ਕੋਰੋਨਾ ਦੀ ਬਿਪਤਾ ਤਾਂ ਸਾਰੀ ਦੁਨੀਆਂ ਉਤੇ ਆਈ ਹੋਈ ਹੈ ਪਰ ਪੰਜਾਬ ਉਤੇ ਇਹ ਬਿਪਤਾ ਹੋਰ ਵੀ ਵੱਡੀ ਹੈ
ਕੋਰੋਨਾ ਦੀ ਬਿਪਤਾ ਤਾਂ ਸਾਰੀ ਦੁਨੀਆਂ ਉਤੇ ਆਈ ਹੋਈ ਹੈ ਪਰ ਪੰਜਾਬ ਉਤੇ ਇਹ ਬਿਪਤਾ ਹੋਰ ਵੀ ਵੱਡੀ ਹੈ। ਇਕ ਪਾਸੇ ਕੋਰੋਨਾ ਦੀ, ਦੂਜੇ ਪਾਸੇ ਗ਼ਰੀਬੀ ਅਤੇ ਆਰਥਕ ਤੰਗੀ ਦੀ ਅਤੇ ਤੀਜੇ ਪਾਸੇ ਲੜਾਈ ਅਪਣੀ ਅਪਣੀ ਹਉਮੈ ਦੀ ਵੀ ਚਲ ਰਹੀ ਹੈ। ਅੱਜ ਜਿਥੇ ਸਾਰੇ ਪੰਜਾਬੀਆਂ ਲਈ ਅਪਣੀ ਅਤੇ ਥੋੜੀ-ਥੋੜੀ ਦੂਜੇ ਦੀ ਪਿੱਠ ਥਪਥਪਾਉਣੀ ਜ਼ਰੂਰੀ ਹੋ ਗਈ ਹੈ, ਉਥੇ ਪੰਜਾਬੀ ਇਕ ਦੂਜੇ ਦੀ ਲੱਤ ਖਿੱਚਣ ਵੀ ਲੱਗੇ ਹੋਏ ਹਨ।
ਹਰਿਆਣਾ ਦੇ ਇਕ ਡਾਕਟਰ ਨਾਲ ਗੱਲ ਕਰਦਿਆਂ ਅਹਿਸਾਸ ਹੋਇਆ ਕਿ ਸਾਡੀ ਸੱਭ ਤੋਂ ਵੱਡੀ ਜੰਗ ਕੀ ਹੈ? ਹਰਿਆਣਾ ਦਾ ਡਾਕਟਰ ਅਪਣੇ ਸੂਬੇ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੀ ਤਾਰੀਫ਼ ਕਰਨੋਂ ਨਹੀਂ ਹਟ ਰਿਹਾ ਸੀ। ਉਹ ਵਾਰ ਵਾਰ ਆਖ ਰਹੇ ਸਨ ਕਿ ਇਹ ਦੋਵੇਂ ਸੂਬੇ ਅਤੇ ਰਾਜਧਾਨੀ ਚੰਡੀਗੜ੍ਹ ਬਾਕੀ ਸੂਬਿਆਂ ਦੇ ਮੁਕਾਬਲੇ ਬੜਾ ਚੰਗਾ ਕੰਮ ਕਰ ਰਹੇ ਹਨ। ਉਹ ਮਹਾਰਾਸ਼ਟਰ ਅਤੇ ਦਿੱਲੀ ਦੀ ਉਦਾਹਰਣ ਦੇ ਰਹੇ ਸਨ ਕਿ ਉਹ ਕਿੰਨੀ ਬੁਰੀ ਤਰ੍ਹਾਂ ਕੋਰੋਨਾ ਸਾਹਮਣੇ ਹਾਰ ਰਹੇ ਹਨ। ਪਰ ਪੰਜਾਬ ਵਿਚ ਜੇ ਕੋਈ ਅਪਣੀ ਸਰਕਾਰ ਜਾਂ ਪੰਜਾਬ ਦੀ ਤਾਰੀਫ਼ ਕਰ ਬੈਠੇ ਤਾਂ ਉਸ ਦੀ ਖ਼ੈਰ ਨਹੀਂ ਤੇ ਉਸ ਨੂੰ ਝੱਟ 'ਸਰਕਾਰੀਆ' ਕਹਿ ਦਿਤਾ ਜਾਏਗਾ।
ਇਤਿਹਾਸ ਵਿਚ ਜਦੋਂ ਵੀ ਭਾਰਤ ਉਤੇ ਕੋਈ ਆਫ਼ਤ ਆਈ ਹੈ, ਭਾਵੇਂ ਉਹ ਸਰਹੱਦੋਂ ਪਾਰ ਦਾ ਹਮਲਾ ਹੋਵੇ ਜਾਂ ਕਾਲ ਪੈ ਗਿਆ ਹੋਵੇ, ਪੰਜਾਬ ਨੇ ਅਪਣੀ ਰਵਾਇਤੀ ਚੜ੍ਹਦੀ ਕਲਾ ਵਾਲੀ ਸਪਿਰਿਟ ਨਾਲ ਭਾਰਤ ਨੂੰ ਬਚਾਇਆ ਹੈ। ਆਜ਼ਾਦੀ ਦੀ ਲੜਾਈ ਵਿਚ ਭਾਵੇਂ ਬੰਗਾਲ ਦੇ ਕ੍ਰਾਂਤੀਕਾਰੀ ਵੀ ਅੱਗੇ ਆਏ ਸਨ, ਪਰ ਸੰਸਾਰ ਯੁੱਧਾਂ ਵਿਚ ਪੰਜਾਬੀ ਹੀ ਜਲਵੇ ਵਿਖਾ ਸਕੇ ਸਨ। ਜਦ ਭਾਰਤ ਭੁਖਮਰੀ ਨਾਲ ਮਰ ਰਿਹਾ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਅਪਣੇ ਆਪ ਨੂੰ ਇਕ ਮਸ਼ੀਨ ਬਣਾ ਕੇ ਅਪਣਾ ਯੋਗਦਾਨ ਪਾਇਆ ਅਤੇ ਹਮੇਸ਼ਾ ਵਾਸਤੇ ਅੰਨਦਾਤਾ ਦਾ ਖ਼ਿਤਾਬ ਖੱਟ ਲਿਆ।
ਅੱਜ ਵੀ ਪਿੰਡਾਂ ਵਿਚ ਜਾ ਕੇ ਵੇਖੋ, ਸਰਕਾਰ ਪਹੁੰਚੀ ਹੋਵੇ ਜਾਂ ਨਾ ਹੋਵੇ, ਕਿਸਾਨ ਨੇ ਅਪਣੇ ਅਪਣੇ ਪਿੰਡ ਦੇ ਗ਼ਰੀਬ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਹੈ। ਪਰ ਏਨਾ ਕੁੱਝ ਚੰਗਾ ਹੋਣ ਦੇ ਬਾਵਜੂਦ, ਅਸੀ ਅਪਣੀ ਬੁਰਾਈ ਆਪ ਕਰਨ ਵਿਚ ਵੀ ਸੱਭ ਤੋਂ ਅੱਗੇ ਹੀ ਨਜ਼ਰ ਆਉਂਦੇ ਹਾਂ। ਰਾਸ਼ਟਰੀ ਮੀਡੀਆ ਵਿਚ ਪੰਜਾਬ ਬਾਰੇ ਇਹ ਆ ਰਿਹਾ ਹੈ ਕਿ ਇਥੇ ਪੁਲਿਸ ਦਾ ਕਿਰਦਾਰ ਕਿੰਨਾ ਹੈਵਾਨੀਅਤ ਭਰਿਆ ਹੈ, ਇਥੇ ਤਲਵਾਰਾਂ ਚਲ ਰਹੀਆਂ ਹਨ, ਨਵੇਂ ਕੇਸ ਆਉਣੇ ਬੰਦ ਨਹੀਂ ਹੋ ਰਹੇ ਅਤੇ ਇਸ ਦਾ ਕਾਰਨ ਸਾਡੇ ਸਿਆਸਤਦਾਨ ਵੀ ਹਨ ਤੇ ਸਾਰੇ ਪੰਜਾਬੀ ਵੀ।
ਅਸੀਂ ਅਕਾਲੀ ਵਜੋਂ ਬੋਲਦੇ ਹਾਂ, ਕਾਂਗਰਸੀ ਵਜੋਂ ਮੂੰਹ ਖੋਲ੍ਹਦੇ ਹਾਂ, 'ਆਪ' ਦੇ ਵਰਕਰਾਂ ਵਜੋਂ ਸੋਚਦੇ ਹਾਂ ਪਰ ਮਾਣ-ਮੱਤੇ ਪੰਜਾਬੀ ਵਜੋਂ ਬੋਲਣ ਦੀ ਤਾਕਤ ਸਾਡੇ ਵਿਚ ਨਹੀਂ ਹੁੰਦੀ। ਖ਼ਬਰਾਂ ਅਨੁਸਾਰ ਰਾਸ਼ਨ ਵੰਡਣ ਵੇਲੇ ਪਹਿਲਾਂ ਕਾਂਗਰਸੀਆਂ ਦੇ ਘਰ ਚੁਣੇ ਜਾ ਰਹੇ ਹਨ ਜਦਕਿ ਪੰਜਾਬ ਵਿਚ ਰਾਸ਼ਨ ਦੀ ਕਮੀ ਹੀ ਕੋਈ ਨਹੀਂ। ਕੇਂਦਰ ਨੇ ਗ਼ਰੀਬਾਂ ਨੂੰ 200 ਜਾਂ 2000 ਰੁਪਏ ਭੇਜੇ ਹਨ ਅਤੇ ਪੰਜਾਬ ਸਰਕਾਰ ਨੇ 3000 ਭੇਜਿਆ ਹੈ ਪਰ ਸਾਨੂੰ ਅਪਣੀ ਪੰਜਾਬ ਸਰਕਾਰ ਦੀ ਤਾਰੀਫ਼ ਕਰਨੀ ਇਸ ਮਾਮਲੇ ਵਿਚ ਵੀ ਮਾੜੀ ਲਗਦੀ ਹੈ।
