
ਦਿੱਲੀ ਵਿਚ 'ਆਪ' ਦੀ ਜਿੱਤ ਦਾ ਸਿਹਰਾ ਪ੍ਰਸ਼ਾਂਤ ਕਿਸ਼ੋਰ ਨੂੰ ਜਾਂਦਾ ਹੈ ਅਤੇ ਉਸ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਦੀ ਲਹਿਰ ਪਿੱਛੇ ਵੀ ਪ੍ਰਸ਼ਾਂਤ
ਦਿੱਲੀ ਵਿਚ 'ਆਪ' ਦੀ ਜਿੱਤ ਦਾ ਸਿਹਰਾ ਪ੍ਰਸ਼ਾਂਤ ਕਿਸ਼ੋਰ ਨੂੰ ਜਾਂਦਾ ਹੈ ਅਤੇ ਉਸ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਦੀ ਲਹਿਰ ਪਿੱਛੇ ਵੀ ਪ੍ਰਸ਼ਾਂਤ ਕਿਸ਼ੋਰ ਦੀ ਜਾਦੂਗਰੀ ਕੰਮ ਕਰਦੀ ਸੀ, ਭਾਵੇਂ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਮਗਰੋਂ ਪ੍ਰਸ਼ਾਂਤ ਕਿਸ਼ੋਰ ਦੇ ਯੋਗਦਾਨ ਨੂੰ ਨਕਾਰ ਹੀ ਦਿਤਾ ਸੀ। ਪ੍ਰਸ਼ਾਂਤ ਕਿਸ਼ੋਰ ਦੀ ਪਹਿਲੀ ਕਾਮਯਾਬੀ 2014 ਦੀ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਲਈ ਝੂਠੇ ਲਾਰੇ ਘੜਨਾ ਸੀ
Prashant Kishor
ਜਿਸ ਨਾਲ ਪੂਰੇ ਦੇਸ਼ ਨੂੰ ਗੁਜਰਾਤ ਮਾਡਲ ਨੂੰ ਉਛਾਲ ਕੇ ਕਮਲਾ ਕਰ ਦਿਤਾ ਗਿਆ ਸੀ। 2 ਕਰੋੜ ਨੌਕਰੀਆਂ ਤੇ 15-15 ਲੱਖ ਦੇ ਜੋ ਵਾਅਦੇ ਕੀਤੇ ਗਏ ਸਨ ਤੇ ਜਿਨ੍ਹਾਂ ਨੂੰ ਬਾਅਦ ਵਿਚ ਜੁਮਲੇ ਕਹਿ ਦਿਤਾ ਗਿਆ ਸੀ, ਉਹ ਪ੍ਰਸ਼ਾਂਤ ਕਿਸ਼ੋਰ ਦੇ ਹੀ ਘੜੇ ਹੋਏ ਸਨ। ਪਰ ਜਦੋਂ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੂੰ ਮੋਦੀ ਸਰਕਾਰ 'ਚ ਅਪਣੀ ਯੋਜਨਾ ਲਾਗੂ ਕਰਨ ਦਾ ਮੌਕਾ ਨਾ ਮਿਲਿਆ ਤਾਂ ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਬਦਲ ਲਈ ਅਤੇ ਫਿਰ ਆਈਆਂ 'ਮਹਾਂਗਠਬੰਧਨ' ਦੀਆਂ ਯੋਜਨਾਵਾਂ।
Congress
ਉਸ ਦੇ ਸਾਹਮਣੇ ਮੋਦੀ ਸਰਕਾਰ ਇਕ ਵਾਰ ਫਿਰ ਤੋਂ ਹਾਰ ਗਈ। ਪੰਜਾਬ ਵਿਚ ਸੱਭ ਨੇ ਵੇਖਿਆ ਕਿ ਕਿਸ ਤਰ੍ਹਾਂ ਕਾਂਗਰਸ ਨੂੰ ਏਨੀ ਵੱਡੀ ਜਿੱਤ ਦਿਵਾ ਦਿਤੀ ਗਈ ਜੋ ਸ਼ਾਇਦ ਕਾਂਗਰਸ ਵੀ ਨਹੀਂ ਚਾਹੁੰਦੀ ਸੀ ਕਿਉਂਕਿ ਏਨੇ ਵਿਧਾਇਕਾਂ ਨੂੰ ਅਹੁਦਿਆਂ ਨਾਲ ਨਿਵਾਜਣਾ ਵੀ ਇਕ ਵੱਡੀ ਸਿਰਦਰਦੀ ਬਣ ਜਾਂਦੀ ਹੈ। ਜਿਵੇਂ ਪ੍ਰਸ਼ਾਂਤ ਕਿਸ਼ੋਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਾ ਬਣੀ, ਉਨ੍ਹਾਂ ਦੀ ਰਾਹੁਲ ਗਾਂਧੀ ਜਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵੀ ਬਹੁਤਾ ਸਮਾਂ ਨਾ ਬਣੀ ਰਹਿ ਸਕੀ।
Nitish Kumar
ਸੋ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਕੁਮਾਰ ਦੀ ਸਰਕਾਰ ਵਿਚ ਜਾ ਪਨਾਹ ਲਈ। ਨਿਤੀਸ਼ ਕਹਿੰਦੇ ਹਨ ਕਿ ਉਹ ਪ੍ਰਸ਼ਾਂਤ ਨੂੰ ਲੈਣਾ ਨਹੀਂ ਸਨ ਚਾਹੁੰਦੇ ਪਰ ਅਮਿਤ ਸ਼ਾਹ ਦੇ ਕਹਿਣ ਤੇ ਲੈਣਾ ਪਿਆ। ਦਿੱਲੀ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਭਾਜਪਾ ਨਾਲ ਸਾਂਝ ਸਦਕਾ ਪ੍ਰਸ਼ਾਂਤ ਕਿਸ਼ੋਰ ਦੀ ਨਿਤੀਸ਼ ਕੁਮਾਰ ਨਾਲ ਵੀ ਟੁਟ ਗਈ। ਲੜਾਈ ਇਸ ਹੱਦ ਤਕ ਚਲੀ ਗਈ
Prashant Kishor and Nitish Kumar
ਕਿ ਪ੍ਰਸ਼ਾਂਤ ਕਿਸ਼ੋਰ ਨੂੰ ਜਨਤਾ ਦਲ (ਯੂ) ਵਿਚੋਂ ਹੀ ਕੱਢ ਦਿਤਾ ਗਿਆ। ਹੁਣ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਵਿਰੁਧ ਵੀ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿਤਾ ਹੈ। ਪ੍ਰਸ਼ਾਂਤ ਕਿਸ਼ੋਰ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਚੁਨੌਤੀ ਦਿਤੀ ਗਈ ਹੈ ਕਿ ਉਹ ਵਿਕਾਸ ਦੇ ਏਜੰਡੇ ਤੇ ਉਨ੍ਹਾਂ ਨਾਲ ਬਹਿਸ ਕਰਨ ਅਤੇ ਇਹ ਵੀ ਆਖਦੇ ਹਨ ਕਿ ਕੰਮ ਹੋਇਆ ਤਾਂ ਹੈ ਪਰ ਉਸ ਰਫ਼ਤਾਰ ਨਾਲ ਨਹੀਂ ਜਿਸ ਨਾਲ ਹੋਣਾ ਚਾਹੀਦਾ ਸੀ।
Nitish Kumar
ਸਾਫ਼ ਹੈ ਕਿ ਸਿਆਸਤਦਾਨਾਂ ਨੂੰ ਜਿਤਾਉਂਦੇ ਜਿਤਾਉਂਦੇ ਹੁਣ ਪ੍ਰਸ਼ਾਂਤ ਕਿਸ਼ੋਰ ਖ਼ੁਦ ਸਿਆਸਤ ਵਿਚ ਕਦਮ ਰਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਅਪਣੇ ਸੂਬੇ, ਬਿਹਾਰ ਵਿਚ ਨਿਤੀਸ਼ ਕੁਮਾਰ ਨੂੰ ਚੁਨੌਤੀ ਦੇ ਕੇ ਅਪਣਾ ਪਹਿਲਾ ਕਦਮ ਚੁਕ ਲਿਆ ਹੈ। ਪਰ ਕੀ ਪ੍ਰਸ਼ਾਂਤ ਕਾਮਯਾਬ ਹੋ ਸਕਣਗੇ? ਉਹ ਬਿਹਾਰ ਦੀ ਸਰਕਾਰ ਦਾ ਇਕ ਪ੍ਰਮੁੱਖ ਹਿੱਸਾ ਰਹੇ ਸਨ ਅਤੇ ਅੱਜ ਸਾਰੀ ਕਮਜ਼ੋਰੀ ਨਿਤੀਸ਼ ਕੁਮਾਰ ਦੇ ਮੱਥੇ ਨਹੀਂ ਮੜ੍ਹ ਸਕਦੇ।
Sunil Kumar Jakhar
ਦੂਜਾ ਉਨ੍ਹਾਂ ਨੇ ਯੋਜਨਾਵਾਂ ਬਣਾਈਆਂ ਜੋ ਜਨਤਾ ਨੂੰ ਵੋਟ ਦੇਣ ਵਾਸਤੇ ਉਤਸ਼ਾਹਿਤ ਕਰਦੀਆਂ ਸਨ ਪਰ ਉਹ ਵਾਰ ਵਾਰ ਸੁਨਾਮੀ ਲੈ ਕੇ ਆਏ ਅਜਿਹੇ ਜਾਦੂਗਰ ਸਨ ਜਿਨ੍ਹਾਂ ਨੇ ਸ਼ਾਸਕ ਤਾਂ ਬਣਾਏ ਪਰ ਅੱਜ ਤਕ ਇਕ ਵੀ ਅਜਿਹੀ ਸਰਕਾਰ ਨਹੀਂ ਦਿਤੀ ਜੋ ਉਨ੍ਹਾਂ ਦੇ ਘੜੇ ਵਾਅਦੇ ਪੂਰੇ ਕਰ ਸਕੇ। ਪੰਜਾਬ ਦੀ ਕਾਂਗਰਸ ਵੀ ਤਿੰਨ ਸਾਲਾਂ ਮਗਰੋਂ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਜੱਦੋਜਹਿਦ ਵਿਚ ਲੱਗੀ ਹੋਈ ਹੈ।
BJP
ਕੇਂਦਰ ਵਿਚ ਭਾਜਪਾ ਨੇ ਤਾਂ ਜੁਮਲੇ ਆਖ ਕੇ ਅਪਣਾ ਖਹਿੜਾ ਹੀ ਛੁਡਾ ਲਿਆ। ਹੁਣ ਬਿਹਾਰ ਵਿਚ ਪ੍ਰਸ਼ਾਂਤ ਕੁਮਾਰ ਸਿਆਸਤ ਵਿਚ ਆ ਕੇ ਅਪਣੇ ਵਾਅਦਿਆਂ ਤੇ ਆਪ ਕੰਮ ਕਰਨਾ ਚਾਹੁੰਦੇ ਹਨ। ਵੇਖਣਾ ਇਹ ਹੋਵੇਗਾ ਕਿ ਜਦੋਂ ਉਨ੍ਹਾਂ ਦੀ ਅਪਣੀ ਕਾਰਗੁਜ਼ਾਰੀ ਦਾਅ ਤੇ ਲੱਗੀ ਹੋਵੇਗੀ ਤਾਂ ਕੀ ਉਹ ਵੀ ਇਸੇ ਤਰ੍ਹਾਂ ਦੇ ਵੱਡੇ ਵਾਅਦੇ ਕਰਨਗੇ? ਜੇ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿਤਾ,
Prashant Kishor
ਤਾਂ ਹੀ ਉਨ੍ਹਾਂ ਦੀ ਕਾਰਗੁਜ਼ਾਰੀ ਪਰਖਣ ਨੂੰ ਮਿਲੇਗੀ। ਸੋ ਪਹਿਲਾਂ ਤਾਂ ਇਹ ਵੇਖਣਾ ਪੈਣਾ ਹੈ ਕਿ ਦੂਜਿਆਂ ਨੂੰ ਜਿਤਾਉਣ ਦੇ ਦਾਅਵੇ ਕਰਨ ਵਾਲੇ ਆਪ ਵੀ ਜਿੱਤ ਸਕਦੇ ਹਨ ਜਾਂ ਨਹੀਂ? ਜਿੱਤ ਗਏ ਤਾਂ ਇਹ ਵੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਅਪਣੇ ਵਾਅਦਿਆਂ ਦੀ ਪਟਾਰੀ ਨੂੰ ਆਪ ਵੀ ਹਕੀਕਤ ਦਾ ਰੂਪ ਦੇ ਸਕਦੇ ਹਨ ਜਾਂ ਨਹੀਂ? ਅਜੇ ਦਿੱਲੀ ਦੂਰ ਹੈ।