
Editorial: ਧਰਤੀ ਹੇਠਲੇ ਪਾਣੀ ਤਕ ਵਿਚ ਗੰਧਲਾਪਣ, ਦੂਸ਼ਿਤ ਕਣ ਤੇ ਆਰਸੈਨਿਕ, ਯੂਰੇਨੀਅਮ, ਸਿੱਕਾ ਜਿਹੀਆਂ ਭਾਰੀ ਧਾਤਾਂ ਮਿਲ ਰਹੀਆਂ ਹਨ
Punjab should not become a desert, need to pay attention now: ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦਾ ਪੱਧਰ 55 ਫ਼ੁਟ ਹੇਠਾਂ ਚਲਾ ਗਿਆ ਹੈ, ਜਦ ਕਿ ਰਣਜੀਤ ਸਾਗਰ ਬੰਨ੍ਹ ਦੀ ਝੀਲ ਦਾ ਪਾਣੀ 100 ਫ਼ੁਟ ਤਕ ਹੇਠਾਂ ਚਲਾ ਗਿਆ ਹੈ। ਅਜਿਹਾ ਇਨ੍ਹੀਂ ਦਿਨੀਂ ਸਖ਼ਤ ਗਰਮੀ ਅਤੇ ਮਾਨਸੂਨ ਦੇ ਕਮਜ਼ੋਰ ਪੈਣ ਕਾਰਨ ਹੋਇਆ ਹੈ।
ਪਿਛਲੇ ਵਰ੍ਹੇ ਗੋਬਿੰਦ ਸਾਗਰ ਝੀਲ ’ਚ ਪਾਣੀ ਦਾ ਪੱਧਰ 1,654.8 ਫ਼ੁਟ ਸੀ ਪਰ ਹੁਣ ਇਹ ਘਟ ਕੇ 1600.2 ਫ਼ੁਟ ਰਹਿ ਗਿਆ ਹੈ। ਉਧਰ ਰਣਜੀਤ ਸਾਗਰ ਬੰਨ੍ਹ ਦੀ ਝੀਲ ਦਾ ਪਾਣੀ ਪਿਛਲੇ ਸਾਲ ਦੇ 1,720.3 ਫ਼ੁਟ ਦੇ ਮੁਕਾਬਲੇ ਘਟ ਕੇ 1,617.7 ਫ਼ੁਟ ਰਹਿ ਗਿਆ ਹੈ। ਇਸੇ ਤਰ੍ਹਾਂ ਪੌਂਗ ਬੰਨ੍ਹ ਦਾ ਪਾਣੀ ਵੀ ਇਸ ਵਾਰ 59 ਫ਼ੁਟ ਘਟ ਗਿਆ ਹੈ।
ਉਪਰੋਂ ਪੰਜਾਬ ’ਚ ਬਿਜਲੀ ਦੀ ਮੰਗ ਇਸ ਵੇਲੇ 15,000 ਮੈਗਾਵਾਟ ਤਕ ਪੁੱਜ ਗਈ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਪਣ–ਬਿਜਲੀ ਪ੍ਰਾਜੈਕਟ ਅਪਣੇ ਪੂਰੀ ਸਮਰਥਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਲਈ ਪਾਣੀ ਦਾ ਪੱਧਰ ਘਟਣਾ ਅਪਣੇ–ਆਪ ’ਚ ਇਕ ਵੱਡੀ ਸਮੱਸਿਆ ਹੈ। ਉਂਜ ਵੀ ਪੰਜਾਬ ’ਚ ਧਰਤੀ ਹੇਠਲੇ ਪਾਣੀ ਦਾ ਪਧਰ ਨਿੱਤ ਦਿਨ ਘਟਦਾ ਜਾ ਰਿਹਾ ਹੈ। ਨਹਿਰਾਂ ’ਚ ਪਾਣੀ ਬਹੁਤ ਘੱਟ ਵਗ ਰਿਹਾ ਹੈ।
