰਤਾਜਨਕ ਮਾਮਲਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ ਇਰਾਨ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 6000 ਦੇ ਕਰੀਬ ਹੈ ਜਿਨ੍ਹਾਂ ਵਿਚੋਂ ਲਗਪਗ ਦੋ ਹਜ਼ਾਰ ਕਸ਼ਮੀਰ ਤੋਂ ਹਨ। ਇਰਾਨੀ ਰਾਜਧਾਨੀ ਤਹਿਰਾਨ ਸਥਿਤ ਭਾਰਤੀ ਦੂਤਾਵਾਸ ਨੇ ਇਸ ਮਹਾਂਨਗਰ ਉਪਰ ਇਜ਼ਰਾਇਲੀ ਮਿਸਾਈਲ ਹਮਲਿਆਂ ਦੀ ਭਰਮਾਰ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਹੋਰਨਾਂ ਥਾਵਾਂ, ਖ਼ਾਸ ਕਰ ਕੇ ਇਸ਼ਫਾਹਾਨ, ਸ਼ੀਰਾਜ, ਅਹਿਵਾਜ਼ ਤੇ ਜ਼ਹੇਦਾਨ ਵਿਚ ਠਹਿਰਾਉਣ ਦੇ ਇੰਤਜ਼ਾਮ ਕੀਤੇ ਹਨ। ਇਨ੍ਹਾਂ ਨਾਗਰਿਕਾਂ ਵਿਚ ਵਿਦਿਆਰਥੀਆਂ ਤੋਂ ਇਲਾਵਾ ਬਹੁਤੇ ਜਾਂ ਤਾਂ ਕਾਰੋਬਾਰੀ ਹਨ ਅਤੇ ਜਾਂ ਕੌਮਾਂਤਰੀ ਕੰਪਨੀਆਂ ਦੇ ਮੁਲਾਜ਼ਮ। ਜਿਹੜੇ ਸ਼ਹਿਰਾਂ ਵਿਚ ਇਨ੍ਹਾਂ ਨੂੰ ਠਹਿਰਾਉਣ ਦੇ ਇੰਤਜ਼ਾਮ ਕੀਤੇ ਗਏ ਹਨ, ਉਹ ਮਿਸਾਈਲਾਂ ਦੀ ਮਾਰ ਤੋਂ ਹੁਣ ਤਕ ਮੁਕਤ ਰਹੇ ਹਨ।

ਉਥੋਂ ਹੀ ਇਨ੍ਹਾਂ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਪਹੁੰਚਾਉਣ ਦੇ ਇੰਤਜ਼ਾਮ ਵੀ ਉਲੀਕੇ ਜਾ ਰਹੇ ਹਨ। ਕਿਉਂਕਿ ਇਜ਼ਰਾਇਲੀ ਹਮਲਿਆਂ ਕਾਰਨ ਇਰਾਨੀ ਹਵਾਈ ਮੰਡਲ ਸਿਵਲੀਅਨ ਉਡਾਣਾਂ ਲਈ ਸੁਰੱਖਿਅਤ ਨਹੀਂ, ਇਸ ਕਰ ਕੇ ਭਾਰਤੀ ਨਾਗਰਿਕਾਂ ਨੂੰ ਉਸ ਮੁਲਕ ਵਿਚੋਂ ਸੁਰੱਖਿਅਤ ਬਾਹਰ ਕੱਢਣ ਲਈ ਉੱਤਰ ਵਿਚ ਜਾਂ ਤਾਂ ਤੁਰਕਮੇਨਿਸਤਾਨ ਜਾਂ ਆਰਮੀਨੀਆ ਪਹੁੰਚਾਇਆ ਜਾ ਸਕਦਾ ਹੈ ਅਤੇ ਜਾਂ ਫਿਰ ਦੱਖਣ-ਪੱਛਮ ਵਿਚ ਖਾੜੀ ਓਮਾਨ ਰਾਹੀਂ ਓਮਾਨ ਪਹੁੰਚਾ ਕੇ ਮਸਕਟ ਤੋਂ ਉਡਾਣਾਂ ਸੰਭਵ ਬਣਾਈਆਂ ਜਾ ਸਕਦੀਆਂ ਹਨ। ਦੋ ਦੱਖਣੀ ਬੰਦਰਗਾਹਾਂ : ਬੰਦਰ ਅੱਬਾਸ ਤੇ ਚਾਬਹਾਰ ਵੀ ਸਮੁੰਦਰੀ ਰਸਤੇ ਰਾਹੀਂ ਵਤਨ ਵਲ ਰਵਾਨਗੀ ਵਿਚ ਮਦਦਗਾਰ ਸਾਬਤ ਹੋ ਸਕਦੀਆਂ ਹਨ। ਚਾਬਹਾਰ ਬੰਦਰਗਾਹ ਭਾਰਤ ਵਲੋਂ ਵਿਕਸਿਤ ਕੀਤੀ ਜਾ ਰਹੀ ਹੈ ਅਤੇ ਇਹ ਸੀਸਤਾਨ-ਬਲੋਚਿਸਤਾਨ ਸੂਬੇ ਵਿਚ ਪੈਂਦੀ ਹੈ।

ਇਸ ਬੰਦਰਗਾਹ ਦੇ ਵਿਕਾਸ ਅਤੇ ਇਸ ਨੂੰ ਰੇਲ ਟਰੈਕ ਰਾਹੀਂ ਕਾਬੁਲ ਤੇ ਮੱਧ ਏਸ਼ੀਆ ਨਾਲ ਜੋੜਨ ਦੇ ਭਾਰਤੀ ਪ੍ਰਾਜੈਕਟ ਕਾਰਨ ਭਾਰਤ ਸਰਕਾਰ ਨੇ ਸੂਬਾਈ ਰਾਜਧਾਨੀ ਜ਼ਾਹੇਦਾਨ ਵਿਚ ਅਪਣਾ ਕੌਂਸੁਲੇਟ ਕਾਇਮ ਕੀਤਾ ਹੋਇਆ ਹੈ। ਇਸੇ ਤਰ੍ਹਾਂ ਬੰਦਰ ਅੱਬਾਸ ਵਿਚ ਵੀ ਭਾਰਤੀ ਕੌਂਸੁਲੇਟ (ਉਪ ਦੂਤਾਵਾਸ ਦੇ ਰੂਪ ਵਿਚ) ਮੌਜੂਦ ਹੈ। ਇਨ੍ਹਾਂ ਥਾਵਾਂ ਦੀ ਕਿੰਨੀ ਕੁ ਵਰਤੋਂ ਮੌਜੂਦਾ ਹਾਲਾਤ ਵਿਚ ਸੰਭਵ ਹੋ ਸਕੇਗੀ, ਇਸ ਦਾ ਵਿਦੇਸ਼ ਮੰਤਰਾਲੇ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ। 40 ਸਾਲ ਪਹਿਲਾਂ ਤਕ ਇਰਾਨ ਵਿਚ ਭਾਰਤੀ ਵਸੋਂ ਇਕ ਲੱਖ ਤੋਂ ਵੱਧ ਸੀ। ਪਰ ਪੱਛਮ, ਖ਼ਾਸ ਕਰ ਕੇ ਅਮਰੀਕਾ ਤੇ ਯੂਰੋਪੀਅਨ ਮੁਲਕਾਂ ਨਾਲ ਇਰਾਨ ਦੇ ਲਗਾਤਾਰ ਖਿਚਾਅ ਅਤੇ ਪੱਛਮੀ ਏਸ਼ੀਆ ਵਿਚ ਸਰਦਾਰੀ ਲਈ ਹੋੜ ਸਾਊਦੀ ਅਰਬ ਤੇ ਇਸ ਦੇ ਇਤਿਹਾਦੀਆਂ ਨਾਲ ਨਿਰੰਤਰ ਤਨਾਜ਼ੇ ਤੋਂ ਉਪਜੇ ਹਾਲਾਤ ਕਾਰਨ ਬਹੁਤੇ ਭਾਰਤੀ ਕਾਰੋਬਾਰੀਆਂ ਨੇ ਇਰਾਨ ਛੱਡਣਾ ਬਿਹਤਰ ਸਮਝਿਆ।

