Editorial: ਜਹਾਜ਼ਾਂ ’ਚ ਬੰਬ : ਪੁਖ਼ਤਾ ਸੁਰੱਖਿਆ ਹੀ ਕਾਰਗਰ ਉਪਾਅ...
Published : Oct 18, 2024, 9:26 am IST
Updated : Oct 18, 2024, 9:26 am IST
SHARE ARTICLE
Bombs in planes: Proper security is the only effective measure...
Bombs in planes: Proper security is the only effective measure...

Editorial: ਸਾਰੀਆਂ ਧਮਕੀਆਂ ਜਾਂ ਧਮਕੀਨੁਮਾ ਇਤਲਾਹਾਂ ਗ਼ਲਤ ਸਾਬਤ ਹੋਈਆਂ।

 

Editorial:  ਜਹਾਜ਼ਾਂ ਵਿਚ ਬੰਬ ਹੋਣ ਦੇ ਝੂਠੇ ਡਿਜੀਟਲ ਸੁਨੇਹਿਆਂ ਨੇ ਹਵਾਬਾਜ਼ੀ ਕੰਪਨੀਆਂ, ਖ਼ਾਸ ਕਰ ਕੇ ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ ਵਖ਼ਤ ਪਾਇਆ ਹੋਇਆ ਹੈ। ਸੋਮਵਾਰ ਤੋਂ ਲੈ ਕੇ ਵੀਰਵਾਰ ਸਵੇਰ ਤਕ ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ ਅਜਿਹੀਆਂ 15 ਧਮਕੀਆਂ ਸੋਸ਼ਲ ਮੀਡੀਆ ਮੰਚਾਂ ਰਾਹੀਂ ਮਿਲੀਆਂ। ਇਨ੍ਹਾਂ ਕਾਰਨ ਕੁਝ ਉਡਾਣਾਂ ਨੂੰ ਰਾਹ ਬਦਲ ਕੇ ਅਣਕਿਆਸੇ ਹਵਾਈ ਅੱਡਿਆਂ ਉੱਤੇ ਉਤਾਰਨਾ ਪਿਆ, ਕੁੱਝ ਨੂੰ ਤਿੰਨ ਤੋਂ ਗਿਆਰਾਂ ਘੰਟਿਆਂ ਤਕ ਮੁਲਤਵੀ ਕਰਨਾ ਪਿਆ ਅਤੇ ਦੋ ਉਡਾਣਾਂ ਤਾਂ ਰੱਦ ਵੀ ਕਰਨੀਆਂ ਪਈਆਂ। ਸਾਰੀਆਂ ਧਮਕੀਆਂ ਜਾਂ ਧਮਕੀਨੁਮਾ ਇਤਲਾਹਾਂ ਗ਼ਲਤ ਸਾਬਤ ਹੋਈਆਂ।