ਦੂਜੇ ਧਰਤੀ ਹੇਠਲੇ ਪਾਣੀ ਤਕ ਵਿਚ ਗੰਧਲਾਪਣ, ਦੂਸ਼ਿਤ ਕਣ ਤੇ ਆਰਸੈਨਿਕ, ਯੂਰੇਨੀਅਮ, ਸਿੱਕਾ ਜਿਹੀਆਂ ਭਾਰੀ ਧਾਤਾਂ ਮਿਲ ਰਹੀਆਂ ਹਨ। ਕਿਸੇ ਵੇਲੇ ਪੰਜਾਬ ’ਚ ਸਾਢੇ ਚਾਰ ਕੁ ਮੀਟਰ ਦੀ ਡੂੰਘਾਈ ’ਤੇ ਉਪਲਬਧ ਹੁੰਦਾ ਸੀ ਪਰ ਹੁਣ ਇਹ ਬਹੁਤੇ ਇਲਾਕਿਆਂ ’ਚ 21 ਮੀਟਰ ਦੀ ਡੂੰਘਾਈ ’ਤੇ ਉਪਲਬਧ ਹੁੰਦਾ ਹੈ। ਉਹ ਪੀਣ ਦੇ ਯੋਗ ਤਾਂ ਹਰਗਿਜ਼ ਨਹੀਂ ਹੁੰਦਾ।
ਕੇਂਦਰੀ ਭੂ–ਜਲ ਬੋਰਡ ਦੇ ਮਾਹਰਾਂ ਦਾ ਅਨੁਮਾਨ ਹੈ ਕਿ ਸਾਲ 2039 ਤਕ ਧਰਤੀ ਹੇਠਲੇ ਪਾਣੀ ਦਾ ਪਧਰ 1,000 ਫ਼ੁਟ ਤਕ ਹੇਠਾਂ ਚਲਾ ਜਾਵੇਗਾ। ਜੇ ਇਸ ਪਾਣੀ ਦੀ ਵਰਤੋਂ ਇੰਨੇ ਵੱਡੇ ਪਧਰ ’ਤੇ ਹੀ ਜਾਰੀ ਰਹੀ, ਤਾਂ ਪੰਜਾਬ ਦੀ ਸੈਂਟਰੀਫ਼ਿਊਗਲ ਪੰਪਿੰਗ ਪ੍ਰਣਾਲੀ ਨਕਾਰਾ ਹੋ ਕੇ ਰਹਿ ਜਾਵੇਗੀ ਤੇ ਇੰਨੀ ਜ਼ਿਆਦਾ ਡੂੰਘਾਈ ਤੋਂ ਪਾਣੀ ਕੱਢਣ ਲਈ ਕਿਸਾਨਾਂ ਕੋਲ ਸਬਮਰਸੀਬਲ ਪੰਪਾਂ ਦੀ ਵਰਤੋਂ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਜਾਵੇਗਾ।
ਇੰਜ ਖੇਤੀਬਾੜੀ ਦੀਆਂ ਲਾਗਤਾਂ ’ਚ ਹੋਰ ਵਾਧਾ ਹੋਵੇਗਾ ਤੇ ਅਨਾਜ ਦੇ ਉਤਪਾਦਨ ’ਚ ਕਮੀ ਵੀ ਆਵੇਗੀ। ਅਨਾਜ ਮਹਿੰਗਾ ਤਾਂ ਹੋਵੇਗਾ ਹੀ। ਰਾਜ ਦੇ ਜ਼ਿਆਦਾਤਰ ਗ਼ਰੀਬ ਕਿਸਾਨ ਅਪਣੀਆਂ ਫ਼ਸਲਾਂ ਨੂੰ ਸਿੰਜਣ ਲਈ ਨਹਿਰੀ ਪਾਣੀ ’ਤੇ ਹੀ ਨਿਰਭਰ ਹੁੰਦੇ ਹਨ। ਆਖ਼ਰੀ ਕੋਨਿਆਂ ਵਾਲੇ ਪਿੰਡਾਂ ’ਚ ਅਕਸਰ ਪਾਣੀ ਨਹੀਂ ਪੁੱਜਦਾ। ਪਰ ਬਰਸਾਤਾਂ ਦੇ ਦਿਨਾਂ ’ਚ ਨਹਿਰਾਂ ਇੰਨੀਆਂ ਜ਼ਿਆਦਾ ਭਰ ਜਾਂਦੀਆਂ ਹਨ ਕਿ ਉਹ ਹੜ੍ਹ ਲਿਆ ਕੇ ਤਬਾਹੀ ਮਚਾ ਦਿੰਦੀਆਂ ਹਨ।
60ਵਿਆਂ ਦੇ ਅੱਧ ਦੌਰਾਨ ਜਦੋਂ ਪੰਜਾਬ ’ਚ ਹਰਾ ਇਨਕਲਾਬ ਆਇਆ, ਤਦ ਬਹੁਤੇ ਸਥਾਨਾਂ ’ਤੇ ਖੂਹਾਂ ਤੇ ਹਲਟਾਂ ਨਾਲ ਖੇਤ ਸਿੰਜੇ ਜਾਂਦੇ ਸਨ। ਫਿਰ ਛੇਤੀ ਹੀ ਉਨ੍ਹਾਂ ਦੀ ਜਗ੍ਹਾ ਟਿਊਬਵੈੱਲਾਂ ਨੇ ਲੈ ਲਈ ਤੇ ਹੁਣ ਸਬਮਰਸੀਬਲਾਂ ਨੇ ਧਰਤੀ ਹੇਠੋਂ ਪਾਣੀ ਕੱਢ–ਕੱਢ ਕੇ ਉਸ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਕਰ ਛਡਿਆ ਹੈ। ਹਰੇ ਇਨਕਲਾਬ ਵੇਲੇ ਰਾਜ ’ਚ ਟਿਊਬਵੈੱਲਾਂ ਦੀ ਵਰਤੋਂ ਸਿਰਫ਼ 22 ਫ਼ੀ ਸਦੀ ਸੀ, ਜੋ 1996 ’ਚ ਵਧ ਕੇ 57 ਫ਼ੀ ਸਦੀ ਹੋ ਗਈ ਸੀ। ਉਧਰ ਪੰਜਾਬ ਦੇ ਕਿਸਾਨ ਛੇਤੀ ਕਿਤੇ ਕਣਕ ਤੇ ਝੋਨੇ ਦੇ ਚੱਕਰ ’ਚੋਂ ਨਿਕਲਣਾ ਹੀ ਨਹੀਂ ਚਾਹੁੰਦੇ। ਵਧ ਪਾਣੀ ਪੀਣ ਵਾਲੀਆਂ ਫ਼ਸਲਾਂ ਬੀਜਣ ਤੋਂ ਸੂਬੇ ਦੇ ਕਿਸਾਨਾਂ ਨੂੰ ਗੁਰੇਜ਼ ਕਰਨਾ ਹੀ ਹੋਵੇਗਾ। ਅਜਿਹੇ ਹਾਲਾਤ ’ਚ ਸਾਨੂੰ ਸਭਨਾਂ ਨੂੰ ਪਾਣੀ ਦੀ ਵਰਤੋਂ ਬਹੁਤ ਧਿਆਨ ਨਾਲ ਕਰਨ ਦੀ ਜ਼ਰੂਰਤ ਹੋਵੇਗੀ।
ਸਰਕਾਰ ਨੂੰ ਸਨਅਤੀ ਖੇਤਰ ਵਲੋਂ ਵੱਡੇ ਪਧਰ ’ਤੇ ਵਰਤੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਸੰਜਮ ਨਾਲ ਵਰਤਣ ਦੀ ਮੁਹਿੰਮ ਵਿੱਢਣੀ ਚਾਹੀਦੀ ਹੈ। ਜੇ ਪੰਜਾਬ ’ਤੇ ਅਪਣਾ ਧਿਆਨ ਕੇਂਦ੍ਰਿਤ ਕਰੀਏ ਤਾਂ ਸਾਨੂੰ ਹਰ ਪੱਧਰ ਉਤੇ ਪਾਣੀ ਬਚਾਉਣ ’ਤੇ ਜ਼ੋਰ ਦੇਣਾ ਹੋਵੇਗਾ। ਜੇ ਇੰਜ ਨਾ ਕੀਤਾ ਗਿਆ, ਇਕ ਦਿਨ ਪੰਜਾਬ ਕਿਤੇ ਮਾਰੂਥਲ ਨਾ ਬਣ ਜਾਵੇ। ਜੇ ਅਜਿਹਾ ਹੋ ਗਿਆ ਤਾਂ ਸਾਨੂੰ ਵੀ ਇਕ ਦਿਨ ਮੀਂਹ ਦਾ ਪਾਣੀ ਸੰਭਾਲਣਾ ਪਿਆ ਕਰੇਗਾ ਅਤੇ ਬਾਅਦ ’ਚ ਲੋੜ ਪੈਣ ਉਤੇ ਉਸ ਨੂੰ ਵਰਤਣਾ ਪਿਆ ਕਰੇਗਾ।
-ਨਿਮਰਤ ਕੌਰ