ਅਮਰੀਕੀ ਸਰਕਾਰ ਵਲੋਂ ਅਪਣੀ ਸਾਲਾਨਾ ਰਿਪੋਰਟ ਵਿਚ ਇਸ ਵਾਰ ਮੁੜ ਤੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਰੋਸ਼ਨੀ ਪਾਈ ਗਈ ਹੈ।
ਅਮਰੀਕੀ ਸਰਕਾਰ ਵਲੋਂ ਅਪਣੀ ਸਾਲਾਨਾ ਰਿਪੋਰਟ ਵਿਚ ਇਸ ਵਾਰ ਮੁੜ ਤੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਰੋਸ਼ਨੀ ਪਾਈ ਗਈ ਹੈ। ਇਸ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਘੱਟ-ਗਿਣਤੀਆਂ, ਵਿਰੋਧੀਆਂ ਤੇ ਪੱਤਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਸਮੇਂ ਭਾਰਤ ਅਤੇ ਅਮਰੀਕਾ ਵਿਚਕਾਰ ਰਿਸ਼ਤੇ ਬੜੇ ਕਰੀਬੀ ਦੱਸੇ ਜਾ ਰਹੇ ਹਨ, ਉਸ ਵਕਤ ਅਮਰੀਕੀ ਆਗੂ, ਐਨਟਨੀ ਬਲੰਕਨ ਦਾ ਕਹਿਣਾ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਬਾਰੇ ਗਤੀਵਿਧੀਆਂ ਤੇ ਖ਼ਾਸ ਨਜ਼ਰ ਰੱਖ ਰਹੇ ਸਨ ਤੇ ਮਨੁੱਖੀ ਅਧਿਕਾਰ ਉਲੰਘਣਾਵਾਂ ਵਿਚ ਹੋਇਆ ਵੱਡਾ ਵਾਧਾ ਉਨ੍ਹਾਂ ਨੇ ਆਪ ਵੇਖਿਆ ਹੈ।
ਅਮਰੀਕੀ ਸਰਕਾਰ ਦੇ ਇਹੀ ਸਕੱਤਰ ਅਜੇ ਦੋ ਹਫ਼ਤੇ ਪਹਿਲਾਂ ਭਾਰਤ ਵਿਚ ਸਨ ਤੇ ਉਹਨਾਂ ਦੀ ਇਸ ਟਿਪਣੀ ਤੇ ਪਿਛਲੀ ਯਾਤਰਾ ਦੀਆਂ ਸੁਰਖ਼ੀਆਂ ਵਿਚ ਵੱਡਾ ਅੰਤਰ ਹੈ। ਉਨ੍ਹਾਂ ਅਨੁਸਾਰ ਸਰਕਾਰ, ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿਉਂਕਿ ਅਜੇ ਇਸੇ ਹਫ਼ਤੇ ਅਸੀ ਵੇਖਿਆ ਕਿ ਇਕ ਜੇਲ੍ਹ ਅਧਿਕਾਰੀ ਨੇ ਇਕ ਕੈਦੀ ਦੇ ਸ੍ਰੀਰ ਤੇ ਗਰਮ ਚਿਮਟੇ ਨਾਲ ਚਮੜੀ ਸਾੜ ਕੇ ਨਿਸ਼ਾਨ ਉਕਰ ਦਿਤਾ। ਪੱਤਰਕਾਰਾਂ ਉਤੇ ਜਿਸ ਤਰ੍ਹਾਂ ਦੀ ਤਲਵਾਰ ਲਟਕਦੀ ਰਹਿੰਦੀ ਹੈ, ਉਸ ਬਾਰੇ ਤਾਂ ਸਾਡੀ ਸੁਪ੍ਰੀਮ ਕੋਰਟ ਦੀਆਂ ਟਿਪਣੀਆਂ ਵੀ ਬਹੁਤ ਕੁੱਝ ਬਿਆਨ ਕਰਦੀਆਂ ਹਨ।