ਅੰਤਰਦੇਸ਼ੀ ਉਡਾਣਾਂ ਦੇ ਮਾਮਲੇ ਵਿਚ ਅਜਿਹੇ ਵਰਤਾਰੇ ਤੋਂ ਹਵਾਬਾਜ਼ੀ ਕੰਪਨੀਆਂ ਨੂੰ ਦਿੱਕਤ ਮੁਕਾਬਲਤਨ ਘੱਟ ਰਹਿੰਦੀ ਹੈ, ਪਰ ਕੌਮਾਂਤਰੀ ਉਡਾਣਾਂ ਵੇਲੇ ਜਹਾਜ਼ਾਂ ਲਈ ਸੱਭ ਤੋਂ ਨੇੜਲੇ ਹਵਾਈ ਅੱਡੇ ਲੱਭਣੇ ਅਤੇ ਮੁਸਾਫ਼ਰਾਂ ਨੂੰ ਹੰਗਾਮੀ ਲੈਂਡਿੰਗ ਲਈ ਤਿਆਰ ਕਰਨਾ, ਵੱਡੀ ਮੁਸੀਬਤ ਬਣ ਜਾਂਦਾ ਹੈ। ਮਸਲਨ, ਨਵੀਂ ਦਿੱਲੀ ਤੋਂ ਸ਼ਿਕਾਗੋ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਮੰਗਲਵਾਰ ਨੂੰ ਇਕ ਛੋਟੇ ਜਿਹੇ ਕੈਨੇਡੀਅਨ ਸ਼ਹਿਰ ਦੀ ਉਸ ਹਵਾਈ ਪੱਟੀ ’ਤੇ ਉਤਾਰਨਾ ਪਿਆ ਜਿਸ ਦੀ ਲੰਬਾਈ 70 ਸੀਟਾਂ ਵਾਲੇ ਜਹਾਜ਼ਾਂ ਲਈ ਹੀ ਢੁਕਵੀਂ ਸੀ, ਵੱਡੇ ਬੋਇੰਗ ਜਹਾਜ਼ਾਂ ਵਾਸਤੇ ਨਹੀਂ। ਇਹ ਲੈਂਡਿੰਗ ਮੁਸਾਫ਼ਰਾਂ ਲਈ ਕਾਫ਼ੀ ਤਕਲੀਫ਼ਦੇਹ ਸਾਬਤ ਹੋਈ।

ਇੰਜ ਹੀ ਮਦੁਰਾਇ ਤੋਂ ਸਿੰਗਾਪੁਰ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਦੀ ਹਿਫ਼ਾਜ਼ਤ ਲਈ ਸਿੰਗਾਪੁਰ  ਏਅਰ ਫ਼ੋਰਸ ਨੂੰ ਅਪਣੇ ਲੜਾਕੂ ਜੈੱਟ ਹਿੰਦ ਮਹਾਂਸਾਗਰ ਦੇ ਹਵਾਈ ਮੰਡਲ ਵਿਚ ਭੇਜਣੇ ਪਏ। ਵੀਰਵਾਰ ਨੂੰ ਏਅਰ ਇੰਡੀਆ ਦੀ ਫ਼ਰੈਂਕਫ਼ਰਟ (ਜਰਮਨੀ) ਤੋਂ ਮੁੰਬਈ ਆ ਰਹੀ ਉਡਾਣ ਦੇ ਕਪਤਾਨ ਨੂੰ ਵੀ ਧਮਕੀ ਮਿਲੀ ਪਰ ਉਸ ਨੇ ਸਾਹਸ ਤੇ ਸ਼ੇਰਦਿਲੀ ਦਾ ਮੁਜ਼ਾਹਰਾ ਕਰਦਿਆਂ ਜਹਾਜ਼ ਨੂੰ ਕਰਾਚੀ ਵਲ ਮੋੜਨ ਦੀ ਥਾਂ ਮੁੰਬਈ ਪਹੁੰਚਾਉਣਾ ਬਿਹਤਰ ਸਮਝਿਆ ਅਤੇ ਹੰਗਾਮੀ ਹਾਲਾਤ ਵਿਚ ਮੁੰਬਈ ਹਵਾਈ ਅੱਡੇ ’ਤੇ ਉਤਾਰਿਆ।

