
ਕਿਸਾਨੀ ਮੁੱਦਿਆਂ ਲਈ ਆਵਾਜ਼ ਚੁੱਕਣ ਵਾਸਤੇ ਜ਼ਰੂਰੀ ਹੈ ਕਿ ਕਿਸਾਨ ਆਗੂ ਰਾਜਨੀਤੀ ਵਿਚ ਅਪਣੀ ਹੋਂਦ ਪ੍ਰਗਟਾਉਣ।
ਆਖ਼ਰਕਾਰ ਕਿਸਾਨੀ ਮੋਰਚੇ ਵਿਚੋਂ ਸੰਯੁਕਤ ਸਮਾਜ ਮੋਰਚਾ ਬਾਹਰ ਨਿਕਲ ਕੇ ਚੋਣਾਂ ਵਿਚ ਪੰਜਾਬ ਨੂੰ ਬਚਾਉਣ ਲਈ ਨਿੱਤਰ ਆਇਆ ਹੈ। ਇਨ੍ਹਾਂ ਵਿਚ ਸਿਰਫ਼ ਕਿਸਾਨ ਆਗੂ ਹੀ ਹਨ ਪਰ ਨਾ ਹੀ ਇਹ ਮੋਰਚਾ ਹੈ, ਨਾ ਹੀ ਸੰਯੁਕਤ ਸਮਾਜ ਬਣਦਾ ਹੈ। ਪਰ ਇਸ ਦਾ ਅਸਰ ਚੋਣਾਂ ਵਿਚ ਹੋਣਾ ਤੈਅ ਹੈ ਤੇ ਕਿਸਾਨੀ ਮੁੱਦਿਆਂ ਲਈ ਆਵਾਜ਼ ਚੁੱਕਣ ਵਾਸਤੇ ਜ਼ਰੂਰੀ ਹੈ ਕਿ ਕਿਸਾਨ ਆਗੂ ਰਾਜਨੀਤੀ ਵਿਚ ਅਪਣੀ ਹੋਂਦ ਪ੍ਰਗਟਾਉਣ।
Farmers Protest
ਪਰ ਇਸ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਉਹ ਅਪਣੇ ਸੰਯੁਕਤ ਮੋਰਚੇ ਦੇ ਨਾਲ ਰਹਿ ਕੇ ਇਹ ਕਦਮ ਚੁਕਦੇ ਤੇ ਇਸ ਦੀ ਹੋਂਦ ਪੂਰੇ ਦੇਸ਼ ਵਿਚ ਕਾਇਮ ਕਰਦੇ। ਸੰਯੁਕਤ ਕਿਸਾਨੀ ਮੋਰਚੇ ਦੀ ਸਿਆਸੀ ਸੋਚ ਵਾਲੇ ਆਗੂ ਜਾਂ ਨੌਜਵਾਨ ਜੇ ਸਮੂਹਕ ਤੌਰ ’ਤੇ ਸਿਆਸਤ ਵਿਚ ਇਕਜੁਟ ਹੋ ਕੇ ਕਦਮ ਰਖਦੇ ਤਾਂ ਅੱਜ ਉਨ੍ਹਾਂ ਦਾ ਰੁਤਬਾ ਬਹੁਤ ਉੱਚਾ ਹੁੰਦਾ। ਉਤਰ ਪ੍ਰਦੇਸ਼, ਪੰਜਾਬ ਵਿਚ ਇਸ ਵਕਤ ਰਾਕੇਸ਼ ਟਿਕੈਤ ਉਹ ਨਾਂ ਬਣਾ ਚੁੱਕੇ ਹਨ ਜਿਸ ਦੇ ਸਹਾਰੇ, ਉਹ ਕਿਸਾਨੀ ਮੁੱਦਿਆਂ ਦੀ ਆਵਾਜ਼ ਬਣ ਕੇ ਸਦਨ ਵਿਚੋਂ ਕਿਸਾਨਾਂ ਲਈ ਬਹੁਤ ਕੁੱਝ ਹਾਸਲ ਕਰ ਸਕਦੇ ਹਨ।
Sanyukt Samaj Morcha with other Political Parties
