
ਇਤਿਹਾਸ ਪੜ੍ਹਦਿਆਂ-ਪੜ੍ਹਦਿਆਂ ਇਹ ਗੱਲ ਵੀ ਸਾਹਮਣੇ ਆ ਗਈ ਕਿ ਬਾਬਾ ਨਾਨਕ ਜੀ ਨੇ ਧਰਮਸਾਲ ਦੀ ਸਥਾਪਨਾ ਕਿਉਂ ਕਰਵਾਈ?.....
ਇਤਿਹਾਸ ਪੜ੍ਹਦਿਆਂ-ਪੜ੍ਹਦਿਆਂ ਇਹ ਗੱਲ ਵੀ ਸਾਹਮਣੇ ਆ ਗਈ ਕਿ ਬਾਬਾ ਨਾਨਕ ਜੀ ਨੇ ਧਰਮਸਾਲ ਦੀ ਸਥਾਪਨਾ ਕਿਉਂ ਕਰਵਾਈ? ਬਾਬਾ ਜੀ ਇਹ ਗੱਲ ਭਲੀ ਭਾਂਤ ਜਾਣਦੇ ਸਨ ਕਿ ਮਨੁੱਖਤਾ ਵਿਤਕਰਿਆਂ ਅਤੇ ਜਾਤ-ਪਾਤ ਦੇ ਝੱਖੜਾਂ ਦੇ ਅਸਰ ਹੇਠ ਆਪਸ ਵਿਚ ਖਹਿ-ਖਹਿ ਮਰ ਰਹੀ ਸੀ। ਬਾਬਾ ਜੀ ਦਾ ਦੂਰਅੰਦੇਸ਼ੀ ਮਨੋਰਥ ਸੀ, ਮਨੁੱਖ ਦਾ ਆਪਸ ਵਿਚ ਪਰਸਪਰ ਮਿਲਾਪ। ਉਹ ਪ੍ਰਚਲਤ ਧਰਮਾਂ ਨੂੰ ਅਭੇਦ ਕਰ ਕੇ ਇਕ ਅਕਾਲ ਪੁਰਖ ਦਾ ਧਰਮ ਚਲਾਉਣ ਦਾ ਉਚੇਚਾ ਮਨੋਰਥ ਲੈ ਕੇ ਆਏ ਸਨ।
ਪ੍ਰੋ. ਸਾਹਿਬ ਸਿੰਘ ਜੀ ਅਪਣੀ ਬਾ-ਕਮਾਲ ਪੁਸਤਕ ਬਾਬਾਣੀਆਂ ਕਹਾਣੀਆਂ ਵਿਚ ਲਿਖਦੇ ਹਨ ਕਿ ਕੋਈ ਲੰਘਦਾ ਜਾਂਦਾ ਹਿੰਦੂ, ਮੁੱਲਾ ਦੀ ਬਾਂਗ ਸੁਣ ਕੇ ਕੰਨਾਂ ਵਿਚ ਉਂਗਲੀਆਂ ਦੇ ਲੈਂਦਾ ਸੀ। ਕੋਈ ਮੁਸਲਮਾਨ ਮੰਦਰ ਵਿਚ ਖੜਕਦੇ ਟੱਲ ਜਾਂ ਵਜਦੇ ਸੰਖ ਨੂੰ ਸਹਾਰ ਨਹੀਂ ਸਕਦਾ ਸੀ। ਕੋਈ ਥਕਿਆ ਨੀਵੀਂ ਜਾਤ ਦਾ ਮਨੁੱਖ ਮੰਦਰ ਦੇ ਖੂਹ ਵਿਚੋਂ ਘੁਟ ਦੋ ਘੁਟ ਪਾਣੀ ਪੀ ਕੇ ਥਕੇਵਾਂ ਨਹੀਂ ਲਾਹ ਸਕਦਾ ਸੀ। ਇਹ ਉਸ ਸਮੇਂ ਦੀ ਸਮਾਜਕ ਤੇ ਧਾਰਮਕ ਨਾ ਮਿਲਵਰਤਣ ਵਾਲੀ ਹਾਲਤ ਸੀ।
ਬਾਬੇ ਨਾਨਕ ਨੇ ਘਰ-ਘਰ ਅੰਦਰ ਧਰਮਸ਼ਾਲ ਦਾ ਸਿਧਾਂਤ ਤੇ ਸੰਦੇਸ਼ ਲੋਕਾਈ ਦੇ ਸਾਹਮਣੇ ਲਿਆਂਦਾ, ਕੀਰਤਨ ਤੇ ਲੰਗਰ ਦਾ ਹੁਕਮ ਕੀਤਾ।