ਝੂਠੀਆਂ ਧਮਕੀਆਂ ਰਾਹੀਂ ਸੈਂਕੜੇ ਮੁਸਾਫ਼ਰਾਂ ਦੀ ਜਾਨ ਖ਼ਤਰੇ ਵਿਚ ਪਾਉਣ ਵਰਗੀ ਖ਼ਰਦਿਮਾਗੀ ਕੁੱਝ ਲੋਕਾਂ ਨੂੰ ਤਾਂ ਮਨੋਰੰਜਨ ਜਾਪ ਸਕਦੀ ਹੈ, ਪਰ ਇਹ ਹਵਾਬਾਜ਼ੀ ਕੰਪਨੀਆਂ ਲਈ ਬਹੁਤ ਵੱਡੀ ਸਿਰਦਰਦੀ ਸਾਬਤ ਹੁੰਦੀ ਆਈ ਹੈ। ਉਨ੍ਹਾਂ ਨੂੰ ਲੱਖਾਂ ਅਤੇ ਕਈ ਵਾਰ ਕਰੋੜਾਂ ਰੁਪਏ, ਦਾ ਨੁਕਸਾਨ ਬਿਨਾਂ ਮਤਲਬ ਹੋ ਜਾਂਦਾ ਹੈ। ਏਅਰ ਇੰਡੀਆ ਦੀ ਇਕ ਉਡਾਣ, ਜੋ ਸ਼ਾਮ ਵੇਲੇ ਰਵਾਨਾ ਹੋਣੀ ਸੀ, ਅਗਲੀ ਸਵੇਰ ਤਕ ਮੁਲਤਵੀ ਕੀਤੀ ਗਈ। ਇਸ ਕਾਰਨ ਢਾਈ ਸੌ ਤੋਂ ਵੱਧ ਮੁਸਾਫ਼ਰਾਂ ਦੀ ਖਾਧ-ਖੁਰਾਕ ਤੋਂ ਇਲਾਵਾ ਰਿਹਾਇਸ਼ ਦਾ ਪ੍ਰਬੰਧ ਵੀ ਉਸ ਹਵਾਬਾਜ਼ੀ ਕੰਪਨੀ ਨੂੰ ਅਪਣੇ ਖ਼ਰਚੇ ’ਤੇ ਕਰਨਾ ਪਿਆ। ਸੋਸ਼ਲ ਮੀਡੀਆ ਜਾਂ ਈ-ਮੇਲ ’ਤੇ ਆਈ ਕਿਸੇ ਵੀ ਧਮਕੀ ਨੂੰ ਹਵਾਬਾਜ਼ੀ ਨਿਯਮਾਂ ਕਾਰਨ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਮੁਸਾਫ਼ਰਾਂ ਦੀ ਸੁਰੱਖਿਆ ਸਰਬ-ਪ੍ਰਮੁੱਖ ਮੰਨੀ ਜਾਂਦੀ ਹੈ ਅਤੇ ਇਸ ਮਾਮਲੇ ਵਿਚ ਕੋਈ ਵੀ ਸਮਝੌਤਾ ਕਰਨਾ, ਕੌਮਾਂਤਰੀ ਹਵਾਬਾਜ਼ੀ ਨਿਯਮਾਵਲੀ ਦੀ ਉਲੰਘਣਾ ਸਮਝਿਆ ਜਾਂਦਾ ਹੈ। ਦੂਜੇ ਪਾਸੇ, ਝੂਠੀ ਧਮਕੀ ਦੇਣ ਜਾਂ ਝੂਠੀ ਅਫ਼ਵਾਹ ਫ਼ੈਲਾਉਣ ਵਾਲੇ ਦੀ ਸ਼ਨਾਖ਼ਤ ਕਰਨੀ ਵੀ ਆਸਾਨ ਨਹੀਂ। ਇਹ ਅਮਲ ਕਈ-ਕਈ ਦਿਨ ਲੈ ਲੈਂਦਾ ਹੈ।

