
ਪੀ. ਚਿਦਾਂਬਰਮ ਨੂੰ ਫੜਨ ਵਿਚ ਸੀ.ਬੀ.ਆਈ. ਨੇ ਅਪਣੀ ਕਾਹਲ ਨੂੰ ਇਕ ਬੜੇ ਸਨਸਨੀਖੇਜ਼ ਅੰਦਾਜ਼ 'ਚ ਅੰਜਾਮ ਦਿਤਾ। ਸੀ.ਬੀ.ਆਈ. ਨੇ ਕੰਧਾਂ ਟੱਪ ਕੇ ਚਿਦਾਂਬਰਮ...
ਪੀ. ਚਿਦਾਂਬਰਮ ਨੂੰ ਫੜਨ ਵਿਚ ਸੀ.ਬੀ.ਆਈ. ਨੇ ਅਪਣੀ ਕਾਹਲ ਨੂੰ ਇਕ ਬੜੇ ਸਨਸਨੀਖੇਜ਼ ਅੰਦਾਜ਼ 'ਚ ਅੰਜਾਮ ਦਿਤਾ। ਸੀ.ਬੀ.ਆਈ. ਨੇ ਕੰਧਾਂ ਟੱਪ ਕੇ ਚਿਦਾਂਬਰਮ ਨੂੰ ਹਿਰਾਸਤ 'ਚ ਲਿਆ। ਦੇਸ਼/ਵਿਦੇਸ਼ ਦਾ ਮੀਡੀਆ ਇਨ੍ਹਾਂ ਕਰਤਬਾਂ ਨੂੰ ਦੁਨੀਆਂ ਵਿਚ ਵਿਖਾ ਰਿਹਾ ਸੀ ਅਤੇ ਅੱਜ ਦੁਨੀਆਂ ਵੇਖੇਗੀ ਕਿ ਭਾਰਤ ਦੇ ਸਾਬਕਾ ਵਿੱਤ ਮੰਤਰੀ, ਅਪਣੀ ਹੀ ਬੇਟੀ ਦੀ ਕਾਤਲ ਅਤੇ ਭ੍ਰਿਸ਼ਟ ਉਦਯੋਗਪਤੀ ਇੰਦਰਾਣੀ ਮੁਖਰਜੀ ਦੇ ਇਲਜ਼ਾਮਾਂ ਦਾ ਸਾਹਮਣਾ ਕਰਨਗੇ।
CBI arrested P Chidambaram
2ਜੀ ਜਾਂ ਅਗਸਤਾ-ਵੈਸਟਲੈਂਡ ਦੇ ਕੇਸ ਵਾਂਗ ਇਹ ਕੇਸ ਵੀ ਸ਼ਾਇਦ ਅਦਾਲਤਾਂ ਦੇ ਤਹਿਖ਼ਾਨਿਆਂ ਵਿਚ ਸਬੂਤਾਂ ਦੀ ਉਡੀਕ ਕਰਦਾ ਰਹੇਗਾ। ਪਰ ਸੀ.ਬੀ.ਆਈ. ਅਤੇ ਈ.ਡੀ. ਦਾ ਮਕਸਦ ਪੀ. ਚਿਦਾਂਬਰਮ ਨੂੰ ਹਿਰਾਸਤ ਵਿਚ ਲੈਣਾ ਜਾਂ ਉਹ 300 ਕਰੋੜ ਵਾਪਸ ਲੈਣਾ ਨਹੀਂ ਜਿਨ੍ਹਾਂ ਦੀ ਚੋਰੀ ਦਾ ਇਲਜ਼ਾਮ ਚਿਦਾਂਬਰਮ ਉਤੇ ਲਾਇਆ ਗਿਆ ਹੈ। ਅਸਲ ਮਕਸਦ ਹੈ ਭ੍ਰਿਸ਼ਟਾਚਾਰ ਵਿਰੁਧ ਸਖ਼ਤੀ ਕਰਨ ਵਾਲੀ ਸਰਕਾਰ ਦਾ ਇਹ ਪ੍ਰਭਾਵ ਬਣਾਉਣਾ ਹੈ ਕਿ ਇਹ ਸਰਕਾਰ ਕਿਸੇ ਵੱਡੇ ਤੋਂ ਵੱਡੇ ਨੂੰ ਵੀ ਨਹੀਂ ਛਡਦੀ ਤੇ ਹਰ ਭ੍ਰਿਸ਼ਟਾਚਾਰੀ ਨੂੰ ਇਕ ਅੱਖ ਨਾਲ ਵੇਖਦੀ ਹੈ। ਅੱਜ ਕਿਸੇ ਨਾਲ ਵੀ ਗੱਲ ਕਰੋ ਤਾਂ ਉਹ ਯੂ.ਪੀ.ਏ.-2 ਨੂੰ 2ਜੀ ਘਪਲੇ ਨਾਲ ਜੋੜ ਕੇ ਗੱਲ ਸ਼ੁਰੂ ਕਰੇਗਾ।