ਸਤਿਗੁਰੂ ਜੀ ਨੇ ਲੋਕਾਂ ਨੂੰ ਮਿਲ ਬੈਠਣ ਦਾ ਢੰਗ ਦਸਿਆ। ਕੋਝਾ ਮਜ਼੍ਹਬੀ ਤਅੱਸੁਬ ਦੂਰ ਕੀਤਾ। ਨਾ ਜਾਤ ਰਹਿਣ ਦਿਤੀ ਤੇ ਨਾ ਕੌਮਾਂ ਦਾ ਆਪਸੀ ਭੇਦਭਾਵ। ਹਰ ਵਰਣ ਦਾ ਬੰਦਾ ਬਾਣੀ ਪੜ੍ਹ ਸਕਦਾ ਸੀ, ਲੰਗਰ ਦੀ ਇਕੋ ਕਤਾਰ ਵਿਚ ਲੰਗਰ ਛਕਣ ਦਾ ਹੁਕਮ ਸੀ। ਪਰ ਅੱਜ ਹਾਲਾਤ ਬਦਲ ਚੁਕੇ ਹਨ। ਬਾਬਾ ਨਾਨਕ ਜੀ ਦੀ ਧਰਮਸ਼ਾਲ ਹੁਣ ਮਾੜੇ ਪ੍ਰਬੰਧਕਾਂ ਦੇ ਹੱਥ ਵਿਚ ਚਲੀ ਗਈ ਹੈ। ਪ੍ਰਬੰਧਕਾਂ ਵਿਚਾਰਿਆਂ ਨੂੰ ਉਪਰੋਂ ਹੁਕਮ ਆ ਜਾਂਦਾ ਹੈ ਕਿ ਜੇ ਬਾਬਾ ਜੀ ਦੀ ਅਸਲ ਵਿਚਾਰਧਾਰਾ ਕਿਸੇ ਸਾਹਮਣੇ ਰੱਖੀ ਤਾਂ ਤੁਹਾਨੂੰ ਨੌਕਰੀਉਂ ਕੱਢ ਦਿਤਾ ਜਾਵੇਗਾ।
ਤੁਹਾਡੀ ਰੋਜ਼ੀ ਰੋਟੀ ਬੰਦ ਹੋ ਜਾਵੇਗੀ ਤੇ ਅੱਜ ਦੇ ਸਿੱਖਾਂ (ਸਾਰੇ ਨਹੀਂ) ਨੇ ਵੀ ਖੋਜ ਕਰਨਾ ਅਤੇ ਅਪਣੀ ਅਕਲ ਦਾ ਇਸਤੇਮਾਲ ਕਰਨਾ ਬੰਦ ਕਰ ਦਿਤਾ ਹੈ। ਸਿੱਖਾਂ ਦੇ ਕੰਮ ਵਲ ਜੇ ਨਿਗ੍ਹਾ ਮਾਰੀਏ ਤਾਂ ਇੰਜ ਲਗਦਾ ਹੈ ਕਿ ਇਨ੍ਹਾਂ ਨੂੰ ਲੰਗਰ ਲਗਾਉਣ ਤੇ ਬੇਲੋੜੇ ਪਾਠ ਕਰਵਾਉਣ ਤੋਂ ਇਲਾਵਾ ਹੋਰ ਕੁੱਝ ਨਹੀਂ ਆਉਂਦਾ। ਸਾਲ 2008 ਤੋਂ ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਵਿਖੇ ਲੰਗਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਪੁਸਤਕਾਂ ਪੜ੍ਹਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਨਹੀਂ ਹੋ ਰਿਹਾ।
ਸ਼ਹੀਦੀ ਜੋੜ ਮੇਲ ਇਕ ਬਜ਼ਾਰ ਦਾ ਰੂਪ ਧਾਰਨ ਕਰ ਗਿਆ ਹੈ। ਲੰਗਰ ਛਕਣ ਵਾਲਿਆਂ ਨੂੰ ਬੜੀ ਹੀ ਖ਼ੁਸ਼ੀ ਤੇ ਉਤਸ਼ਾਹ ਵਿਚ ਵੇਖਿਆ ਜਾ ਸਕਦਾ ਹੈ। ਅੱਜ ਸਿੱਖ ਸਮਾਜ ਨੂੰ ਸੋਚਣ ਦੀ ਲੋੜ ਹੈ ਕਿ ਅਸੀ ਕਰ ਕੀ ਰਹੇ ਹਾਂ ਤੇ ਹੋਣਾ ਕੀ ਚਾਹੀਦਾ ਹੈ। ਸਾਡੇ ਕੀਤੇ ਹੋਏ ਕਰਮਾਂ ਦਾ ਸਿੱਟਾ ਕੀ ਨਿਕਲਿਆ, ਇਹ ਵੀ ਸੋਚਣਾ ਚਾਹੀਦਾ ਹੈ।
-ਹਰਪ੍ਰੀਤ ਸਿੰਘ (ਐਮ.ਏ. ਇਤਿਹਾਸ) ਸਰਹਿੰਦ, ਸੰਪਰਕ : 88475-46903