
ਇਕ ਨਾਮੀ ਰਸਾਲੇ ਵਲੋਂ ਰਾਸ਼ਟਰੀ ਸਰਵੇਖਣ ਕਰਵਾਇਆ ਗਿਆ ਜਿਸ ਵਿਚ ਆਮ ਭਾਰਤੀਆਂ ਤੋਂ ਪੁਛਿਆ ਗਿਆ ਕਿ ਦੇਸ਼ ਦੇ ਸੱਭ ਤੋਂ ਵਧੀਆ ਪ੍ਰਧਾਨ ਮੰਤਰੀ ਕੌਣ ਰਹੇ ਹਨ?...............
ਇਕ ਨਾਮੀ ਰਸਾਲੇ ਵਲੋਂ ਰਾਸ਼ਟਰੀ ਸਰਵੇਖਣ ਕਰਵਾਇਆ ਗਿਆ ਜਿਸ ਵਿਚ ਆਮ ਭਾਰਤੀਆਂ ਤੋਂ ਪੁਛਿਆ ਗਿਆ ਕਿ ਦੇਸ਼ ਦੇ ਸੱਭ ਤੋਂ ਵਧੀਆ ਪ੍ਰਧਾਨ ਮੰਤਰੀ ਕੌਣ ਰਹੇ ਹਨ? ਪਹਿਲੇ ਸਥਾਨ ਤੇ ਨਰਿੰਦਰ ਮੋਦੀ (26%), ਫਿਰ ਇੰਦਰਾ ਗਾਂਧੀ (20%), ਫਿਰ ਵਾਜਪਾਈ (12%), ਫਿਰ ਨਹਿਰੂ (10%) ਅਤੇ ਅਖ਼ੀਰ 'ਚ ਡਾ. ਮਨਮੋਹਨ ਸਿੰਘ (6%) ਸਨ। ਦੋ ਸੱਭ ਤੋਂ ਮਨਪਸੰਦ ਪ੍ਰਧਾਨ ਮੰਤਰੀ ਉਹੀ ਮੰਨੇ ਗਏ ਹਨ ਜਿਨ੍ਹਾਂ ਦੋਹਾਂ ਨੂੰ ਭਾਸ਼ਨ ਦੇਣ ਦੀ ਕਲਾ ਆਉਂਦੀ ਸੀ। ਇੰਦਰਾ ਗਾਂਧੀ ਨੇ ਐਮਰਜੰਸੀ ਲਿਆਂਦੀ, ਲੋਕਤੰਤਰ ਵਿਚ ਮਨੁੱਖੀ ਅਧਿਕਾਰਾਂ ਨੂੰ ਰੋਲਿਆ, ਸਿੱਖਾਂ ਨਾਲ ਵੈਰ ਕਮਾਇਆ।
ਨਰਿੰਦਰ ਮੋਦੀ ਦੇ ਰਾਜ ਵਿਚ ਹਿੰਸਕ ਭੀੜਾਂ ਦਾ ਦੌਰ ਸ਼ੁਰੂ ਹੋਇਆ, ਗੁਜਰਾਤ ਦੰਗੇ ਹੋਏ ਪਰ ਇਹ ਦੋਵੇਂ ਹੀ ਪ੍ਰਧਾਨ ਮੰਤਰੀ, ਲੋਕਾਂ ਨੂੰ ਪਸੰਦ ਹਨ। ਜਿੰਨੇ ਮਾੜੇ ਸਾਡੇ ਸਿਆਸਤਦਾਨ ਸਾਬਤ ਹੁੰਦੇ ਹਨ, ਓਨੇ ਹੀ ਮਾੜੇ ਅਸੀ ਆਪ ਸਾਬਤ ਹੁੰਦੇ ਹਾਂ। ਯੂ.ਪੀ.ਏ. ਅਤੇ ਐਨ.ਡੀ.ਏ. ਦੇ ਕਾਰਜਕਾਲ ਵਿਚੋਂ ਕਿਹੜੇ ਵੇਲੇ ਜ਼ਿਆਦਾ ਵਿਕਾਸ ਹੋਇਆ, ਇਸ ਬਾਰੇ ਦੇਸ਼ ਵਿਚ ਬਹਿਸ ਚਲ ਰਹੀ ਹੈ ਤਾਕਿ ਦਸਿਆ ਜਾ ਸਕੇ ਕਿ ਕਿਸ ਦਾ ਕਾਰਜਕਾਲ ਬਿਹਤਰ ਸੀ। ਕਾਂਗਰਸ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਜੀ.ਡੀ.ਪੀ. ਦਹਾਈ ਦੇ ਅੰਕੜੇ (10 ਪ੍ਰਤੀਸ਼ਤ ਤੋਂ ਵੀ ਉਪਰ) ਤਕ ਪਹੁੰਚ ਗਏ ਸੀ,
