
ਅਜਕਲ ਅਖ਼ਬਾਰਾਂ ਵਿਚ ਔਰਤਾਂ ਵਲੋਂ ਖ਼ੁਦਕੁਸ਼ੀ ਦੀਆਂ ਖ਼ਬਰਾਂ ਆਮ ਆਉਂਦੀਆਂ ਹਨ ਜਿਸ ਵਿਚ ਹਰ ਹਾਲਤ ਵਿਚ ਸਹੁਰੇ ਪ੍ਰਵਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ......
ਅਜਕਲ ਅਖ਼ਬਾਰਾਂ ਵਿਚ ਔਰਤਾਂ ਵਲੋਂ ਖ਼ੁਦਕੁਸ਼ੀ ਦੀਆਂ ਖ਼ਬਰਾਂ ਆਮ ਆਉਂਦੀਆਂ ਹਨ ਜਿਸ ਵਿਚ ਹਰ ਹਾਲਤ ਵਿਚ ਸਹੁਰੇ ਪ੍ਰਵਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਲੜਕੀ ਦੇ ਪੇਕੇ ਪ੍ਰਵਾਰ ਵਲੋਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਾ ਪ੍ਰਵਾਰ ਵਲੋਂ ਵਿਆਹ ਵਾਲੇ ਦਿਨ ਤੋਂ ਹੀ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਜਿਸ ਕਾਰਨ ਲੜਕੀ ਦੇ ਪਤੀ, ਮਾਤਾ, ਪਿਤਾ, ਭੈਣ-ਭਰਾ ਤੇ ਹੋਰ ਰਿਸ਼ਤੇਦਾਰਾਂ ਨੂੰ ਜੇਲ ਵਿਚ ਭੇਜ ਦਿਤਾ ਜਾਂਦਾ ਹੈ। ਅਜਿਹੇ ਮਾਮਲੇ ਵਿਆਹ ਤੋਂ 8-10 ਸਾਲ ਤੋਂ ਬਾਅਦ ਵੀ ਹੁੰਦੇ ਵੇਖੇ ਜਾ ਰਹੇ ਹਨ। ਪ੍ਰੰਤੂ ਇਥੇ ਦੋ ਗੱਲਾਂ ਸੋਚਣ ਵਾਲੀਆਂ ਹਨ।
ਪਹਿਲੀ ਇਹ ਕਿ ਜੇਕਰ ਵਿਆਹ ਵਾਲੇ ਦਿਨ ਤੋਂ ਹੀ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕੀ ਲੜਕੀ ਦੇ ਪੇਕੇ ਉਸ ਦੀ ਮੌਤ ਨੂੰ ਉਡੀਕ ਰਹੇ ਸਨ? ਲੜਕੀ ਦੇ ਜਿਊਂਦੇ ਜੀਅ ਹੀ ਵੁਮੈਨ ਸੈੱਲ ਜਾਂ ਪੁਲਿਸ ਵਿਚ ਰਿਪੋਰਟ ਦਰਜ ਕਿਉਂ ਨਹੀਂ ਕਰਵਾਈ ਜਾਂਦੀ? ਕੀ ਲੜਕੀ ਦੀ ਮੌਤ ਲਈ ਕੇਵਲ ਸਹੁਰਾ ਪ੍ਰਵਾਰ ਹੀ ਜ਼ਿੰਮੇਵਾਰ ਹੈ? ਲੜਕੀ ਨੂੰ ਕੋਈ ਹੋਰ ਸ੍ਰੀਰਕ, ਮਾਨਸਕ ਜਾਂ ਦਿਮਾਗ਼ੀ ਪ੍ਰੇਸ਼ਾਨੀ ਨਹੀਂ ਹੋ ਸਕਦੀ? ਦੂਜਾ ਪੱਖ ਇਹ ਵੀ ਹੈ ਕਿ ਇਸ ਤਰ੍ਹਾਂ ਕੇਸ ਦਰਜ ਹੋਣ ਤੇ ਸੱਭ ਤੋਂ ਵੱਧ ਜੋ ਦੁਖ ਸਹਿੰਦੇ ਹਨ, ਉਹ ਹਨ ਘਰ ਦੇ ਬਜ਼ੁਰਗ ਤੇ ਬੱਚੇ ਜੋ ਅਪਣੇ ਮਾਤਾ-ਪਿਤਾ, ਦਾਦਾ-ਦਾਦੀ, ਚਾਚਾ-ਚਾਚੀ, ਭੂਆ ਤੋਂ ਬਿੰਨਾਂ ਇਕ ਦਿਨ ਨਹੀਂ ਕੱਟ ਸਕਦੇ।
ਉਹ ਪਲਾਂ ਵਿਚ ਹੀ ਅਨਾਥ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸਾਰੀ ਜ਼ਿੰਦਗੀ ਹੀ ਉਜੜ ਜਾਂਦੀ ਹੈ। ਇਕ ਤਾਂ ਘਰ ਦਾ ਜੀਅ ਦੁਨੀਆਂ ਛੱਡ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਬਾਕੀ ਜਿਊਂਦੇ ਰਹਿ ਗਏ, ਉਹ ਵੀ ਜੇਲ ਜਾਣ ਕਾਰਨ ਬੱਚਿਆਂ ਤੋਂ ਵੱਖ ਹੋ ਜਾਂਦੇ ਹਨ ਜਿਸ ਦਾ ਮਾੜਾ ਪ੍ਰਭਾਵ ਉਨ੍ਹਾਂ ਬੱਚਿਆਂ ਦੀ ਮਾਨਸਕਤਾ ਉਤੇ ਪੈਂਦਾ ਹੈ। ਮੇਰੀ ਸਰਕਾਰ ਨੂੰ ਤੇ ਸਾਡੀ ਨਿਆਂਪਾਲਿਕਾ ਨੂੰ ਬੇਨਤੀ ਹੈ ਕਿ ਲੜਕੀ ਦੇ ਜਿਊਂਦੇ ਜੀਅ 8-10 ਸਾਲ ਦੇ ਸਹੁਰਾ ਪ੍ਰਵਾਰ ਨਾਲ ਸਬੰਧ ਤੇ ਸ਼ਹਿਰ, ਪਿੰਡ ਵਿਚ ਸਹੀ ਤੇ ਨਿਰਪੱਖ ਇਨਕੁਆਰੀ ਕਰਨੀ ਚਾਹੀਦੀ ਹੈ ਤੇ ਉਸ ਲੜਕੀ ਦੇ ਮਰਨ ਮਗਰੋਂ 'ਅਨਾਥ ਹੋਏ' ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ।
-ਰਵਿੰਦਰਪਾਲ ਸਿੰਘ, ਪਟਿਆਲਾ, ਸੰਪਰਕ: 7010502000