CBI officials scale walls and arrested P. Chidambaram
ਘੱਟ ਹੀ ਯਾਦ ਰਖਦੇ ਹਨ ਕਿ ਉਹ ਕੇਸ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਬਾਹਰ ਸੁਟ ਦਿਤਾ ਸੀ ਅਤੇ ਅੱਜ ਚਿਦਾਂਬਰਮ ਦੀ ਆਰਥਕ ਮੁੱਦਿਆਂ ਤੇ ਸਰਕਾਰ ਦੀ ਚੀਰ-ਫਾੜ ਕਰਨ ਵਾਲੀ ਆਵਾਜ਼ ਦਾ ਖ਼ਾਤਮਾ ਹੋ ਗਿਆ ਹੈ। ਜਨਤਾ ਨੂੰ ਹੁਣ ਇਹੀ ਯਾਦ ਰੱਖਣ ਲਈ ਟੀ.ਵੀ. ਪ੍ਰੋਗਰਾਮ ਚਲਾਏ ਜਾਣਗੇ ਕਿ ਇਸ 'ਭ੍ਰਿਸ਼ਟ ਵਿੱਤ ਮੰਤਰੀ' ਨੂੰ ਫੜਨ ਵਾਸਤੇ ਸੀ.ਬੀ.ਆਈ. ਦੇ ਜਾਸੂਸਾਂ ਨੇ ਅਪਣੀ ਜਾਨ ਖ਼ਤਰੇ ਵਿਚ ਪਾਈ ਸੀ। 'ਖ਼ਤਰਿਆਂ ਦੇ ਖਿਲਾੜੀ' ਅਕਸ਼ੈ ਕੁਮਾਰ ਨੇ ਇਸ 'ਬਹਾਦੁਰ ਸੀ.ਬੀ.ਆਈ.' ਅਫ਼ਸਰ ਬਾਰੇ ਫ਼ਿਲਮ ਦੀ ਸ਼ੁਰੂਆਤ ਵੀ ਕਰ ਲਈ ਹੋਵੇਗੀ।
P. Chidambaram
ਅਤੇ ਹੁਣ ਕੋਈ ਨਹੀਂ ਯਾਦ ਰਖੇਗਾ ਕਿ ਭਾਰਤ ਦਾ ਵਿੱਤ ਮੰਤਰਾਲਾ ਜਦੋਂ ਚਿਦਾਂਬਰਮ ਦੇ ਹੱਥ ਵਿਚ ਸੀ ਤਾਂ ਭਾਰਤ ਦੇ ਤਕਰੀਬਨ 14 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉਪਰ ਉਠੇ ਸਨ। ਭਾਰਤ ਦੇ ਅਰਥਚਾਰੇ ਦਾ ਵਾਧਾ ਸੱਭ ਤੋਂ ਤੇਜ਼ੀ ਨਾਲ ਚਿਦਾਂਬਰਮ ਦੇ ਸਮੇਂ ਹੀ ਹੋਇਆ ਸੀ। ਚਿਦਾਂਬਰਮ ਹੇਠ ਭਾਰਤ ਦੀ 30% ਆਬਾਦੀ ਕੋਲ ਭਾਰਤ ਦੀ 50% ਦੌਲਤ ਸੀ ਅਤੇ ਅੱਜ 6 ਸਾਲਾਂ ਵਿਚ 1% ਆਬਾਦੀ ਕੋਲ 70% ਦੌਲਤ ਆ ਚੁੱਕੀ ਹੈ। ਯਾਦ ਰਹੇਗੀ ਤਾਂ ਚਿਦਾਂਬਰਮ ਦੀ ਜੇਲ ਜਾਂਦਿਆਂ ਦੀ ਤਸਵੀਰ। ਅੱਜ ਬਹੁਤ ਲੋਕ ਖ਼ੁਸ਼ੀਆਂ ਮਨਾ ਰਹੇ ਹਨ ਪਰ ਕੀ ਇਹ ਖ਼ੁਸ਼ੀ ਤੱਥਾਂ ਉਤੇ ਅਧਾਰਤ ਹੈ ਜਾਂ ਕਾਂਗਰਸ ਮੁਕਤ ਭਾਰਤ ਦੇ ਟੀਚੇ ਦੀ ਵੱਡੀ ਜਿੱਤ ਹੈ? -ਨਿਮਰਤ ਕੌਰ