
ਭਾਰਤ ਨੇ ਅਪਣੀ ਭਲੇਮਾਣਸੀ ਨੂੰ ਤਿਆਗਦੇ ਹੋਏ, ਜੈਸ਼-ਏ-ਮੁਹੰਮਦ ਨੂੰ ਕਰੜਾ ਜਵਾਬ ਦਿਤਾ ਹੈ
ਇਹ ਜੋ ਵਾਰ ਕੀਤਾ ਗਿਆ ਹੈ, ਇਹ ਨਾ ਕਾਂਗਰਸ ਦੀ ਹਾਰ ਹੈ ਅਤੇ ਨਾ ਭਾਜਪਾ ਦੀ ਜਿੱਤ। ਇਹ ਕੇਵਲ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਕਿਸਤਾਨ ਪ੍ਰਤੀ ਰਵਈਏ ਵਿਚ ਤਬਦੀਲੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੀ ਆਪਸੀ ਲੜਾਈ ਦਾ ਖ਼ਮਿਆਜ਼ਾ ਕਸ਼ਮੀਰ ਵਾਦੀ ਦੇ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ ਜੋ ਨਹੀਂ ਹੋਣਾ ਚਾਹੀਦਾ।
ਭਾਰਤ ਨੇ ਅਪਣੀ ਭਲੇਮਾਣਸੀ ਨੂੰ ਤਿਆਗਦੇ ਹੋਏ, ਜੈਸ਼-ਏ-ਮੁਹੰਮਦ ਨੂੰ ਕਰੜਾ ਜਵਾਬ ਦਿਤਾ ਹੈ ਅਤੇ ਦਸ ਦਿਤਾ ਹੈ ਕਿ ਹੁਣ ਵੀ ਜੇ ਪਾਕਿਸਤਾਨ ਅਪਣੀ ਧਰਤੀ ਉਤੇ ਪਲਦੇ ਅਤਿਵਾਦ ਨੂੰ ਕਾਬੂ ਹੇਠ ਨਾ ਰੱਖ ਸਕਿਆ ਤਾਂ ਭਾਰਤ ਵਲੋਂ ਬਾਹਰੋਂ ਆ ਕੇ ਅਤਿਵਾਦੀ ਕਾਰਵਾਈਆਂ ਕਰਨ ਵਾਲਿਆਂ ਦੇ ਗੜ੍ਹ ਉਤੇ ਵਾਰ ਕਰਨਾ ਬਿਲਕੁਲ ਵਾਜਬ ਹੀ ਸਮਝਿਆ ਜਾਵੇਗਾ। ਭਾਰਤੀ ਹਵਾਈ ਫ਼ੌਜ ਵਲੋਂ ਕੀਤਾ ਗਿਆ ਹਮਲਾ ਕਿਸੇ ਪਾਕਿਸਤਾਨੀ ਨਾਗਰਿਕ ਉਤੇ ਹਮਲਾ ਨਹੀਂ ਸੀ। ਇਹ ਜੰਗ ਨਹੀਂ ਸੀ ਬਲਕਿ ਅਪਣੀ ਧਰਤੀ ਉਤੇ ਹੋਏ ਹਮਲੇ ਤੋਂ ਬਚਾਅ ਦਾ ਪ੍ਰਬੰਧ ਮਾਤਰ ਸੀ ਅਤੇ ਹਮਲਾ ਸਿਰਫ਼ ਅਤਿਵਾਦੀਆਂ ਉਤੇ ਕੀਤਾ ਗਿਆ ਹੈ
ਜੋ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਹੁੰਦੇ। ਅਸਲ ਵਿਚ ਜੇ ਇਮਰਾਨ ਖ਼ਾਨ ਪਾਕਿਸਤਾਨ ਵਿਚ ਨਵਾਂ ਦੌਰ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਧਰਤੀ ਉਤੋਂ ਬੋਝ ਹਟਾ ਦਿਤਾ ਹੈ। ਪਾਕਿਸਤਾਨ ਕੋਲ 10 ਦਿਨ ਸਨ ਜਦ ਉਹ ਕਸ਼ਮੀਰ ਵਿਚ ਮਾਰੇ ਗਏ ਜਵਾਨਾਂ ਬਾਰੇ ਜੈਸ਼ ਵਿਰੁਧ ਕੋਈ ਸਖ਼ਤ ਕਦਮ ਚੁਕ ਸਕਦਾ ਸੀ। ਭਾਰਤੀ ਹਵਾਈ ਫ਼ੌਜ ਦੀ ਕਾਬਲੀਅਤ ਉਤੇ ਅੱਜ ਹਰ ਭਾਰਤੀ ਨੂੰ ਮਾਣ ਹੈ ਅਤੇ ਇਸ ਨੇ 30 ਮਿੰਟਾਂ ਤੋਂ ਘੱਟ ਸਮੇਂ ਵਿਚ ਪਾਕਿਸਤਾਨ ਅੰਦਰ ਬੈਠੇ ਜੈਸ਼ ਦੇ ਆਤੰਕੀ ਆਗੂਆਂ ਦੇ ਮਨਾਂ ਵਿਚ ਵੀ ਡਰ ਬਿਠਾ ਦਿਤਾ ਹੈ।
Birender Singh Dhanoa
ਪਾਕਿਸਤਾਨ ਵਲੋਂ ਇਹ ਕਿਹਾ ਜਾਣਾ ਕਿ ਕੋਈ ਮਾਰਿਆ ਨਹੀਂ ਗਿਆ ਅਤੇ ਹਵਾਈ ਫ਼ੌਜ ਕਾਹਲੀ ਵਿਚ ਸਮੇਂ ਤੋਂ ਪਹਿਲਾਂ ਬੰਬ ਸੁੱਟ ਕੇ ਮੁੜ ਗਈ, ਕਹਿਣ ਦਾ ਮਤਲਬ ਇਹ ਹੈ ਕਿ ਉਹ ਹੁਣ ਕੋਈ ਜਵਾਬੀ ਵਾਰ ਨਹੀਂ ਕਰੇਗਾ। ਦੋਵੇਂ ਸਰਕਾਰਾਂ ਖ਼ੁਸ਼। ਇਕ ਆਖਦੀ ਹੈ ਕਿ 200-300 ਜਣੇ ਮਾਰੇ ਗਏ ਅਤੇ ਦੂਜੀ ਆਖਦੀ ਹੈ ਕਿ ਕੁੱਝ ਵੀ ਹੋਇਆ ਹੀ ਨਹੀਂ। ਪਰ ਹੁਣ ਭਾਰਤ 'ਚੋਂ ਇਕ ਸੁਨੇਹਾ ਵੱਖ ਵੱਖ ਫ਼ਿਰਕੂ ਤਾਕਤਾਂ ਨੂੰ ਵੀ ਦਿਤਾ ਜਾਣਾ ਜ਼ਰੂਰੀ ਹੈ ਜੋ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਬਲੀ ਦਾ ਬਕਰਾ ਬਣਾ ਕੇ ਇਸ ਹਮਲੇ ਦੀ ਵਸੂਲੀ ਕਰ ਰਹੀਆਂ ਹਨ।
