
ਪੰਜਾਬ ਦੀ ਧਰਤੀ ਹੈ ਜਿਥੇ ਗੁਰੂਆਂ ਨੇ ਬਰਾਬਰੀ ਦੀ ਸਿਖਿਆ ਦਿਤੀ ਤੇ ਭਾਰਤ ਦੀ ਪਹਿਲੀ ਯੂਨੀਵਰਸਟੀ ਵੀ ਇਸੇ ਧਰਤੀ ’ਤੇ ਸਥਾਪਤ ਹੋਈ।
ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਪੜ੍ਹਦੀ ਬੱਚੀ ਜਸ਼ਨਦੀਪ ਕੌਰ ਦੀ ਮੌਤ ਨੇ ਦਿਲ ਤੋੜ ਦਿਤਾ ਹੈ। ਇਹ ਪੰਜਾਬ ਦੀ ਧਰਤੀ ਹੈ ਜਿਥੇ ਗੁਰੂਆਂ ਨੇ ਬਰਾਬਰੀ ਦੀ ਸਿਖਿਆ ਦਿਤੀ ਤੇ ਭਾਰਤ ਦੀ ਪਹਿਲੀ ਯੂਨੀਵਰਸਟੀ ਵੀ ਇਸੇ ਧਰਤੀ ’ਤੇ ਸਥਾਪਤ ਹੋਈ। ਪਰ ਇਸੇ ਧਰਤੀ ਤੇ ਅੱਜ ਇਕ ਪ੍ਰੋਫ਼ੈਸਰ ਨੇ ਇਕ ਬੱਚੀ ਨੂੰ ਇਸ ਤਰ੍ਹਾਂ ਤੇ ਇਸ ਢੰਗ ਨਾਲ ਸਤਾਇਆ ਕਿ ਉਸ ਦੀ ਮੌਤ ਹੀ ਹੋ ਜਾਵੇ ਤੇ ਕੋਈ ਕਦਮ ਵੀ ਨਾ ਚੁਕਿਆ ਜਾ ਸਕੇ। ਇਹ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ।
ਜਦੋਂ ਇਕ ਬੱਚੀ ਉੱਚ ਸਿਖਿਆ ਵਾਸਤੇ ਇਕ ਛੋਟੇ ਪਿੰਡ ’ਚੋਂ ਆਉਂਦੀ ਹੈ ਤਾਂ ਉਹ ਇਕੱਲੀ ਨਹੀਂ ਹੁੰਦੀ, ਉਸ ਦੇ ਨਾਲ ਇਕ ਪ੍ਰਵਾਰ ਦੀ ਮਿਹਨਤ ਤੇ ਦੁਨਿਆਵੀ ਰੀਤਾਂ ਤੋਂ ਉਪਰ ਉਠ ਕੇ ਅਪਣੀ ਬੱਚੀ ਨੂੰ ਬਰਾਬਰ ਦਾ ਮੌਕਾ ਦੇਣ ਦੀ ਮਿਹਨਤ ਵੀ ਹੁੰਦੀ ਹੈ। ਜਦੋਂ ਇਕ ਬੇਟੀ ਸਫ਼ਲ ਹੁੰਦੀ ਹੈ ਤਾਂ ਉਹ ਕਈ ਬੇਟੀਆਂ ਵਾਸਤੇ ਰਸਤਾ ਖੋਲ੍ਹਦੀ ਹੈ। ਪਰ ਜਦ ਇਕ ਬੇਟੀ ਦਾ ਇਕ ਪ੍ਰੋਫ਼ੈਸਰ ਹੀ ਮਨੋਬਲ ਤੋੜ ਦਿੰਦਾ ਹੈ ਤਾਂ ਸਿਰਫ਼ ਉਹ ਬੇਟੀ ਹੀ ਨਹੀਂ ਬਲਕਿ ਕਈ ਹੋਰ ਬੇਟੀਆਂ ਤੇ ਉਨ੍ਹਾਂ ਦੇ ਮਾਂ-ਬਾਪ ਦਾ ਸਾਹਸ ਵੀ ਟੁਟ ਜਾਂਦਾ ਹੈ।
ਅੱਜ ਤਕ ਜੋ ਕੁੱਝ ਵੀ ਸਾਹਮਣੇ ਆਇਆ ਹੈ, ਉਹ ਦਰਸਾਉਂਦਾ ਹੈ ਕਿ ਬੱਚੀ ਦੀ ਸਿਹਤ ਠੀਕ ਨਹੀਂ ਸੀ ਪਰ ਇਸ ਪ੍ਰੋਫ਼ੈਸਰ ਦਾ ਨਿਰਦਈ ਰਵਈਆ ਹੀ ਉਸ ਬੱਚੀ ਦੀ ਮੌਤ ਦਾ ਕਾਰਨ ਬਣਿਆ। ਬੱਚੀ ਬਿਮਾਰੀ ਕਾਰਨ ਛੁੱਟੀ ਮੰਗਦੀ ਸੀ ਪਰ ਉਸ ਨੂੰ ਇਸ ਬਦਲੇ ਵੀ ਪ੍ਰੋਫ਼ੈਸਰ ਕੋਲੋਂ ਤੰਗੀ ਅਤੇ ਪ੍ਰੇਸ਼ਾਨੀ ਹੀ ਮਿਲੀ। ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਇਸ ਪ੍ਰੋਫ਼ੈਸਰ ਵਲੋਂ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਉਸ ਨੇ ਕਿਸੇ ਵਿਦਿਆਰਥਣ ਨੂੰ ਅਪਣੀ ਨਿਰਦਈ ਸੋਚ ਦਾ ਨਿਸ਼ਾਨਾ ਬਣਾਇਆ ਹੋਵੇ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਚਾਰ ਦਿਨ ਬੀਤ ਜਾਣ ਤੇ ਵੀ ਪਰਚਾ ਇਸ ਪ੍ਰੋਫ਼ੈਸਰ ਉਤੇ ਨਹੀਂ ਬਲਕਿ ਬੱਚੀ ਵਾਸਤੇ ਇਨਸਾਫ਼ ਮੰਗ ਰਹੇ ਵਿਦਿਆਰਥੀਆਂ ’ਤੇ ਪਾਇਆ ਗਿਆ ਹੈ। ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰਨ ਦੇ ਆਦੇਸ਼ ਵੀ ਨਹੀਂ ਦਿਤੇ ਗਏ ਸਗੋਂ ਵੀਸੀ ਵਲੋਂ ਵਿਦਿਆਰਥੀਆਂ ਦੇ ਵਿਰੋਧ ਨੂੰ ਨਕਾਰਿਆ ਹੀ ਗਿਆ ਹੈ। ਇਸ ਦੌਰਾਨ ਪ੍ਰੋਫ਼ੈਸਰ ਦੇ ਨਾਸਤਕ ਹੋਣ ਦੀ ਗੱਲ ਤੇ ਉਸ ਵਲੋਂ ਸਿੱਖਾਂ ਤੇ ਸਿੱਖੀ ਪ੍ਰਤੀ ਘਿਰਣਾ-ਭਰੀ ਜ਼ਬਾਨ-ਦਰਾਜ਼ੀ ਕਰਨ ਦੀ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪਰ ਅਸਲ ਗੱਲ ਇਹ ਹੈ ਜੋ ਸਾਹਮਣੇ ਆ ਰਹੀ ਹੈ ਕਿ ਇਹ ਪ੍ਰੋਫ਼ੈਸਰ ਬੱਚਿਆਂ ਨੂੰ ਅਗਵਾਈ ਦੇਣ ਦੇ ਕਾਬਲ ਨਹੀਂ ਲਗਦਾ। ਜੇ ਸਾਰੇ ਵਿਦਿਆਰਥੀ ਅੱਜ ਇਕੱਠੇ ਹੋ ਕੇ ਇਕ ਸੁਰ ਵਿਚ ਆਖ ਰਹੇ ਹਨ ਕਿ ਇਸ ਪ੍ਰੋਫ਼ੈਸਰ ਦੀ ਕਠੋਰਤਾ ਕਾਰਨ ਇਕ ਬੱਚੀ ਦੀ ਮੌਤ ਹੋਈ ਹੈ ਤਾਂ ਪ੍ਰਸ਼ਾਸਨ ਜਾਗ ਕਿਉਂ ਨਹੀਂ ਰਿਹਾ? ਅੱਜ ਜਿਸ ਤਰ੍ਹਾਂ ਦੀਆਂ ਗੱਲਾਂ ਚਰਚਾ ਵਿਚ ਆ ਰਹੀਆਂ ਹਨ, ਉਹ ਸੱਭ ਇਕ ਡੂੰਘੀ ਖੋਜ ਮੰਗਦੀਆਂ ਹਨ। ਵਿਦਿਆ ਨੂੰ ਵਪਾਰ ਬਣਾਉਣਾ ਤਾਂ ਇਕ ਮੁੱਦਾ ਹੈ ਪਰ ਸਿਖਿਆ ਸੰਸਥਾਵਾਂ ਨੂੰ ਇਕ ਖ਼ਾਸ ਧਰਮ ਵਿਰੁਧ ਨਫ਼ਰਤ ਦਾ ਕਾਮਰੇਡੀ ਪਲੇਟਫ਼ਾਰਮ ਬਣਾ ਦੇਣਾ ਵੀ ਸਹੀ ਨਹੀਂ। ਸਿਖਿਆ ਸੰਸਥਾਵਾਂ ਵਿਚ ਇਨਸਾਨ ਦੀ ਬੌਧਿਕ ਸੋਚ ਸਮਰੱਥਾ ਦੀ ਬੁਨਿਆਦ ਨੂੰ ਤਾਕਤਵਰ ਬਣਾਉਣ ਦੇ ਕੰਮ ਦੀ ਆਸ ਹੁੰਦੀ ਹੈ। ਪਰ ਇਸ ਪ੍ਰੋਫ਼ੈਸਰ ਨੇ ਕਠੋਰਤਾ ਦੀ ਪ੍ਰਦਰਸ਼ਨੀ ਕਰ ਕੇ ਅਪਣੇ ਅੰਦਰ ਇਨਸਾਨੀਅਤ ਦੀ ਕਮੀ ਵਿਖਾਈ ਜਾਂ ਉਸ ਨੇ ਇਸ ਬੱਚੀ ਨੂੰ ਅਪਣੀ ਕੱਟੜਵਾਦੀ ਨਾਸਤਕ ਸੋਚ ਦਾ ਸ਼ਿਕਾਰ ਬਣਾਇਆ। ਬਿਨਾਂ ਜਾਂਚ ਦੇ ਸੱਚ ਸਾਹਮਣੇ ਨਹੀਂ ਆ ਸਕੇਗਾ ਪਰ ਜਾਂਚ ਸ਼ੁਰੂ ਕਰਨ ਵਿਚ ਦੇਰੀ ਵੀ ਸੰਕੇਤ ਦੇ ਰਹੀ ਹੈ ਕਿ ਕੁੱਝ ਤਾਂ ਛੁਪਾਇਆ ਜਾ ਹੀ ਰਿਹਾ ਹੈ।
- ਨਿਮਰਤ ਕੌਰ