Indira Gandhi
ਜਦਕਿ ਐਨ.ਡੀ.ਏ. ਅਤੇ ਖ਼ਾਸ ਕਰ ਕੇ ਮੋਦੀ ਸਰਕਾਰ ਹੇਠ ਜੀ.ਡੀ.ਪੀ. ਵਿਚ ਕਮੀ ਆਈ ਹੈ। ਕਾਂਗਰਸ ਦਾ ਦਾਅਵਾ ਕੋਈ ਸਿਆਸੀ ਜੁਮਲਾ ਨਹੀਂ ਬਲਕਿ ਸਰਕਾਰੀ ਰੀਪੋਰਟਾਂ ਵਿਚ ਦਰਜ ਅੰਕੜਿਆਂ ਉਤੇ ਨਿਰਭਰ ਹੈ। ਭਾਜਪਾ ਨੇ ਜਵਾਬ ਵਿਚ ਕਾਂਗਰਸ ਨੂੰ ਸਬਰ ਕਰਨ ਲਈ ਆਖਿਆ ਹੈ ਕਿਉਂਕਿ ਅਜੇ ਇਸ ਰੀਪੋਰਟ ਨੂੰ ਸਰਕਾਰ ਨੇ ਕਬੂਲ ਨਹੀਂ ਕੀਤਾ ਅਤੇ ਅਜੇ ਅੰਕੜੇ ਬਦਲ ਸਕਦੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਪਾਰਟੀ ਵਿਚਕਾਰ ਇਹ ਵਿਵਾਦ ਸ਼ੁਰੂ ਤੋਂ ਹੀ ਚਲ ਰਿਹਾ ਹੈ। 2014 ਵਿਚ ਵੀ ਇਹ ਅੰਕੜਿਆਂ ਦੀ ਸ਼ਬਦੀ ਜੰਗ ਲੜ ਰਹੇ ਸਨ ਅਤੇ ਤਕਰੀਬਨ ਹਰ ਚੋਣ ਤੋਂ ਪਹਿਲਾਂ ਇਹ ਜੰਗ ਤੇਜ਼ੀ ਫੜ ਲੈਂਦੀ ਹੈ।
ਭਾਜਪਾ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿਚ ਭਾਰਤ ਦੁਨੀਆਂ ਦੇ ਅਮੀਰ ਦੇਸ਼ਾਂ ਵਿਚ ਗਿਣਿਆ ਜਾਣ ਲੱਗਾ ਹੈ। ਕਾਂਗਰਸ ਮੁਤਾਬਕ ਭਾਜਪਾ ਹੇਠ, ਭਾਰਤੀ ਆਰਥਕਤਾ ਕਾਬਲ ਹੱਥਾਂ ਵਿਚ ਨਹੀਂ ਰਹੀ। ''ਕਾਬਲ ਹੱਥ ਡਾ. ਮਨਮੋਹਨ ਸਿੰਘ ਦੇ ਸਨ ਪਰ ਅੱਜ ਦੀ ਸਰਕਾਰ ਕੋਲ ਓਨੇ ਮਾਹਰ ਨਹੀਂ ਹਨ ਅਤੇ ਜਿਹੜੇ ਇਨ੍ਹਾਂ ਕੋਲ ਆਏ ਵੀ ਸਨ, ਉਹ ਇਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ।''-ਚਿਦਾਂਬਰਮ। ਜਿਸ ਦੌਰ ਵਿਚ ਭਾਰਤ ਅੰਦਰ ਤਬਦੀਲੀ ਆਈ ਸੀ, ਉਹ ਅਸਲ ਵਿਚ ਨਰਸਿਮ੍ਹਾ ਰਾਉ ਅਤੇ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਸੀ। ਵਾਜਪਾਈ ਦੀ ਸੋਚ ਨੇ ਵੀ ਇਨ੍ਹਾਂ ਦੀ ਸੁਧਾਰਵਾਦੀ ਸੋਚ ਵਾਸਤੇ ਰਸਤਾ ਖੋਲ੍ਹਿਆ ਸੀ।