ਭਾਰਤੀ ਟੀ.ਵੀ. ਦੇ ਜਿਹੜੇ ਐਂਕਰ ਬਦਲੇ ਬਦਲੇ ਦਾ ਰਾਗ ਅਲਾਪ ਰਹੇ ਸਨ, ਚੰਗਾ ਹੋਵੇ ਤਾਂ ਉਹ ਇਹ ਵੀ ਮੰਨ ਲੈਣ ਕਿ ਹੁਣ ਅਪਣੇ ਦੇਸ਼ ਵਿਚ ਸ਼ਾਂਤੀ ਸਥਾਪਤ ਕਰਨ ਦਾ ਵੇਲਾ ਆ ਚੁੱਕਾ ਹੈ। ਜਿਸ ਤਰ੍ਹਾਂ ਅੱਜ ਵਿਰੋਧੀ ਧਿਰ ਅਤੇ ਸਾਰਾ ਦੇਸ਼ ਫ਼ੌਜ ਨਾਲ ਖੜਾ ਹੈ, ਹੁਣ ਸਾਰੇ ਦੇਸ਼ ਲਈ ਕਸ਼ਮੀਰ ਦੇ ਨਾਗਰਿਕਾਂ ਨਾਲ ਵੀ ਖੜੇ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ। ਹਵਾਈ ਫ਼ੌਜ ਨੇ ਵਾਰ ਠੀਕ ਨਿਸ਼ਾਨੇ ਉਤੇ ਕੀਤਾ ਹੈ ਅਤੇ ਹੁਣ ਦੇਸ਼ ਨੂੰ ਵੀ ਨਿਸ਼ਾਨਾ ਪਛਾਣਨ ਦੀ ਜ਼ਰੂਰਤ ਹੈ। ਇਸ ਨਿਸ਼ਾਨੇ ਦੀ ਸੇਧ, ਸੱਭ ਤੋਂ ਪਹਿਲਾਂ, ਭਾਰਤ ਦੇ ਸਿਆਸਤਦਾਨ ਨਿਸ਼ਚਿਤ ਕਰ ਸਕਦੇ ਹਨ
ਜੋ ਇਸ ਹਮਲੇ ਤੋਂ ਬਾਅਦ ਇਕਜੁਟ ਹੋ ਕੇ, ਨਾ ਅਪਣੀ ਹਵਾਈ ਫ਼ੌਜ ਅਤੇ ਨਾ ਹੀ ਸਰਕਾਰ ਉਤੇ ਕੋਈ ਸਵਾਲ ਚੁਕਣ। ਚੋਣਾਂ ਨੇੜੇ ਹੋਣ ਕਰ ਕੇ ਭਾਜਪਾ ਲਈ ਅਪਣੇ ਪ੍ਰਚਾਰ ਦਾ ਇਹ ਮੌਕਾ ਅਪਣੇ ਹੱਥੋਂ ਗਵਾਉਣਾ ਔਖਾ ਹੈ। ਨਾ ਭਾਜਪਾ ਨੇ ਉੜੀ ਦਾ ਮੌਕਾ ਗਵਾਇਆ ਅਤੇ ਨਾ ਫ਼ੌਜੀ ਯਾਦਗਾਰ ਦੇਸ਼ ਨੂੰ ਸਮਰਪਿਤ ਕਰਨ ਮੌਕੇ, ਕਾਂਗਰਸ ਨੂੰ ਤਾਅਨੇ ਮਾਰਨੇ ਬੰਦ ਕੀਤੇ। ਪਰ ਇਸ ਸਮੇਂ ਸਥਿਤੀ ਬਹੁਤ ਨਾਜ਼ੁਕ ਹੈ। ਸਿਆਸਤਦਾਨ ਇਕ-ਦੂਜੇ ਉਤੇ ਚਿੱਕੜ ਨਾ ਸੁੱਟਣ, ਖ਼ਾਸ ਕਰ ਕੇ ਇਸ ਮਾਮਲੇ ਨੂੰ ਲੈ ਕੇ। ਇਹ ਜੋ ਵਾਰ ਕੀਤਾ ਗਿਆ ਹੈ, ਇਹ ਨਾ ਕਾਂਗਰਸ ਦੀ ਹਾਰ ਹੈ ਅਤੇ ਨਾ ਭਾਜਪਾ ਦੀ ਜਿੱਤ।
Mirage 2000
