
Editorial:ਵੱਡਿਆਂ ਨੂੰ ਵੀ ਨੱਕ-ਮੂੰਹ ਮਾਸਕ ਨਾਲ ਢੱਕ ਕੇ ਘਰੋਂ ਬਾਹਰ ਨਿਕਲਣ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ
Editorial: ਕਦੋਂ ਤਕ ਝੱਲਦੇ ਰਹਾਂਗੇ ਅਸੀਂ ਜ਼ਹਿਰੀਲੀ ਫ਼ਿਜ਼ਾ? ਇਹ ਸਵਾਲ ਹਰ ਸੂਝਵਾਨ ਨਾਗਰਿਕ ਦੇ ਮਨ ਵਿਚ ਉਭਰਨਾ ਸੁਭਾਵਿਕ ਹੀ ਹੈ। ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਉੱਤਰੀ ਰਾਜਾਂ, ਖ਼ਾਸ ਕਰ ਕੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਆਸਮਾਨ ਨੀਲਾ ਨਹੀਂ, ਧੁਆਖਿਆ ਨਜ਼ਰ ਆ ਰਿਹਾ ਹੈ। ਇਹੀ ਮਹਿਸੂਸ ਹੁੰਦਾ ਹੈ ਕਿ ਹਰ ਪਾਸੇ ਧੂੰਆਂ ਹੀ ਧੂੰਆਂ ਪਸਰਿਆ ਹੋਇਆ ਹੈ।
ਸਵੇਰ ਆਮ ਤੌਰ ਸਵੱਛ ਹੋਣੀ ਚਾਹੀਦੀ ਹੈ, ਪਰ ਇਹ ਸਭ ਤੋਂ ਵੱਧ ਧੁਆਂਖੀ ਹੁੰਦੀ ਹੈ। ਡਾਕਟਰ ਇਹੋ ਸਲਾਹ ਦੇ ਰਹੇ ਹਨ ਕਿ ਸਵੇਰ ਦੀ ਸੈਰ ਤੋਂ ਪਰਹੇਜ਼ ਕੀਤਾ ਜਾਵੇ, ਖ਼ਾਸ ਤੌਰ ’ਤੇ ਸਾਹ ਦੀ ਤਕਲੀਫ਼ ਤੇ ਸੀਨੇ ਦੀ ਜਕੜਨ ਵਰਗੀਆਂ ਮਰਜ਼ਾਂ ਤੋਂ ਪੀੜਤ ਤਾਂ ਸਵੇਰੇ ਖੁਲ੍ਹੀ ਫ਼ਿਜ਼ਾ ਵਿਚ ਜਾਣ ਤੋਂ ਬਚਣ। ਹਸਪਤਾਲਾਂ ਚਿ ਸਾਹ ਦੀ ਘਾਟ ਦੇ ਮਰੀਜ਼ਾਂ ਦੀ ਆਮਦ ਦਿਨੋਂਦਿਨ ਵੱਧਦੀ ਜਾ ਰਹੀ ਹੈ।
ਦਿੱਲੀ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਹਨ ਤਾਂ ਜੋ ਬੱਚਿਆਂ ਦੇ ਫ਼ੇਫ਼ੜਿਆਂ ਨੂੰ ਵਿਸ਼ੈਲੀ ਹਵਾ ਨਾਲ ਜੂਝਣ ਤੋਂ ਬਚਾਇਆ ਜਾ ਸਕੇ। ਵੱਡਿਆਂ ਨੂੰ ਵੀ ਨੱਕ-ਮੂੰਹ ਮਾਸਕ ਨਾਲ ਢੱਕ ਕੇ ਘਰੋਂ ਬਾਹਰ ਨਿਕਲਣ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ। ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਾਈਬਿਊਨਲ ਵਰਗੇ ਅਦਾਰੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਲਈ ਜ਼ਿੰਮੇਵਾਰ ਏਜੰਸੀਆਂ ਨੂੰ ਹਦਾਇਤਾਂ ਤੇ ਹੁਕਮ ਜਾਰੀ ਕਰਦੇ ਆ ਰਹੇ ਹਨ, ਪਰ ਇਹ ਸਾਰੇ ਯਤਨ ਨਾਕਾਰਗਰ ਸਾਬਤ ਹੁੰਦੇ ਆਏ ਹਨ। ਸਿਰਫ਼ ਅਸੀਂ ਨਹੀਂ, ਗੁਆਂਢੀ ਮੁਲਕ ਪਾਕਿਸਤਾਨ ਵੀ ਫ਼ਿਜ਼ਾ ਵਿਚ ਫੈਲੀ ਸਿਆਹੀ ਤੋਂ ਪਰੇਸ਼ਾਨ ਹੈ।
ਲਾਹੌਰ ਇਕ ਪਖਵਾੜੇ ਤੋਂ ਦੁਨੀਆਂ ਦੇ ਸਭ ਤੋਂ ਵੱਧ ਧੁਆਂਖੇ ਸ਼ਹਿਰ ਦੀ ਅੱਲ੍ਹ ਨਾਲ ਜੂਝਦਾ ਆ ਰਿਹਾ ਹੈ। ਲਾਹੌਰ ਤੋਂ 350 ਕਿਲੋਮੀਟਰ ਦੂਰ ਵਸੇ ਮੁਲਤਾਨ ਦਾ ਹਸ਼ਰ ਤਾਂ ਹੋਰ ਵੀ ਮਾੜਾ ਹੈ। ਉੱਥੇ ਤਾਂ ਫ਼ਿਜ਼ਾ ਦੀ ਸਿਆਹੀ ਨੇ ਸੂਰਜ ਨੂੰ ਚੰਦਰਮਾ ਨਾਲੋਂ ਵੀ ਵੱਧ ਮੱਧਮ ਬਣਾਇਆ ਹੋਇਆ ਹੈ।
ਕਿਉਂ ਵਾਪਰ ਰਿਹਾ ਹੈ ਇਹ ਵਰਤਾਰਾ? ਇਸ ਸਵਾਲ ਦਾ ਜਵਾਬ ਹੈ ਕਿ ਕੁਝ ਤਾਂ ਕੁਦਰਤ ਦੀ ਖੇਡ ਹੈ ਅਤੇ ਬਾਕੀ ਸਭ ਕੁਝ ਹੈ ਇਨਸਾਨੀ ਗ਼ੈਰ-ਜ਼ਿੰਮੇਵਾਰੀ ਦੀ ਪੈਦਾਇਸ਼। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਤਕੀਂ ਅਕਤੂਬਰ ਮਹੀਨਾ ਸੁੱਕਾ ਲੰਘ ਗਿਆ। ਨਵੰਬਰ ਵੀ ਹੁਣ ਤਕ ਮੀਂਹ ਨਹੀਂ ਲਿਆਇਆ। ਲਿਹਾਜ਼ਾ ਜੋ ਗ਼ਰਦ ਸਾਡੀਆਂ ਨਿੱਤ ਦੀਆਂ ਗਤੀਵਿਧੀਆਂ ਕਾਰਨ ਫ਼ਿਜ਼ਾ ਵਿਚ ਫੈਲਦੀ ਰਹਿੰਦੀ ਹੈ, ਉਹ ਛਟੀ ਨਹੀਂ।