Jawaharlal Nehru
ਪਰ ਲੋਕ ਇਸ ਬਾਰੇ ਕੀ ਕਹਿੰਦੇ ਹਨ, ਉਸ ਵਲ ਧਿਆਨ ਦੇਣਾ ਪਵੇਗਾ ਕਿਉਂਕਿ ਅੰਤ ਫ਼ੈਸਲਾ ਤਾਂ ਲੋਕ ਹੀ ਕਰਦੇ ਹਨ। ਇਕ ਨਾਮੀ ਰਸਾਲੇ ਵਲੋਂ ਰਾਸ਼ਟਰੀ ਸਰਵੇਖਣ ਕਰਵਾਇਆ ਗਿਆ ਜਿਸ ਵਿਚ ਆਮ ਭਾਰਤੀਆਂ ਤੋਂ ਪੁਛਿਆ ਗਿਆ ਕਿ ਦੇਸ਼ ਵਿਚ ਸੱਭ ਤੋਂ ਵਧੀਆ ਪ੍ਰਧਾਨ ਮੰਤਰੀ ਕੌਣ ਰਹੇ ਹਨ? ਪਹਿਲੇ ਸਥਾਨ ਤੇ ਨਰਿੰਦਰ ਮੋਦੀ (26%), ਫਿਰ ਇੰਦਰਾ ਗਾਂਧੀ (20%), ਫਿਰ ਵਾਜਪਾਈ (12%), ਫਿਰ ਨਹਿਰੂ (10%) ਅਤੇ ਅਖ਼ੀਰ 'ਚ ਡਾ. ਮਨਮੋਹਨ ਸਿੰਘ (6%) ਸਨ।
ਭਾਰਤ ਦੇ ਆਰਥਕ ਵਿਕਾਸ ਦੀ ਕਹਾਣੀ ਵਿਚ ਕਿੰਨੇ ਵੀ ਅਹਿਮ ਕਿਰਦਾਰ ਹੋ ਜਾਣ,
ਇਹ ਤਾਂ ਕੋਈ ਨਹੀਂ ਕਹਿ ਸਕਦਾ ਕਿ ਇਹ ਸਫ਼ਲ ਕਹਾਣੀ ਡਾ. ਮਨਮੋਹਨ ਸਿੰਘ ਤੋਂ ਬਗ਼ੈਰ ਪੂਰੀ ਹੋ ਸਕਦੀ ਸੀ। ਪਰ ਨਵੇਂ ਭਾਰਤ ਦੇ ਵਿਕਾਸ ਦਾ ਰਾਹ ਖੋਲ੍ਹਣ ਵਾਲੇ ਪ੍ਰਧਾਨ ਮੰਤਰੀ ਨੂੰ ਲੋਕ ਸੱਭ ਤੋਂ ਘੱਟ ਸਫ਼ਲ ਮੰਨਦੇ ਹਨ ਕਿਉਂਕਿ ਅਪਣੀਆਂ ਪ੍ਰਾਪਤੀਆਂ ਦਾ ਢੰਡੋਰਾ ਨਹੀਂ ਸਨ ਪਿਟਦੇ ਤੇ ਕੰਮ ਕਰਦੇ ਸਨ, ਬੋਲਦੇ ਨਹੀਂ ਸਨ। ਜਦੋਂ ਤਕ ਜਨਤਾ ਇਸ ਸੱਚ ਨੂੰ ਨਹੀਂ ਸਮਝੇਗੀ, ਭਾਰਤ ਦਾ ਆਰਥਕ ਵਿਕਾਸ ਜੁਮਲਿਆਂ ਵਿਚ ਹੀ ਗੁਆਚਿਆ ਰਹੇਗਾ। ਕਹਾਣੀ ਸਿਰਫ਼ ਜੀ.ਡੀ.ਪੀ. ਦੀ ਨਹੀਂ, ਸਗੋਂ ਭਾਰਤ ਵਿਚ ਗ਼ਰੀਬੀ-ਅਮੀਰੀ ਵਿਚਕਾਰ ਫ਼ਰਕ ਦੀ ਹੈ। ਕਹਾਣੀ ਦੌਲਤ ਦੀ ਵੰਡ ਵਿਚ ਬਰਾਬਰੀ ਦੀ ਹੈ।
Atal Bihari Vajpayee
ਵਿਕਾਸ ਦੀ ਕਹਾਣੀ ਤਾਂ ਹੀ ਸਫ਼ਲ ਹੋ ਸਕਦੀ ਹੈ ਜਦੋਂ ਭਾਰਤ ਵਿਚ ਬਰਾਬਰੀ ਆ ਜਾਵੇ। ਉਸ ਵਾਸਤੇ ਸਿਆਸਤਦਾਨਾਂ ਦੀ ਕਾਬਲੀਅਤ ਅਤੇ ਮੁਹਾਰਤ ਉਤੇ ਧਿਆਨ ਕੇਂਦਰਤ ਕਰਨਾ ਜ਼ਰੂਰੀ ਹੈ। ਕਾਂਗਰਸ ਦੀ ਇਹ ਪ੍ਰਤੀਕਿਰਿਆ ਠੀਕ ਹੈ ਕਿ ਭਾਜਪਾ ਦੇ ਦੌਰ ਵਿਚ ਮਾਹਰ ਅਤੇ ਕਾਬਲ ਅਰਥਸ਼ਾਸਤਰੀਆਂ ਦੀ ਸਖ਼ਤ ਘਾਟ ਰਹੀ ਹੈ। ਜੋ ਆਏ ਸਨ, ਉਹ ਵੀ ਭਾਰਤ ਨੂੰ ਛੱਡ ਕੇ ਚਲੇ ਗਏ ਹਨ। ਅਜੀਬ ਗੱਲ ਹੈ ਕਿ ਭਾਜਪਾ ਸਰਕਾਰ ਬੈਂਕਾਂ ਦੇ ਫਸੇ ਕਰਜ਼ਿਆਂ ਦੀ ਮੁਸ਼ਕਲ ਹੱਲ ਕਰਨ ਦਾ ਸਿਹਰਾ ਅਪਣੇ ਸਿਰ ਬੰਨ੍ਹਦੀ ਹੈ
ਪਰ ਇਸੇ ਮਹੀਨੇ ਬੈਂਕ ਕਰਜ਼ਿਆਂ ਬਾਰੇ ਬਣੀ ਇਕ ਸੰਸਦੀ ਕਮੇਟੀ ਨੇ ਸਾਬਕਾ ਆਰ.ਬੀ.ਆਈ. ਗਵਰਨਰ ਰਘੂਰਾਮ ਰਾਜਨ ਨੂੰ ਹੱਲ ਸੁਝਾਉਣ ਲਈ ਸੱਦਿਆ ਹੈ ਕਿਉਂਕਿ ਇਸ ਮੁਸੀਬਤ ਨੂੰ ਸਮਝਿਆ ਹੀ ਉਨ੍ਹਾਂ ਨੇ ਸੀ ਅਤੇ ਅੱਜ ਤਕ ਸਰਕਾਰ ਇਸ ਦਾ ਹੱਲ ਨਹੀਂ ਲੱਭ ਸਕੀ। ਇਸ ਕਾਬਲੀਅਤ ਦੀ ਘਾਟ ਨੂੰ ਜਨਤਾ ਨਹੀਂ ਸਮਝ ਪਾ ਰਹੀ, ਭਾਵੇਂ ਇਸ ਦਾ ਭਾਰ ਸੱਭ ਤੋਂ ਜ਼ਿਆਦਾ ਉਸੇ ਤੇ ਪੈਂਦਾ ਹੈ। ਬੇਰੁਜ਼ਗਾਰੀ ਦੀ ਭਰਮਾਰ ਦੇ ਬਾਵਜੂਦ ਅਨਜਾਣਪੁਣੇ 'ਚ ਉਹ ਧਰਮ ਦੇ ਨਾਂ ਤੇ ਦਿਤੇ ਜਾ ਰਹੇ ਭਾਸ਼ਨਾਂ ਦੇ ਅਸਰ ਹੇਠ, ਭਾਵੁਕ ਹੋ ਰਹੀ ਹੈ।
Narendra Modi
ਇਸੇ ਕਰ ਕੇ ਦੋ ਸੱਭ ਤੋਂ ਮਨਪਸੰਦ ਪ੍ਰਧਾਨ ਮੰਤਰੀ ਉਹੀ ਮੰਨੇ ਗਏ ਹਨ ਜਿਨ੍ਹਾਂ ਦੋਹਾਂ ਨੂੰ ਭਾਸ਼ਨ ਦੇਣ ਦੀ ਕਲਾ ਆਉਂਦੀ ਸੀ। ਇੰਦਰਾ ਗਾਂਧੀ ਨੇ ਐਮਰਜੰਸੀ ਲਿਆਂਦੀ, ਲੋਕਤੰਤਰ ਵਿਚ ਮਨੁੱਖੀ ਅਧਿਕਾਰਾਂ ਨੂੰ ਰੋਲਿਆ, ਸਿੱਖਾਂ ਨਾਲ ਵੈਰ ਕਮਾਇਆ। ਨਰਿੰਦਰ ਮੋਦੀ ਦੇ ਰਾਜ ਵਿਚ ਹਿੰਸਕ ਭੀੜਾਂ ਦਾ ਦੌਰ ਸ਼ੁਰੂ ਹੋਇਆ, ਗੁਜਰਾਤ ਦੰਗੇ ਹੋਏ ਪਰ ਇਹ ਦੋਵੇਂ ਹੀ ਪ੍ਰਧਾਨ ਮੰਤਰੀ, ਲੋਕਾਂ ਨੂੰ ਪਸੰਦ ਹਨ। ਜਿੰਨੇ ਮਾੜੇ ਸਾਡੇ ਸਿਆਸਤਦਾਨ ਸਾਬਤ ਹੁੰਦੇ ਹਨ, ਓਨੇ ਹੀ ਮਾੜੇ ਅਸੀ ਆਪ ਸਾਬਤ ਹੁੰਦੇ ਹਾਂ।
-ਨਿਮਰਤ ਕੌਰ