
Editorial: ਅਨਮੋਲ ਬਿਸ਼ਨੋਈ (26) ਬਦਨਾਮ ਸਰਗਨੇ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ।
Editorial: ਉੱਤਰੀ ਅਮਰੀਕਾ ਮਹਾਂਦੀਪ ਵਿਚ ਨਜ਼ਰਬੰਦ ਦੋ ਮਫ਼ਰੂਰ ਅਪਰਾਧੀਆਂ ਦੀ ਹਵਾਲਗੀ ਭਾਰਤ ਸਰਕਾਰ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇਹ ਅਪਰਾਧੀ ਹਨ ਅਰਸ਼ ਡੱਲਾ ਅਤੇ ਅਨਮੋਲ ਬਿਸ਼ਨੋਈ। ਦੋਵੇਂ ਦੋ ਵਿਰੋਧੀ ਗਰੋਹਾਂ ਦੇ ਸਰਗਨੇ ਮੰਨੇ ਜਾਂਦੇ ਹਨ ਅਤੇ ਦੁਹਾਂ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ‘ਦਹਿਸ਼ਤਗਰਦ’ ਕਰਾਰ ਦਿਤਾ ਹੋਇਆ ਹੈ। ਡੱਲਾ ਨੂੰ ਕੈਨੇਡੀਅਨ ਸੂਬੇ ਉਂਟਾਰੀਓ ਦੀ ਪੁਲਿਸ ਨੇ ਅਕਤੂਬਰ ਦੇ ਆਖ਼ਰੀ ਹਫ਼ਤੇ ਇਕ ਗੋਲੀ ਕਾਂਡ ਮਗਰੋਂ ਹਿਰਾਸਤ ਵਿਚ ਲਿਆ ਸੀ।
ਪਹਿਲਾਂ ਤਾਂ ਇਹ ਖ਼ਬਰਾਂ ਆਈਆਂ ਸਨ ਕਿ ਹੈਲਟਨ ਕਾਊਂਟੀ ਦੀ ਪੁਲਿਸ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਹੈ, ਪਰ ਬਾਅਦ ਵਿਚ ਇਹ ਤੱਥ ਸਾਹਮਣੇ ਆਇਆ ਕਿ ਉਹ ਅਜੇ ਵੀ ਹਿਰਾਸਤ ਵਿਚ ਹੈ। ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਡੌਸੀਅਰ ਅਨੁਸਾਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ (27), ਜੋ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦਾ ਜੰਮਪਲ ਹੈ, 50 ਤੋਂ ਵੱਧ ਫ਼ੌਜਦਾਰੀ ਕੇਸਾਂ ਦੇ ਸਿਲਸਿਲੇ ਵਿਚ ਭਾਰਤੀ ਪੁਲਿਸ ਏਜੰਸੀਆਂ ਨੂੰ ਲੋੜੀਂਦਾ ਹੈ। ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਵਾਸਤੇ ਵੀ ਕੰਮ ਕਰਦਾ ਆਇਆ ਹੈ। ਉਸ ਨੂੰ ਮਰਹੂਮ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।