ਮੀਂਹ ਨਾ ਪੈਣ ਤੋਂ ਇਲਾਵਾ ਹਵਾ ਵੀ ਅਮੂਮਨ ਸਥਿਰ ਰਹੀ। ਪੰਜ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗਣ ਵਾਲੀ ਹਵਾ ਨਾ ਗ਼ਰਦ ਹੂੰਝਦੀ ਹੈ ਤੇ ਨਾ ਹੀ ਧੂੰਆਂ। ਇਸ ਕਾਰਜ ਲਈ ਹਵਾ ਦੀ ਰਫ਼ਤਾਰ ਘੱਟੋਘੱਟ 12 ਕਿਲੋਮੀਟਰ ਵਾਲੀ ਹੋਣੀ ਚਾਹੀਦੀ ਹੈ। ਹਵਾ ਦੇ ਇਸ ਠਹਿਰਾਓ ਲਈ ਵਿਗਿਆਨੀ, ਮੱਧਸਾਗਰੀ ਚੱਕਰਵਾਤੀ ਪੌਣਾਂ ਦੀ ਅਣਹੋਂਦ ਨੂੰ ਦੋਸ਼ੀ ਦੱਸਦੇ ਹਨ। ਪਾਣੀ ਨਾਲ ਭਰੀਆਂ ਇਹ ਪੌਣਾਂ ਪੂਰਬ ਵਲ ਨੂੰ ਹੀ ਆਉਂਦੀਆਂ ਹਨ।
ਰਾਹ ਵਿਚ ਉਚੇਚੇ ਪਰਬਤਾਂ ਦੀ ਅਣਹੋਂਦ ਕਾਰਨ ਇਹ ਹਿਮਾਲੀਆ ਤਕ ਆ ਪਹੁੰਚਦੀਆਂ ਹਨ ਅਤੇ ਉਸ ਨਾਲ ਟਕਰਾਉਣ ਮਗਰੋਂ ਸਾਡੀਆਂ ਸਰਦੀਆਂ ਨੂੰ ਕੁੱਝ ਹੱਦ ਤਕ ਤਰ ਕਰ ਜਾਂਦੀਆਂ ਹਨ। ਇਸ ਵਾਰ ਇਹ ਹਵਾਵਾਂ (ਪੱਛਮੀ ਖ਼ਲਬਲੀਆਂ) ਮੱਧਸਾਗਰੀ ਖ਼ਿੱਤੇ (ਸਪੇਨ, ਪੁਰਤਗਾਲ, ਉੱਤਰੀ ਅਲਜੀਰੀਆ ਆਦਿ) ਵਿਚ ਹੀ ਉਤਪਾਤ ਮਚਾਈ ਜਾਂਦੀਆਂ ਹਨ। ੁਉੱਥੇ ਅਣਕਿਆਸੇ ਹੜ੍ਹ ਆਈ ਜਾ ਰਹੇ ਹਨ।
ਹਵਾਵਾਂ ਅਗਾਂਹ ਨਹੀਂ ਆ ਰਹੀਆਂ। ਮੀਹਾਂ ਦੀ ਇਸ ਅਣਹੋਂਦ ਨੇ ਸਾਡੀ ਫ਼ਿਜ਼ਾ ਗੰਧਲੀ ਬਣਾਈ ਹੋਈ ਹੈ। ਉਪਰੋਂ ਮੋਟਰ ਵਾਹਨਾਂ, ਕਾਰਖ਼ਾਨਿਆਂ ਤੇ ਹੋਰ ਇਨਸਾਨੀ ਸਰਗਰਮੀਆਂ ਤੋਂ ਉਪਜਿਆ ਧੂੰਆਂ ਤੇ ਕਾਲਖ਼। ਫਿਰ ਝੋਨੇ ਦੀ ਪਰਾਲੀ ਸਾੜਨ ਵਰਗੀ ਵਬਾਅ। ਉਂਜ ਵੀ, ਅੱਜਕਲ ਸਰਦੀ ਉਤਰ ਰਹੀ ਹੈ। ਠੰਢ ਦੀ ਪਰਤ ਜ਼ਮੀਨ ਉਪਰ ਫੈਲੀ ਗ਼ਰਦ ਤੇ ਕਾਲਖ਼ ਨੂੰ ਉਚੇਰੇ ਗਗਨ ਮੰਡਲ ਤਕ ਜਾਣ ਹੀ ਨਹੀਂ ਦੇ ਰਹੀ। ਅਜਿਹੇ ਆਲਮ ਵਿਚ ਜ਼ਹਿਰੀਲੀ ਧੁੰਦ ਮਿਟੇ ਵੀ ਕਿਵੇਂ?
