ਮੁੰਡੇ ਨੂੰ ਸਿਖਾਇਆ ਹੀ ਨਹੀਂ ਜਾਂਦਾ ਕਿ ਇਹ ਮਾਂ ਹੈ, ਇਹ ਭੈਣ ਹੈ ਤੇ ਇਹ ਜੋ ਤੇਰੇ ਜਿਸਮ ਵਿਚ ਹੋ ਰਿਹਾ ਹੈ, ਉਹ ਮਾਂ-ਭੈਣ ਨਾਲ ਵੀ ਹੋ ਰਿਹਾ ਹੈ।
ਭਾਰਤ ਵਿਚ ਹਰ ਰੋਜ਼ 70-80 ਬਲਾਤਕਾਰ ਦੇ ਮਾਮਲੇ ਦਰਜ ਹੁੰਦੇ ਹਨ। ਹਰ ਬਲਾਤਕਾਰ ਰੂਹ ਨੂੰ ਕੰਬਾ ਦੇਂਦਾ ਹੈ ਪਰ ਕੋਈ ਕੇਸ ਅਜਿਹਾ ਵੀ ਆ ਜਾਂਦਾ ਹੈ ਜੋ ਔਰਤ ਹੋਣ ਨੂੰ ਪਾਪ ਤੇ ਸਰਾਪ ਸਮਝਣ ਲਈ ਮਜਬੂਰ ਕਰ ਦੇਂਦਾ ਹੈ। ਮੱਧ ਪ੍ਰਦੇਸ਼ ਵਿਚ 16 ਸਾਲ ਦੀ ਇਕ ਲੜਕੀ ਦਾ, ਉਸ ਦੇ ਚਚੇਰੇ ਭਰਾਵਾਂ ਨੇ ਸਮੂਹਕ ਬਲਾਤਕਾਰ ਕੀਤਾ ਤੇ ਕੁਟਮਾਰ ਵੀ ਕੀਤੀ ਜਿਸ ਤੋਂ ਬਾਅਦ ਉਹ ਬੱਚੀ ਹਸਪਤਲ ਵਿਚ ਤੜਫ਼ ਤੜਫ਼ ਕੇ ਮਰ ਗਈ। ਮਾਮਲਾ ਉਸ ਦੇ ਅੰਤਮ ਸੰਸਕਾਰ ਮਗਰੋਂ ਸਾਹਮਣੇ ਆਇਆ ਜਦ ਦਾਦੀ ਨੇ ਪਿਤਾ ਨੂੰ ਦਸਿਆ ਕਿ ਇਹ ਸੱਭ ਉਸ ਦੇ ਸਾਹਮਣੇ ਹੋਇਆ ਤੇ ਜਦ ਉਸ ਵਲੋਂ ਕੁੜੀ ਨੂੰ ਬਚਾਉਣ ਦਾ ਯਤਨ ਕੀਤਾ ਗਿਆ ਤਾਂ ਮੁੰਡਿਆਂ ਨੇ ਦਾਦੀ ਨਾਲ ਵੀ ਬਲਾਤਕਾਰ ਕਰ ਦਿਤਾ। ਕਦੇ ਇਹ ਸੋਚਿਆ ਜਾਂਦਾ ਸੀ ਕਿ ਔਰਤਾਂ ਘਰ ਵਿਚ ਤਾਂ ਬਿਲਕੁਲ ਸੁਰੱਖਿਅਤ ਹੁੰਦੀਆਂ ਹਨ ਪਰ ਭਰਾਵਾਂ ਵਲੋਂ ਕੀਤਾ ਗਿਆ ਬਲਾਤਕਾਰ ਦਰਸਾਉਂਦਾ ਹੈ ਕਿ ਸਮੱਸਿਆ ਘਰਾਂ ਵਿਚ ਵੀ ਵੱਧ ਰਹੀ ਹੈ।
Girls not safe Even inside the house
ਜਦ ਜੋਤੀ ਸਿੰਘ ਦਾ ਬਲਾਤਕਾਰ ਹੋਇਆ ਸੀ ਤਾਂ ਦੇਸ਼ ਵਿਚ ਇਕ ਅਜਿਹਾ ਉਬਾਲ ਉਠਿਆ ਸੀ ਜਿਸ ਤੋਂ ਬਾਅਦ ਇਹ ਆਸ ਜਾਗੀ ਸੀ ਕਿ ਹੁਣ ਦੇਸ਼ ਵਿਚ ਔਰਤਾਂ ਦੇ ਬਲਾਤਕਾਰ ਨੂੰ ਰੋਕਣ ਵਾਸਤੇ ਕੰਮ ਸ਼ੁਰੂ ਹੋ ਜਾਵੇਗਾ। ਬਹੁਤ ਕੁੱਝ ਬਦਲਿਆ ਹੈ ਪਰ ਕੀ ਇਹ ਕਾਫ਼ੀ ਹੈ? ਕੀ ਅਸੀ ਸੁਖ ਦਾ ਸਾਹ ਲੈ ਸਕਦੇ ਹਾਂ? ਕੀ ਜੋ ਕੰਮ ਹੋਣਾ ਚਾਹੀਦਾ ਸੀ, ਉਹ ਹੋਇਆ ਹੈ? ਇਸ ਸੋਚ ਵਿਚ ਬਦਲਾਅ ਜ਼ਰੂਰ ਆਇਆ ਹੈ ਕਿ ਪੀੜਤ ਕੁੜੀਆਂ ਹੁਣ ਅਪਣੇ ਆਪ ਨੂੰ ਗੁਨਾਹਗਾਰ ਮੰਨ ਕੇ, ਮਰਦ ਦੇ ਗੁਨਾਹ ’ਤੇ ਪਰਦਾ ਨਹੀਂ ਪਾਉਣ ਲਗਦੀਆਂ। ਔਰਤਾਂ ਵਲੋਂ ਵਧੇਰੇ ਮਾਮਲੇ ਦਰਜ ਹੋ ਰਹੇ ਹਨ ਪਰ ਬਲਾਤਕਾਰ ਦੇ ਮਾਮਲਿਆਂ ਵਿਚ ਕਮੀ ਨਹੀਂ ਆ ਰਹੀ।
ਨਿਰਭਿਆ ਦੇ ਨਾਮ ’ਤੇ ਸਰਕਾਰ ਨੇ ਇਕ ਵੱਡਾ ਫ਼ੰਡ ਬਲਾਤਕਾਰ ਪੀੜਤਾਂ ਦੀ ਮਦਦ ਵਾਸਤੇ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਤੇ ਉਸ ਨੂੰ ਖ਼ਰਚਿਆ ਵੀ ਜਾ ਰਿਹਾ ਹੈ ਪਰ ਜੇ ਅੱਜ ਛੋਟੇ ਮੁੰਡਿਆਂ ਵਿਚ ਅਪਣੀਆਂ ਭੈਣਾਂ ਵਲ ਬੁਰੀ ਨਜ਼ਰ ਨਾਲ ਵੇਖਣ ਦਾ ਰੁਝਾਨ ਵੱਧ ਰਿਹਾ ਹੈ ਤਾਂ ਇਹ ਇਸ ਗੱਲ ਦਾ ਇਸ਼ਾਰਾ ਹੈ ਕਿ ਮਿਹਨਤ ਕਰਨ ਦੀ ਲੋੜ ਦੇ ਨਵੇਂ ਪਾਸੇ ਵੀ ਖੁਲ੍ਹ ਚੁੱਕੇ ਹਨ।
Girls not safe Even inside the house
ਬੜਾ ਆਸਾਨ ਹੈ ਇਹ ਕਹਿਣਾ ਕਿ ਮਰਦ ਜਾਤ ਹੀ ਗੰਦੀ ਹੈ ਤੇ ਸਾਰੇ ਮਰਦ ਭੈੜੇ ਹੁੰਦੇ ਹਨ। ਨਫ਼ਰਤ ਸ਼ਾਇਦ ਸੱਭ ਤੋਂ ਆਸਾਨ ਰਸਤਾ ਹੈ। ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇ ਦਿਉ ਜਾਂ ਨਪੁੰਸਕ ਬਣਾ ਦਿਉ। ਪਰ ਇਹ ਹੱਲ ਨਹੀਂ ਹੈ। ਆਖ਼ਰ ਕਿੰਨਿਆਂ ਨੂੰ ਮਾਰੋਗੇ? ਜੇ ਹਰ ਰੋਜ਼ 70-80 ਬਲਾਤਕਾਰ ਹੁੰਦੇ ਹਨ ਤਾਂ ਫਿਰ ਸਮੂਹਕ ਬਲਾਤਕਾਰੀਆਂ ਦੀ ਗਿਣਤੀ ਸ਼ਾਮਲ ਕਰ ਕੇ 100 ਕੇਸ ਤਾਂ ਹੁੰਦੇ ਹੋਣਗੇ ਹੀ। ਕੀ ਹਰ ਰੋਜ਼ ਸੌ ਮਰਦਾਂ ਨੂੰ ਖ਼ਤਮ ਕਰਾਂਗੇ? ਸਾਨੂੰ ਅਪਣੇ ਪਾਲਣ ਪੋਸਣ, ਅਪਣੀ ਸਿਖਿਆ ਵਿਚ ਮਰਦਾਂ ਦੇ ਕਿਰਦਾਰ ਨੂੰ ਉੱਚਾ ਚੁਕਣ ਵਾਲੇ ਪਾਸੇ ਕੰਮ ਕਰਨਾ ਪਵੇਗਾ। ਅੱਜ ਦੇਸ਼ ਵਿਚ ਜਿਸਮ ਦੀ ਨੁਮਾਇਸ਼ ਇਕ ਫ਼ੈਸ਼ਨ ਬਣ ਗਿਆ ਹੈ ਤੇ ਇਹ ਹਰ ਇਕ ਦੀ ਅਪਣੀ ਚੋਣ ਤੇ ਨਿਜੀ ਆਜ਼ਾਦੀ ਦਾ ਮਾਮਲਾ ਹੈ। ਦੂਜੇ ਪਾਸੇ ਭਾਰਤ ਵਿਚ ਸੱਭ ਤੋਂ ਜ਼ਿਆਦਾ ਅਸ਼ਲੀਲ ਫ਼ਿਲਮਾਂ ਵੇਖੀਆਂ ਜਾਂਦੀਆਂ ਹਨ। ਹਰ ਬੱਚੇ ਦੇ ਹੱਥ ਵਿਚ ਫ਼ੋਨ ਜਾਂ ਘਰ ਵਿਚ ਕੰਪਿਊਟਰ ਹੈ ਜਾਂ ਹੋਰ ਬੜੇ ਤਰੀਕੇ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਉਹ ਇਹ ਸਾਰੀਆਂ ‘ਵਰਜਿਤ’ ਚੀਜ਼ਾਂ ਵੇਖ ਲੈਂਦਾ ਹੈ।
Girls not safe Even inside the house
ਪਰ ‘ਸੰਸਕਾਰਾਂ’ ਦੇ ਨਾਮ ’ਤੇ ਅਸੀ ਉਸ ਦੇ ਜਿਸਮ ਵਿਚ ਆ ਰਹੇ ਬਦਲਾਵਾਂ ਬਾਰੇ ਉਸ ਨੂੰ ਸਮਝਾਉਂਦੇ ਹੀ ਨਹੀਂ। ਘਰ ਵਿਚ ਹੀ ਮੁੰਡਿਆਂ ਨੂੰ ਭੈਣਾਂ ਤੋਂ ਦੂਰ ਰਖਿਆ ਜਾਂਦਾ ਹੈ ਜਿਸ ਕਾਰਨ ਬਚਪਨ ਤੋਂ ਹੀ ਇਹ ਆਪਸ ਵਿਚ ਵਾਕਫ਼ ਨਹੀਂ ਹੁੰਦੇ। ਮੁੰਡੇ ਨੂੰ ਸਿਖਾਇਆ ਹੀ ਨਹੀਂ ਜਾਂਦਾ ਕਿ ਇਹ ਮਾਂ ਹੈ, ਇਹ ਭੈਣ ਹੈ ਤੇ ਇਹ ਜੋ ਤੇਰੇ ਜਿਸਮ ਵਿਚ ਹੋ ਰਿਹਾ ਹੈ, ਉਹ ਮਾਂ-ਭੈਣ ਨਾਲ ਵੀ ਹੋ ਰਿਹਾ ਹੈ ਪਰ ਅਪਣੇ ਆਪ ਨੂੰ ਵੀ ਸੰਭਾਲਣਾ ਪਵੇਗਾ। ਅਪਣੀ ਹਵਸ ਪੂਰੀ ਕਰਨ ਵਾਸਤੇ ਤੁਸੀ ਕੁੜੀਆਂ ਨੂੰ ਜਬਰਨ ਗਲੇ ਨਹੀਂ ਲਗਾ ਸਕਦੇ। ਇਸ ਨਾਲ ਸਾਡੇ ਮੁੰਡਿਆਂ ਦਾ ਕਿਰਦਾਰ ਵੀ ਉੱਚਾ ਹੋਵੇਗਾ ਤੇ ਸਾਡੀਆਂ ਬੱਚੀਆਂ ਵੀ ਡਰ ਦੇ ਮਾਹੌਲ ਤੋਂ ਆਜ਼ਾਦ ਹੋ ਸਕਣਗੀਆਂ। ਪਰ ਇਸ ਨੂੰ ਕਰੇਗਾ ਕੌਣ ਤੇ ਸਮਝੇਗਾ ਕੌਣ? ਸੱਤਾ ਦੇ ਸਿੰਘਾਸਨ ਤੇ ਬਿਰਾਜਮਾਨ ਹੋ ਜਾਣ ਮਗਰੋਂ ਬਹੁਤੇ ਮਰਦ ਆਪ ਹੀ ਮੈਲੀ ਸੋਚ ਦੇ ਮਾਲਕ ਬਣ ਜਾਂਦੇ ਹਨ।
- ਨਿਮਰਤ ਕੌਰ