ਨਿੱਜਰ ਦੇ 2023 ਵਿਚ ਕਤਲ ਮਗਰੋਂ ਡੱਲਾ ‘ਖ਼ਾਲਿਸਤਾਨ ਟਾਈਗਰਜ਼ ਫ਼ੋਰਸ’ (ਕੇ.ਟੀ.ਐਫ਼.) ਨਾਮੀ ਦਹਿਸ਼ਤੀ ਸੰਗਠਨ ਦੇ ਮੁਖੀ ਵਜੋਂ ਕੰਮ ਕਰਦਾ ਆ ਰਿਹਾ ਸੀ। ਭਾਰਤੀ ਤਹਿਕੀਕਾਤੀ ਏਜੰਸੀਆਂ ਵਲੋਂ ਦਿਤੀਆਂ ਸੂਹਾਂ ਦੇ ਆਧਾਰ ’ਤੇ ਕੈਨੇਡੀਅਨ ਪੁਲਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਉਸ ਦੀ ਭਾਰਤ-ਹਵਾਲਗੀ ਬਾਰੇ ਦਰਖ਼ਾਸਤ ਨੂੰ ਅਦਾਲਤੀ ਪ੍ਰਕਿਰਿਆਵਾਂ ਦੀ ਮਦਦ ਨਾਲ ਰੱਦ ਕਰਵਾ ਕੇ ਉਸ ਨੂੰ ਦੋ ਮਹੀਨੇ ਬਾਅਦ ਰਿਹਾਅ ਕਰ ਦਿਤਾ ਗਿਆ ਸੀ। ਹੁਣ ਉਸ ਦੀ ਭਾਰਤ-ਹਵਾਲਗੀ ਲਈ ‘ਪੁਖਤਾ’ ਸਬੂਤਾਂ ਦੇ ਨਾਲ ਨਵੀਂ ਦਰਖ਼ਾਸਤ ਕੈਨੇਡਾ ਸਰਕਾਰ ਨੂੰ ਭੇਜੀ ਗਈ ਹੈ।
ਅਨਮੋਲ ਬਿਸ਼ਨੋਈ (26) ਬਦਨਾਮ ਸਰਗਨੇ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। 2022 ਵਿਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਸ਼ ਨੂੰ ਸਿਰੇ ਚਾੜ੍ਹਨ ਦੀ ਪੂਰੀ ਮਨਸੂਬਾਬੰਦੀ ਉਸ ਦੀ ਦੱਸੀ ਜਾਂਦੀ ਹੈ। ਇਸ ਕਤਲ ਮਗਰੋਂ ਉਹ ਜਾਅਲੀ ਪਾਸਪੋਰਟ ਦੀ ਮਦਦ ਨਾਲ ਭਾਨੂੰ ਪ੍ਰਤਾਪ ਦੇ ਨਾਮ ਹੇਠ ਪਹਿਲਾਂ ਨੇਪਾਲ, ਉਥੋਂ ਥਾਈਲੈਂਡ ਤੇ ਫਿਰ ਅਮਰੀਕਾ ਜਾ ਪਹੁੰਚਿਆ। ਸਮਝਿਆ ਜਾਂਦਾ ਹੈ ਕਿ ਐਨ.ਆਈ.ਏ., ਕੁੱਝ ਸੋਸ਼ਲ ਮੀਡੀਆ ਪੋਸਟਾਂ ਤੋਂ ਮਿਲੇ ਸੁਰਾਗਾਂ ਦੇ ਆਧਾਰ ’ਤੇ ਉਸ ਦੀ ਕੈਲੇਫ਼ੋਰਨੀਆ ਵਿਚ ਮੌਜੂਦਗੀ ਦਾ ਪਤਾ ਲਾਉਣ ਵਿਚ ਕਾਮਯਾਬ ਹੋ ਗਈ।
ਇਸ ਮਗਰੋਂ ਐਨ.ਆਈ.ਏ. ਨੇ ਅਮਰੀਕਾ ਦੀ ਕੌਮੀ ਤਹਿਕੀਕਾਤ ਏਜੰਸੀ ਐਫ਼.ਬੀ.ਆਈ. ਨਾਲ ਰਾਬਤਾ ਬਣਾਇਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ‘ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ’ (ਆਈਸ) ਨੇ ਅਨੂਪ ਨੂੰ ਫ਼ਰੈਜ਼ਨੋ (ਕੈਲੇਫੋਰਨੀਆ) ਤੋਂ ਹਿਰਾਸਤ ਵਿਚ ਲਿਆ, ਪਰ ਹੁਣ ਉਹ ਆਇਵਾ ਸੂਬੇ ਦੀ ਉਸ ਜੇਲ੍ਹ ਵਿਚ ਨਜ਼ਰਬੰਦ ਹੈ ਜੋ ਕੈਦੀਆਂ ਉੱਤੇ ਅੰਤਾਂ ਦੀ ਸਖ਼ਤਾਈ ਲਈ ਜਾਣੀ ਜਾਂਦੀ ਹੈ।
