
ਇਸ ਧੰਦੇ ਵਿਚ ਸ਼ਾਮਲ ਜ਼ਿਆਦਾਤਰ ਬੱਚੀਆਂ ਅਪਣੇ ਘਰੋਂ ਚੁਕੀਆਂ ਜਾਂਦੀਆਂ ਹਨ ਤੇ ਇਸ ਵਪਾਰ ਵਿਚ ਵਰਤੀਆਂ ਜਾਣ ਲਈ ਮਜਬੂਰ ਕੀਤੀਆਂ ਜਾਂਦੀਆਂ ਹਨ
ਹਾਲ ਹੀ ਵਿਚ ਇਕ ਫ਼ਿਲਮ ਆਈ ਸੀ, ‘ਗੰਗੂਬਾਈ’ ਜਿਸ ਵਿਚ ਇਕ ਨਾਬਾਲਗ਼ ਨੂੰ ਅਪਣੇ ਹੀ ਪ੍ਰੇਮੀ ਵਲੋਂ ਇਕ ਕੋਠੇ ਉਤੇ ਵੇਚ ਦਿਤਾ ਗਿਆ ਤੇ ਫਿਰ ਉਹ ਅਪਣੇ ਕੋਠੇ ਦੀ ਵੈਸ਼ਿਆ ਦੀ ਹੀ ਨਹੀਂ ਬਲਕਿ ਮੁੰਬਈ ਦੀਆਂ ਸਾਰੀਆਂ ਕੋਠੇ ਵਾਲੀਆਂ ਦੀ ਆਵਾਜ਼ ਬਣ ਜਾਂਦੀ ਹੈ। ਕਹਾਣੀ ਸਹੀ ਸੀ ਤੇ ਉਸ ਵਿਚ ਉਹ ਕੋਠੇ ਵਾਲੀਆਂ ਦੀ ਅਗਵਾਈ ਕਰਦੀ ਹੋਈ ਪ੍ਰਧਾਨ ਮੰਤਰੀ ਨਹਿਰੂ ਨੂੰ ਵੀ ਮਿਲਦੀ ਹੈ। ਫ਼ਿਲਮ ਝੰਝੋੜ ਕੇ ਰੱਖ ਦਿੰਦੀ ਹੈ ਕਿਉਂਕਿ ਕੋਈ ਔਰਤ ਅਪਣੀ ਮਰਜ਼ੀ ਨਾਲ ਕੋਠੇ ਵਾਲੀ ਨਹੀਂ ਬਣਦੀ। ਪਰ ਜਦ ਉਹ ਇਕ ਵਾਰ ‘ਸ਼ਰੀਫ’ ਦੁਨੀਆਂ ਦੀ ਚੌਖਟ ਪਾਰ ਕਰ ਲੈਂਦੀ ਹੈ ਤਾਂ ਫਿਰ ਸਮਾਜ ਉਸ ਲਈ ਘਰ ਵਾਪਸੀ ਦਾ ਕੋਈ ਰਸਤਾ ਖੁਲ੍ਹਾ ਨਹੀਂ ਰਹਿਣ ਦੇਂਦਾ।
ਮਰਦ ਉਸ ਰਸਤੇ ਹਰ ਰੋਜ਼ ਆਉਂਦੇ ਤੇ ਫਿਰ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ ਪਰ ਔਰਤ ਕਦੇ ਵਾਪਸ ਨਹੀਂ ਜਾ ਸਕਦੀ ਤੇ ਸਾਰੀ ਬਦਨਾਮੀ ਤੇ ਜ਼ਿਲੱਤ ਔਰਤ ਨੂੰ ਹੀ ਸਹਿਣੀ ਪੈਂਦੀ ਹੈ। ਉਸ ਜ਼ਿੱਲਤ ਦਾ ਨਤੀਜਾ ਹੈ ਕਿ ਸਮਾਜ ਨੇ ਕੋਠੇ ਵਾਲੀ ਨੂੰ ਗ਼ੈਰ-ਨਾਗਰਿਕ ਬਣਾ ਦਿਤਾ ਸੀ। ਉਨ੍ਹਾਂ ਦੇ ਹੱਕਾਂ ਦੀ ਕੋਈ ਸੁਣਵਾਈ ਹੀ ਨਹੀਂ ਸੀ ਹੁੰਦੀ ਕਿਉਂਕਿ ਉਨ੍ਹਾਂ ਦੇ ਪੇਸ਼ੇ ਦੀ ਸਮਾਜਕ ਪਹਿਚਾਣ ਹੀ ਕੋਈ ਨਹੀਂ ਸੀ। ਉਨ੍ਹਾਂ ਦੀ ਹੋਂਦ ਨੂੰ ਨਾ ਕਬੂਲਣ ਨਾਲ ਉਹ ਗ਼ਾਇਬ ਨਹੀਂ ਹੋ ਜਾਂਦੀ, ਬਸ ਉਸ ਦੀ ਜ਼ਿੰਦਗੀ ਇਸ ਧਰਤੀ ਤੇ ਹੀ ਨਰਕ ਬਣ ਜਾਂਦੀ ਹੈ। ਸ਼ਾਇਦ ਨਰਕ ਤੋਂ ਵੀ ਬਦਤਰ ਕਿਉਂਕਿ ਨਰਕ ਵਿਚ ਗਈ ਰੂਹ ਨੂੰ ਵੀ ਪਹਿਚਾਣਿਆ ਤੇ ਨਰਕ ਦਾ ਹਿੱਸਾ ਮੰਨਿਆ ਜਾਂਦਾ ਹੈ।
