
ਝੋਨੇ ਦੀ ਪਰਾਲੀ ਇਸ ਸਮੇਂ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣ ਗਈ ਹੈ। ਕਿਉਂਕਿ ਸਰਕਾਰਾਂ ਤੇ ਏ.ਸੀ. ਕਮਰਿਆਂ ਵਿਚ ਰਹਿਣ ਵਾਲੀ ਅਫ਼ਸਰਸ਼ਾਹੀ, ਕਿਸਾਨਾਂ...
ਝੋਨੇ ਦੀ ਪਰਾਲੀ ਇਸ ਸਮੇਂ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣ ਗਈ ਹੈ। ਕਿਉਂਕਿ ਸਰਕਾਰਾਂ ਤੇ ਏ.ਸੀ. ਕਮਰਿਆਂ ਵਿਚ ਰਹਿਣ ਵਾਲੀ ਅਫ਼ਸਰਸ਼ਾਹੀ, ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਅਣਜਾਣ ਹੋਣ ਕਰ ਕੇ ਅੱਖਾਂ ਮੀਚੀ ਬੈਠੀ ਹੈ। ਉਹ ਕਿਸਾਨਾਂ ਨੂੰ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਉਣ ਦਾ ਦੋਸ਼ੀ ਮੰਨ ਰਹੀ ਹੈ। ਅਫ਼ਸਰਸ਼ਾਹੀ ਨੇ ਝੋਨੇ ਦੀ ਪਰਾਲੀ ਦਾ ਕੋਈ ਵੀ ਹੋਰ ਸਥਾਈ ਹੱਲ ਲੱਭਣ ਤੋਂ ਬਿਨਾਂ ਹੀ ਪਰਾਲੀ ਨੂੰ ਅੱਗ ਲਗਾਉਣ ਉਪਰ ਰੋਕ ਲਗਾ ਕੇ ਕਿਸਾਨਾਂ ਅੱਗੇ ਬਹੁਤ ਵੱਡੀ ਮੁਸੀਬਤ ਖੜੀ ਕਰ ਦਿਤੀ ਹੈ।
ਇਸ ਮੁਸੀਬਤ ਦਾ ਨਾ ਕੋਈ ਸਰਕਾਰ ਕੋਲ ਤੇ ਨਾ ਹੀ ਕਿਸਾਨ ਕੋਲ ਕੋਈ ਸਥਾਈ ਹੱਲ ਹੈ। ਹਰ ਸਾਲ ਝੋਨੇ ਦੀ ਲਵਾਈ ਦੀਆਂ ਤਰੀਕਾਂ ਵਿਚ ਵਾਧਾ ਕਰਨ ਕਰ ਕੇ ਵੀ ਝੋਨੇ ਦੀ ਪਰਾਲੀ ਨੂੰ ਸਾਂਭਣ ਵਿਚ ਵੱਡੀ ਸਮੱਸਿਆ ਆਉਂਦੀ ਹੈ ਕਿਉਂਕਿ ਕਣਕ ਦੀ ਬੀਜਾਈ ਲਈ ਸਮਾਂ ਘੱਟ ਜਾਣ ਕਰ ਕੇ ਵੀ ਕਿਸਾਨ ਮਜਬੂਰੀ ਵਸ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਇਸ ਵਾਰ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ ਉਪਰ ਵੱਡੇ-ਵੱਡੇ ਖੇਤੀਬਾੜੀ ਸੰਦ, ਝੋਨੇ ਦੀ ਖੜੀ ਪਰਾਲੀ ਵਿਚ ਕਣਕ ਦੀ ਬੀਜਾਈ ਲਈ ਦਿਤੇ ਹਨ। ਕਿਸਾਨਾਂ ਵਲੋਂ ਸਰਕਾਰ ਦਾ ਬਹੁਤ-ਬਹੁਤ ਧਨਵਾਦ। ਪਹਿਲਾ ਕਾਰਨ ਇਹ ਕਿ ਸੰਦ ਮਹਿੰਗੇ ਹਨ ਤੇ ਉਨ੍ਹਾਂ ਵਾਸਤੇ ਟਰੈਕਟਰ ਵੀ ਵੱਡੇ ਚਾਹੀਦੇ ਹਨ, ਜੋ ਆਮ ਕਿਸਾਨ ਦੀ ਪਹੁੰਚ ਤੋਂ ਬਾਹਰ ਹਨ। ਦੂਜਾ ਕਾਰਨ ਇਸ ਤਰ੍ਹਾਂ ਕੀਤੀ ਕਣਕ ਦੀ ਬਿਜਾਈ ਕਰਨ ਨਾਲ ਖੇਤ ਵਿਚ ਪਈ ਪਰਾਲੀ ਵਿਚ ਚੂਹੇ ਵੀ ਲੁਕ ਜਾਂਦੇ ਹਨ, ਜੋ ਫ਼ਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ।
ਇਕ ਹੋਰ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਜਿਨ੍ਹਾਂ ਜ਼ਮੀਨਾਂ ਵਿਚ ਪਾਣੀ ਬਹੁਤ ਘੱਟ ਸੁਕਦਾ ਹੈ, ਉਸ ਜ਼ਮੀਨ ਵਿਚ ਕਣਕ ਦੀ ਫ਼ਸਲ ਤਬਾਹ ਹੋ ਜਾਵੇਗੀ ਜਾਂ ਫਿਰ ਉਸ ਜ਼ਮੀਨ ਵਿਚ ਕਣਕ ਦੀ ਫ਼ਸਲ ਪੀਲੀ ਪੈ ਜਾਵੇਗੀ ਤੇ ਕਿਸਾਨ ਦੇ ਪੱਲੇ ਕੁੱਝ ਨਹੀਂ ਪਵੇਗਾ। ਝੋਨੇ ਦੀ ਪਰਾਲੀ ਜ਼ਿਆਦਾ ਹੋਣ ਕਾਰਨ, ਖੇਤ ਵਿਚ ਸਿਊਂਕ, ਸੁੰਡੀ, ਤੇਲਾ ਤੇ ਮੱਛਰ ਜ਼ਿਆਦਾ ਪੈਦਾ ਹੋ ਜਾਂਦਾ ਹੈ। ਇਨ੍ਹਾਂ ਸੱਭ ਚੀਜ਼ਾਂ ਨੂੰ ਵੇਖ ਕੇ ਕਿਸਾਨ ਨੂੰ ਮਜਬੂਰੀ ਵਿਚ ਹੀ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਅਪਣੀਆਂ ਕਮੀਆਂ ਛੁਪਾਉਣ ਲਈ ਕਿਸਾਨਾਂ ਨੂੰ ਪ੍ਰਦੂਸ਼ਣ ਫੈਲਾਉਣ ਦਾ ਦੋਸ਼ੀ ਮੰਨ ਕੇ ਗ਼ੈਰ-ਕਾਨੂੰਨੀ ਕਾਰਵਾਈਆਂ ਕਰਨ ਦਾ ਡਰ ਦੇ ਕੇ ਮਜਬੂਰ ਕਿਸਾਨਾਂ ਨੂੰ ਸੂਲੀ ਉਤੇ ਟੰਗ ਦਿੰਦੀ ਹੈ। ਪਰ ਕਿਸਾਨਾਂ ਦੀਆਂ ਸਮੱਸਿਆਵਾਂ ਵਲ ਕਿਸੇ ਵੀ ਸਰਕਾਰ ਜਾਂ ਖੇਤੀਬਾੜੀ ਅਫ਼ਸਰ ਨੇ ਤਾਨਾਸ਼ਾਹੀ ਹੁਕਮ ਜਾਰੀ ਕਰਨ ਤੋਂ ਬਿਨਾਂ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝੀ।
- ਪਾਲੀ ਰੱਮਾ, ਸੰਪਰਕ : 98158-95285