
ਦੁਨੀਆਂ ਵਿਚ ਇਹੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਕਿਸੇ ਜੀਵ ਕਾਰਨ ਪੈਦਾ ਨਹੀਂ ਸੀ ਹੋਇਆ ਬਲਕਿ ਚੀਨ ਦੀ ਇਕ ਪ੍ਰਯੋਗਸ਼ਾਲਾ 'ਚ ਇਕ ਹਥਿਆਰ ਦੇ ਰੂਪ 'ਚ ਪੈਦਾ ਕੀਤਾ ਗਿਆ ਸੀ।
ਚੀਨ ਵਲੋਂ ਆਉਣ ਵਾਲੇ ਨਿਵੇਸ਼ ਉਤੇ ਭਾਰਤ ਸਰਕਾਰ ਨੇ ਇਕ ਤਰ੍ਹਾਂ ਦੀ ਰੋਕ ਹੀ ਲਾ ਦਿਤੀ ਹੈ। ਚੀਨ ਨਾਲ ਰਿਸ਼ਤੇ ਬਣਾਉਣ ਲਈ ਜੋ ਸਮਝੌਤਾ ਮੋਦੀ ਅਤੇ ਜਿਨਪਿੰਗ ਦੀਆਂ ਬੈਠਕਾਂ ਵਿਚ ਗੁਜਰਾਤ ਦੇ ਦਰਿਆ ਕੰਢੇ ਹੋਇਆ ਸੀ, ਉਸ ਨੂੰ ਉਲਟਾਉਣਾ ਪੈ ਗਿਆ ਹੈ। ਕਾਰਨ ਚੀਨ ਦਾ ਕੋਰੋਨਾ ਦੇ ਫੈਲਾਅ ਵਿਚ ਹੱਥ ਹੈ। ਦੁਨੀਆਂ ਵਿਚ ਇਹੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਕਿਸੇ ਜੀਵ ਕਾਰਨ ਪੈਦਾ ਨਹੀਂ ਸੀ ਹੋਇਆ ਬਲਕਿ ਚੀਨ ਦੀ ਇਕ ਪ੍ਰਯੋਗਸ਼ਾਲਾ 'ਚ ਆਧੁਨਿਕ ਜੰਗ ਦੇ ਇਕ ਹਥਿਆਰ ਦੇ ਰੂਪ 'ਚ ਪੈਦਾ ਕੀਤਾ ਗਿਆ ਸੀ।
ਜਦੋਂ ਸਾਰੇ ਦੇਸ਼ ਪੁਰਾਣੇ ਜ਼ਮਾਨੇ ਦੀਆਂ ਜੰਗਾਂ ਨੂੰ ਸਾਹਮਣੇ ਰੱਖ ਕੇ ਅਪਣੀ ਜੰਗੀ ਸ਼ਕਤੀ ਵਧਾਉਣ ਵਿਚ ਲੱਗੇ ਹੋਏ ਸਨ, ਚੀਨ ਨੇ ਕੋਰੋਨਾ ਵਿਸ਼ਾਣੂ ਤਿਆਰ ਕਰ ਕੇ ਦੁਨੀਆਂ ਉਤੇ ਕਬਜ਼ਾ ਜਮਾਉਣ ਦਾ ਇਕ ਸ਼ੈਤਾਨੀ ਰਸਤਾ ਕੱਢ ਲਿਆ ਜਿਸ ਨਾਲ ਉਸ ਨੇ ਵਿਸ਼ਾਣੂ ਛੱਡ ਕੇ ਵਿਰੋਧੀ ਸੈਨਾਵਾਂ ਤੇ ਆਮ ਲੋਕਾਂ ਨੂੰ ਮਾਰ ਦੇਣ ਦਾ ਰਾਹ ਲੱਭ ਲਿਆ। ਚੀਨ ਤੋਂ ਆਉਣ ਵਾਲੇ ਨਿਵੇਸ਼ ਉਤੇ ਰੋਕ ਜਰਮਨੀ ਅਤੇ ਆਸਟਰੇਲੀਆ ਨੇ ਪਹਿਲਾਂ ਹੀ ਲਾ ਦਿਤੀ ਸੀ ਕਿਉਂਕਿ ਜਿਉਂ ਹੀ ਕੋਰੋਨਾ ਨਾਲ ਸ਼ੇਅਰ ਬਾਜ਼ਾਰ ਡਿਗਣੇ ਸ਼ੁਰੂ ਹੋਏ, ਚੀਨੀ ਕੰਪਨੀਆਂ ਨੇ ਦੁਨੀਆਂ ਦੀਆਂ ਸੱਭ ਤੋਂ ਵੱਡੀਆਂ ਕੰਪਨੀਆਂ ਵਿਚ ਅਪਣਾ ਹਿੱਸਾ ਵਧਾਉਣਾ ਸ਼ੁਰੂ ਕਰ ਦਿਤਾ।