ਮਿਟਾਉਣਾ ਤਾਂ ਇਹਨੂੰ ਕੁਦਰਤ ਨੇ ਹੀ ਹੈ ਪਰ ਕੁਦਰਤ ਦੇ ਮਿਹਰਬਾਨ ਹੋਣ ਤੋਂ ਪਹਿਲਾਂ ਜੋ ਜੋ ਉਪਾਅ, ਪੇਸ਼ਬੰਦੀਆਂ ਦੇ ਰੂਪ ਵਿਚ ਮਹੀਨਾ ਪਹਿਲਾਂ ਕਰ ਦਿੱਤੇ ਜਾਣੇ ਚਾਹੀਦੇ ਸਨ, ਉਹ ਹੁਣ ਕੀਤੇ ਜਾ ਰਹੇ ਹਨ। ਇਮਾਰਤੀ ਉਸਾਰੀਆਂ ਰੁਕਵਾ ਕੇ, ਕਾਰਖਾਨਿਆਂ ਦੇ ਕੰਮਕਾਜੀ ਘੰਟੇ ਸੀਮਤ ਕਰ ਕੇ, ਵੱਧ ਧੂੰਆਂ ਪੈਦਾ ਕਰਨ ਵਾਲੇ ਕੰਮ ਬੰਦ ਕਰਵਾ ਕੇ, ਕੌਮੀ ਰਾਜਧਾਨੀ ਖੇਤਰ ਵਿਚ ਡੀਜ਼ਲ ਵਾਲੇ ਵਾਹਨਾਂ ਦੇ ਚੱਲਣ ’ਤੇ ਬੰਦਸ਼ਾਂ ਲਾ ਕੇ ਆਦਿ ਆਦਿ।
ਪਰਾਲੀ ਸਾੜਨ ਵਰਗੇ ਕਾਰੇ ਘਟਾਉਣ ਲਈ ਜੋ ਉਪਾਅ ਸਰਕਾਰਾਂ ਨੇ ਕੀਤੇ ਹਨ, ਉਹ ਲਗਾਤਾਰ ਨਾਕਾਫ਼ੀ ਸਾਬਤ ਹੁੰਦੇ ਆਏ ਹਨ। ਇਨ੍ਹਾਂ ਕਾਰਨ ਰਾਸ਼ਟਰ ਨੂੰ ਹੋਣ ਵਾਲਾ ਆਰਥਿਕ ਨੁਕਸਾਨ ਵੀ ਅਰਬਾਂ ਰੁਪਏ ਤਕ ਪਹੁੰਚ ਜਾਂਦਾ ਹੈ। ਉਂਜ ਵੀ, ਜੋ ਕਦਮ ਚੁੱਕੇ ਜਾ ਰਹੇ ਹਨ, ਉਨ੍ਹਾਂ ਨੂੰ ਸੁਚਾਰੂ ਬਣਾਉਣ ਵਲ ਲੋੜੀਂਦਾ ਧਿਆਨ ਨਾ ਕੇਂਦਰ ਨੇ ਦਿੱਤਾ ਹੈ ਅਤੇ ਨਾ ਹੀ ਸੂਬਾਈ ਸਰਕਾਰਾਂ ਨੇ। ਨਾਲ ਹੀ ਅਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਉਣ ਦੀ ਥਾਂ ਦੂਜੇ ਨੂੰ ਦੋਸ਼ੀ ਦੱਸਣ ਦੀ ਬਿਰਤੀ ਸਭ ਪਾਸੇ ਹਾਵੀ ਹੈ। ਸਵੱਛ ਪੌਣ, ਸਵੱਛ ਪਾਣੀ ਤੇ ਸਵੱਛ ਫ਼ਿਜ਼ਾ ਸਾਡੀਆਂ ਸਰਬ-ਪ੍ਰਮੁੱਖ ਕੌਮੀ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਵਲ ਧਿਆਨ ਨਾ ਧਰਨਾ ਬਦਨਸੀਬੀ ਨੂੰ ਸੱਦਾ ਦੇਣਾ ਹੈ। ਇਹ ਬਦਨਸੀਬੀ ਅਸੀਂ ਭੁਗਤ ਹੀ ਰਹੇ ਹਾਂ।