ਮੁੰਬਈ ਪੁਲਿਸ ਨੇ ਏਅਰ ਇੰਡੀਆ ਦੀ ਉਡਾਣ ਵਿਚ ਬੰਬ ਹੋਣ ਜਾਂ ਤਿੰਨ ਘਰੇਲੂ ਉਡਾਣਾਂ ਨੂੰ ਉਡਾ ਦੇਣ ਦੀ ਧਮਕੀ ਦੇ ਸਬੰਧ ਵਿਚ ਭਾਵੇਂ ਮੁੰਬਈ ਦੇ ਹੀ ਇਕ ਨਾਬਾਲਗ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਫਿਰ ਵੀ ਸੁਰੱਖਿਆ ਏਜੰਸੀਆਂ ਦੀ ਤਹਿਕੀਕਾਤ ਇਸ ਮੁੱਦੇ ’ਤੇ ਕੇਂਦ੍ਰਿਤ ਹੈ ਕਿ ਉਪਰੋਕਤ ਧਮਕੀਆਂ ਕਿਸੇ ਡੂੰਘੇਰੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ? ਘੱਟੋਘੱਟ ਸੱਤ ਐਕਸ (x) ਸੁਨੇਹਿਆਂ ਦੇ ਪਤੇ ਜਰਮਨੀ ਦੇ ਨਿਕਲੇ ਹਨ। ਇਨ੍ਹਾਂ ਦੀ ਵੀ ਪੜਤਾਲ ਹੋ ਰਹੀ ਹੈ। 

ਇਸ ਸਾਰੀ ਸਥਿਤੀ ਦਾ ਅਸੁਖਾਵਾਂ ਪੱਖ ਇਹ ਵੀ ਹੈ ਕਿ ਹਵਾਬਾਜ਼ੀ ਕੰਪਨੀ ਦਾ ਲੱਖਾਂ-ਕਰੋੜਾਂ ਦਾ ਨੁਕਸਾਨ ਹੋਣ ਦੇ ਬਾਵਜੂਦ ਧਮਕੀਬਾਜ਼ ਦਾ ਬਹੁਤਾ ਕੁਝ ਨਹੀਂ ਵਿਗੜਦਾ। ਏਅਰਲਾਈਨਜ਼ ਉਸ ਨੂੰ ਛੇ ਮਹੀਨੇ ਤੋਂ ਪੰਜ ਵਰਿ੍ਹਆਂ ਤਕ ਜਹਾਜ਼ ਨਾ ਚੜ੍ਹਨ ਦੇਣ ਵਰਗੀ ਸਜ਼ਾ ਦੇ ਸਕਦੇ ਹਨ। ਇਸ ਬੰਦਸ਼ ਦੀ ਮਿਆਦ ਵੀ ਅਪਰਾਧ ਦੀ ਸ਼ਿੱਦਤ ਉੱਤੇ ਨਿਰਭਰ ਕਰਦੀ ਹੈ।

ਫ਼ੌਜਦਾਰੀ ਸਜ਼ਾ ਤਾਂ ਧਮਕੀ ਕਾਰਨ ਹੋਏ ਕਿਸੇ ਜਾਨੀ ਨੁਕਸਾਨ ਦੀ ਸੂਰਤ ਵਿਚ ਹੀ ਸੰਭਵ ਹੋ ਸਕਦੀ ਹੈ। ਹਵਾਬਾਜ਼ੀ ਮਾਹਰਾਂ ਮੁਤਾਬਕ ਮੌਜੂਦਾ ਸਮੱਸਿਆ ਦਾ ਇੱਕੋ-ਇਕ ਹੱਲ ਹੈ : ਹਵਾਈ ਅੱਡਿਆਂ, ਹਵਾਈ ਜਹਾਜ਼ਾਂ ਤੇ ਹਵਾਈ ਅਮਲੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਵੱਧ ਅਸਰਦਾਰ ਬਣਾਉਣਾ। ਉਡਾਣਾਂ ਮੁਲਤਵੀ ਜਾਂ ਰੱਦ ਕਰਨ ਜਾਂ ਅੱਧਵਾਟਿਉਂ ਮੋੜਨ ਦੀ ਥਾਂ ਸੁਰੱਖਿਆ ਪ੍ਰਬੰਧਾਂ ਉੱਤੇ ਵੱਧ ਖ਼ਰਚ ਕਰਨਾ ਜ਼ਿਆਦਾ ਕਾਰਗਰ ਉਪਾਅ ਜਾਪਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement