
ਅਸੀ ਰੂਸ-ਯੁਕਰੇਨ ਦੀ ਲੜਾਈ ਨੂੰ ਲਗਾਤਾਰ ਚਲਦੀ ਵੇਖਣ ਦੇ ਆਦੀ ਹੋ ਗਏ ਹਾਂ
ਜਦ ਤਕ ਤੁਸੀ ਇਸ ਲੇਖ ਨੂੰ ਪੜ੍ਹ ਰਹੇ ਹੋਵੋਗੇ, ਗਾਜ਼ਾ ਵਿਚ ਦਵਾਈਆਂ ਖ਼ਤਮ ਹੋ ਚੁਕੀਆਂ ਹੋਣਗੀਆਂ। ਪਾਣੀ, ਬਿਜਲੀ, ਖਾਣੇ ਆਦਿ ਦੇ ਸਾਰੇ ਸਾਧਨ ਬੰਦ ਕਰ ਕੇ, ਗਾਜ਼ਾ ਵਿਚ ਰਹਿੰਦੇ ਲੋਕਾਂ ਦੇ ਜੀਵਨ ਨੂੰ ਸਮਾਪਤ ਕਰਨ ਦਾ ਬਾਨ੍ਹਣੂ ਬੰਨਿ੍ਹਆ ਜਾ ਰਿਹਾ ਹੈ ਤੇ ਦੁਨੀਆਂ ਚੁਪ-ਚਾਪ ਵੇਖ ਰਹੀ ਹੈ। ਗਾਜ਼ਾ ਵਿਚ ਹੁਣ ਲੋਕ ਬੂੰਦ ਬੂੰਦ ਪਾਣੀ ਖ਼ਾਤਰ ਤਰਸਣ ਲਈ ਮਜਬੂਰ ਹੋ ਜਾਣਗੇ। ਸਾਰੀਆਂ ਤਾਕਤਵਰ ਸਰਕਾਰਾਂ ਤੇ ਮੀਡੀਆ ਇਜ਼ਰਾਈਲ ਦੀ ਹੀ ਗੱਲ ਕਰ ਰਿਹਾ ਹੈ। ਪਿਛਲੇ ਦਸ ਦਿਨਾਂ ਤੋਂ ਇਜ਼ਰਾਈਲ ਦੇਸ਼, ਗਾਜ਼ਾ ’ਤੇ ਲਗਾਤਾਰ ਹਵਾਈ ਹਮਲਿਆਂ ਰਾਹੀਂ ਜੋ ਕਹਿਰ ਢਾਹ ਰਿਹਾ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਮਨੁੱਖ ਦੇ ਮਨ ਵਿਚ ਬਰੀਕ ਇਨਸਾਨੀ ਕਦਰਾਂ ਕੀਮਤਾਂ ਦੀ ਕੋਈ ਥਾਂ ਨਹੀਂ। ਅੱਜ ਦੀ ਦੁਨੀਆਂ ਵਿਚ ਜਿਸ ਕੋਲ ਤਾਕਤ ਹੈ, ਪੈਸਾ ਹੈ, ਉਹੀ ਸਹੀ ਹੈ ਅਤੇ ਬਾਕੀ ਸੱਭ ਗ਼ਲਤ। ਅਮਰੀਕਾ ਦੇ ਜੋਅ ਬਾਈਡਨ, ਉਸ ਦੇਸ਼ ਦੀ ਅਗਵਾਈ ਕਰਦੇ ਹਨ ਜੋ ਅਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਅਖਵਾਉਂਦਾ ਹੈ ਪਰ ਅੱਜ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿਤਾ ਹੈ ਕਿ ਇਹ ਸੋਚ ਉਨ੍ਹਾਂ ਵਾਸਤੇ ਨਹੀਂ, ਸਿਰਫ਼ ਉਨ੍ਹਾਂ ਦੀ ਧਰਤੀ ’ਤੇ ਰਹਿੰਦੇ ਤੇ ਜਨਮੇ ਲੋਕਾਂ ਵਾਸਤੇ ਹੀ ਹੈ।
ਯਹੂਦੀਆਂ ਨੇ ਹਿਟਲਰ ਵਲੋਂ ਕੀਤੀ ਨਸਲਕੁਸ਼ੀ ਤੋਂ ਬਾਅਦ ਅਪਣੇ ਆਪ ਨੂੰ ਐਨੀ ਵੱਡੀ ਆਰਥਕ ਤਾਕਤ ਬਣਾ ਲਿਆ ਕਿ ਉਹ ਭਾਵੇਂ ਦੁਨੀਆਂ ਦੀ ਕੁਲ ਆਬਾਦੀ ਦਾ ਕੋਵਲ ਦੋ ਫ਼ੀ ਸਦੀ ਲੋਕ ਹਨ, ਸਾਰੀਆਂ ਵੱਡੀਆਂ ਆਰਥਕ ਸੰਸਥਾਵਾਂ ਤੇ ਅਪਣੀ ਸਰਦਾਰੀ ਬਣਾ ਕੇ ਉਨ੍ਹਾਂ ਇਕ ਬੜੀ ਵੱਡੀ ਜਿੱਤ ਹਾਸਲ ਕਰ ਲਈ ਹੈ ਜਿਸ ’ਤੇ ਬੜਾ ਮਾਣ ਵੀ ਹੁੰਦਾ ਹੈ। ਵੱਡੇ ਘੱਲੁਘਾਰੇ ’ਚੋਂ ਬਚ ਨਿਕਲੇ ਇਹ ਦੋ ਫ਼ੀ ਸਦੀ ਲੋਕ ਅੱਜ ਇਕ ਸੰਸਾਰ ਸ਼ਕਤੀ ਬਣ ਗਏ ਹਨ। ਪਰ ਜਿਸ ਤਰ੍ਹਾਂ ਉਹ ਗਾਜ਼ਾ ਵਾਸੀਆਂ ਦੀ ਨਸਲਕੁਸ਼ੀ ਕਰ ਰਹੇ ਹਨ, ਉਸ ਤੋਂ ਇਹੀ ਲਗਦਾ ਹੈ ਕਿ ਉਨ੍ਹਾਂ ਅੰਦਰ ਤਰਸ ਅਤੇ ਰਹਿਮ ਦੀ ਕੋਈ ਕਣੀ ਨਹੀਂ। ਹਮਾਸ ਨੂੰ ਅਪਣੇ ਨਿਸ਼ਾਨੇ ’ਤੇ ਲੈਣਾ ਅਤੇ ਮਾਸੂਮਾਂ ਨੂੰ ਅਪਣੀ ਨਫ਼ਰਤ ਦੀ ਅੱਗ ਵਿਚ ਸੁੱਟਣ ਤੇ ਤੜਫਾਉਣ ਦੀ ਸੋਚ ਉਨ੍ਹਾਂ ਅੰਦਰ ਸੁਲਗਦੀ ਨਫ਼ਰਤ ਦਾ ਸੰਕੇਤ ਹੈ। ਇਸ ਨਫ਼ਰਤ ਦੀ ਫੈਲਾਈ ਅੱਗ ਦੀ ਲਪੇਟ ਵਿਚ ਅਮਰੀਕਾ ’ਚ ਰਹਿੰਦਾ ਇਕ ਛੇ ਸਾਲ ਦਾ ਫ਼ਲਸਤੀਨੀ ਬੱਚਾ ਆ ਗਿਆ ਜਿਸ ਨੂੰ 29 ਵਾਰ ਛੁਰਾ ਖੋਭ ਕੇ ਇਜ਼ਰਾਈਲੀਆਂ ਦੀ ਅੱਜ ਦੀ ਨਿਰਦੈਤਾ ਵਾਲੀ ਸੋਚ ਦਾ ਨੰਗਾ ਨਾਚ ਵੇਖਣ ਨੂੰ ਮਿਲ ਗਿਆ।
ਅਸੀ ਰੂਸ-ਯੁਕਰੇਨ ਦੀ ਲੜਾਈ ਨੂੰ ਲਗਾਤਾਰ ਚਲਦੀ ਵੇਖਣ ਦੇ ਆਦੀ ਹੋ ਗਏ ਹਾਂ। ਇਸ ਜੰਗ ਨੂੰ ਲੈ ਕੇ 10 ਦਿਨਾਂ ਵਿਚ ਇਨਸਾਨੀਅਤ ਦਾ ਧਿਆਨ ਭਟਕਣਾ ਸ਼ੁਰੂ ਹੋ ਗਿਆ ਹੈ। ਸਾਡੇ ਅਪਣੇ ਦੇਸ਼ ਵਿਚ ਮਨੀਪੁਰ ’ਚ ਕੀ ਕੀ ਨਹੀਂ ਵਾਪਰਿਆ ਤੇ ਅਸੀ ਤਕਰੀਬਨ ਚੁੱਪ ਹੀ ਹਾਂ। ਅੱਜ ਦੀਆਂ ਸਰਕਾਰਾਂ ਨੇ ਸਾਨੂੰ ਰੋਟੀ, ਕਪੜੇ ਦੀ ਲੜਾਈ ਵਿਚ ਐਸਾ ਉਲਝਾ ਦਿਤਾ ਹੈ ਕਿ ਲੋਕ ਹੁਣ ਖ਼ਬਰਾਂ ਪੜ੍ਹਨ ਤੋਂ ਵੀ ਗੁਰੇਜ਼ ਕਰਦੇ ਹਨ। ਆਖ਼ਰ ਕਿਉਂ ਉਹ ਅਪਣੀ ਬੇਬਸੀ ਦਾ ਰੋਜ਼ ਸਾਹਮਣਾ ਕਰਨ?
ਇਸ ਸਥਿਤੀ ਵਿਚ ਸੱਭ ਤੋਂ ਵੱਡੀ ਹਾਰ ਸੰਯੁਕਤ ਰਾਸ਼ਟਰ ਦੀ ਸਾਹਮਣੇ ਆਈ ਹੈ ਜੋ ਐਨੇ ਦਹਾਕਿਆਂ ਵਿਚ ਵੀ ਇਨ੍ਹਾਂ ਸਾਰੇ ਦੇਸ਼ਾਂ ਵਿਚ ਜੰਗ ਦੇ ਮੁੱਖ ਨਿਯਮ ਨਹੀਂ ਬਣਾ ਸਕੀ। ਸਾਡੇ ਦੇਸ਼ ਦੇ ਇਤਿਹਾਸ ਵਿਚ ਰਾਤ ਪੈਂਦੇ ਹੀ ਜੰਗਾਂ ਬੰਦ ਹੋ ਜਾਂਦੀਆਂ ਸਨ ਤੇ ਭਾਈ ਘਨਈਆ ਵਰਗੇ ਪਾਤਰ ਹਨ ਜੋ ਹਰ ਜ਼ਖ਼ਮੀ ਫ਼ੌਜੀ ਦੇ ਮੂੰਹ ਵਿਚ ਪਾਣੀ ਪਾਉਂਦੇ ਸਮੇਂ ਇਹ ਨਹੀਂ ਸਨ ਵੇਖਦੇ ਕਿ ਕਿਹੜੇ ਪਾਸੇ ਦਾ ਫ਼ੌਜੀ ਹੈ?
ਲੜਾਈ ਹਮਾਸ ਨੇ ਇਜ਼ਰਾਈਲ ਤੇ ਅਰਬ ਦੇਸ਼ਾਂ ਵਿਚਕਾਰ ਹੋਣ ਜਾ ਰਹੇ ਆਰਥਕ ਸਮਝੌਤੇ ਨੂੰ ਰੋਕਣ ਵਾਸਤੇ ਕੀਤੀ ਹੈ ਪਰ ਅੱਜ ਦੇ ਦਿਨ ਹਮਾਸ ਤੇ ਇਜ਼ਰਾਈਲੀ ਸਰਕਾਰ ਵਿਚ ਕੋਈ ਅੰਤਰ ਨਹੀਂ ਰਹਿ ਗਿਆ। ਇਕ ਪਾਸੇ ਇਕ ਹਾਰਦਾ ਹੋਇਆ ਪੀਐਮ ਨੇਤਨਯਾਹੂ ਹੈ ਜੋ ਇਸ ਜੰਗ ਵਿਚੋਂ ਅਪਣੇ ਲਈ ਘਰੇਲੁ ਚੋਣਾਂ ਵਿਚੋਂ ਜਿੱਤ ਲੱਭ ਰਿਹਾ ਤੇ ਦੂਜੇ ਪਾਸੇ ਨਫ਼ਰਤ ਵਿਚ ਪਲਿਆ ਹਮਾਸ ਹੈ ਜਿਸ ਨੇ ਅਪਣੀ ਧਰਤੀ ਤੋਂ ਇਜ਼ਰਾਈਲ ਦੇ ਖ਼ਾਤਮੇ ਦਾ ਗ਼ੈਰ ਯਥਾਰਥਵਾਦੀ ਟੀਚਾ ਮਿਥਿਆ ਹੈ। ਇਨ੍ਹਾਂ ਵਿਚ ਕੋਈ ਵੀ ਇਕ ਹਮਦਰਦ ਇਨਸਾਨ ਅਖਵਾਉਣ ਦੇ ਕਾਬਲ ਨਹੀਂ ਤੇ ਦੋਵੇਂ ਹੀ ਅਪਣੀ ਚੌਧਰ ਵਾਸਤੇ ਮਾਸੂਮਾਂ ਦੇ ਬੇਪ੍ਰਵਾਹ ਕਤਲ ਕਰਨ ਤੋਂ ਪਿੱਛੇ ਨਹੀਂ ਹਟਦੇ। ਫ਼ਰਕ ਸਿਰਫ਼ ਪੈਸੇ ਤੇ ਤਾਕਤ ਦਾ ਹੈ ਜਿਸ ਸਾਹਮਣੇ ਅੱਜ ਦੀ ਦੁਨੀਆਂ ਝੁਕਦੀ ਹੈ। ਪਰ ਇਕ ਦਿਨ ਉਥੇ
‘‘ਅਮਲਾਂ ਦੇ ਹੋਣਗੇ ਨਿਬੇੜੇ
ਜਾਤ ਕਿਸੇ ਪੁਛਣੀ ਨਹੀਂ।
ਝੂਠੇ ਮਾਣ, ਤੇਰੇ ਝੂਠੇ ਸੱਭ ਚਿਹਰੇ,
ਕਿਸੇ ਨਾ ਤੇਰੀ ਬਾਤ ਪੁਛਣੀ ਨਹੀਂ।’ - ਨਿਮਰਤ ਕੌਰ