
ਅਮਰੀਕੀ ਰਾਸ਼ਟਰਵਾਦ ਦਾ ਝੰਡਾ ਚੁਕ ਕੇ ਉਹ ਸਾਰੇ ਅਮਰੀਕਾ ਦਾ 'ਪਿਤਾਮਾ' ਬਣਨਾ ਚਾਹੁੰਦੈ...
ਡੋਨਾਲਡ ਟਰੰਪ ਦਾ ਤਰੀਕਾ ਵਖਰਾ ਹੈ, ਪਰ ਕੀ ਉਹ ਗ਼ਲਤ ਹੈ? ਅਖ਼ੀਰ ਵਿਚ ਉਹ ਦੁਨੀਆਂ ਦੇ ਨਹੀਂ ਸਿਰਫ਼ ਅਮਰੀਕਾ ਦੇ ਰਾਸ਼ਟਰਪਤੀ ਹਨ ਅਤੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ਦੇ ਨਾਗਰਿਕਾਂ ਵਿਚ ਉਨ੍ਹਾਂ ਦੀ ਕੀਮਤ ਵੱਧ ਗਈ ਹੈ। ਅਮਰੀਕਾ ਦੇ ਸਥਾਨਕ ਲੋਕ, ਪ੍ਰਵਾਸੀਆਂ ਦਾ ਭਾਰ ਚੁੱਕ ਚੁੱਕ ਕੇ ਤੰਗ ਆ ਗਏ ਹਨ ਅਤੇ ਡੋਨਾਲਡ ਟਰੰਪ ਅਪਣੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰ ਰਹੇ ਹਨ। ਸਾਡੇ ਘਰ ਵਿਚ ਰੋਹਿੰਗਿਆ ਸ਼ਰਨਾਰਥੀ ਮਦਦ ਮੰਗਣ ਤੇ ਸਿਰ ਛੁਪਾਣ ਲਈ ਆਏ ਸਨ ਪਰ ਅਸੀ ਵੀ ਤਾਂ ਉਨ੍ਹਾਂ ਨੂੰ ਪਿਛਲੇ ਪੈਰੀਂ ਮੁੜ ਜਾਣ ਲਈ ਹੀ ਕਹਿ ਦਿਤਾ ਸੀ।
ਡੋਨਾਲਡ ਟਰੰਪ ਵਲੋਂ ਸਖ਼ਤੀ ਵਿਖਾਉਣ ਦਾ ਸਿਲਸਿਲਾ ਤੇਜ਼ ਰਫ਼ਤਾਰ ਫੜਦਾ ਜਾ ਰਿਹਾ ਹੈ ਅਤੇ ਉਸ ਨੇ ਅਮਰੀਕਾ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਦੀ ਕੌਂਸਲ 'ਚੋਂ ਵੀ ਬਾਹਰ ਕੱਢ ਲਿਆ ਹੈ। ਅਮਰੀਕਾ ਵਲੋਂ ਇਹ ਕਿਹਾ ਗਿਆ ਕਿ ਜਦੋਂ ਇਸ ਸੰਗਠਨ ਵਿਚ ਸ਼ਾਮਲ ਦੇਸ਼ ਆਪ ਹੀ ਅਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਤਾਂ ਇਸ ਸੰਗਠਨ ਵਿਚ ਸ਼ਮੂਲੀਅਤ ਹੀ ਵਿਅਰਥ ਹੈ। ਨਿਸ਼ਾਨੇ ਤੇ ਚੀਨ, ਕਿਊਬਾ ਅਤੇ ਵੈਨੇਜ਼ੁਏਲਾ ਵਰਗੇ ਦੇਸ਼ ਹਨ। ਡੋਨਾਲਡ ਟਰੰਪ ਅੱਜ ਤੋਂ ਪਹਿਲਾਂ ਦੇ ਅਮਰੀਕੀ ਰਾਸ਼ਟਰਪਤੀਆਂ ਵਰਗੇ ਨਹੀਂ ਹਨ।
ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਵਿਚ ਸ਼ਾਇਸਤਗੀ, ਨਰਮੀ ਜਾਂ ਕੂਟਨੀਤੀ ਵਰਗੀਆਂ ਚੀਜ਼ਾਂ ਸ਼ਾਮਲ ਹੀ ਨਹੀਂ ਹਨ। ਜੂਨ ਵਿਚ ਹੋਏ ਜੀ-7 ਸਿਖਰ ਸੰਮੇਲਨ ਵਿਚ ਡੋਨਾਲਡ ਟਰੰਪ ਨੇ ਐਂਜੇਲਾ ਮਾਰਕੇਲ ਵਲ ਇਹ ਆਖਦੇ ਹੋਏ ਦੋ ਟਾਫ਼ੀਆਂ ਸੁਟੀਆਂ ਸਨ ਕਿ, ''ਫਿਰ ਨਾ ਕਹੀਂ ਕਿ ਮੈਂ ਤੈਨੂੰ ਕੁੱਝ ਨਹੀਂ ਦੇਂਦਾ।'' ਉਸ ਤੋਂ ਬਾਅਦ ਉਨ੍ਹਾਂ ਕਿਸੇ ਲੈ-ਦੇ ਦੇ ਸਮਝੌਤੇ ਨੂੰ ਅਪਣੀ ਹਾਮੀ ਵੀ ਨਾ ਭਰੀ।
ਉਨ੍ਹਾਂ ਗ਼ੈਰਕਾਨੂੰਨੀ ਪ੍ਰਵਾਸੀਆਂ ਵਿਰੁਧ ਸਖ਼ਤੀ ਵਾਲੀ ਅਪਣੀ ਨੀਤੀ ਵਿਚ ਬੱਚਿਆਂ ਨੂੰ ਵੀ ਨਾ ਬਖ਼ਸ਼ਿਆ। ਉਹ ਇਕ ਫ਼ੌਲਾਦੀ ਸਰਹੱਦੀ ਨੀਤੀ ਬਣਾਉਣਾ ਚਾਹੁੰਦੇ ਹਨ ਅਤੇ ਅਪਣੇ ਇਸ ਕਦਮ ਨਾਲ ਅਪਣੀ ਵਿਰੋਧੀ ਧਿਰ ਨੂੰ ਅਪਣੇ ਹੱਕ ਵਿਚ ਭੁਗਤਣ ਲਈ ਮਜਬੂਰ ਕਰਨਾ ਚਾਹੁੰਦੇ ਹਨ। ਬੱਚਿਆਂ ਨੂੰ ਜਾਨਵਰਾਂ ਵਾਂਗ ਪਿੰਜਰਿਆਂ ਵਿਚ ਕੈਦ ਕਰਨ ਦੇ ਰੋਸ ਸਾਹਮਣੇ ਉਹ ਥੋੜਾ ਜਿਹਾ ਝੁਕੇ ਜ਼ਰੂਰ ਪਰ ਇਸ ਕਦਮ ਤੋਂ ਪਿੱਛੇ ਨਹੀਂ ਹਟੇ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੂੰ ਪਿੱਠ ਵਿਖਾਉਣ ਪਿੱਛੇ ਵੀ ਸੁਨੇਹਾ ਇਹੀ ਹੈ ਕਿ 'ਮੇਰੇ ਕੰਮ ਵਿਚ ਦਖ਼ਲ ਨਾ ਦੇਣਾ।'