ਕਲ ਸੁਪਰੀਮ ਕੋਰਟ ਨੇ ਵੈਸ਼ਿਆ ਨਾਲ ਇਨਸਾਨ ਵਜੋਂ ਸਲੂਕ ਕਰਨ ਦਾ ਪਹਿਲਾ ਹੁਕਮ ਦਿਤਾ ਹੈ ਜਿਸ ਵਿਚ ਉਨ੍ਹਾਂ ਪੁਲਿਸ ਨੂੰ ਹਦਾਇਤ ਦਿਤੀ ਹੈ ਕਿ ਉਹ ਵੈਸ਼ਿਆ ਨਾਲ ਇੱਜ਼ਤ ਨਾਲ ਪੇਸ਼ ਆਵੇ। ਅਕਸਰ ਕਿਸੇ ਕੋਠੇ ਵਾਲੀ ਕੋਲ ਗਿਆ ਗਾਹਕ ਜੇ ਉਸ ਨੂੰ ਮਾਰ ਕੁੱਟ ਵੀ ਆਵੇ ਤਾਂ ਕਾਨੂੰਨ ਉਸ ਨੂੰ ਨਜ਼ਰ ਅੰਦਾਜ਼ ਕਰ ਦੇਂਦਾ ਹੈ। ਪਰ ਇਹ ਪਹਿਲ ਕਦਮੀ ਇਕ ਵੱਡੀ ਤਬਦੀਲੀ ਵਲ ਇਕ ਵੱਡਾ ਕਦਮ ਹੈ। ਇਸ ਨਾਲ ਕਈਆਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਇਸ ਨਾਲ ਕੋਠੇ ਵਾਲੀਆਂ ਦੀ ਗਿਣਤੀ ਜਾਂ ਦੇਹ ਵਪਾਰ ਵਿਚ ਵਾਧਾ ਹੋ ਜਾਵੇਗਾ। ਕਈ ਮਹਿਲਾ ਹੱਕਾਂ ਵਾਲਿਆਂ ਵਲੋਂ ਇਹ ਆਵਾਜ਼ ਚੁਕੀ ਗਈ ਹੈ ਕਿਉਂਕਿ ਇਸ ਵਪਾਰ ਵਿਚ ਕੋਈ ਵਿਰਲੀ ਹੀ ਔਰਤ ਦਿਲ ਕਰ ਕੇ ਜਾਂਦੀ ਹੈ।
Supreme Court recognises sex work as a ‘profession’
ਇਸ ਧੰਦੇ ਵਿਚ ਸ਼ਾਮਲ ਜ਼ਿਆਦਾਤਰ ਬੱਚੀਆਂ ਅਪਣੇ ਘਰੋਂ ਚੁਕੀਆਂ ਜਾਂਦੀਆਂ ਹਨ ਤੇ ਇਸ ਵਪਾਰ ਵਿਚ ਵਰਤੀਆਂ ਜਾਣ ਲਈ ਮਜਬੂਰ ਕੀਤੀਆਂ ਜਾਂਦੀਆਂ ਹਨ ਤੇ ਸਮਾਜ ਕਿਉਂਕਿ ਉਨ੍ਹਾਂ ਦਾ ਘਰਾਂ ਤੇ ਦਿਲਾਂ ਵਿਚ ਵਾਪਸੀ ਦਾ ਰਸਤਾ ਬੰਦ ਕਰ ਚੁੱਕਾ ਹੁੰਦਾ ਹੈ, ਇਨ੍ਹਾਂ ਵਾਸਤੇ ਵੈਸ਼ਿਆ ਬਣੇ ਰਹਿਣ ਦੇ ਸਿਵਾਏ ਕੋਈ ਰਸਤਾ ਹੀ ਨਹੀਂ ਬਚਦਾ। ਕੁੱਝ ਫ਼ੀ ਸਦੀ ਔਰਤਾਂ ਆਰਥਕ ਮਜਬੂਰੀ ਜਾਂ ਕੋਈ ਹੋਰ ਕੰਮ ਕਰਨ ਦੇ ਯੋਗ ਨਾ ਹੋਣ ਕਾਰਨ ਇਸ ਪੇਸ਼ੇ ਨੂੰ ਅਪਣਾਉਂਦੀਆਂ ਹਨ ਪਰ ਸੱਚਾਈ ਇਹ ਹੈ ਕਿ ਅੱਜ ਬੇਰੁਜ਼ਗਾਰੀ ਕਾਰਨ ਪੜ੍ਹੀਆਂ ਲਿਖੀਆਂ ਔਰਤਾਂ ਤੇ ਮਰਦ ਦੋਵੇਂ ਹੀ, ਖ਼ਾਸ ਕਰ ਕੇ ਸ਼ਹਿਰਾਂ ਵਿਚ, ਇਸ ਪੇਸ਼ੇ ਵਲ ਖਿੱਚੇ ਚਲੇ ਆ ਰਹੇ ਹਨ।
