
ਮੋਟਰਸਾਈਕਲਾਂ ਜਾਂ ਹੋਰਨਾਂ ਮੋਟਰ ਵਾਹਨਾਂ ’ਤੇ ਖ਼ਾਲਸਾਈ ਨਿਸ਼ਾਨ ਸਾਹਿਬ ਲੱਗੇ ਹੋਣ ’ਤੇ ਨਾ ਸੂਬਾਈ ਪੁਲੀਸ ਅਤੇ ਨਾ ਹੀ ਆਮ ਲੋਕਾਂ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਹੈ।
Attacks on buses: Grace and wisdom are the need of the hour Editorial: ਪੰਜਾਬ ਵਿਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚ.ਆਰ.ਟੀ.ਸੀ) ਦੀਆਂ ਬੱਸਾਂ ਉੱਤੇ ਹਮਲਿਆਂ ਦਾ ਮਾਮਲਾ ਅਤੇ ਇਨ੍ਹਾਂ ਘਟਨਾਵਾਂ ਦਾ ਪਿਛੋਕੜ, ਸਮੁੱਚੇ ਮਸਲੇ ਨੂੰ ਸੰਵੇਦਨਸ਼ੀਲਤਾ ਨਾਲ ਨਜਿੱਠੇ ਜਾਣ ਦੀ ਮੰਗ ਕਰਦੇ ਹਨ। ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਪ੍ਰਸੰਗ ਵਿਚ ਸੂਝ ਤੇ ਸੁਹਜ ਦਾ ਮੁਜ਼ਾਹਰਾ ਕਰਦਿਆਂ ਤੁਰਸ਼ ਭਾਸ਼ਾ ਵਰਤਣ ਤੋਂ ਪਰਹੇਜ਼ ਕੀਤਾ ਹੈ ਜੋ ਕਿ ਸ਼ਲਾਘਾਯੋਗ ਪਹੁੰਚ ਹੈ। ਪੰਜਾਬ ਵਿਚ ਖਰੜ ਪੁਲੀਸ ਨੇ ਉਨ੍ਹਾਂ ਹੁਲੱੜਬਾਜ਼ਾਂ ਦੀ ਸ਼ਨਾਖ਼ਤ ਕਰ ਲੈਣ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਨੇ ਮੰਗਲਵਾਰ ਨੂੰ ਖਰੜ ਫਲਾਈਓਵਰ ਉੱਤੇ ਡੰਡਿਆਂ ਤੇ ਪੱਥਰਾਂ ਨਾਲ ਐੱਚ.ਆਰ.ਟੀ.ਸੀ. ਦੀ ਬੱਸ ਦੇ ਸ਼ੀਸ਼ੇ ਤੋੜੇ।
ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵੀ ਇਕ ਬੱਸ ’ਤੇ ਪਥਰਾਓ ਹੋਇਆ ਜਿਸ ਤੋਂ ਬਾਅਦ ਬੁੱਧਵਾਰ ਨੂੰ ਐੱਚ.ਆਰ.ਟੀ.ਸੀ. ਨੇ ਉਸ ਜ਼ਿਲ੍ਹੇ ਵਲ ਜਾਣ ਵਾਲੇ 10 ਰੂਟਾਂ ਤੋਂ ਬੱਸਾਂ ਨਹੀਂ ਚਲਾਈਆਂ। ਅਜਿਹੀਆਂ ਘਟਨਾਵਾਂ ਮਗਰੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਜਿਸ ਦੌਰਾਨ ਸ੍ਰੀ ਮਾਨ ਨੇ ਉਨ੍ਹਾਂ ਨੂੰ ਪੰਜਾਬ ’ਚ ਹਿਮਾਚਲ ਦੀਆਂ ਬੱਸਾਂ ਦੀ ਸੁਰੱਖਿਅਤ ਤੇ ਬੇਰੋਕ-ਟੋਕ ਆਵਾਜਾਈ ਯਕੀਨੀ ਬਣਾਉਣ ਦਾ ਭਰੋਸਾ ਦਿਤਾ। ਇਸੇ ਹੀ ਸੰਦਰਭ ਵਿਚ ਦੋਵਾਂ ਸੂਬਿਆਂ ਦੇ ਪੁਲੀਸ ਮੁਖੀਆਂ ਦੀ ਵੀ ਫ਼ੋਨ-ਵਾਰਤਾ ਹੋਈ ਜਿਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਡੀ.ਜੀ.ਪੀ. ਨੇ ਪੰਜਾਬ ਤੋਂ ਆਉਣ ਵਾਲੇ ਲੋਕਾਂ, ਖ਼ਾਸ ਕਰ ਕੇ ਸਿੱਖ ਨੌਜਵਾਨਾਂ ਨਾਲ ਕਿਸੇ ਵੀ ਕਿਸਮ ਦੀ ਜ਼ਿਆਦਤੀ ਨਾ ਹੋਣ ਦੇਣ ਦਾ ਵਾਅਦਾ ਕੀਤਾ।
ਦਰਅਸਲ, ਇਹ ਸਾਰੀ ਕਸ਼ੀਦਗੀ ਕੁੱਝ ਸਿੱਖ ਨੌਜਵਾਨਾਂ ਖ਼ਿਲਾਫ਼ 14 ਮਾਰਚ ਨੂੰ ਮਨਾਲੀ ਦੇ ਇਕ ਦੁਕਾਨਦਾਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਸ਼ੁਰੂ ਹੋਈ। ਸ਼ਿਕਾਇਤ ਮੁਤਾਬਿਕ ਦੋ ਸਿੱਖ ਨੌਜਵਾਨਾਂ ਨੇ ਆਪੋ-ਅਪਣੇ ਮੋਟਰਸਾਈਕਲਾਂ ’ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵਾਲੇ ਝੰਡੇ ਲਾਏ ਹੋਏ ਸਨ। ਉਸ ਮਨਾਲੀ ਵਾਸੀ ਨੇ ਇਹ ਝੰਡੇ ਉਤਾਰੇ ਜਾਣ ਦੀ ਮੰਗ ਕੀਤੀ ਜਿਸ ਤੋਂ ਤੂੰ ਤੂੰ-ਮੈਂ ਮੈਂ ਸ਼ੁਰੂ ਹੋ ਗਈ। ਇਸ ਤਲਖ਼ਕਲਾਮੀ ਦੀ ਵਾਇਰਲ ਹੋਈ ਵੀਡੀਉ ਨੇ ਪੰਜਾਬ ਦੇ ਤੱਤੇ-ਅਨਸਰਾਂ ਨੂੰ ‘ਜਵਾਬੀ ਕਾਰਵਾਈ’ ਦਾ ਬਹਾਨਾ ਬਖ਼ਸ਼ ਦਿਤਾ।
ਹਰਜਿੰਦਰ ਸਿੰਘ ਧਾਮੀ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਅਜੇ ਰਸਮੀ ਤੌਰ ’ਤੇ ਵਾਪਸ ਲੈਣਾ ਹੈ, ਨੇ ਵੀ ਬਤੌਰ ‘ਪ੍ਰਧਾਨ’ ਨਿਖੇਧੀਨੁਮਾ ਬਿਆਨ ਦਾਗ਼ਣ ਵਿਚ ਦੇਰ ਨਹੀਂ ਲਾਈ। ਦੂਜੇ ਪਾਸੇ, ਹਿਮਾਚਲ ਵਿਧਾਨ ਸਭਾ ਵਿਚ ਵੀ ਬੁੱਧਵਾਰ ਨੂੰ ਵਿਰੋਧੀ ਧਿਰ ਭਾਜਪਾ ਨੇ ਸੰਜਮੀ ਦੀ ਥਾਂ ਅਸੰਜਮੀ ਸੁਰ ਅਪਣਾਉਂਦਿਆਂ ਗ਼ੈਰ-ਜ਼ਿੰਮੇਵਾਰਾਵਾਨਾ ਰੁਖ਼ ਦਾ ਮੁਜ਼ਾਹਰਾ ਕੀਤਾ। ਗ਼ਨੀਮਤ ਇਹ ਰਹੀ ਕਿ ਮੁੱਖ ਮੰਤਰੀ ਸੁੱਖੂ ਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਮਾਅਰਕੇਬਾਜ਼ੀ ਵਿਚ ਪੈਣ ਦੀ ਥਾਂ ਜ਼ਿੰਮੇਵਾਰਾਨਾ ਲਹਿਜ਼ਾ ਅਪਣਾਇਆ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੇ ਸਾਕਾਰਾਤਮਿਕ ਹੁੰਗਾਰੇ ਦੀ ਤਾਰੀਫ਼ ਕੀਤੀ ਅਤੇ ਨਾਲ ਹੀ ਸਿੱਖ ਸ਼ਰਧਾਲੂਆਂ ਦੇ ਸ਼ਿਕਵੇ ਵੀ ਸੁਹਿਰਦਤਾ ਨਾਲ ਨਜਿੱਠਣ ਦਾ ਵਾਅਦਾ ਕੀਤਾ।
