ਨਹਿਰੂ ਪ੍ਰਵਾਰ ਪੁਰਾਣੀ ਡਗਰ ਛੱਡੇ ਨਹੀਂ ਤਾਂ ਨਰਿੰਦਰ ਮੋਦੀ ਦਾ ‘ਕਾਂਗਰਸ ਮੁਕਤ ਭਾਰਤ’ ਬਣ ਕੇ ਰਹੇਗਾ!
Published : Feb 24, 2021, 7:35 am IST
Updated : Feb 24, 2021, 7:40 am IST
SHARE ARTICLE
CONGRESS
CONGRESS

ਰਾਜਸਥਾਨ ਵਿਚ ਬੜੀ ਮੁਸ਼ਕਲ ਨਾਲ ਕਾਂਗਰਸ ਅਪਣੀ ਪਾਰਟੀ ਦੇ ਆਪਸੀ ਮਤਭੇਦਾਂ ਦੇ ਚਲਦਿਆਂ ਸਰਕਾਰ ਨੂੰ ਸੰਭਾਲ ਰਹੀ ਹੈ।

ਇਕ ਹੋਰ ਸੂਬਾ ਕਾਂਗਰਸ ਦਾ ਹੱਥ ਛੱਡ ਕੇ ਹੁਣ ਭਾਜਪਾਈ ਸੂਬਾ ਬਣਨ ਜਾ ਰਿਹਾ ਹੈ। ਹੁਣ ਇਕ ਆਦਤ ਜਹੀ ਹੋ ਗਈ ਹੈ ਇਹ ਸੁਣਨ ਦੀ ਕਿ ਐਮ.ਐਲ.ਏ. ਵਿਰੋਧੀ ਪਾਰਟੀ ਨੂੰ ਛੱਡ ਕੇ, ਭਾਜਪਾ ਵਿਚ ਸ਼ਾਮਲ ਹੋ ਗਏ ਹਨ ਤੇ ਨਤੀਜੇ ਵਜੋਂ ਇਕ ਹੋਰ ਸੂਬੇ ਦੀ ਸਰਕਾਰ ਭਗਵੇਂ ਰੰਗੀ ਹੋ ਗਈ ਹੈ। ਇਨ੍ਹਾਂ ਸਰਕਾਰ-ਬਦਲੀਆਂ ਵਿਚ ਅਕਸਰ ਕਾਂਗਰਸ ਹੀ ਹਾਰਦੀ ਨਜ਼ਰ ਆਉਂਦੀ ਹੈ। ਅੱਜ 7 ਸਾਲ ਦੇ ਭਾਜਪਾ ਰਾਜ ਵਿਚ ਕਾਂਗਰਸ ਇਹ ਨਹੀਂ ਸਮਝ ਸਕੀ ਕਿ ਭਾਜਪਾ ਲਈ ਕੋਈ ਵੀ ਸੂਬਾ ਤੇ ਕੋਈ ਵੀ ਚੋਣ ਘੱਟ ਮਹੱਤਵਪੂਰਨ ਨਹੀਂ ਹੁੰਦੀ।

CONGRESSkiran bedi and CM Narayanasamy

ਪੰਚਾਇਤੀ ਚੋਣਾਂ ਵਿਚ ਵੀ ਕੇਂਦਰੀ ਮੰਤਰੀਆਂ ਨੂੰ ਪੰਚਾਂ ਸਰਪੰਚਾਂ ਲਈ ਪ੍ਰਚਾਰ ਕਰਦੇ ਵੇਖ ਸਕਦੇ ਹਾਂ। ਉਨ੍ਹਾਂ ਨੂੰ ਜਿੱਤ ਦਾ ਐਸਾ ਨਸ਼ਾ ਚੜਿ੍ਹਆ ਹੈ ਕਿ ਉਹ ਕਿਸੇ ਵੀ ਕਦਮ ਨੂੰ ਲੋਕਤੰਤਰ ਦੀ ਮਰਿਆਦਾ ਨੂੰ ਸਾਹਮਣੇ ਰੱਖ ਕੇ ਨਹੀਂ ਵੇਖਦੇ। ਉਨ੍ਹਾਂ ਵਿਚ 5 ਸਾਲ ਇੰਤਜ਼ਾਰ ਕਰਨ ਦਾ ਸਬਰ ਵੀ ਨਹੀਂ ਹੁੰਦਾ ਤੇ ਹਾਰ ਜਾਣ ਤੋਂ ਫ਼ੌਰਨ ਬਾਅਦ ਵੀ ਉਹ ਅਪਣੀ ਸਰਕਾਰ ਬਣਾਉਣ ਦੇ ਰਸਤੇ ਖੋਜਣ ਵਿਚ ਰੁੱਝ ਗਏ ਦਿਸਦੇ ਹਨ।