ਸੋ ਸਮਾਜ ਦੀ ਹੰਕਾਰੀ ਸੋਚ ਕਾਰਨ ਇਨ੍ਹਾਂ ਦਾ ਇਸ ਵਪਾਰ ਵਿਚ ਜਾਣਾ ਵਾਧੇ ਵਲ ਜਾ ਰਿਹਾ ਹੈ। ਕਦੇ ਘੱਟ ਹੀ ਵੈਸ਼ਿਆ ਦੇ ਕੋਠੇ ਤੇ ਜਾਣ ਵਾਲੇ ਮਰਦ ਨੂੰ ਘਰ ਵਾਪਸ ਆਉਣ ਤੇ ਟੋਕਿਆ ਜਾਂਦਾ ਹੈ। ਸਮਾਜ ਨੇ ਆਪ ਹੀ ਕੋਠੇ ਬਣਾਏ ਹਨ। ਮਰਦ ਦੀ ਹੈਵਾਨੀਅਤ ਤੇ ਕਾਮ-ਭੁੱਖ ਨੂੰ ਸ਼ਾਂਤ ਕਰਨ ਵਾਸਤੇ ਬਣਾਏ ਹਨ ਤੇ ਫਿਰ ਉਨ੍ਹਾਂ ਔਰਤਾਂ ਨੂੰ ਸਮਾਜ ਤੋਂ ਬਾਹਰ ਕਰਨ ਦੀ ਸੋਚ ਹਾਵੀ ਕਰ ਦਿਤੀ। ਉਨ੍ਹਾਂ ਦੇ ਬੱਚਿਆਂ ਨੂੰ ਜ਼ਿੱਲਤ ਸਹਿਣੀ ਪੈਂਦੀ ਹੈ ਤੇ ਅੱਜ ਉਨ੍ਹਾਂ ਦੇ ਹੱਕਾਂ ਵਾਸਤੇ ਸੁਪ੍ਰੀਮ ਕੋਰਟ ਵਲੋਂ ਚੁਕਿਆ ਇਹ ਕਦਮ ਵੀ ਸਮਾਜ ਵਿਚ ਚਿੰਤਾ ਪੈਦਾ ਕਰ ਰਿਹਾ ਹੈ। ਪਰ ਸੁਪ੍ਰੀਮ ਕੋਰਟ ਦਾ ਫ਼ੈਸਲਾ, ਰੱਬ ਦੇ ਫ਼ੈਸਲੇ ਨੂੰ ਮਾਨਤਾ ਦੇਣ ਵਾਲਾ ਹੈ ਜੋ ਸੱਭ ਮਨੁੱਖਾਂ ਨੂੰ ਇਕ ਬਰਾਬਰ ਸਮਝਦਾ ਹੈ। ਮਹਾਂਪੁਰਸ਼ ਇਹ ਸੁਨੇਹਾਂ ਬੜੀ ਦੇਰ ਤੋਂ ਦੇ ਰਹੇ ਹਨ ।
ਅਸਲ ਵਿਚ ਤਾਂ ਔਰਤਾਂ ਦੀ ਸੁਰੱਖਿਆ ਵਾਸਤੇ ਕਾਨੂੰਨ ਸਖ਼ਤ ਹੋਣਾ ਚਾਹੀਦਾ ਹੈ ਪਰ ਉਹ ਸਖ਼ਤੀ ਲਾਗੂ ਉਸ ਵਕਤ ਹੋ ਸਕਦੀ ਹੈ ਜਦ ਸਮਾਜ ਔਰਤਾਂ ਉਤੇ ਸਾਰਾ ਭਾਰ ਪਾ ਦੇਣ ਦੀ ਸੋਚ ਤੋਂ ਪਿੱਛੇ ਹਟਣਾ ਪ੍ਰਵਾਨ ਕਰੇਗਾ। ਮਰਦ ਕੋਠੇ ਤੇ ਜਾ ਕੇ ਜਾਂ ਘਰ ਵਿਚ ਔਰਤ ਨਾਲ ਮਾਰ ਕੁੱਟ ਜਾਂ ਹੈਵਾਨੀਅਤ ਕਰੇ ਪਰ ਕੀਮਤ ਸਿਰਫ਼ ਔਰਤ ਹੀ ਚੁਕਾਏਗੀ। ਇਹ ਤਾਂ ਸਹੀ ਨਹੀਂ ਲਗਦਾ। ਸੁਪਰੀਮ ਕੋਰਟ ਵਲੋਂ ਅੱਜ ਦੇ ਫ਼ੈਸਲੇ ਵਿਚ ਇਸ ਪਹਿਲ ਕਦਮੀ ਦਾ ਸਵਾਗਤ!!
-ਨਿਮਰਤ ਕੌਰ