
Editorial: ਕੰਗਨਾ ਰਨੌਤ ਵੀ ਜਿੱਤ ਹਾਸਲ ਕਰਨ ਤੋਂ ਬਾਅਦ ਨਫ਼ਰਤ ਦੀ ਸੋਚ ਵਿਚ ਪੈ ਗਈ ਹੈ।
Editorial: ਕੰਗਨਾ ਰਨੌਤ ਜੋ ਕਦੀ ਬਿਹਤਰੀਨ ਕਲਾਕਾਰੀ ਵਜੋਂ ਪਹਿਚਾਣੀ ਜਾਂਦੀ ਸੀ ਪਰ ਹੁਣ ਉਹ ਕਿਸੇ ਹੋਰ ਹੀ ਰਸਤੇ ’ਤੇ ਚਲ ਪਈ ਹੈ। ਉਸ ਨੇ ਜੀਵਨ ਵਿਚ ਬਹੁਤ ਸੰਘਰਸ਼ ਕੀਤੇ ਹੋਣਗੇ, ਕਈ ਐਸੇ ਕੰਮ ਕੀਤੇ ਹੋਣਗੇ ਜੋ ਉਸ ਵਾਸਤੇ ਦੁਖਦਾਈ ਹੋਣਗੇ। ਬਾਲੀਵੁੱਡ ਵਿਚ ਅਪਣਾ ਨਾਮ ਬਣਾਉਣ ਵਾਸਤੇ ਉਸ ਨੇ ਪ੍ਰਵਾਰਵਾਦ ਦੇ ਮਰਦ-ਪ੍ਰਧਾਨ ਸੋਚ ਦਾ ਸਾਹਮਣਾ ਕੀਤਾ ਅਤੇ ਇਹ ਉਸ ਦੀ ਜਿੱਤ ਸੀ ਕਿ ਉਹ ਸੱਭ ਔਕੜਾਂ ਨੂੰ ਹਰਾ ਕੇ ਅਪਣੀ ਵਖਰੀ ਥਾਂ ਬਣਾਉਣ ਵਿਚ ਕਾਮਯਾਬ ਹੋਈ। ਪਰ ਕਈਆਂ ਨੂੰ ਜਿੱਤ ਸੰਤੁਸ਼ਟੀ ਨਹੀਂ ਹੁੰਦੀ। ਕੰਗਨਾ ਰਨੌਤ ਵੀ ਜਿੱਤ ਹਾਸਲ ਕਰਨ ਤੋਂ ਬਾਅਦ ਨਫ਼ਰਤ ਦੀ ਸੋਚ ਵਿਚ ਪੈ ਗਈ ਹੈ।
ਉਸ ਨੇ ਕਿਸਾਨੀ ਸੰਘਰਸ਼ ਦੇ ਸਮੇਂ ਜੋ ਕਿਰਦਾਰ ਅਪਣਾਇਆ, ਉਸ ਵਜ੍ਹਾ ਕਾਰਨ ਉਸ ਨੂੰ ਨਫ਼ਰਤ ਦੀ ਸਿਆਸਤ ਵਿਚ ਥਾਂ ਮਿਲ ਗਈ। ਜਿਸ ਲੋਕਤੰਤਰ ਚੋਣ ਪ੍ਰਕਿਰਿਆ ਰਾਹੀਂ ਉਹ ਜਿੱਤੀ ਹੈ, ਉਸ ਹੱਕ ਨੂੰ ਜਿੱਤਣ ਵਾਸਤੇ ਲੱਖਾਂ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਕੁਰਬਾਨੀਆਂ ਦਿਤੀਆਂ ਸਨ ਪਰ ਉਨ੍ਹਾਂ ਨੂੰ ਬੰਨ੍ਹਣ ਵਾਲੀ ਸੋਚ ਅਹਿੰਸਾ ਸੀ। ਦੇਸ਼ ਦੀ ਆਜ਼ਾਦੀ ਵਾਸਤੇ ਸੱਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੇ ਭਾਰਤ ਨੂੰ ਚੁਣਦੇ ਸਮੇਂ ਕਦੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਅਜਿਹਾ ਆਵੇਗਾ ਕਿ ਉਨ੍ਹਾਂ ਨੂੰ ਅਪਣੇ ਦੇਸ਼ ਦੀ ਇਕ ਚੁਣੀ ਹੋਈ ਸਾਂਸਦ ‘ਦੇਸ਼-ਧ੍ਰੋਹੀ’ ਤੇ ‘ਅਤਿਵਾਦੀ’ ਪੇਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ।
ਸੋਸ਼ਲ ਮੀਡੀਆ ’ਤੇ ਉਹ ਅਕਸਰ ਹੀ ਸਿੱਖਾਂ ਬਾਰੇ ਗ਼ਲਤ ਬੋਲਦੀ ਆ ਰਹੀ ਹੈ ਪਰ ਹੁਣ ਉਸ ਦੀ ਇੰਦਰਾ ਗਾਂਧੀ ’ਤੇ ਬਣੀ ਨਵੀਂ ਫ਼ਿਲਮ ‘ਐਮਰਜੈਂਸੀ’ ਦੇ ਟ੍ਰੇਲਰ ਨੇ ਅਪਣੀ ਝਲਕ ਵਿਚ ਸਿੱਖਾਂ ਨੂੰ ਵਖਵਾਦੀ ਤੌਰ ’ਤੇ ਦਰਸਾਇਆ ਹੈ। ਇਸ ਫ਼ਿਲਮ ਨੂੰ ਨਿਰਦੇਸ਼ਕ ਕਰਨ ਵਾਲੇ ਇਕ ਏਜੰਡੇ ’ਤੇ ਚਲਦਿਆਂ, ਉਹ ਪ੍ਰਵਾਹ ਹੀ ਨਹੀਂ ਕਰ ਰਹੀ ਕਿ ਸੱਚ ਕੀ ਹੈ। ਇੰਦਰਾ ਗਾਂਧੀ ਤੇ ਨਹਿਰੂ ਅਤੇ ਐਮਰਜੈਂਸੀ ਵਿਚ ਵਾਪਰੀਆਂ ਘਟਨਾਵਾਂ ਨੂੰ ਉਹ ਜਿਸ ਤਰ੍ਹਾਂ ਪੇਸ਼ ਕਰਦੀ ਹੈ, ਉਹ ਇਕ ਰਚਨਾਤਾਮਕ ਆਜ਼ਾਦੀ ਹੋ ਸਕਦੀ ਹੈ ਪਰ ਉਸ ਵਿਚ ਸੰਤ ਜਰਨੈਲ ਸਿੰਘ ਦੇ ਮੂੰਹੋਂ ਖ਼ਾਲਿਸਤਾਨ ਦੀ ਮੰਗ ਦਾ ਭਾਸ਼ਣ ਦਾ ਦ੍ਰਿਸ਼ ਵਿਖਾਇਆ ਗਿਆ ਹੈ। ਇਸ ਤਰ੍ਹਾਂ ਦੀ ਗ਼ਲਤ ਸੋਚ ਦਾ ਪ੍ਰਚਾਰ ਕਰਨਾ, ਇਕ ਰਚਨਾਤਮਕ ਆਜ਼ਾਦੀ ਨਹੀਂ ਮੰਨੀ ਜਾ ਸਕਦੀ। ਸੰਤਾਂ ਦਾ ਇਕ ਭਾਸ਼ਣ ਹੈ ਜਿਥੇ ਉਹ ਆਖਦੇ ਹਨ ਕਿ ਖ਼ਾਲਿਸਤਾਨ ਉਨ੍ਹਾਂ ਦੀ ਮੰਗ ਨਹੀਂ ਹੈ ਪਰ ਕੋਈ ਦੇਵੇਗਾ ਤਾਂ ਉਹ ਵਿਚਾਰ ਕਰ ਲੈਣਗੇ। ਉਨ੍ਹਾਂ ਦੀ ਮੰਗ ਪੰਜਾਬ ਦਾ ਹੱਕ ਸਨ।
ਪੰਜਾਬ ਵਿਚ 70-80ਵਿਆਂ ਦਾ ਦੌਰ ਇਕ ਸੂਬੇ ਦੇ ਅਪਣੇ ਹੱਕਾਂ ਵਾਸਤੇ ਇਕ ਭਿਆਨਕ ਜੰਗ ਸੀ ਨਾਕਿ ਅਤਿਵਾਦ ਪਰ ਇਸ ਫ਼ਿਲਮ ਵਿਚ ਗੁਰਸਿੱਖ ਕਿਰਦਾਰਾਂ ਨੂੰ ਏਕੇ-47 ਨਾਲ ਹਿੰਦੂਆਂ ਨੂੰ ਤਾੜ ਤਾੜ ਭੁੰਨਦੇ ਹੋਏ ਵਿਖਾ ਕੇ, ਕੰਗਨਾ ਰਨੌਤ ਜੋ ਇਸ ਫ਼ਿਲਮ ਦੀ ਨਿਰਦੇਸ਼ਕ ਅਤੇ ਨਿਰਮਾਤਾ ਹੈ, ਉਸ ਨੇ ਕੇਵਲ ਸਿੱਖਾਂ ਨਾਲ ਬੇਇਨਸਾਫ਼ੀ ਹੀ ਨਹੀਂ ਕੀਤੀ ਬਲਕਿ ਇਕ ਕੌਮ ਅਤੇ ਸੂਬੇ ਦੀ ਅਮਨ-ਸ਼ਾਂਤੀ ਤੇ ਇਕ ਵਾਰ ਵੀ ਕੀਤਾ ਹੈ।