ਉਨ੍ਹਾਂ ਕਿਹਾ ਕਿ ਮੋਟਰਸਾਈਕਲਾਂ ਜਾਂ ਹੋਰਨਾਂ ਮੋਟਰ ਵਾਹਨਾਂ ’ਤੇ ਖ਼ਾਲਸਾਈ ਨਿਸ਼ਾਨ ਸਾਹਿਬ ਲੱਗੇ ਹੋਣ ’ਤੇ ਨਾ ਸੂਬਾਈ ਪੁਲੀਸ ਅਤੇ ਨਾ ਹੀ ਆਮ ਲੋਕਾਂ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਹੈ। ਹਾਂ, ਖ਼ਾਲਿਸਤਾਨੀ ਝੰਡਿਆਂ ਦਾ ਪ੍ਰਦਰਸ਼ਨ ਇਤਰਾਜ਼ਯੋਗ ਹੈ ਅਤੇ ਅਜਿਹੇ ਮਾਮਲਿਆਂ ਵਿਚ ਕਾਰਵਾਈ ਵੀ ਹੋਵੇਗੀ। ਸੰਤ ਭਿੰਡਰਾਂਵਾਲੇ ਦੀ ਤਸਵੀਰ ਵਾਲੇ ਸਟਿੱਕਰ ਜਾਂ ਝੰਡੀਆਂ ਪੰਜਾਬ ਵਿਚ ਮੋਟਰ-ਵਾਹਨਾਂ ’ਤੇ ਆਮ ਹੀ ਲੱਗੀਆਂ ਦਿਸਦੀਆਂ ਹਨ। ਇਹ ਕੋਈ ਕਾਨੂੰਨੀ ਅਵੱਗਿਆ ਨਹੀਂ। ਉਹ ਕਿੰਨੀ ਵੀ ਵਿਵਾਦਿਤ ਹਸਤੀ ਕਿਉਂ ਨਾ ਰਹੇ ਹੋਣ, ਤਸਵੀਰ ਜਾਂ ਸਟਿੱਕਰ ਦੇ ਪ੍ਰਦਰਸ਼ਨ ਨੂੰ ਖ਼ਾਲਿਸਤਾਨੀ ਪ੍ਰਚਾਰ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਹਿਮਾਚਲ ਸਰਕਾਰ ਤੇ ਸਿਆਸੀ ਧਿਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਸੂਬਾਈ ਪੁਲੀਸ ਤੇ ਲੋਕਾਂ ਨੂੰ ਇਸ ਹਕੀਕਤ ਪ੍ਰਤੀ ਗਿਆਨਵਾਨ ਬਣਾਉਣ।
ਦੂਜੇ ਪਾਸੇ, ਖ਼ੁਦ ਨੂੰ ਸਿੱਖੀ ਤੇ ਸਿੱਖਾਂ ਦੇ ਮੁਹਾਫ਼ਿਜ਼ ਮੰਨਣ ਤੇ ਦੱਸਣ ਵਾਲਿਆਂ ਆਗੂਆਂ ਅਤੇ ਸੰਸਥਾਵਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਿੱਖ ਨੌਜਵਾਨੀ, ਖ਼ਾਸ ਕਰ ਕੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਮਣੀਕਰਨ ਜਾਂ ਪਾਉਂਟਾ ਸਾਹਿਬ ਜਾਂ ਹੋਰ ਤੀਰਥਾਂ ਦੀ ਯਾਤਰਾ ’ਤੇ ਜਾਣ ਵਾਲਿਆਂ ਨੂੰ ਇਹ ਪ੍ਰੇਰਨਾ ਜ਼ਰੂਰ ਦੇਣ ਕਿ ਸਮੁੱਚੇ ਭਾਈਚਾਰੇ ਦੇ ਪ੍ਰਤੀਕ ਹੋਣ ਸਦਕਾ ਉਹ ਜ਼ਿੰਮੇਵਾਰਾਨਾ ਕਾਰ-ਵਿਹਾਰ ਦਾ ਮੁਜ਼ਾਹਰਾ ਕਰਨ ਅਤੇ ਅਜਿਹਾ ਕੋਈ ਕੰਮ ਨਾ ਕਰਨ ਜੋ ‘ਬਾਜ਼ਬਤ ਖ਼ਾਲਸਾ’ ਦੀ ਥਾਂ ‘ਬੇਜ਼ਬਤ ਖ਼ਾਲਸਾ’ ਹੋਣ ਦਾ ਪ੍ਰਭਾਵ ਦੇਵੇ।