ਇਹ ਕੇਵਲ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਕਿਸਤਾਨ ਪ੍ਰਤੀ ਰਵਈਏ ਵਿਚ ਤਬਦੀਲੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੀ ਆਪਸੀ ਲੜਾਈ ਦਾ ਖ਼ਮਿਆਜ਼ਾ ਕਸ਼ਮੀਰ ਵਾਦੀ ਦੇ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ ਜੋ ਨਹੀਂ ਹੋਣਾ ਚਾਹੀਦਾ। ਕਸ਼ਮੀਰ ਵਿਚ ਫ਼ੌਜ ਤੈਨਾਤ ਹੈ। ਨਾਗਰਿਕਾਂ ਨੂੰ ਅਪਣਾ ਰਾਸ਼ਨ ਘਰਾਂ ਵਿਚ ਇਕੱਤਰ ਕਰਨ ਦੇ ਹੁਕਮ ਦਿਤੇ ਗਏ ਹਨ ਅਤੇ ਉਹ ਸਾਰੇ ਘਬਰਾਹਟ ਵਿਚ ਹਨ। ਹੁਣ ਨਫ਼ਰਤ ਉਗਲਣੀ ਬੰਦ ਕਰ ਕੇ ਦੇਸ਼ ਸ਼ਾਂਤੀ ਸਥਾਪਤ ਕਰਨ ਵਲ ਧਿਆਨ ਦੇਵੇ। ਸਿਆਸੀ ਵਰਤਾਰਾ ਅੱਜ ਇਹ ਤੈਅ ਕਰ ਸਕਦਾ ਹੈ ਕਿ ਕਿਹੜਾ ਵੱਡੇ ਕਿਰਦਾਰ ਦਾ ਮਾਲਕ ਹੈ ਅਤੇ ਕੌਣ ਮੌਕਾਪ੍ਰਸਤ ਹੈ।
ਮੀਡੀਆ ਵੀ ਅਪਣੀ ਟੀ.ਆਰ.ਪੀ. ਨੂੰ ਭੁਲਾ ਕੇ ਤੇ ਦੇਸ਼ ਦੇ ਹਰ ਨਾਗਰਿਕ ਦੇ ਹਿਤ ਵਿਚਾਰਨ ਮਗਰੋਂ ਪ੍ਰੋਗਰਾਮ ਪੇਸ਼ ਕਰੇ ਤੇ ਅਪਣੀ ਆਵਾਜ਼ ਸਨਸਨੀਖ਼ੇਜ਼ ਗੱਲਾਂ ਤੋਂ ਦੂਰ ਰੱਖੇ। ਦੇਸ਼, ਫ਼ੌਜ ਵਲੋਂ ਅਤਿਵਾਦ ਨੂੰ ਦਿਤੇ ਜਵਾਬ ਦਾ ਆਦਰ ਸਤਿਕਾਰ ਕਰਦਾ ਹੈ। ਸਾਰੇ ਇਕਜੁਟ ਰਹਿਣ। ਪਾਸਿਕਤਾਨ ਨਾਲ ਇਸ ਨਵੀਂ ਕੂਟਨੀਤੀ ਦਾ ਅਸਰ ਹੌਲੀ ਹੌਲੀ ਦਿਸਣਾ ਸ਼ੁਰੂ ਹੋ ਜਾਵੇਗਾ। ਬਸ ਇਸ ਉਤੇ ਸਿਆਸਤ ਨਾ ਕੀਤੀ ਜਾਵੇ ਤਾਕਿ ਕੋਈ ਇਹ ਨਾ ਕਹਿ ਸਕੇ ਕਿ ਭਾਰਤ ਦੀਆਂ ਚੋਣਾਂ ਦੇ ਨਤੀਜੇ ਬਦਲਣ ਲਈ ਜੰਗਾਂ ਵੀ ਖੇਡ ਬਣ ਨਿਬੜਦੀਆਂ ਹਨ। -ਨਿਮਰਤ ਕੌਰ