ਭਾਰਤ ਵਿਚ ਵੀ ਐਚ.ਡੀ.ਐਫ਼.ਸੀ., ਜੋ ਕਿ ਸੱਭ ਤੋਂ ਤਾਕਤਵਰ ਭਾਰਤੀ ਕੰਪਨੀ ਹੈ, ਦੇ ਸ਼ੇਅਰਾਂ ਵਿਚ ਚੀਨ ਨੇ ਅਪਣਾ ਹਿੱਸਾ ਇਨ੍ਹਾਂ ਦਿਨਾਂ ਵਿਚ 0.8% ਤੋਂ ਵਧਾ ਕੇ 1.01 ਕਰ ਲਿਆ। ਸੋ ਅੱਜ ਜਦ ਭਾਰਤ ਨੂੰ ਨਿਵੇਸ਼/ਐਫ਼.ਡੀ.ਆਈ. ਦੀ ਸਖ਼ਤ ਜ਼ਰੂਰਤ ਹੈ, ਉਸ ਨੇ ਇਹ ਸਖ਼ਤ ਫ਼ੈਸਲਾ ਲਿਆ ਕਿਉਂਕਿ ਜੇ ਚੀਨ ਦੇ ਹੱਥ ਭਾਰਤ ਦੀਆਂ ਵੱਡੀਆਂ ਕੰਪਨੀਆਂ ਦੀ ਵਾਗਡੋਰ ਆ ਗਈ ਤਾਂ ਇਹ ਹੋਰ ਵੀ ਵੱਡੀ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਕੋਰੋਨਾ ਦੀ ਇਸ ਜੰਗ ਵਿਚ ਚੀਨ ਦਾ ਕਿਰਦਾਰ ਦਿਨ-ਬ-ਦਿਨ ਹੋਰ ਧੁੰਦਲਾ ਹੁੰਦਾ ਜਾ ਰਿਹਾ ਹੈ। ਪਹਿਲਾਂ ਵੀ ਕੁੱਝ ਰੀਪੋਰਟਾਂ ਆ ਰਹੀਆਂ ਸਨ ਕਿ ਕੋਰੋਨਾ ਦਾ ਚੀਨ ਨੇ ਇਕ ਤਜਰਬਾ ਕੀਤਾ ਸੀ ਜਿਸ ਬਾਰੇ ਸੱਚ ਦਾ ਪ੍ਰਗਟਾਵਾ ਕਰ ਕੇ ਚੀਨ ਅਪਣੇ ਆਪ ਨੂੰ ਬੇਕਸੂਰ ਸਬਤ ਕਰ ਸਕਦਾ ਸੀ। ਪਰ ਨਾਲ-ਨਾਲ ਇਹ ਵੀ ਅੰਕੜੇ ਆ ਰਹੇ ਹਨ ਕਿ ਚੀਨ ਵਿਚ ਦਸੰਬਰ ਤੋਂ ਹੁਣ ਤਕ 20 ਕਰੋੜ ਫ਼ੋਨ ਬੰਦ ਹੋਏ ਹਨ ਜਿਸ ਤੋਂ ਅੰਦਾਜ਼ਾ ਇਹ ਲਗਾਇਆ ਗਿਆ ਹੈ ਕਿ ਅਸਲ ਵਿਚ ਚੀਨ ਅੰਦਰ ਮੌਤਾਂ ਦੱਸੇ ਗਏ ਅੰਕੜਿਆਂ ਤੋਂ ਬਹੁਤ ਜ਼ਿਆਦਾ ਹੋਈਆਂ ਹਨ। ਇਹ ਅਫ਼ਵਾਹ ਵੀ ਹੋ ਸਕਦੀ ਹੈ ਪਰ ਜਿਸ ਤਰ੍ਹਾਂ ਚੀਨ ਅਪਣੇ ਪੱਤਰਕਾਰਾਂ ਦੀ ਆਜ਼ਾਦੀ ਉਤੇ ਪਾਬੰਦੀਆਂ ਲਾ ਰਿਹਾ ਹੈ, ਇਹ ਸ਼ੱਕ ਵਧੀ ਜਾ ਰਿਹਾ ਹੈ ਕਿ ਚੀਨ ਕੁੱਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੁਣ ਚੀਨ ਨੇ ਹਾਂਗਕਾਂਗ ਵਿਚ ਆਜ਼ਾਦੀ ਦੇ ਵੱਡੇ ਬੁਲਾਰੇ 81 ਸਾਲ ਦੇ ਮਾਰਟਿਨ ਲੀ ਅਤੇ ਆਜ਼ਾਦ ਪ੍ਰੈੱਸ ਦੇ ਮਾਲਕ 71 ਵਰ੍ਹਿਆਂ ਦੇ ਜਿਮੀ ਲੇਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨਾਲ ਚੀਨ ਅੰਦਰ ਬੁਲੰਦ ਆਵਾਜ਼ ਦਾ ਉਠਣਾ ਹੋਰ ਵੀ ਦਬ ਜਾਵੇਗਾ ਅਤੇ ਦੁਨੀਆਂ ਵਿਚ ਚੀਨ ਪ੍ਰਤੀ ਨਫ਼ਰਤ ਵੀ ਵੱਧ ਜਾਵੇਗੀ।
ਚੀਨ ਵਲੋਂ ਬਣਾਏ ਸਾਮਾਨ ਦੀ ਖ਼ਰੀਦ ਵਿਰੁਧ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਚੀਨ ਤੋਂ ਆ ਰਹੇ ਮਾਸਕਾਂ ਨਾਲੋਂ ਜ਼ਿਆਦਾ ਚੀਨ ਅਤੇ ਕੋਵਿਡ-19 ਦੀਆਂ ਜਾਂਚ ਕਿੱਟਾਂ ਉਤੇ ਸ਼ੱਕ ਇਕ ਹੋਰ ਵੱਡੀ ਆਫ਼ਤ ਪੈਦਾ ਕਰ ਸਕਦਾ ਹੈ ਅਤੇ ਕਰ ਰਿਹਾ ਹੈ।
ਇਸ ਸਮੇਂ ਲੋੜ ਇਸ ਗੱਲ ਦੀ ਸੀ ਕਿ ਸਾਰੀ ਦੁਨੀਆਂ ਨੂੰ ਯਕੀਨ ਦਿਵਾਇਆ ਜਾਵੇ ਕਿ ਕੋਰੋਨਾ ਨਾਲ ਜੁੜੇ ਇਹ ਸ਼ੱਕ ਅਤੇ ਅਫ਼ਵਾਹਾਂ ਗ਼ਲਤ ਹਨ ਪਰ ਹੋ ਇਹ ਰਿਹਾ ਹੈ ਕਿ ਸਮਾਂ ਬੀਤਣ ਨਾਲ ਇਹ ਸ਼ੱਕ ਸਗੋਂ ਪੱਕਾ ਹੁੰਦਾ ਜਾ ਰਿਹਾ ਹੈ। ਦੁਨੀਆਂ ਵਿਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਅਤੇ ਚੀਨ ਦੇ ਅੰਕੜਿਆਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਵੂਹਾਨ ਤੋਂ ਸ਼ੁਰੂ ਹੋ ਕੇ ਇਹ ਵਾਇਰਸ ਦੁਨੀਆਂ ਦੇ ਸੱਭ ਤੋਂ ਤਾਕਤਵਰ ਦੇਸ਼ ਨੂੰ ਤਬਾਹ ਕਰ ਰਿਹਾ ਹੈ ਪਰ ਉਹ ਅਪਣੇ ਜਨਮ ਦੇਸ਼ ਅਰਥਾਤ ਚੀਨ ਵਿਚ ਕਾਬੂ ਹੇਠ ਆ ਚੁੱਕਾ ਹੈ। ਚੀਨ ਵਿਚ ਜ਼ਿੰਦਗੀ ਕਾਫ਼ੀ ਹੱਦ ਤਕ ਲੀਹ ਉਤੇ ਆ ਚੁੱਕੀ ਹੈ ਜਦਕਿ ਬਾਕੀ ਦੁਨੀਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਭਵਿੱਖ ਕਿਹੋ ਜਿਹਾ ਹੋਵੇਗਾ।
ਇਨ੍ਹਾਂ ਅਫ਼ਵਾਹਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਦਾ ਫ਼ੈਸਲਾ ਹਾਲਾਤ ਅਨੁਸਾਰ ਹੀ ਸੀ ਅਤੇ ਸਹੀ ਜਾਪਦਾ ਹੈ। ਆਰਥਕ ਗ਼ੁਲਾਮੀ ਦੀ ਉਦਾਹਰਣ ਪਾਕਿਸਤਾਨ ਹੈ ਜਿਸ ਨੂੰ ਅਮਰੀਕਾ ਨੇ ਅਪਣੀ ਮਰਜ਼ੀ ਨਾਲ ਵਰਤਿਆ ਹੈ। ਭਾਰਤ ਸਰਕਾਰ ਨੇ ਚੀਨ ਤੋਂ ਨਿਵੇਸ਼ ਰੋਕ ਕੇ ਇਸ ਆਧੁਨਿਕ ਦੇਸ਼ ਨੂੰ ਸੁਰੱਖਿਅਤ ਕਰਨ ਦਾ ਸਹੀ ਫ਼ੈਸਲਾ ਕੀਤਾ ਹੈ। -ਨਿਮਰਤ ਕੌਰ