ਅਮਰੀਕੀ ਸਰਕਾਰ ਦੇ ਇਸ ਫ਼ੈਸਲੇ ਦਾ ਕਹਿਰ ਹਰ ਗ਼ਰੀਬ ਦੇਸ਼ ਉਤੇ ਡਿੱਗਾ ਹੈ। ਪੰਜਾਬ ਤੋਂ ਇਕ ਪਿਤਾ ਨੇ ਅਪਣੇ ਮੁੰਡੇ ਨੂੰ ਏਜੰਟ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਭੇਜਣ ਵਿਚ ਪੂਰੀ ਉਮਰ ਦੀ ਕਮਾਈ ਲਾ ਦਿਤੀ ਅਤੇ ਹੁਣ ਮੁੰਡਾ ਅਪਣੇ ਸੁਪਨੇ ਨੂੰ ਤਾਰ ਤਾਰ ਹੋਇਆ ਵੇਖ ਕੇ ਵਾਪਸ ਆ ਰਿਹਾ ਹੈ। ਇਸੇ ਤਰ੍ਹਾਂ ਦੁਨੀਆਂ ਭਰ ਤੋਂ ਅਮਰੀਕਾ ਵਿਚ, ਇਕ ਬਿਹਤਰ ਜ਼ਿੰਦਗੀ ਦੇ ਸੁਪਨੇ ਦੀ ਭਾਲ ਵਿਚ ਗਏ ਪ੍ਰਵਾਸੀ ਹੁਣ ਆਪੋ-ਅਪਣੇ ਦੇਸ਼ਾਂ ਦੀ ਸਚਾਈ ਦਾ ਸਾਹਮਣਾ ਕਰਨ ਲਈ ਵਾਪਸ ਮੁੜ ਜਾਣ ਲਈ ਮਜਬੂਰ ਹੋ ਰਹੇ ਹਨ।
Statue
ਡੋਨਾਲਡ ਟਰੰਪ ਦਾ ਤਰੀਕਾ ਵਖਰਾ ਹੈ, ਪਰ ਕੀ ਉਹ ਗ਼ਲਤ ਹੈ? ਅਖ਼ੀਰ ਵਿਚ ਉਹ ਦੁਨੀਆਂ ਦੇ ਨਹੀਂ ਸਿਰਫ਼ ਅਮਰੀਕਾ ਦੇ ਰਾਸ਼ਟਰਪਤੀ ਹਨ ਅਤੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ਦੇ ਨਾਗਰਿਕਾਂ ਵਿਚ ਉਨ੍ਹਾਂ ਦੀ ਕੀਮਤ ਵੱਧ ਗਈ ਹੈ। ਅਮਰੀਕਾ ਦੇ ਸਥਾਨਕ ਲੋਕ, ਪ੍ਰਵਾਸੀਆਂ ਦਾ ਭਾਰ ਚੁੱਕ ਚੁੱਕ ਕੇ ਤੰਗ ਆ ਗਏ ਹਨ ਅਤੇ ਡੋਨਾਲਡ ਟਰੰਪ ਅਪਣੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰ ਰਹੇ ਹਨ। ਸਾਡੇ ਘਰ ਵਿਚ ਰੋਹਿੰਗਿਆ ਸ਼ਰਨਾਰਥੀ ਮਦਦ ਮੰਗਣ ਅਤੇ ਸਿਰ ਛੁਪਾਣ ਲਈ ਆਏ ਸਨ ਪਰ ਅਸੀ ਵੀ ਤਾਂ ਉਨ੍ਹਾਂ ਨੂੰ ਪਿਛਲੇ ਪੈਰੀਂ ਮੁੜ ਜਾਣ ਲਈ ਹੀ ਕਹਿ ਦਿਤਾ ਸੀ।
ਇਕ ਪਾਸੇ ਦੁਨੀਆਂ ਅਪਣੇ-ਆਪ ਨੂੰ ਇਕ ਕੋਮਾਂਤਰੀ ਪਿੰਡ ਵਾਂਗ ਪੇਸ਼ ਕਰਨਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਰਾਸ਼ਟਰਵਾਦ ਦੀ ਚਰਚਾ ਸ਼ੁਰੂ ਹੋ ਗਈ ਹੈ ਜਿਥੇ ਡੋਨਾਲਡ ਟਰੰਪ ਵਰਗੇ ਤਾਨਾਸ਼ਾਹ, ਅਪਣੇ ਦੇਸ਼ ਦੇ ਸਥਾਨਕ ਲੋਕਾਂ ਨੂੰ ਰਾਸ਼ਟਰਵਾਦ ਦੇ ਬੁਖ਼ਾਰ ਵਿਚ ਲਾਲੋ ਲਾਲ ਕਰ ਕੇ ਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ 'ਬੇਗਾਨੇ' ਕਹਿ ਕੇ ਉਨ੍ਹਾਂ ਦੇ ਹੱਕਾਂ ਨੂੰ ਵੀ ਖੋਹ ਸਕਦੇ ਹਨ। ਜੇ ਬਰੀਕੀ ਨਾਲ ਵੇਖਿਆ ਜਾਵੇ ਤਾਂ ਆਈ.ਐਸ.ਆਈ.ਐਸ. ਅਤੇ ਮੁਸਲਮਾਨ ਧਰਮ ਵਿਰੁਧ ਕੋਮਾਂਤਰੀ ਪੱਧਰ ਤੇ ਡਰ ਅਤੇ ਨਫ਼ਰਤ ਦੀ ਸ਼ੁਰੂਆਤ ਤਾਂ ਅਮਰੀਕਾ ਦੀ ਤੇਲ ਦੀ ਜੰਗ ਨਾਲ ਹੀ ਹੋਈ ਸੀ।
ਬੁਸ਼ ਵਲੋਂ ਉਸਾਮਾ ਬਿਨ ਲਾਦੇਨ ਵਿਰੁਧ ਜੰਗ ਨੇ ਉਸ ਨੂੰ ਦੂਜੀ ਵਾਰ ਰਾਸ਼ਟਰਪਤੀ ਬਣਾ ਦਿਤਾ। ਸਟੈਚੂ ਆਫ਼ ਲਿਬਰਟੀ ਉਸ ਅਮਰੀਕਾ ਦਾ ਪ੍ਰਤੀਕ ਸੀ ਜੋ ਦੁਨੀਆਂ ਭਰ ਤੋਂ ਸਤਾਏ, ਦੁਖੀ ਸ਼ਰਨਾਰਥੀਆਂ ਦਾ ਆਸਰਾ ਸੀ ਅਤੇ ਅੱਜ ਡੋਨਾਲਡ ਟਰੰਪ ਉਸ ਅਮਰੀਕਾ ਦਾ ਪ੍ਰਤੀਕ ਹੈ ਜੋ ਨਫ਼ਰਤ ਅਤੇ ਡਰ ਦਾ ਪ੍ਰਤੀਕ ਹੈ। ਜੇ ਪਿਛਲੇ 100 ਸਾਲਾਂ ਵਲ ਵੇਖਿਆ ਜਾਵੇ ਤਾਂ ਸ਼ਰਨਾਥੀਆਂ ਨੇ ਅਮਰੀਕਾ ਦੀ ਚੜ੍ਹਤ ਵਿਚ ਵੱਡਾ ਯੋਗਦਾਨ ਪਾਇਆ ਹੈ।
ਅਮਰੀਕਾ ਦੁਨੀਆਂ ਦਾ ਕਾਬਲੀਅਤ ਅਤੇ ਹੁਨਰ ਦਾ ਬੈਂਕ ਬਣ ਗਿਆ ਹੈ। ਕੀ ਡੋਨਾਲਡ ਟਰੰਪ, ਕਿਮ ਜੋਂਗ ਅਤੇ ਉਨ੍ਹਾਂ ਵਰਗੇ ਹੋਰ ਸਿਰਫਿਰੇ ਤਾਨਾਸ਼ਾਹ, ਆਉਣ ਵਾਲੇ ਸਮੇਂ ਵਿਚ ਦੁਨੀਆਂ ਦਾ ਭਵਿੱਖ ਘੜਨਗੇ ਜਾਂ ਐਂਜੇਲਾ ਮਾਰਕੇਲ, ਜਸਟਿਨ ਟਰੂਡੋ ਵਰਗੇ, ਇਕ ਕੋਮਾਂਤਰੀ ਪਿੰਡ ਨੂੰ ਹਕੀਕਤ ਬਣਾਉਣਾ ਚਾਹੁਣ ਵਾਲੇ? ਕੀ ਰਾਸ਼ਟਰਵਾਦ ਦਾ ਦੂਜਾ ਨਾਂ ਨਫ਼ਰਤ ਹੈ? -ਨਿਮਰਤ ਕੌਰ