CM NarayanasamyCM Narayanasamy

ਪੁਡੂਚੇਰੀ ਵਿਚ ਵੋਟਾਂ ਪੈਣ ਨੂੰ ਸਿਰਫ਼ ਤਿੰਨ ਮਹੀਨੇ ਰਹਿ ਗਏ ਹਨ ਤੇ ਗਵਰਨਰ ਕਿਰਨ ਬੇਦੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਅਣਥਕ ਮਿਹਨਤ ਕਰਦੇ ਆ ਰਹੇ ਸਨ ਕਿ ਜਿਸ ਤਰ੍ਹਾਂ ਵੀ ਹੋ ਸਕੇ, ਇਥੇ ਕਾਂਗਰਸ ਸਰਕਾਰ ਕਮਜ਼ੋਰ ਕੀਤੀ ਜਾਵੇ। ਉਨ੍ਹਾਂ ਨੂੰ ਇਥੋਂ ਹਟਾਏ ਜਾਣ ਤੋਂ ਹੈਰਾਨੀ ਤਾਂ ਹੋਈ ਸੀ ਪਰ ਅਸਲ ਵਿਚ ਉਹ ਆਖਰੀ ਦਾਅ ਦੀ ਤਿਆਰੀ ਹੀ ਸੀ। ਜੇ ਕਿਰਨ ਬੇਦੀ ਅੱਜ ਵੀ ਪੁਡੂਚੇਰੀ ਦੀ ਗਵਰਨਰ ਹੁੰਦੀ ਤਾਂ ਕਾਂਗਰਸ ਉਸ ਨੂੰ ਸਿਆਸੀ ਮੁੱਦਾ ਤੇ ਨਫ਼ਰਤ ਦਾ ਸ਼ਿਕਾਰ ਬਣਾ ਕੇ, ਆਉਣ ਵਾਲੀਆਂ ਚੋਣਾਂ ’ਚ ਭਾਜਪਾ ’ਤੇ ਆਰਾਮ ਨਾਲ ਹਾਵੀ ਹੋ ਸਕਦੀ ਸੀ ਪਰ ਹੁਣ ਕਾਂਗਰਸ ਦੀ ਸ਼ਿਕਾਇਤ ਤੇ ਕਿਰਨ ਬੇਦੀ ਨੂੰ ਹਟਾ ਕੇ ਭਾਜਪਾ ਨੇ ਕਾਂਗਰਸ ਦਾ ਇਹ ਸ਼ਸਤਰ ਖੁੰਢਾ ਕਰ ਦਿਤਾ ਹੈ।

Kiran BediKiran Bedi

ਪਰ ਕਮਜ਼ੋਰ ਕੜੀ ਜਿਸ ਕਾਰਨ ਪੁਡੂਚੇਰੀ ਦੀ ਸਰਕਾਰ ਟੁੱਟੀ ਉਹ ਕਾਂਗਰਸ ਦੀ ਅਪਣੇ ਆਪ ਨੂੰ ਇਕਮੁੱਠ ਨਾ ਰੱਖਣ ਦੀ ਪ੍ਰਥਾ ਹੀ ਰਹੀ ਹੈ। ਅੱਜ ਕੋਈ ਅਜਿਹਾ ਸੂਬਾ ਨਹੀਂ ਜਿਥੇ ਕਾਂਗਰਸ ਦੇ ਆਗੂਆਂ ਵਿਚ ਮਤਭੇਦ ਨਾ ਹੋਣ। ਪੁਡੂਚੇਰੀ ਵਿਚ ਸਿਰਫ਼ 14 ਐਮ.ਐਲ.ਏ. ਸਨ ਜੋ ਇਕੱਠੇ ਨਾ ਰਹਿ ਸਕੇ ਤੇ ਦੋ ਦੇ ਪਾਰਟੀ ਛੱਡਣ ਨਾਲ ਸਰਕਾਰ ਟੁਟ ਗਈ। ਇਹੀ ਮੱਧ ਪ੍ਰਦੇਸ਼ ਵਿਚ ਹੋਇਆ ਸੀ। ਗੋਆ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ 18 ਵਿਧਾਇਕ ਜਿੱਤੇ ਸਨ ਪਰ ਫਿਰ ਵੀ ਭਾਜਪਾ ਅਪਣੀ ਸਰਕਾਰ ਬਣਾ ਗਈ। ਉਥੇ ਅੱਜ ਦੀ ਤਰੀਕ ਵਿਚ ਸਿਰਫ਼ 5 ਵਿਧਾਇਕ ਕਾਂਗਰਸ ਵਿਚ ਹਨ ਅਤੇ 13 ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

congresscongress

ਰਾਜਸਥਾਨ ਵਿਚ ਬੜੀ ਮੁਸ਼ਕਲ ਨਾਲ ਕਾਂਗਰਸ ਅਪਣੀ ਪਾਰਟੀ ਦੇ ਆਪਸੀ ਮਤਭੇਦਾਂ ਦੇ ਚਲਦਿਆਂ ਸਰਕਾਰ ਨੂੰ ਸੰਭਾਲ ਰਹੀ ਹੈ। ਪੰਜਾਬ ਵਿਚ ਵੀ ਆਉਣ ਵਾਲੇ ਸਮੇਂ ਦੌਰਾਨ ਕਾਂਗਰਸੀ ਆਗੂਆਂ ਦੀਆਂ ਆਪਸੀ ਦਰਾੜਾਂ ਸਾਹਮਣੇ ਆਉਣ ਵਾਲੀਆਂ ਹਨ। ਇਥੇ ਭਾਵੇਂ 2021 ਲਈ ਚਿਹਰਾ ਐਲਾਨਿਆ ਗਿਆ ਹੈ, ਇਸ ਨੂੰ ਪਹਿਲੀ ਵਾਰ ਸੂਬੇ ਦੇ ਪ੍ਰਧਾਨ ਵਲੋਂ ਹੀ ਐਲਾਨਿਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕਾਂਗਰਸ ਹਾਈ ਕਮਾਂਡ ਤੋਂ ਇਸ ਫ਼ੈਸਲੇ ਦਾ ਐਲਾਨ ਨਹੀਂ ਕਰਵਾਇਆ ਗਿਆ। ਹਾਈ ਕਮਾਨ ਹਾਲੇ ਚੁੱਪ ਹੀ ਬੈਠਾ ਹੈ ਕਿਉਂਕਿ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਦੋ ਹੋਰ ਕਾਂਗਰਸੀ ਲੀਡਰ, ਉਨ੍ਹਾਂ ਦਾ ਦਰ ਮੱਲੀ ਬੈਠੇ ਹਨ।

ਸੋ ਅੱਜ ਜਿਸ ਦੌਰ ’ਚੋਂ ਭਾਰਤ ਗੁਜ਼ਰ ਰਿਹਾ ਹੈ, ਉਸ ਲਈ ਜ਼ਿੰਮੇਵਾਰ ਇਕੱਲੀ ਭਾਜਪਾ ਹੀ ਨਹੀਂ। ਅੱਜ ਲੋਕਤੰਤਰ ਨੂੰ ਤੇ ਸੰਘੀ ਢਾਂਚੇ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ ਅਤੇ ਉਸ ਪਿਛੇ ਇਕ ਪਾਰਟੀ ਜਿੱਤਾਂ ਦਾ ਲਗਾਤਾਰ ਸਿਲਸਿਲਾ ਅਪਣੇ ਨਾਂ ਲਵਾਈ ਜਾ ਰਹੀ ਹੈ ਤੇ ਹਾਰ ਕੇ ਵੀ ਜਿੱਤ ਜਾਂਦੀ ਹੈ। ਭਾਜਪਾ ਲਈ ਵੀ ਇਹ ਮਾੜਾ ਹੈ ਕਿਉਂਕਿ ਉਹ ਵੀ ਕਾਂਗਰਸ ਵਾਂਗ ਅਪਣੇ ਕੇਡਰ ਜਾਂ ਪਾਰਟੀ ਦੇ ਮਜ਼ਬੂਤ ਢਾਂਚੇ ਦੇ ਸਿਰ ’ਤੇ ਨਹੀਂ ਜਿੱਤ ਰਹੀ ਬਲਕਿ ਉਪਰੋਂ ਉਪਰੋਂ ਹੀ ਤੇ ਇਕ ਦੋ ਲੀਡਰਾਂ ਸਹਾਰੇ ਹੀ ਜਿੱਤਾਂ ਪ੍ਰਾਪਤ ਕਰਨ ਦੀ ਪ੍ਰਪਾਟੀ ਕਾਇਮ ਕਰ ਰਹੀ ਹੈ। ਹਾਈ ਕਮਾਂਡ ਅਪਣੇ ਦਫ਼ਤਰ ਵਿਚ ਬੈਠ ਕੇ ਨੀਤੀਆਂ ਬਣਾ ਰਿਹਾ ਹੈ, ਜਿਵੇਂ ਕਦੇ ਕਾਂਗਰਸ ਦਾ ਹਾਈ ਕਮਾਂਡ ਬਣਾਉਂਦਾ ਹੁੰਦਾ ਸੀ। ਇਨ੍ਹਾਂ ਦੋਹਾਂ ਪਾਰਟੀਆਂ ਦੇ ਇਕ-ਪੁਰਖਾ ਪ੍ਰਬੰਧ ਕਾਰਨ ਦੇਸ਼ ਦੀ ਜਨਤਾ ਪਿਸ ਰਹੀ ਹੈ।

Rahul GandhiRahul Gandhi

ਆਜ਼ਾਦ ਭਾਰਤ ਦੇ ਸ਼ੁਰੂਆਤੀ ਦੌਰ ਵਿਚ ਕਾਂਗਰਸ ਦਾ ਰਾਜ ਰਿਹਾ ਤੇ ਉਸ ਵਕਤ ਕਾਂਗਰਸ ਦੇ ਵਿਰੋਧ ਵਿਚ ਕੋਈ ਪਾਰਟੀ ਨਹੀਂ ਸੀ, ਜਿਸ ਦਾ ਨਤੀਜਾ ਅਸੀ ਅੱਤ ਦੇ ਭ੍ਰਿਸ਼ਟਾਚਾਰ ਅਤੇ ਘੱਟ ਗਿਣਤੀਆਂ ਵਿਰੁਧ ਲਾਮਬੰਦੀ ਦੇ ਰੂਪ ਵਿਚ ਵੇਖਿਆ। ਭਾਜਪਾ ਉਸ ਦੇ ਵਿਰੋਧ ਵਿਚ ਆਈ ਸੀ ਪਰ ਅੱਜ ਹਰ ਕਦਮ ’ਤੇ ਇਹ ਜਵਾਬ ਦੇ ਦੇਂਦੀ ਹੈ ਕਿ ਕਾਂਗਰਸ ਵੀ ਤਾਂ ਇਹੀ ਕਰਦੀ ਸੀ। ਸਹੀ ਹੈ ਕਿ ਕਾਂਗਰਸ ਅਪਣੇ ਗਵਰਨਰਾਂ ਦਾ ਦੁਰਉਪਯੋਗ ਕਰਦੀ ਸੀ, ਸੀਬੀਆਈ ਵੀ ਉਸ ਦਾ ਤੋਤਾ ਹੀ ਸੀ ਅਤੇ ਇਕ ਪ੍ਰਵਾਰ ਜਾਂ ਇਕ ਲੀਡਰ ਦੇ ਸਹਾਰੇ ਹੀ ਪਾਰਟੀ ਚਲਦੀ ਰਹਿੰਦੀ ਸੀ। ਪਰ ਫਿਰ ਦੇਸ਼ ਵਿਚ ਬਦਲਿਆ ਕੀ?

ਕਦੋਂ ਦੇਸ਼ ਦੀਆਂ ਮੁਢਲੀਆਂ ਬੁਨਿਆਦੀ ਸੰਸਥਾਵਾਂ, ਸਿਆਸੀ ਮਨਮਰਜ਼ੀਆਂ ਅਤੇ ਸਿਆਸੀ ਚਾਲਬਾਜ਼ੀਆਂ ਤੋਂ ਆਜ਼ਾਦ ਹੋ ਕੇ ਲੋਕਤੰਤਰ ਅਤੇ ਸੰਵਿਧਾਨ ਅਨੁਸਾਰ ਚੱਲਣ ਦੀ ਪ੍ਰਥਾ ਸ਼ੁਰੂ ਕਰ ਸਕਣਗੀਆਂ? ਕਾਂਗਰਸ ਨੂੰ ਸਮਝਣ ਦੀ ਲੋੜ ਹੈ ਕਿ ਉਹ ਇਕ ਵਾਰ ਮਰ ਚੁੱਕੀ ਹੈ ਤੇ ਨਰਿੰਦਰ ਮੋਦੀ ‘ਕਾਂਗਰਸ-ਮੁਕਤ ਭਾਰਤ’ ਦੀ ਐਲਾਨੀਆ ਜੰਗ, ਅੱਧ ਵਿਚਕਾਰ ਛੱਡਣ ਲਈ ਕਦੇ ਤਿਆਰ ਨਹੀਂ ਹੋਵੇਗਾ। ਕਾਂਗਰਸ ਨੂੰ ਪੁਰਾਣੀਆਂ ਰਵਾਇਤਾਂ ਨੂੰ ਤਿਲਾਂਜਲੀ ਦੇਣੀ ਹੀ ਪਵੇਗੀ। ਹੁਣ ਬੀਜੇਪੀ ਨੇ ‘ਇਕ ਨੇਤਾ’ ਤੇ ‘ਬਾਕੀ ਕੁੱਝ ਨਹੀਂ’ (ਇੰਦਰਾ ਇਜ਼ ਇੰਡੀਆ ਵਾਂਗ) ਨੀਤੀ ਅਪਨਾਉਣ ਦੇ ਨਾਲ ਨਾਲ ਮਜ਼ਹਬੀ ਕੱਟੜਪੁਣਾ, ਮੁਸਲਮਾਨਾਂ ਪ੍ਰਤੀ ਨਫ਼ਰਤ, ਰਾਮ ਮੰਦਰ, ਹਿੰਦੂਤਵਾ ਦਾ ਨਸ਼ਾ ਵੱਡੀ ਮਾਤਰਾ ਵਿਚ ਲੋਕਾਂ ਨੂੰ ਪਿਆ ਚੁੱਕਣ ਮਗਰੋਂ ਹੀ ਇਸ ‘ਆਟੋਕਰੇਸੀ’ (ਇਕ-ਪੁਰਖਾ ਰਾਜ) ਦਾ ਤਜਰਬਾ ਸਫ਼ਲ ਹੁੰਦਾ ਵੇਖਿਆ ਹੈ। ਜੇ ਇਹ ‘ਨਸ਼ਾ’ ਦਿਤੇ ਬਿਨਾਂ, ਇਕ-ਪੁਰਖਾ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਉਸ ਨੇ ਵੀ ਹੁਣ ਤਕ ਹਾਰ ਚੁੱਕੇ ਹੋਣਾ ਸੀ।

ਹੁਣ ਵੀ ਨਸ਼ੇ ਦਾ ਅਸਰ ਘਟਦਾ ਸਾਫ਼ ਵੇਖਿਆ ਜਾ ਸਕਦਾ ਹੈ। ਕਾਂਗਰਸ ਨੂੰ ਸਬਕ ਸਿਖਣਾ ਚਾਹੀਦਾ ਹੈ। ਹਰ ਰਾਜ ਵਿਚ ਉਸ ਦੇ ‘ਅੱਗ ਬੁਝਾਊ ਦਸਤੇ’ ਲੋਕਲ ਪੱਧਰ ਤੇ, ਮਜ਼ਬੂਤ ਹਾਲਤ ਵਿਚ ਹੋਣੇ ਚਾਹੀਦੇ ਹਨ ਜੋ ਔਕੜ ਨਾਲ ਤੁਰਤ ਨਜਿੱਠ ਸਕਣ ਤੇ ਕੇਂਦਰ ਵਿਚ ਵੀ ਉਨ੍ਹਾਂ ਦੇ ਅਪਣੇ ਵਖਰੇ ਪ੍ਰਤੀਨਿਧ ਹੋਣੇ ਚਾਹੀਦੇ ਹਨ। ਕੇਵਲ ਰਾਹੁਲ, ਪ੍ਰਿਯੰਕਾ ਤੇ ਸੋਨੀਆ ਹੁਣ ਪਾਰਟੀ ਨੂੰ ਪਹਿਲਾਂ ਵਾਲੀ ਥਾਂ ਤੇ ਨਹੀਂ ਲਿਆ ਸਕਦੇ-- ਬੀਜੇਪੀ ਤੇ ਮੋਦੀ ਭਾਵੇਂ ਲੱਖ ਗ਼ਲਤੀਆਂ ਤੇ ਜ਼ਿਆਦਤੀਆਂ ਕਿਉਂ ਨਾ ਕਰ ਰਹੇ ਹੋਣ।
(ਨਿਮਰਤ ਕੌਰ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement