
ਅਸਾਮ ਵਿਚ ਕਾਂਗਰਸ ਦੇ ਚੋਣ ਪ੍ਰਚਾਰ ਵਿਚ ਇਸ ਵਾਰ ਇਕ ਵਿਲੱਖਣ ਤਸਵੀਰ ਉਭਰ ਕੇ ਸਾਹਮਣੇ ਆ ਰਹੀ ਹੈ
ਅਸਾਮ ਵਿਚ ਕਾਂਗਰਸ ਦੇ ਚੋਣ ਪ੍ਰਚਾਰ ਵਿਚ ਇਸ ਵਾਰ ਇਕ ਵਿਲੱਖਣ ਤਸਵੀਰ ਉਭਰ ਕੇ ਸਾਹਮਣੇ ਆ ਰਹੀ ਹੈ ਜਿਸ ਵਿਚ ਕਾਂਗਰਸ ਦਾ ਮੁੱਖ ਚਿਹਰਾ, ਰਾਹੁਲ ਗਾਂਧੀ ਅਪਣੇ ਹੀ ਖ਼ਾਸ ਤਰੀਕੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ। ਉਹ ਲੋਕਾਂਨੂੰ ਵੱਡੀਆਂ ਰੈਲੀਆਂ ਵਿਚ ਨਹੀਂ ਬੁਲਾ ਰਿਹਾ ਸਗੋਂ ਆਪ ਉਨ੍ਹਾਂ ਵਿਚਕਾਰ ਛੋਟੇ ਛੋਟੇ ਇਕੱਠਾਂ ਵਿਚ ਜਾ ਰਿਹਾ ਹੈ। ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੌਜੂਦ ਹੁੰਦਾ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਦਾ ਮੁੱਖ ਚਿਹਰਾ ਵੱਡੇ ਵੱਡੇ ਇਕੱਠਾਂ ਨੂੰ ਸੰਬੋਧਨ ਕਰ ਰਿਹਾ ਹੈ। ਉਹ ਪ੍ਰੈਸ ਕਾਨਫ਼ਰੰਸ ਵੀ ਨਹੀਂ ਕਰਦਾ ਅਤੇ ਇਹ ਉਨ੍ਹਾਂ ਦਾ ਅਪਣਾ ਤਰੀਕਾ ਹੈ।
PM Modi and Mamata Banerjee
ਆਮ ਤੌਰ ਤੇ ਹਰ ਪਾਰਟੀ, ਹਰ ਆਗੂ ਦਾ ਅਪਣਾ ਤਰੀਕਾ ਹੁੰਦਾ ਹੈ ਅਤੇ ਵਖਰੀ ਸੋਚ ਹੁੰਦੀ ਹੈ। ਜਿਹੜਾ ਕੋਈ ਲੋਕਾਂ ਨੂੰ ਪਸੰਦ ਆਉਂਦਾ ਹੈ,ਉਸ ਨੂੰ ਉਹ ਅਪਣੀ ਵੋਟ ਰਾਹੀਂ ਸਮਰਥਨ ਦੇ ਦਿੰਦੇ ਹਨ। ਸੋ ਕਮਜ਼ੋਰੀ ਪਾਰਟੀਆਂ ਦੇ ਪ੍ਰਚਾਰ ਵਿਚ ਨਹੀਂ ਬਲਕਿ ਉਨ੍ਹਾਂ ਦੇ ਮੁੱਦਿਆਂ ਵਿਚ ਹੈ। ਬੰਗਾਲ, ਅਸਾਮ ਤੇ ਬਾਕੀ ਸੂਬਿਆਂ ਦੀਆਂ ਚੋਣਾਂ ਵਿਚ ਕਾਂਗਰਸ ਅਤੇ ਭਾਜਪਾ ਵਾਲੇ ਲੋਕਾਂ ਨਾਲ ਅਨੇਕਾਂ ਵਾਅਦੇ ਕਰ ਰਹੇ ਹਨ। ਉਨ੍ਹਾਂ ਦੋਹਾਂ ਪਾਰਟੀਆਂ ਦੇ ਵਾਅਦਿਆਂ ਵਿਚ ਅੰਤਰ ਹੁੰਦਾ ਹੀ ਹੈ ਕਿਉਂÎਕਿ ਇਨ੍ਹਾਂ ਪਾਰਟੀਆਂ ਦੀ ਸੋਚ ਬਹੁਤ ਵਖਰੀ ਵਖਰੀ ਹੈ। ਪਰ ਦੋਹਾਂ ਪਾਰਟੀਆਂ ਨੇ ਸੀਏਏ ’ਤੇ ਅਪਣਾ ਅਪਣਾ ਸਖ਼ਤ ਸਟੈਂਡ ਲੈ ਲਿਆ ਹੈ ਜੋ ਕਿ ਅਸਲ ਵਿਚ ਸੂਬੇ ਦੀ ਸਿਆਸਤ ਵਿਚ ਨਹੀਂ ਆਉਣਾ ਚਾਹੀਦਾ। ਇਹ ਰਾਸ਼ਟਰੀ ਨੀਤੀ ਦਾ ਮੁੱਦਾ ਹੈ ਅਤੇ ਇਸ ਨੂੰ ਕੌਮੀ ਮੁੱਦਾ ਬਣਾਈ ਰਖਣਾ ਹੀ ਬੇਹਤਰ ਹੋਵੇਗਾ।
Mamata Banerjee
ਭਾਜਪਾ ਨੇ ਸੀਏਏ ਨੂੰ ਬੰਗਾਲ, ਅਸਾਮ ਵਿਚ ਜਿੱਤ ਪ੍ਰਾਪਤ ਕਰਨ ਮਗਰੋਂ ਲਾਗੂ ਕਰ ਦੇਣ ਦਾ ਐਲਾਨ ਕਰ ਦਿਤਾ ਹੈ ਅਤੇ ਦੂਜੇ ਪਾਸੇ ਕਾਂਗਰਸ ਨੇ ਇਸ ਕਾਨੂੰਨ ਵਿਰੁਧ ਸਟੈਂਡ ਲੈ ਲਿਆ ਹੈ। ਦੋਹਾਂ ਪਾਰਟੀਆਂ ਵਲੋਂ ਇਸ ਕਾਨੂੰਨ ਨੂੰ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਵਰਤਿਆ ਜਾ ਰਿਹਾ ਹੈ। ਇਕ ਪਾਰਟੀ ਇਸ ਕਾਨੂੰਨ ਨਾਲ ਅਪਣਾ ਹਿੰਦੂ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਦੂਜੀ ਪਾਰਟੀ ਅਪਣੀ ਧਰਮ ਨਿਰਪਖਤਾ ਦੀ ਸੋਚ ਨਾਲ ਘੁਟ ਕੇ ਜੁੜਨ ਲੱਗੀ ਹੋਈ ਹੈ। ਜਿਹੜਾ ਅੰਤਰ ਸੀਏਏ ਨਾਲ ਆਵੇਗਾ, ਉਹ ਅੰਤਰ ਸਿਰਫ਼ ਵੋਟਾਂ ਦਾ ਨਹੀਂ ਹੋਵੇਗਾ ਸਗੋਂ ਭਾਰਤ ਵਿਚ ਇਸ ਦਾ ਬਹੁਤ ਗਹਿਰਾ ਅਸਰ ਪਵੇਗਾ ਜਿਸ ਲਈ ਜ਼ਿੰਮੇਵਾਰ ਇਕ ਪਾਰਟੀ ਨਹੀਂ ਬਲਕਿ ਦੋਵੇਂ ਪਾਰਟੀਆਂ ਹੋਣਗੀਆਂ। ਭਾਵੇਂ ਤੁਸੀ ਪਿਆਰ ਨਾਲ ਵਾਰ ਕਰੋ ਜਾਂ ਨਫ਼ਰਤ ਨਾਲ, ਹਰ ਨਫ਼ਰਤੀ ਵਾਰ ਤਾਂ ਜ਼ਖ਼ਮ ਹੀ ਦਿੰਦਾ ਹੈ।
Pm modi
ਜਦ ਨਾਗਰਿਕਤਾ ਦਾ ਮੁੱਦਾ ਚੋਣਾਂ ਦੌਰਾਨ ਸੂਬਿਆਂ ਵਿਚ ਲਿਆ ਖੜਾ ਕੀਤਾ ਗਿਆ ਤਾਂ ਜ਼ਾਹਰ ਹੈ ਕਿ ਇਸ ਦਾ ਅਸਰ ਵੋਟਰ ਤੇ ਪਵੇਗਾ ਹੀ ਪਵੇਗਾ। ਜੋ ਵਿਅਕਤੀ ਅਪਣੇ ਨਾਗਰਿਕਤਾ ਦੇ ਮੁੱਦੇ ਤੋਂ ਡਰਿਆ ਹੋਇਆ ਹੋਵੇਗਾ, ਭਾਵੇਂ ਉਹ ਹਿੰਦੂ ਹੈ ਜਾਂ ਮੁਸਲਮਾਨ, ਉਸ ਦਾ ਡਰ ਵੱਧ ਜਾਵੇਗਾ ਤੇ ਉਹ ਡਰ ਕੇ ਵੋਟ ਪਾਵੇਗਾ। ਇਹੀ ਅਮਰੀਕਾ ਵਿਚ ਹੋਇਆ ਸੀ। ਡੌਨਲਡ ਟਰੰਪ ਨੇ ਲੋਕਾਂ ਅੰਦਰ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਵਿਰੁਧ ਨਫ਼ਰਤ ਤੇ ਡਰ ਭਰ ਦਿਤਾ ਸੀ। ਉਸ ਦਾ ਨਾਅਰਾ ਸੀ ਕਿ ਅਮਰੀਕਾ ਨੂੰ ਮਹਾਨ ਬਣਾਉ ਪਰ ਸੱਤਾ ’ਚੋਂ ਜਾਂਦੇ ਜਾਂਦੇ ਉਹ ਅਪਣੇ ਦੇਸ਼ ਨੂੰ ਅਤਿ ਕਾਲੇ ਦਿਨ ਦੇ ਕੇ ਗਿਆ। ਜਿਹੜੀ ਨਫ਼ਰਤ ਦੀ ਚੰਗਿਆੜੀ ਡੌਨਲਡ ਟਰੰਪ ਨੇ ਲਗਾਈ ਸੀ, ਉਸ ਦਾ ਅਸਰ ਇਹ ਹੈ ਕਿ ਅੱਜ ਅਮਰੀਕਾ ਵਿਚ ਨਫ਼ਰਤ ਅਤੇ ਹਿੰਸਾ ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ। ਪਿਛਲੇ ਸਾਲ ਤੋਂ ਲਗਾਤਾਰ ਏਸ਼ੀਅਨਾਂ ਵਿਰੁਧ ਨਫ਼ਰਤ ਵਧਦੀ ਜਾ ਰਹੀ ਹੈ।
donald trump
ਕਦੇ ਕਿਸੇ ਤੇ ਥੁਕਿਆ ਜਾਂਦਾ ਹੈ ਤੇ ਪਿਛਲੇ ਹਫ਼ਤੇ ਇਕ ਟਰੇਨ ਵਿਚ ਸਫ਼ਰ ਕਰ ਰਹੀ ਏਸ਼ੀਅਨ ਤੇ ਇਕ ਅਮਰੀਕਨ ਗੋਰੇ ਨੇ ਪਿਸ਼ਾਬ ਕਰ ਦਿਤਾ। ਬੱਚਿਆਂ ਨਾਲ ਸਕੂਲ ਵਿਚ ਛੇੜਛਾੜ ਕਰਨਾ, ਮਜ਼ਾਕ ਉਡਾਇਆ ਜਾਣਾ ਆਮ ਜਿਹੀ ਗੱਲ ਹੈ, ਜਿਸ ਨਾਲ ਉਨ੍ਹਾਂ ਅੰਦਰ ਮਾਨਸਕ ਤੌਰ ’ਤੇ ਕਮਜ਼ੋਰੀ ਆ ਰਹੀ ਹੈ। ਪਰ ਪਿਛਲੇ ਹਫ਼ਤੇ ਵਿਚ ਹੀ ਦੋ ਨਸਲੀ ਨਫ਼ਰਤ ਦੇ ਹਾਦਸੇ ਹੋਏ ਹਨ ਜਿਨ੍ਹਾਂ ਵਿਚ ਜਾਨੀ ਨੁਕਸਾਨ ਵੀ ਹੋਇਆ ਹੈ। ਇਕ ਵਿਚ 8 ਔਰਤਾਂ ਦੀ ਮੌਤ ਹੋਈ ਹੈ ਤੇ ਦੂਜੀ ਅਜੇ ਜਾਂਚ ਅਧੀਨ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਘਟਨਾ ਵੀ ਏਸ਼ੀਅਨ ਲੋਕਾਂ ਵਿਰੁਧ ਨਫ਼ਰਤ ਦਾ ਹੀ ਨਤੀਜਾ ਹੈ ਜਾਂ ਨਹੀਂ। ਨਫ਼ਰਤ ਦਾ ਬੀਜ ਅਪਣਾ ਸਿਰ ਕੱਢਣ ਨੂੰ ਵਕਤ ਲਗਾਉਂਦਾ ਹੈ ਤੇ ਇਕ ਅਮਰ ਵੇਲ ਵਾਂਗ ਹੁੰਦਾ ਹੈ ਜੋ ਹਰ ਫਲਦੀ-ਫੁਲਦੀ ਜ਼ਿੰਦਗੀ ਨੂੰ ਚੂਸ ਕੇ ਖ਼ਤਮ ਕਰ ਦਿੰਦਾ ਹੈ।
ਸਾਡੇ ਸਿਆਸਤਦਾਨਾਂ ਨੂੰ ਜਿੱਤ ਜ਼ਰੂਰ ਚਾਹੀਦੀ ਹੈ ਪਰ ਸਮਾਜ ਵਿਚ ਸ਼ਾਂਤੀ ਅਤੇ ਅਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ’ਤੇ ਹੀ ਹੈ ਕਿ ਹੁਣ ਸਿਆਸਤ ਨੂੰ ਸਮਝਿਆ ਜਾਵੇ ਕਿ ਕਿਸ ਤਰ੍ਹਾਂ ਦੇ ਮੁੱਦਿਆਂ ’ਤੇ ਗੱਲਬਾਤ ਕਰਨੀ ਚਾਹੀਦੀ ਹੈ? ਜਦ ਦੇਸ਼ ਵਿਚ ਪਟਰੌਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਹੋਵੇ, ਦੇਸ਼ ਵਿਚੋਂ ਨੌਕਰੀਆਂ ਖ਼ਤਮ ਹੋ ਗਈਆਂ ਹੋਣ ਤਾਂ ਮੁੱਦਾ ਵਿਕਾਸ ਦੀ ਨੀਤੀ ਤੋਂ ਦੂਰ ਨਹੀਂ ਜਾਣਾ ਚਾਹੀਦਾ। ਹਿੰਸਾ ਦੇਸ਼ ਦੀ ਆਰਥਕ ਸਥਿਤੀ ਨੂੰ ਵੀ ਸੱਟ ਮਾਰਦੀ ਹੈ। ਪੰਜਾਬ ਵਿਚ 35 ਸਾਲ ਤੋਂ ਅਤਿਵਾਦ ਦਾ ਬਹਾਨਾ ਬਣਾ ਕੇ ਉਦਯੋਗ ਨਹੀਂ ਆ ਰਿਹਾ, ਨੁਕਸਾਨ ਕਿਸ ਦਾ ਹੋਇਆ?
- ਨਿਮਰਤ ਕੌਰ