ਅਮਰੀਕਾ ਤੇ ਕੈਨੇਡਾ ਤੋਂ ਅਪਰਾਧੀਆਂ ਨੂੰ ਵਤਨ ਪਰਤਾਉਣ ਦਾ ਅਦਾਲਤੀ ਅਮਲ ਆਸਾਨ ਨਹੀਂ। ਪਹਿਲਾ ਕਾਊਂਟੀ ਪੱਧਰ ਦੀਆਂ ਅਦਾਲਤਾਂ, ਫਿਰ ਅਪੀਲੀ ਅਦਾਲਤਾਂ, ਫਿਰ ਹਾਈਕੋਰਟ-ਇਨ੍ਹਾਂ ਸਭਨਾਂ ਵਿਚ ਸੁਣਵਾਈ ਦਾ ਸਿਲਸਿਲਾ ਕਈ-ਕਈ ਵਰ੍ਹੇ ਲੈ ਲੈਂਦਾ ਹੈ। ਉਪਰੋਂ ਜੇ ਸਰਕਾਰਾਂ ‘ਵੋਟ ਬੈਂਕ ਰਾਜਨੀਤੀ’ ਕਾਰਨ ਇਨ੍ਹਾਂ ਅਪਰਾਧੀਆਂ ਦੇ ਸਰਪ੍ਰਸਤਾਂ ਉਤੇ ਮਿਹਰਬਾਨ ਹੋਣ ਤਾਂ ਕੇਸ ਜਾਣ-ਬੁਝ ਕੇ ਹਾਰਨ ਵਰਗੀ ਕਾਰਵਾਈ ਵੀ ਅੰਜਾਮ ਦੇ ਦਿਤੀ ਜਾਂਦੀ ਹੈ। ਅਰਸ਼ ਡੱਲਾ ਵਿਰੁਧ ਇਸ ਸਾਲ ਦੇ ਸ਼ੁਰੂ ਵਿਚ ਭਾਰਤੀ ਦਰਖ਼ਾਸਤ ਰੱਦ ਹੋਣ ਦੀ ਮੁੱਖ ਵਜ੍ਹਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀ ਡੱਲਾ ਉਪਰ ‘ਮਿਹਰਬਾਨੀ’ ਹੀ ਸੀ।
ਹੁਣ ਖ਼ਾਲਿਸਤਾਨੀਆਂ ਦੀ ਹਮਾਇਤ ਦੀ ਰਾਜਨੀਤੀ ਜਸਟਿਨ ਟਰੂਡੋ ਨੂੰ ਪੁੱਠੀ ਪੈਣੀ ਸ਼ੁਰੂ ਹੋ ਗਈ ਹੈ ਤਾਂ ਡੱਲਾ ਦੀ ਗ੍ਰਿਫ਼ਤਾਰੀ ਵੀ ਫ਼ੌਰੀ ਸੰਭਵ ਹੋ ਗਈ। ਅਨਮੋਲ ਬਿਸ਼ਨੋਈ ਬਾਰੇ ਐਨ.ਆਈ.ਏ. ਨੂੰ ਯਕੀਨ ਹੈ ਕਿ ਐਫ਼.ਬੀ.ਆਈ. ਬਹੁਤੇ ਕਾਨੂੰਨੀ ਝਮੇਲਿਆਂ ਵਿਚ ਪੈਣ ਤੋਂ ਬਿਨਾਂ ਉਸ ਨੂੰ ਭਾਰਤ ਭਿਜਵਾ ਦੇਵੇਗੀ। ਉਂਜ ਵੀ, ਭਾਰਤ ਤੇ ਅਮਰੀਕਾ ਦਰਮਿਆਨ ਹਵਾਲਗੀ ਸੰਧੀ ਲਾਗੂ ਹੈ।
ਇਹ ਉਪ੍ਰੋਕਤ ਕਿਸਮ ਦੀ ਹਵਾਲਗੀ ਛੇਤੀ ਸੰਭਵ ਬਣਾ ਦਿੰਦੀ ਹੈ ਬਸ਼ਰਤੇ ਬੰਦੀ ਵਿਅਕਤੀ ਨੇ ਅਮਰੀਕੀ ਧਰਤੀ ’ਤੇ ਕੋਈ ਸੰਗੀਨ ਅਪਰਾਧ ਨਾ ਕੀਤਾ ਹੋਵੇ। ਉਂਜ, ਸਾਜ਼ਗਾਰ ਹਾਲਾਤ ਦੇ ਬਾਵਜੂਦ ਡੱਲਾ ਤੇ ਬਿਸ਼ਨੋਈ ਨੂੰ ਭਾਰਤ ਪਰਤਾਉਣਾ ਕੋਈ ਆਸਾਨ ਕਾਰਜ ਨਹੀਂ। ਉਮੀਦ ਕੀਤੀ ਜਾਂਦੀ ਹੈ ਕਿ ਇਸ ਹਕੀਕਤ ਨੂੰ ਸਮਝ ਕੇ ਇਸ ਕਾਰਜ ਨਾਲ ਜੁੜੀਆਂ ਸਾਰੀਆਂ ਕਾਨੂੰਨੀ ਪੇਚੀਦਗੀਆਂ ਦੂਰ ਕਰਨ ਦਾ ਕੰਮ ਐਨ.ਆਈ.ਏ. ਪੂਰੀ ਤਨਦੇਹੀ ਨਾਲ ਕਰੇਗੀ ਅਤੇ ਅਪਣੇ ਮਿਸ਼ਨ ਵਿਚ ਕਾਮਯਾਬ ਹੋਵੇਗੀ।