ਕਿਉਂਕਿ ਪੰਜਾਬ ਦੇ ਅੱਜ ਦੇ ਸਿਆਸਤਦਾਨਾਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਦੀ ਮੰਗ ਹੀ ਨਹੀਂ ਸੀ ਕੀਤੀ ਤੇ ਨਾ ਹੀ 80ਵਿਆਂ ਦਾ ਸੱਚ ਪੇਸ਼ ਕੀਤਾ, ਅੱਜ ਤਕ ਕੰਗਨਾ ਵਰਗੇ ਲੋਕ ਉਸ ਦੌਰ ਨੂੰ ਅਤਿਵਾਦ ਨਾਲ ਜੋੜਦੇ ਹਨ। ਜੇ ਸੱਚ ਸਮਝਣ ਅਤੇ ਪੇਸ਼ ਕਰਨ ਦੀ ਹਿੰਮਤ ਹੁੰਦੀ ਤਾਂ ਉਹ ਦਰਸਾਉਂਦੇ ਕਿ ਪੁਲਿਸ ਦੇ ਝੂਠੇ ਮੁਕਾਬਲਿਆਂ ’ਚ ਕਿੰਨੀ ਜਵਾਨੀ ਗ਼ਾਇਬ ਕੀਤੀ ਗਈ। ਅੱਜ ਤਕ ਇਸ ਅੰਕੜੇ ਦਾ ਹਿਸਾਬ ਨਹੀਂ ਪੇਸ਼ ਕੀਤਾ ਜਾ ਸਕਿਆ। ਜਦ ਪੁਲਿਸ ਤੇ ਕੇਂਦਰ ਇਕ ਸੂਬੇ ਦੇ ਹੱਕਾਂ ਨੂੰ ਦਬਾਉਣ ਵਾਸਤੇ ਹੈਵਾਨੀਅਤ ’ਤੇ ਉਤਰ ਜਾਣ, ਕੀ ਅਪਣੇ ਆਪ ਦੇ ਬਚਾਅ ਵਾਸਦੇ ਉੱਠਣ ਨੂੰ ‘ਅਤਿਵਾਦ’ ਆਖਿਆ ਜਾ ਸਕਦਾ ਹੈ?
ਗ਼ਲਤ ਆਗੂ, ਗ਼ਲਤ ਪੇਸ਼ਕਸ਼ਾਂ ਦਾ ਖ਼ਮਿਆਜ਼ਾ ਪੰਜਾਬ ਨੂੰ ਅੱਜ ਤਕ ਭੁਗਤਣਾ ਪੈ ਰਿਹਾ ਹੈ। ਜਿਥੇ ਹੱਕਾਂ ਬਾਰੇ ਤਾਂ ਗੱਲ ਹੁੰਦੀ ਹੈ ਪਰ ਜ਼ਖ਼ਮਾਂ ਦੀ ਸਿਆਸਤ ਖੇਡੀ ਜਾਂਦੀ ਹੈ।
ਅੱਜ ਪੰਜਾਬ ਜਿਸ ਦੌਰ ’ਚੋਂ ਨਿਕਲ ਰਿਹਾ ਹੈ, ਉਹ ਬੜਾ ਔਖਾ ਦੌਰ ਹੈ ਕਿਉਂਕਿ ਜਵਾਨੀ ਘਬਰਾਈ ਹੋਈ ਹੈ। ਇਹੋ ਜਿਹੇ ਹਾਲਾਤ ’ਚ ਐਸੀ ਫ਼ਿਲਮੀ ਪੇਸ਼ਕਸ਼ ਸਥਿਤੀ ’ਚ ਤਣਾਅ ਹੋਰ ਵਧਾ ਸਕਦੀ ਹੈ। ਅੱਜ ਦੀ ਕੇਂਦਰ ਹਰਦਮ ਆਖਦੀ ਰਹਿੰਦੀ ਹੈ ਕਿ ਉਹ ਸਿੱਖਾਂ ਦੇ ਹੱਕ ਵਿਚ ਹੈ ਪਰ ਉਨ੍ਹਾਂ ਦੀ ਅਪਣੀ ਹੀ ਸਾਂਸਦ ਸਿੱਖਾਂ ਨਾਲ ਗ਼ਲਤ ਵਿਵਹਾਰ ਕਰ ਰਹੀ ਹੈ। ਕੀ ਉਹ ਉਸ ਨੂੰ ਰੋਕ ਕੇ ਅਪਣੀ ਹਮਦਰਦੀ ਦਾ ਨਮੂਨਾ ਦੇ ਸਕਦੇ ਹਨ? ਰਵਨੀਤ ਬਿੱਟੂ ਨੂੰ ਪੰਜਾਬ ਪ੍ਰਤੀ ਸੰਜੀਦਗੀ ਦਰਸ਼ਾਉਂਦੇ, ਉਨ੍ਹਾਂ ਨੂੰ ਹਾਰ ਤੋਂ ਬਾਅਦ ਵੀ ਮੰਤਰੀ ਬਣਾਇਆ ਗਿਆ ਹੈ। ਕੀ ਉਹ ਅਪਣੇ ਸੂਬੇ ਵਾਸਤੇ ਆਵਾਜ਼ ਚੁੱਕ ਸਕਣਗੇ?
- ਨਿਮਰਤ ਕੌਰ