ਜਿਸ ਢੰਗ ਨਾਲ ਕੁੱਝ ਕਿਸਾਨ ਲੀਡਰ, ਆਪਹੁਦਰੀ ਕਰ ਕੇ ਸਿਆਸਤ ਵਿਚ ਕਦਮ ਰਖ ਰਹੇ ਹਨ, ਇਹ ਆਗੂ ਅਪਣਾ ਕਦ ਆਪ ਛੋਟਾ ਕਰ ਰਹੇ ਹਨ। ਇਨ੍ਹਾਂ ਵਲੋਂ ਸੱਭ ਤੋਂ ਵਡਾ ਕਦਮ ਕਿਸਾਨੀ ਸੰਘਰਸ਼ ਵਿਚ ਮੋਰਚੇ ਨੂੰ ਸਿਆਸੀ ਦਖ਼ਲ ਤੋਂ ਦੂਰ ਰਖਣਾ ਸੀ। ਪਰ ਹੁਣ ਜਦ ਖ਼ਬਰਾਂ ਆਉਂਦੀਆਂ ਹਨ ਕਿ ਇਹ ਸਿਆਸੀ ਪਾਰਟੀਆਂ ਨਾਲ ਸੀਟਾਂ ਵਾਸਤੇ ਮੁਲਾਕਾਤਾਂ ਕਰ ਰਹੇ ਹਨ, ਤਾਂ ਇਹ ਕਿਸਾਨੀ ਸੰਘਰਸ਼ ਨੂੰ ਆਪ ਹੀ ਕਮਜ਼ੋਰ ਕਰ ਰਹੇ ਹਨ।
Narendra Modi
ਭਾਜਪਾ ਵਿਰੁਧ ਇਕ ਪਾਰਟੀ ਦਾ ਹੱਥ ਫੜਨ ਦਾ ਸੱਭ ਤੋਂ ਵੱਡਾ ਨੁਕਸਾਨ ਕਿਸਾਨੀ ਮੋਰਚੇ ਦੀ ਵੱਡੀ ਲੜਾਈ ਨੂੰ ਹੋਵੇਗਾ ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਕਿਸਾਨ ਦੀ ਨਹੀਂ ਬਲਕਿ ਉਸ ਸਿਆਸੀ ਪਾਰਟੀ ਦੀ ਬਣ ਜਾਵੇਗੀ। ਤਿੰਨ ਕਾਨੂੰਨ ਤਾਂ ਵਾਪਸ ਹੋਏ ਹਨ ਪਰ ਅਜੇ ਵੀ ਕਈ ਮੁੱਦੇ ਹਨ ਜਿਨ੍ਹਾਂ ਬਾਰੇ ਫ਼ੈਸਲਾ ਨਹੀਂ ਆਇਆ।
ਅੱਜ ਦੇ ਹਿਸਾਬ ਨਾਲ 813 ਕਿਸਾਨ ਜਾਂ ਤਾਂ ਇਸ ਸੰਘਰਸ਼ ਵਿਚ ਕੁਰਬਾਨ ਹੋਏ ਹਨ ਜਾਂ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਹਨ ਤੇ ਉਨ੍ਹਾਂ ਉਤੇ ਮੌਤ ਦਾ ਖ਼ਤਰਾ ਮੰਡਰਾ ਰਿਹਾ ਹੈ। ਜੇ ‘ਸੰਘਰਸ਼ ਮੋਰਚਾ’ ਸੁਖ ਸੁਵਿਧਾ ਤੇ ਸੱਤਾ ਦੀ ਕਲਗ਼ੀ ਪੱਗ ਉਪਰ ਲਵਾਉਣ ਲਈ ਚੋਣਾਂ ਲੜਨ ਬੈਠ ਗਿਆ ਤਾਂ ਇਨ੍ਹਾਂ 813 ਕਿਸਾਨਾਂ ਦੀ ਆਵਾਜ਼ ਕੌਣ ਬਣੇਗਾ?
MSP
ਅਜੇ ਦੇਸ਼ ’ਚ ਸਿਰਫ਼ ਦੋ ਫ਼ਸਲਾਂ ਲਈ ਐਮਐਸਪੀ ਮਿਲ ਰਹੀ ਹੈ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਤਾਂ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਸੀ ਕਿ ਉਹ ਸਾਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦਿਵਾਉਣਗੇ। ਪਰ ਜੇ ਇਹ ਆਪਸ ਵਿਚ ਹੀ ਲੜਦੇ ਰਹਿਣਗੇ ਤਾਂ ਐਮਐਸਪੀ ਬਾਰੇ ਕੇਂਦਰ ਦੀ ਕਮੇਟੀ ਵਿਚ ਕੌਣ ਆਵਾਜ਼ ਚੁੱਕੇਗਾ?