ਇਹ ਨਹੀਂ ਵੇਖਿਆ ਜਾ ਰਿਹਾ ਕਿ ਨਾਂਦੇੜ ਵਿਚ ਫਸੇ ਯਾਤਰੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਮਿਲ ਗਈ ਹੈ ਸਗੋਂ ਲੜਾਈ ਇਹ ਸ਼ੁਰੂ ਹੋ ਗਈ ਹੈ ਕਿ ਸਿਹਰਾ ਅਪਣੇ ਸਿਰ ਬੰਨ੍ਹਣ ਦਾ ਅਧਿਕਾਰੀ ਕੌਣ ਹੈ? ਪੰਜਾਬ ਦਾ ਪੈਸਾ ਕੇਂਦਰ ਤੋਂ ਲਿਆਉਣ ਦੀ ਜ਼ਿੰਮੇਵਾਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਲੜਾਈ ਇਹ ਹੋ ਰਹੀ ਹੈ ਕਿ ਕੇਂਦਰ ਵਲੋਂ ਭੇਜਿਆ ਗਿਆ ਪੈਸਾ ਜੀ.ਐਸ.ਟੀ. ਦਾ ਪੈਸਾ ਹੈ ਜਾਂ ਕੋਰੋਨਾ ਵਿਰੁਧ ਲੜਨ ਵਾਸਤੇ? ਇਹ ਨਹੀਂ ਸਮਝਿਆ ਜਾ ਰਿਹਾ ਕਿ ਜੀ.ਐਸ.ਟੀ. ਦੇ ਪੈਸੇ ਨਾਲ ਤਨਖ਼ਾਹਾਂ ਅਤੇ ਪੈਨਸ਼ਨਾਂ ਨਾ ਦਿਤੀਆਂ ਗਈਆਂ ਤਾਂ ਭੁਖਮਰੀ ਫੈਲ ਜਾਵੇਗੀ।
ਕੋਰੋਨਾ ਦੀ ਲੜਾਈ 3 ਮਈ ਤਕ ਖ਼ਤਮ ਹੋ ਜਾਣ ਵਾਲੀ ਨਹੀਂ, ਆਉਣ ਵਾਲੇ 1-2 ਸਾਲ ਚਲਣੀ ਹੈ। ਇਹ ਇਕ ਨਵੇਂ ਜ਼ਮਾਨੇ ਦੀ ਜੰਗ ਹੈ ਅਤੇ ਜਿਸ ਤਰ੍ਹਾਂ ਸਾਡੇ ਬਜ਼ੁਰਗ ਪੰਜਾਬੀ ਬਣ ਕੇ ਮੈਦਾਨ ਵਿਚ ਨਿਤਰੇ ਸਨ, ਉਸੇ ਤਰ੍ਹਾਂ ਅੱਜ ਵੀ ਹਰ ਕਿਸੇ ਨੂੰ ਚੜ੍ਹਦੀ ਕਲਾ ਵਾਲੇ ਪੰਜਾਬੀਆਂ ਵਾਂਗ ਸੋਚਣ ਅਤੇ ਅਪਣੇ ਆਪ ਉਤੇ ਫ਼ਖ਼ਰ ਕਰਨ ਦੀ ਲੋੜ ਹੈ। ਬਜ਼ੁਰਗਾਂ ਨਾਲ ਗੱਲ ਕਰੋ, ਇਤਿਹਾਸ ਦੇ ਪੰਨ ਫਰੋਲੋ, ਅਤੇ ਵੇਖੋ ਕਿਸ ਕਿਸ ਨੇ ਪੰਜਾਬ ਵਾਸਤੇ ਕੁਰਬਾਨੀਆਂ ਦਿਤੀਆਂ ਸਨ। ਹਉਮੈ ਵਿਚ ਡੁੱਬੇ ਤੇ ਮੈਂ-ਮੈਂ ਕਰਨ ਵਾਲੇ ਤਾਂ ਅਸਲ ਪੰਜਾਬੀ ਹੀ ਨਹੀਂ ਹਨ, ਇਹ ਫੁਕਰੇ ਤਾਂ ਵਿਖਾਵੇ ਦੇ ਪੰਜਾਬੀ ਹਨ। ਤੁਸੀ ਕਿਹੜੇ ਪੰਜਾਬੀ ਹੋ? ਤੈਅ ਕਰੋ ਤੇ ਫਿਰ ਇਸ ਲੜਾਈ ਵਿਚ ਸੱਚੇ ਸੁੱਚੇ, ਮਾਣਮੱਤੇ ਪੰਜਾਬੀਆਂ ਵਾਂਗ ਨਿਤਰੋ। -ਨਿਮਰਤ ਕੌਰ