ਇਕ ਅਮਰੀਕੀ ਰਿਪੋਰਟ ਸਾਡੇ ਅੰਦਰ ਦੀ ਅਸਲੀਅਤ ਨੂੰ ਸਮਝਣ ਵਾਸਤੇ ਜ਼ਰੂਰੀ ਨਹੀਂ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਜੇ ਉਹ ਸਾਡੇ ਬਾਰੇ ਸੱਚ ਬੋਲਦੇ ਹਨ ਤਾਂ ਕਦੇ ਵੀ ਸਾਡੇ ਨਾਲ ਕੰਮ ਨਹੀਂ ਕਰਨਗੇ। ਉਹ ਸਾਡੇ ਪੈਸੇ ਨਾਲ ਅਪਣੀ ਅਰਥ-ਵਿਵਸਥਾ ਨੂੰ ਸੁਧਾਰਨ ਵਾਸਤੇ ਮਦਦ ਤਾਂ ਲੈਣਗੇ ਪਰ ਸਾਡੇ ਦੇਸ਼ ਵਿਚ ਨਿਵੇਸ਼ ਨਹੀਂ ਕਰਨਗੇ। ਅਸੀ ਅਪਣੇ ਦੇਸ਼ ਦੀ ਤਾਕਤ ਸਮਝਦੇ ਹਾਂ ਕਿ ਅਸੀ ਅਮਰੀਕਾ ਤੋਂ ਹਵਾਈ ਜਹਾਜ਼ ਜਾਂ ਫ਼ਰਾਂਸ ਤੋਂ ਹਥਿਆਰ ਖ਼ਰੀਦਣ ਦੀ ਸਮਰੱਥਾ ਰਖਦੇ ਹਾਂ ਪਰ ਅਸਲ ਤਾਕਤ ਉਹਨਾਂ ਦੀ ਹੈ ਕਿਉਂਕਿ ਉਨ੍ਹਾਂ ਕੋਲ ਇਹ ਮਹਿੰਗੇ ਹਥਿਆਰ ਤੇ ਹਵਾਈ ਜਹਾਜ਼ ਬਣਾਉਣ ਵਾਲੀ ਸਮਰੱਥਾ ਹੈ ਤੇ ਇਹ ਸਾਡੀ ਮਜਬੂਰੀ ਹੈ ਕਿ ਅਸੀ ਬਾਕੀਆਂ ’ਤੇ ਨਿਰਭਰ ਹਾਂ।
ਜਿਸ ਰਿਸ਼ਤੇ ਉਤੇ ਅਸੀ ਫ਼ਖ਼ਰ ਕਰਦੇ ਹਾਂ, ਉਹ ਅਸਲ ਵਿਚ ਸੱਚਾ ਨਹੀਂ ਹੈ। ਉਹ ਸਾਡੇ ਮੂੰਹ ’ਤੇ ਸਾਡੀ ਸਿਫ਼ਤ ਉਸੇ ਤਰ੍ਹਾਂ ਕਰ ਰਹੇ ਹਨ ਜਿਸ ਤਰ੍ਹਾਂ ਇਕ ਦੁਕਾਨਦਾਰ ਅਪਣਾ ਸਮਾਨ ਵੇਚਣ ਵਾਸਤੇ ਕਿਸੇ ਗਾਹਕ ਦੀਆਂ ਤਰੀਫ਼ਾਂ ਕਰਦਾ ਹੈ ਤੇ ਉਸ ਦੇ ਪਿੱਛੇ ਉਸ ਦਾ ਮਜ਼ਾਕ ਉਡਾਉਂਦਾ ਹੈ। ਅਮਰੀਕੀ ਸਕੱਤਰ ਨੇ ਠੀਕ ਇਸੇ ਤਰ੍ਹਾਂ ਭਾਰਤ ਨਾਲ ਕੀਤਾ ਪਰ ਉਹਨਾਂ ਦੀ ਗੱਲ ਵਿਚ ਸਚਾਈ ਵੀ ਹੈ। ਭਾਰਤ ਵਿਚ ਜਿਵੇਂ ਜਿਵੇਂ ਜਨਸੰਖਿਆ ਵਧਦੀ ਜਾਂਦੀ ਹੈ, ਮਨੁੱਖੀ ਅਧਿਕਾਰਾਂ ਦੀ ਕਦਰ ਘਟਦੀ ਜਾ ਰਹੀ ਹੈ। ਅੱਜ ਦੀ ਹਕੂਮਤ ਇਹ ਤਾਂ ਵਾਰ ਵਾਰ ਆਖਦੀ ਹੈ ਕਿ ਇਹ ਦੇਸ਼ ਹੁਣ ਹਿੰਦੂ ਰਾਸ਼ਟਰ ਹੈ ਪਰ ਫਿਰ ਜਦ ਇਸ ਰਾਸ਼ਟਰ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਕੀਮਤ ਨਹੀਂ ਦੱਸੀ ਜਾਂਦੀ ਤਾਂ ਉਹ ਆਪ ਹੀ ਅਪਣੀ ਸੋਚ ਦਾ ਸਤਿਕਾਰ ਵਧਾਉਣ ਵਿਚ ਹਾਰ ਜਾਂਦੇ ਹਨ।
ਸਵਾਲ ਹਿੰਦੂ ਰਾਸ਼ਟਰ ਦਾ ਨਹੀਂ, ਸਵਾਲ ਇਹ ਹੈ ਕਿ ਇਸ ਹਿੰਦੂ ਰਾਸ਼ਟਰ ’ਚ ਲੋਕਤੰਤਰ, ਧਾਰਮਕ ਵਿਲੱਖਣਤਾ, ਆਜ਼ਾਦ ਸੋਚ ਤੇ ਆਵਾਜ਼ ਨੂੰ ਕਿਵੇਂ ਵੇਖਿਆ ਜਾਂਦਾ ਹੈ। ਇਕ ਪਾਸੇ ਅਮਰੀਕਾ ਹੈ ਜੋ ਕਿ ਬਿਨਾਂ ਕਿਸੇ ਸ਼ੱਕ ਦੇ ਇਕ ਈਸਾਈ ਦੇਸ਼ ਹੈ ਤੇ ਦੂਜੇ ਪਾਸੇ ਹਿਟਲਰ ਦਾ ਜਰਮਨੀ ਸੀ ਜੋ ਆਪ ਵੀ ਈਸਾਈ ਧਰਮ ਦੀ ‘ਉਚਤਾ’ ਦਾ ਪ੍ਰਤੀਕ ਸੀ। ਇਕ ਇਸਲਾਮੀ ਦੇਸ਼ ਅਫ਼ਗ਼ਾਨਿਸਤਾਨ ਹੈ ਤੇ ਦੂਜਾ ਦੁਬਈ। ਜੇ ਅਸਲ ਤਾਕਤ ਬਣਾਉਣੀ ਹੈ ਤਾਂ ਪਹਿਲਾਂ ਅਪਣੇ ਆਪ ਨੂੰ ਗ਼ਰੀਬੀ-ਮੁਕਤ, ਘੱਟ-ਗਿਣਤੀਆਂ ਪ੍ਰਤੀ ਸੰਵੇਦਨਸ਼ੀਲ ਅਤੇ ਸਾਰੇ ਦੇਸ਼ਵਾਸੀਆਂ ਨੂੰ ਹਿੰਦੂ, ਮੁਸਲਿਮ, ਈਸਾਈ ਜਾਂ ਸਿੱਖ ਵਜੋਂ ਨਹੀਂ ਸਗੋਂ ਬਰਾਬਰ ਦਾ ਹਿੰਦੂਸਤਾਨੀ ਮੰਨਣ ਵਾਲੇ ਅਤੇ ਆਰਥਕ ਤੌਰ ਤੇ ਸਮਰਿਧ ਅਤੇ ਲੋਕ-ਰਾਜੀ ਭਾਰਤ ਦੇ ਨਿਰਮਾਤਾ ਸਿੱਧ ਕਰਨਾ ਜ਼ਰੂਰੀ ਹੈ ਕਿਉਂਕਿ ਅੱਜ ਸਾਡੇ ਦੇਸ਼ ਦਾ ਸਿਰ ਲੋਕਤੰਤਰ ਜਾਂ ਵਿਦਵਤਾ ਦਾ ਮਾਣ ਕਰਨ ਵਾਲਿਆਂ ਦੇ ਘੇਰੇ ਵਿਚ ਉੱਚਾ ਨਹੀਂ ਹੋ ਰਿਹਾ। ਆਜ਼ਾਦੀ ਦੇ 75 ਸਾਲਾਂ ਬਾਅਦ ਆਰਥਕ ਜਾਂ ਬੌਧਿਕ ਗ਼ੁਲਾਮੀ ਦੀ ਸੋਚ ਸਹੀ ਨਹੀਂ ।
- ਨਿਮਰਤ ਕੌਰ