Narendra Tomar
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅਪਣੇ ਲਫ਼ਜ਼ ਵਾਪਸ ਲੈ ਲਏ ਹਨ ਪਰ ਉਨ੍ਹਾਂ ਨੇ ਪਹਿਲੇ ਐਲਾਨ ਵਿਚ ਵੀ ਸ਼ੱਕ ਕੋਈ ਨਹੀਂ ਸੀ ਛਡਿਆ। ਉਨ੍ਹਾਂ ਕਿਹਾ ਸੀ ਕਿ ਅਸੀਂ ਜੰਗ ਵਿਚ ਦੋ ਕਦਮ ਪਿੱਛੇ ਹਟਾਏ ਹਨ ਪਰ ਜੰਗ ਜ਼ਰੂਰ ਜਿੱਤਾਂਗੇ। ਪਹਿਲਾਂ ਤਾਂ ਖੇਤੀਬਾੜੀ ਮੰਤਰੀ ਵਾਸਤੇ ਅਪਣੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਨੂੰ ਜੰਗ ਨਹੀਂ ਕਹਿਣਾ ਚਾਹੀਦਾ ਪਰ ਕਿਹਾ ਇਹੀ ਗਿਆ ਹੈ ਤੇ ਇਸ ਵਿਚ ਜਦ ਸਾਹਮਣੇ ਖੜੇ ਜਰਨੈਲ ਹੀ ਤਿੱਤਰ-ਬਿੱਤਰ ਹੋ ਜਾਣ ਤਾਂ ਫਿਰ ਅਗਲੀ ਵਾਰੀ ਖੇਤੀ ਮੰਤਰੀ ਵਾਸਤੇ ਜੰਗ ਜਿੱਤਣੀ ਆਸਾਨ ਬਣ ਜਾਵੇਗੀ।
Jammu and Kashmir
ਇਹ ਕਹਿਣਾ ਕਿ ਪੰਜਾਬ ਨੂੰ ਬਚਾਉਣ ਲਈ ਸੱਤਾ ਦੀ ਕੁਰਸੀ ਤੇ ਬੈਠਣਾ ਜ਼ਰੂਰੀ ਹੈ, ਕੋਈ ਅਰਥ ਨਹੀਂ ਰਖਦਾ। ਕਸ਼ਮੀਰ ਵਿਚ ‘ਕਸ਼ਮੀਰ ਬਚਾਉਣ’ ਵਾਲਿਆਂ ਦਾ ਕਸ਼ਮੀਰ ਸੂਬਾ ਹੀ ਖ਼ਤਮ ਕਰ ਕੇ ਕੇਂਦਰ ਨੇ ਜਵਾਬ ਦੇ ਦਿਤਾ ਹੈ। ਪੰਜਾਬ ਨੂੰ ਬਚਾਉਣ ਲਈ ਘਰ ਘਰ ਵਿਚ ਤੇ ਖੇਤ ਖਲਿਆਣ ਵਿਚ ਜਾਣ ਦੀ ਲੋੜ ਹੈ-ਹਾਕਮ ਬਣ ਕੇ ਨਹੀਂ, ਵਿਨੋਬਾ ਭਾਵੇ ਬਣ ਕੇ, ਜੈ ਪ੍ਰਕਾਸ਼ ਬਣ ਕੇ ਤੇ ਬਾਬਾ ਆਮਤੇ ਬਣ ਕੇ।
Farmers
ਕਿਸਾਨੀ ਆਵਾਜ਼ ਦੇਸ਼ ਦੀ ਕੁਲ ਆਵਾਜ਼ ਦਾ 70 ਫ਼ੀ ਸਦੀ ਹੈ ਤੇ ਇਸ ਦਾ ਸਿਆਸਤ ਵਿਚ ਬੁਲੰਦ ਮੁਕਾਮ ’ਤੇ ਹੋਂਦ ਜ਼ਰੂਰੀ ਹੈ। ਪਰ ਇਹ ਯਾਦ ਰਖਣਾ ਚਾਹੀਦਾ ਹੈ ਕਿ ਆਜ਼ਾਦ ਭਾਰਤ ਤੇ ਦੁਨੀਆ ਦੇ ਇਤਿਹਾਸ ਵਿਚ ਸੱਭ ਤੋਂ ਵੱਡਾ ਮੋਰਚਾ ਜਿਸ ਵਿਚ ਜਿੱਤ ਹਾਸਲ ਹੋਈ ਹੈ, ਉਸ ਦਾ ਕਾਰਨ ਇਕਜੁਟਤਾ ਸੀ। ਸਰਕਾਰ ਸੰਯੁਕਤ ਮੋਰਚੇ ਨੂੰ ਤੋੜ ਨਹੀਂ ਪਾਈ ਸੀ ਤੇ ਖੇਤੀ ਕਾਨੂੰਨ ਵਾਪਸ ਲੈਣ ’ਤੇ ਮਜਬੂਰ ਹੋਈ ਸੀ। ਅੱਜ ਦੀ ਆਪਸੀ ਲੜਾਈ (ਉਹ ਵੀ ਸੱਤਾ ਪ੍ਰਾਪਤੀ ਖ਼ਾਤਰ) ਕਿਸਾਨ ਦੀ ਲੜਾਈ ਨੂੰ ਕਮਜ਼ੋਰ ਹੀ ਕਰੇਗੀ। - ਨਿਮਰਤ ਕੌਰ