60 ਦੇ ਕਰੀਬ ਸਿੱਖ ਪ੍ਰਵਾਰ ਅਜੇ ਵੀ ਤਹਿਰਾਨ ਵਿਚ ਰਹਿੰਦੇ ਹਨ। ਕਦੇ ਉੱਥੇ ਇਹ ਗਿਣਤੀ 200 ਤੋਂ ਵੱਧ ਹੁੰਦੀ ਸੀ। ਗੁਰਦੁਆਰਾ ਮਜਲਿਸ-ਇ-ਹਿੰਦ ਕੇਂਦਰੀ ਤਹਿਰਾਨ ਵਿਚ ਸਥਿਤ ਹੈ। ਇਹ ਉਸ ਮਹਾਂਨਗਰ ਵਿਚ ਸਥਾਪਿਤ ਤਿੰਨ ਗੁਰਦੁਆਰਿਆਂ ਵਿਚੋਂ ਪ੍ਰਮੁੱਖ ਸੀ। ਪਰ ਬਹੁਗਿਣਤੀ ਸਿੱਖ ਪ੍ਰਵਾਰਾਂ ਦੇ ਪਲਾਇਨ ਕਾਰਨ ਦੋ ਗੁਰਦੁਆਰੇ ਬੰਦ ਹੋ ਗਏ। ਉਂਜ ਵੀ ਇਰਾਨ, ਇਸਲਾਮ ਤੋਂ ਇਲਾਵਾ ਤਿੰਨ ਹੋਰ ਧਰਮਾਂ (ਪਾਰਸੀ, ਯਹੂਦੀ ਤੇ ਇਸਾਈ) ਨੂੰ ਹੀ ਮਾਨਤਾ ਦਿੰਦਾ ਹੈ। ਹੋਰਨਾਂ ਧਰਮਾਂ ਉੱਤੇ ਭਾਵੇਂ ਕੋਈ ਬੰਦਸ਼ ਨਹੀਂ, ਫਿਰ ਵੀ ਉਨ੍ਹਾਂ ਨੂੰ ਕੋਈ ਸਰਕਾਰੀ ਰਿਆਇਤ ਨਹੀਂ ਮਿਲਦੀ। ਤਹਿਰਾਨ ਤੋਂ ਇਲਾਵਾ ਖੁੱਰਮ ਸ਼ਹਿਰ ਤੇ ਜ਼ਾਹੇਦਾਨ ਵਿਚ ਵੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਦੋ ਗੁਰਦੁਆਰੇ ਹਨ। ਖੁੱਰਮ ਵਿਚ ਭਾਈ ਮਰਦਾਨਾ ਜੀ ਦੇ ਇੰਤਕਾਲ ਮਗਰੋਂ ਗੁਰੂ ਨਾਨਕ ਸਾਹਿਬ ਨੇ ਅਪਣੇ ਇਸ ਸਾਥੀ ਨੂੰ ਅਪਣੇ ਹੱਥੀਂ ਸਪੁਰਦ-ਇ-ਖ਼ਾਕ ਕੀਤਾ ਸੀ। ਅਜਿਹੇ ਇਤਿਹਾਸਕ ਸਬੰਧਾਂ ਦੇ ਬਾਵਜੂਦ ਇਰਾਨ ਨਾਲ ਭਾਰਤੀਆਂ ਦਾ ਨਾਤਾ ਕਮਜ਼ੋਰ ਪੈਂਦੇ ਜਾਣ ਦੀ ਮੁੱਖ ਵਜ੍ਹਾ ਪੱਛਮ ਵਲੋਂ ਇਰਾਨ ਉੱਤੇ ਲਾਈਆਂ ਆਰਥਿਕ-ਸਮਾਜਿਕ ਬੰਦਸ਼ਾਂ ਸਨ। ਸੰਯੁਕਤ ਰਾਸ਼ਟਰ (ਯੂ.ਐਨ.) ਦੇ ਜ਼ਰੀਏ ਲਾਈਆਂ ਗਈਆਂ ਇਨ੍ਹਾਂ ਬੰਦਸ਼ਾਂ ਕਾਰਨ ਹੀ ਭਾਰਤ, ਇਰਾਨ ਪਾਸੋਂ ਬਹੁਤ ਘੱਟ ਕੱਚਾ ਤੇਲ ਖ਼ਰੀਦਦਾ ਆਇਆ ਹੈ। ਦੁਵੱਲੇ ਵਪਾਰ ਵਿਚ ਪ੍ਰਗਤੀ ਵੀ ਬਹੁਤ ਸੀਮਤ ਜਹੀ ਰਹੀ ਹੈ। 

ਉਂਜ ਅਜਿਹੀਆਂ ਪ੍ਰਸਥਿਤੀਆਂ ਵਿਚ ਵੀ ਜੇਕਰ 6000 ਦੇ ਕਰੀਬ ਭਾਰਤੀ ਵਿਦਿਆਰਥੀ ਇਰਾਨ ਵਿਚ ਹਨ ਤਾਂ ਉਸ ਦੀ ਮੁੱਖ ਵਜ੍ਹਾ ਹੈ ਇਸ ਮੁਲਕ ਵਿਚ ਮੈਡੀਕਲ ਤੇ ਇੰਜਨੀਅਰਿੰਗ ਸਿਖਿਆ ਦਾ ਭਾਰਤੀ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੇ ਮੁਕਾਬਲੇ ਕਾਫ਼ੀ ਸਸਤਾ ਹੋਣਾ। ਇਸੇ ਤਰ੍ਹਾਂ ਇਨ੍ਹਾਂ ਵਿਦਿਆਰਥੀਆਂ ਵਿਚੋਂ ਵੀ ਦੋ ਹਜ਼ਾਰ ਦੇ ਕਰੀਬ ਕਸ਼ਮੀਰੀ ਹੋਣ ਦਾ ਮੁੱਖ ਕਾਰਨ ਹੈ ਉਨ੍ਹਾਂ ਵਲੋਂ ਇਰਾਨੀ ਜੀਵਨ ਨਾਲ ਮਜ਼ਹਬੀ ਤੇ ਤਹਿਜ਼ੀਬੀ ਸਾਂਝ ਮਹਿਸੂਸ ਕੀਤੇ ਜਾਣਾ। ਹੁਣ ਜੰਗੀ ਹਾਲਾਤ ਨੇ ਉਨ੍ਹਾਂ ਨੂੰ ਵੀ ਫ਼ਿਕਰਾਂ ਵਿਚ ਪਾ ਦਿਤਾ ਹੈ ਅਤੇ ਉਨ੍ਹਾਂ ਦੇ ਮਾਪਿਆਂ ਤੇ ਸਕੇ-ਸਬੰਧੀਆਂ ਨੂੰ ਵੀ। ਦੋਵਾਂ ਨੂੰ ਸਬਰ ਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਦੁਸ਼ਵਾਰ ਹਾਲਾਤ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਤਨ ਪਰਤਾਉਣ ਪੱਖੋਂ ਭਾਰਤ ਸਰਕਾਰ ਦਾ ਰਿਕਾਰਡ ਅਜੇ ਤਕ ਸ਼ਲਾਘਾਯੋਗ ਰਿਹਾ ਹੈ। ਹੁਣ ਇਰਾਨ ਵਾਲੇ ਮਾਮਲੇ ਵਿਚ ਵੀ ਇਹੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਮੁੱਚਾ ਕਾਰਜ ਕਠਿਨ ਹੋਣ ਦੇ ਬਾਵਜੂਦ ਭਾਰਤੀ ਰਿਕਾਰਡ ਮੁੜ ਬੇਦਾਗ਼ ਰਹੇਗਾ।  

  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement