
ਕਿਸਾਨਾਂ ਨਾਲ ਡਟ ਕੇ ਖੜੇ ਰਹਿਣ ਕਾਰਨ ਸਪੋਕਸਮੈਨ ਅਦਾਰੇ ਨੇ ਅਪਣੇ ਇਸ਼ਤਿਹਾਰਾਂ ਦੀ ਆਮਦਨ ਗੁਆਈ
‘‘ਪੰਜਾਬ ਵਰਗਾ ਸਸਤੇ ਵਿਚ ਵਿਕਦਾ ਮੀਡੀਆ ਕਿਸੇ ਹੋਰ ਸੂਬੇ ਵਿਚ ਨਹੀਂ ਵੇਖਿਆ’’ ਇਹ ਫ਼ਿਕਰਾ ਇਕ ਸਿਆਸਤਦਾਨ ਦੇ ਮੂੰਹੋਂ ਸੁਣ ਕੇ ਬਹੁਤ ਕ੍ਰੋਧ ਆਇਆ ਕਿਉਂਕਿ ਜੇ ਇਹ ਮੀਡੀਆ ਨਾ ਹੁੰਦਾ ਤਾਂ ਦੇਸ਼ ਨੂੰ ਕਿਸਾਨਾਂ ਦੇ ਸੰਘਰਸ਼ ਬਾਰੇ ਪਤਾ ਹੀ ਨਹੀਂ ਸੀ ਚਲਣਾ। ਪੰਜਾਬੀ ਮੀਡੀਆ, ਖ਼ਾਸ ਕਰ ਕੇ ਸੋਸ਼ਲ ਮੀਡੀਆ, ਕਿਸਾਨਾਂ ਨਾਲ ਚਟਾਨ ਵਾਂਗ ਡਟ ਕੇ ਖੜਾ ਰਿਹਾ ਤੇ ਕਿਸੇ ਅੱਗੇ ਝੁਕਿਆ ਨਾ। ਇਹ ਉਹ ਮੀਡੀਆ ਹੈ ਜਿਸ ਨੇ ਵੱਡੇ ਮੰਨੇ ਪ੍ਰਮੰਨੇ ਪੱਤਰਕਾਰਾਂ ਨੂੰ ਪੱਤਰਕਾਰੀ ਸਿਖਾ ਦਿਤੀ ਤੇ ਗੋਦੀ ਮੀਡੀਆ ਦੀ ਤਾਕਤ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿਤਾ ਅਤੇ ਵੇਖੋ ਇਥੋਂ ਦੇ ਸਿਆਸਤਦਾਨ ਇਸ ਪੰਜਾਬੀ ਮੀਡੀਆ ਪ੍ਰਤੀ ਕਿਵੇਂ ਦੀ ਸੋਚ ਰਖਦੇ ਹਨ?
Farmers Protest
ਕਿਸਾਨਾਂ ਨਾਲ ਡਟ ਕੇ ਖੜੇ ਰਹਿਣ ਕਾਰਨ ਸਪੋਕਸਮੈਨ ਅਦਾਰੇ ਨੇ ਅਪਣੇ ਇਸ਼ਤਿਹਾਰਾਂ ਦੀ ਆਮਦਨ ਗੁਆਈ। ਖ਼ੈਰ ਇਹ ਤਾਂ ਸਪੋਕਸਮੈਨ ਦੇ ਬਾਨੀ ਸੰਪਾਦਕ ਦੀ ਸੋਚ ਹੈ ਜੋ ਗ਼ਲਤ ਰਾਹ ਤੇ ਜਾ ਰਹੀ ਹਰ ਤਾਕਤ ਵਿਰੁਧ ਖੜੇ ਰਹਿਣ ਦੀ ਤਾਕਤ ਸਾਨੂੰ ਦੇਂਦੀ ਹੈ ਅਤੇ ਇਸੇ ਲਈ ਪੰਜਾਬੀ ਮੀਡੀਆ ਪ੍ਰਤੀ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਾਨੂੰ ਬੜੀ ਚੁਭਦੀ ਹੈ। ਪੰਜਾਬ ਦਾ ਮੀਡੀਆ ਇਕ-ਦੋ ਘਰਾਣਿਆਂ ਦੇ ਹੱਥਾਂ ਵਿਚ ਸਰਕਾਰਾਂ ਨੇ ਹੀ ਫੜਾਈ ਰਖਿਆ ਸੀ। ਜਦ ਵਕਤ ਦੀ ਸਰਕਾਰ ਦਾ ਅਸ਼ੀਰਵਾਦ ਲਏ ਬਿਨਾਂ ਸਪੋਕਸਮੈਨ ਮੈਦਾਨ ਵਿਚ ਉਤਰ ਆਇਆ ਤਾਂ ਸਰਕਾਰ ਤੇ ਉਨ੍ਹਾਂ ਦੇ ਇਸ਼ਾਰਿਆਂ ਤੇ ਪੁਜਾਰੀਆਂ ਨੇ ਵੀ ਸਹੁੰ ਖਾ ਲਈ ਕਿ ਇਸ ਅਖ਼ਬਾਰ ਨੂੰ ਸਾਲ ਪੂਰਾ ਹੋਣ ਤੋਂ ਪਹਿਲਾਂ ਬੰਦ ਕਰਵਾ ਕੇ ਰਹਿਣਾ ਹੈ।
Rozana Spokesman
ਸੋ ਪੱਤਰਕਾਰੀ ਦੇ ਇਤਿਹਾਸ ਵਿਚ, ਇਸ ਅਖ਼ਬਾਰ ਤੇ ਇਸ ਦੇ ਸੰਪਾਦਕ ਵਿਰੁਧ ਉਹ ਕਹਿਰ ਢਾਹਿਆ ਗਿਆ ਜਿਸ ਦੀ ਮਿਸਾਲ ਲੋਕ-ਰਾਜੀ ਦੇਸ਼ਾਂ ਵਿਚ ਕਿਧਰੇ ਨਹੀਂ ਮਿਲਦੀ। ਪੂਰੇ 10 ਸਾਲ ਇਸ ਦੇ 150 ਕਰੋੜ ਦੇ ਇਸ਼ਤਿਹਾਰ ਬੰਦ ਰੱਖੇ ਗਏ ਤੇ ਸੰਪਾਦਕ ਵਿਰੁਧ ਪੰਜਾਬ ਦੇ ਚੱਪੇ ਚੱਪੇ ਤੇ ਪੁਲਿਸ ਕੇਸ ਬਣਾ ਦਿਤੇ ਗਏ ਤਾਕਿ ਉਹ ਥੱਕ ਹਾਰ ਕੇ ਗੋਡੇ ਟੇਕ ਦੇਵੇ। ਸਪੋਕਸਮੈਨ ਇਕ ਦਿਨ ਲਈ ਵੀ ਨਾ ਝੁਕਿਆ, ਨਾ ਲਿਫ਼ਿਆ।
Social media
ਅੱਜ ਵੀ ਰਵਾਇਤੀ ਟੀਵੀ ਜਾਂ ਅਖ਼ਬਾਰਾਂ ਵਿਚ ਅਪਣੀ ਥਾਂ ਨੌਜੁਆਨਾਂ ਵਾਸਤੇ ਬਣਾਉਣੀ ਬਹੁਤ ਔਖੀ ਹੈ। ਤੇ ਸੋਸ਼ਲ ਮੀਡੀਆ ਜਿਹੜਾ ਪੰਜਾਬ ਵਿਚ ਚਲ ਰਿਹਾ ਹੈ, ਉਹ ਉਨ੍ਹਾਂ ਨੌਜਵਾਨਾਂ ਵਲੋਂ ਹੀ ਚਲਾਇਆ ਜਾ ਰਿਹਾ ਹੈ ਜੋ ਵਿਦੇਸ਼ਾਂ ਵਲ ਭੱਜਣ ਦੀ ਥਾਂ ਪੰਜਾਬ ਵਿਚ ਅਪਣੀ ਕਾਬਲੀਅਤ ਦਾ ਪ੍ਰਗਟਾਵਾ ਕਰ ਰਹੇ ਹਨ। ਕਿਸਾਨੀ ਸੰਘਰਸ਼ ਵਿਚ ਇਨ੍ਹਾਂ ਦੇ ਯੋਗਦਾਨ ਨੂੰ ਸਮਝਦੇ ਹੋਏ ਸਰਕਾਰ ਜਾਂ ਸਮਾਜ ਜਾਂ ਪੰਜਾਬੀ ਉਦਯੋਗ ਨੂੰ ਅਪਣੇ ਮੀਡੀਆ ਪ੍ਰਤੀ ਇਕ ਪਾਲਿਸੀ ਬਣਾਉਣ ਦੀ ਜ਼ਰੂਰਤ ਸੀ ਤਾਕਿ ਉਹ ਅੰਗਰੇਜ਼ੀ ਤੇ ਹਿੰਦੀ ਮੀਡੀਆ ਦੇ ਮੁਕਾਬਲੇ ਪੰਜਾਬ ਦੀ ਢਾਲ ਬਣ ਕੇ, ਇਸ ਰਾਜ ਦੀ ਚੰਗੀ ਸੇਵਾ ਕਰ ਸਕੇ ਪਰ ਕਿਸੇ ਨੇ ਵੀ ਨਹੀਂ ਸੋਚਿਆ ਕਿ ਇਹ ਅਪਣਾ ਖ਼ਰਚਾ ਕਿਸ ਤਰ੍ਹਾਂ ਪੂਰਾ ਕਰ ਰਹੇ ਹਨ।
Media
ਮੀਡੀਆ ਤੋਂ ਆਸ ਤਾਂ ਇਸ ਗੱਲ ਦੀ ਰੱਖੀ ਜਾਂਦੀ ਹੈ ਕਿ ਇਹ ਸੱਚ ਬੋਲੇ ਪਰ ਕੋਈ ਇਹ ਨਹੀਂ ਸੋਚਦਾ ਕਿ ਵੱਡੇ ਘਰਾਣਿਆਂ ਦਾ ਮੁਕਾਬਲਾ ਕਰਨ ਲਈ ਖ਼ਰਚੇ ਦਾ ਪ੍ਰਬੰਧ ਪੰਜਾਬੀ ਸੋਸ਼ਲ ਮੀਡੀਆ ਕਿਵੇਂ ਕਰਦਾ ਹੈ। ਸਿਆਸਤਦਾਨਾਂ ਤੇ ਪੂੰਜੀਪਤੀਆਂ ਦੇ ਹੱਥ ਵਿਚ ਦੇਸ਼ ਦੀ ਕੁਲ ਧਨ ਸ਼ਕਤੀ ਦੀ ਤਾਕਤ ਹੈ । ਇਹ ਤਾਕਤ ਉਨ੍ਹਾਂ ਨੇ ਲੋਕਾਂ ਨੂੰ ਗ਼ਰੀਬ ਬਣਾ ਕੇ ਹਥਿਆਈ ਹੁੰਦੀ ਹੈ। ਇਸ ਪੈਸੇ ਨਾਲ ਸਿਆਸਤਦਾਨ ਮੀਡੀਆ ਨੂੰ ਅਪਣੀ ਮੁੱਠੀ ਵਿਚ ਕਰ ਲੈਂਦੇ ਹਨ। ਪੰਜਾਬੀ ਮੀਡੀਆ ਨੇ ਕਿਸਾਨਾਂ ਤੋਂ ਕੁੱਝ ਨਹੀਂ ਸੀ ਲਿਆ (ਇੱਕਾ-ਦੁੱਕਾ ਪੱਤਰਕਾਰਾਂ ਨੂੰ ਛੱਡ ਕੇ ਜੋ ਰਾਜੇਵਾਲ ਜੀ ਦੇ ਕਰੀਬ ਸਨ) ਪੱਤਰਕਾਰਾਂ ਨੇ ਕਿਸਾਨਾਂ ਨਾਲ ਬੈਠ ਕੇ ਬੇਸ਼ੱਕ ਖਾਧਾ ਤੇ ਟਰਾਲੀਆਂ ਵਿਚ ਵੀ ਰਹੇ ਪਰ ਮਹਿੰਗੇ ਕੈਮਰੇ ਤੇ ਖ਼ਰਚਾ ਮੰਗ ਰਹੇ ਘਰ ਉਨ੍ਹਾਂ ਦੇ ਵੀ ਸਨ। ਕਰੋਨਾ ਮਹਾਂਮਾਰੀ ਤੋਂ ਬਾਅਦ ਮੀਡੀਆ ਦੀ ਹਾਲਤ ਹੋਰ ਵੀ ਮੰਦੀ ਹੋ ਗਈ।
PM Modi
ਸਰਕਾਰਾਂ ਸਮਝਦੀਆਂ ਨੇ ਮਰਨ ਤੋਂ ਬਾਅਦ 5 ਲੱਖ ਦੇ ਕੇ ਇਨ੍ਹਾਂ ਤੇ ਬੜਾ ਅਹਿਸਾਨ ਕਰ ਰਹੀਆਂ ਨੇ ਪਰ ਸੱਚ ਦੀ ਲੜਾਈ ਜਿਊਂਦਿਆਂ ਨੇ ਹੀ ਲੜਨੀ ਹੁੰਦੀ ਹੈ ਤੇ ਜਾਗਦੀ ਜ਼ਮੀਰ ਵਾਲੇ ਮੀਡੀਆ ਤੋਂ ਹੀ ਅਜਿਹੀਆਂ ਉਮੀਦਾਂ ਰਖੀਆਂ ਜਾਂਦੀਆਂ ਹਨ ਭਾਵੇਂ ਇਨ੍ਹਾਂ ਦੀ ਕਦਰ ਨਹੀਂ ਕੀਤੀ ਜਾਂਦੀ। ਕਈ ਵੱਡੇ ਨਾਂ ਵਾਲੇ ਪੱਤਰਕਾਰਾਂ ਨੇ ਕੌਡੀਆਂ ਦੇ ਭਾਅ ਅਪਣੇ ਆਪ ਨੂੰ ਵੇਚਿਆ ਪਰ ਕਸੂਰ ਉਨ੍ਹਾਂ ਦਾ ਅਪਣਾ ਹੀ ਸੀ। ਜਦ ਇਕ ਅਨਪੜ੍ਹ, ਸ਼ਰਾਬੀ ਤੇ ਅਫ਼ੀਮੀ ਵੋਟਰ ਦੀ ਕੀਮਤ 300 ਤੋਂ ਸ਼ੁਰੂ ਹੁੰਦੀ ਹੈ ਤਾਂ ਫਿਰ ਲੋਕਤੰਤਰ ਦੀ ਆਖ਼ਰੀ ਉਮੀਦ ਅਥਵਾ ਮੀਡੀਆ ਨੂੰ ਏਨਾ ਨੀਵਾਂ ਵੀ ਨਹੀਂ ਡੇਗਣਾ ਚਾਹੀਦਾ। ਇਨ੍ਹਾਂ ਚੋਣਾਂ ਨੇ ਸਾਬਤ ਕੀਤਾ ਹੈ
Voters
ਕਿ ਸਿਉਂਕ ਸਿਆਸਤ ਨੂੰ ਹੀ ਨਹੀਂ, ਪੂਰੇ ਸਮਾਜ ਨੂੰ ਲੱਗ ਚੁੱਕੀ ਹੈ। ਸਾਡੀ ਵੋਟ ਵਿਕਾਊ ਹੈ। ਅਸੀ ਭੇਡਾਂ ਬਣ ਜਾਂਦੇ ਹਾਂ ਤੇ ਫਿਰ ਕਹਿੰਦੇ ਹਾਂ ਕਿ ਸਾਡੀ ਆਜ਼ਾਦੀ ਦੀ ਰਾਖੀ ਕੋਈ ਹੋਰ ਕਰੇ। ਇਹ ਚੋਣਾਂ ਬਦਲਾਅ ਲਿਆ ਸਕਣ ਵਾਲੀ ਕਿਸੇ ਵੀ ਧਿਰ ਨੂੰ ਸੱਤਾ ਦੇ ਸਿੰਘਾਸਨ ’ਤੇ ਬਿਠਾਉਣ ਦਾ ਸੁਨੇਹਾ ਦੇ ਕੇ ਨਹੀਂ ਜਾ ਰਹੀਆਂ। - ਨਿਮਰਤ ਕੌਰ